ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਭਾਰਤ ਦੇ ਖੇਡ ਭਵਿੱਖ ਲਈ ਇੱਕ ਏਕੀਕ੍ਰਿਤ ਅਤੇ ਖਿਡਾਰੀ-ਕੇਂਦ੍ਰਿਤ ਦ੍ਰਿਸ਼ਟੀਕੋਣ ਤਿਆਰ ਕਰਨ ਦੇ ਉਦੇਸ਼ ਨਾਲ 'ਸ੍ਰੀਨਗਰ ਖੇਡ ਸੰਕਲਪ' ਦੀ ਸ਼ੁਰੂਆਤ ਕੀਤੀ
‘ਸ੍ਰੀਨਗਰ ਖੇਡ ਸੰਕਲਪ’ ਨੇ ਖਿਡਾਰੀ-ਕੇਂਦ੍ਰਿਤ ਅਤੇ ਸਾਂਝੇ ਖੇਡ ਢਾਂਚੇ ਪ੍ਰਤੀ ਇੱਕਜੁੱਟ ਵਚਨਬੱਧਤਾ ਦੀ ਪੁਸ਼ਟੀ ਕੀਤੀ
ਸ੍ਰੀਨਗਰ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯੁਵਾ ਮਾਮਲੇ ਅਤੇ ਖੇਡ ਮੰਤਰੀਆਂ ਦੇ ਚਿੰਤਨ ਸ਼ਿਵਿਰ ਦੇ ਦੂਜੇ ਦਿਨ ਖੇਡ ਪ੍ਰਸ਼ਾਸਨਿਕ ਸੁਧਾਰਾਂ, ਵਿਕਾਸ ਵਾਤਾਵਰਨ ਪ੍ਰਣਾਲੀ ਅਤੇ ਨੌਜਵਾਨਾਂ ਦੀ ਭਾਗੀਦਾਰੀ ’ਤੇ ਧਿਆਨ ਕੇਂਦਰਿਤ ਕੀਤਾ ਗਿਆ
‘ਸ੍ਰੀਨਗਰ ਖੇਡ ਸੰਕਲਪ’ ਭਾਰਤ ਦੇ ਖੇਡ ਵਾਤਾਵਰਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰ ਦੇ ਇੱਕਜੁੱਟ ਸੰਕਲਪ ਨੂੰ ਦਰਸਾਉਂਦਾ ਹੈ
ਚਿੰਤਨ ਸ਼ਿਵਿਰ ਦੇ ਸਮਾਪਤੀ ਸੈਸ਼ਨਾਂ ਵਿੱਚ ਖੇਡ ਪ੍ਰਸ਼ਾਸਨ, ਵਿਕਾਸ ਅਤੇ ਨੌਜਵਾਨਾਂ ਦੀ ਭਾਗੀਦਾਰੀ ਪ੍ਰਮੁੱਖ ਤੌਰ ’ਤੇ ਚਰਚਾ ਦਾ ਵਿਸ਼ਾ ਰਹੇ
Posted On:
26 APR 2026 4:59PM by PIB Chandigarh
ਸ੍ਰੀਨਗਰ ਵਿੱਚ ਤਿੰਨ ਦਿਨਾਂ ਚਿੰਤਨ ਸ਼ਿਵਿਰ ਦੇ ਆਖਰੀ ਦਿਨ ‘ਸ੍ਰੀਨਗਰ ਖੇਡ ਸੰਕਲਪ’ ਦਸਤਾਵੇਜ਼ ਨੂੰ ਡਾ. ਮਨਸੁਖ ਮਾਂਡਵੀਆ ਨੇ ਰਾਜਾਂ ਦੇ ਖੇਡ ਮੰਤਰੀਆਂ ਅਤੇ ਪ੍ਰਮੁੱਖ ਖੇਡ ਸ਼ਖ਼ਸੀਅਤਾਂ ਦੇ ਨਾਲ ਜਾਰੀ ਕੀਤਾ।
ਇਸ ਦਸਤਾਵੇਜ਼ ਵਿੱਚ ਸਹਿਕਾਰੀ ਸੰਘਵਾਦ ਰਾਹੀਂ ਖੇਡ ਸਭਿਆਚਾਰ ਨੂੰ ਮਜ਼ਬੂਤ ਕਰਨ ਲਈ ਇੱਕ ਸਮੂਹਿਕ ਰਾਸ਼ਟਰੀ ਦ੍ਰਿਸ਼ਟੀਕੋਣ ਦੀ ਰੂਪ-ਰੇਖਾ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਖਿਡਾਰੀ-ਕੇਂਦ੍ਰਿਤ ਵਿਕਾਸ, ਖੇਡ ਬੁਨਿਆਦੀ ਢਾਂਚੇ ਦਾ ਵਿਸਥਾਰ, ਪ੍ਰਤਿਭਾਵਾਂ ਦੀ ਪਛਾਣ, ਖੇਤਰੀ ਖੇਡ ਸਮੂਹਾਂ ਦਾ ਵਿਕਾਸ ਅਤੇ ਏਕੀਕਰਨ, ਯੁਵਾ ਸਸ਼ਕਤੀਕਰਨ, ਸਿਹਤ, ਸੈਰ-ਸਪਾਟਾ ਅਤੇ ਆਰਥਿਕ ਵਿਕਾਸ ਲਈ ਖੇਡਾਂ ਦੀ ਵਰਤੋਂ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਵਿੱਚ ਭਾਰਤ ਦੀ ਪ੍ਰਮੁੱਖ ਵਿਸ਼ਵ ਪੱਧਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੀ ਇੱਛਾ ਦੀ ਵੀ ਪੁਸ਼ਟੀ ਕੀਤੀ ਗਈ ਹੈ।

‘ਸ੍ਰੀਨਗਰ ਖੇਡ ਸੰਕਲਪ’ ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉਸ ਇੱਕਜੁੱਟ ਸੰਕਲਪ ਨੂੰ ਦਰਸਾਉਂਦਾ ਹੈ, ਜਿਸ ਵਿੱਚ ਖੇਡਾਂ ਨੂੰ ਰਾਸ਼ਟਰ ਨਿਰਮਾਣ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ ਅਤੇ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨ, ਭਾਈਚਾਰਿਆਂ ਨੂੰ ਮਜ਼ਬੂਤ ਕਰਨ ਅਤੇ ਇੱਕ ਸਿਹਤਮੰਦ, ਵਧੇਰੇ ਸ਼ਕਤੀਸ਼ਾਲੀ ਪੀੜ੍ਹੀ ਨੂੰ ਸਿਰਜਣ ਵਿੱਚ ਇਸਦੀ ਭੂਮਿਕਾ ਨੂੰ ਮਾਨਤਾ ਦਿੱਤੀ ਗਈ ਹੈ। ਇਹ ਇੱਕ ਸਹਿਯੋਗਾਤਮਕ ਅਤੇ ਖਿਡਾਰੀ-ਕੇਂਦ੍ਰਿਤ ਦ੍ਰਿਸ਼ਟੀਕੋਣ ’ਤੇ ਜ਼ੋਰ ਦਿੰਦਾ ਹੈ, ਜਿੱਥੇ ਸਰਕਾਰਾਂ ਅਤੇ ਖੇਡ ਸੰਸਥਾਵਾਂ ਆਪਸੀ ਤਾਲਮੇਲ ਨਾਲ ਕੰਮ ਕਰਦੀਆਂ ਹਨ ਅਤੇ ਦੇਸ਼ ਭਰ ਦੇ ਖਿਡਾਰੀਆਂ ਲਈ ਇੱਕ ਸੁਖਾਵਾਂ ਅਤੇ ਸਹਾਇਕ ਵਾਤਾਵਰਨ ਪ੍ਰਣਾਲੀ ਬਣਾਉਣ ਦੇ ਲਈ ਯਤਨਾਂ ਅਤੇ ਸਰੋਤਾਂ ਦਾ ਤਾਲਮੇਲ ਕਰਦੀਆਂ ਹਨ।

ਸੰਕਲਪ ਵਿੱਚ ਭਾਰਤ ਦੀ ਵਿਭਿੰਨਤਾ ਨੂੰ ਇੱਕ ਸ਼ਕਤੀ ਵਜੋਂ ਵਰਤਣ ਦੇ ਮਹੱਤਵ ’ਤੇ ਜ਼ੋਰ ਦਿੱਤਾ ਗਿਆ ਹੈ ਅਤੇ ਰਾਜਾਂ ਨੂੰ ਬੁਨਿਆਦੀ ਢਾਂਚਾ ਵਿਕਸਤ ਕਰਨ, ਪ੍ਰਤਿਭਾਵਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀਆਂ ਵਿਲੱਖਣ ਭੂਗੋਲਿਕ, ਸੱਭਿਆਚਾਰਕ ਅਤੇ ਖੇਤਰੀ ਸਥਿਤੀਆਂ ਦੇ ਆਧਾਰ ’ਤੇ ਖੇਡ ਵਾਤਾਵਰਨ ਪ੍ਰਣਾਲੀ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਹੈ, ਜਿਸ ਵਿੱਚ ਖੇਡਾਂ ਨੂੰ ਸਮਾਜਿਕ-ਆਰਥਿਕ ਵਿਕਾਸ ਦੇ ਇੱਕ ਸਾਧਨ ਵਜੋਂ ਵੀ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ, ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਸਥਾਨਕ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਨੂੰ ਓਲੰਪਿਕ ਅਤੇ ਵਿਸ਼ਵ ਕੱਪ ਸਮੇਤ ਪ੍ਰਮੁੱਖ ਵਿਸ਼ਵ ਪੱਧਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੇ ਯੋਗ ਬਣਾਉਣ ਦੀ ਸਮਰੱਥਾ ’ਤੇ ਰੋਸ਼ਨੀ ਪਾਈ ਗਈ ਹੈ।

ਚਿੰਤਨ ਸ਼ਿਵਿਰ ਦੇ ਆਖਰੀ ਦਿਨ ਦੀ ਸ਼ੁਰੂਆਤ ਫਿਟ ਇੰਡੀਆ ਦੇ "ਸੰਡੇ ਆਨ ਸਾਈਕਲ" ਸਾਈਕਲੋਥਨ ਨਾਲ ਹੋਈ, ਜਿਸਦੀ ਅਗਵਾਈ ਮਾਣਯੋਗ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਖਡਸੇ ਨੇ ਕੀਤੀ। ਇਸ ਸਮਾਗਮ ਨੇ ਤੰਦਰੁਸਤੀ, ਅਨੁਸ਼ਾਸਨ ਅਤੇ ਜਨਤਕ ਭਾਗੀਦਾਰੀ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕੀਤਾ।
ਇਸ ਤੋਂ ਬਾਅਦ ਖੇਡ ਪ੍ਰਸ਼ਾਸਨ, ਖੇਡ ਸਮੱਗਰੀ ਦੇ ਨਿਰਮਾਣ ਅਤੇ 'ਮਾਏ ਭਾਰਤ' ਰਾਹੀਂ ਨੌਜਵਾਨਾਂ ਦੀ ਭਾਗੀਦਾਰੀ ’ਤੇ ਕੇਂਦਰਿਤ ਸੈਸ਼ਨ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਕਰਨ, ਹਿੱਸੇਦਾਰਾਂ ਵਿਚਕਾਰ ਪਾਰਦਰਸ਼ਤਾ ਤੇ ਤਾਲਮੇਲ ਵਧਾਉਣ ਅਤੇ ਖੇਡ ਪ੍ਰਸ਼ਾਸਨ ਨੂੰ ਪੇਸ਼ੇਵਰ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਵਿਚਾਰ-ਵਟਾਂਦਰੇ ਦੌਰਾਨ ਕਲੱਸਟਰ-ਅਧਾਰਿਤ ਵਿਕਾਸ, ਨਵੀਨਤਾ ਅਤੇ ਘਰੇਲੂ ਉਦਯੋਗ ਨੂੰ ਸਮਰਥਨ ਰਾਹੀਂ ਭਾਰਤ ਨੂੰ ਖੇਡ ਉਪਕਰਨ ਦੇ ਨਿਰਮਾਣ ਦੇ ਵਿਸ਼ਵ-ਵਿਆਪੀ ਕੇਂਦਰ ਵਜੋਂ ਸਥਾਪਿਤ ਕਰਨ ਦੀ ਲੋੜ ’ਤੇ ਵੀ ਰੋਸ਼ਨੀ ਪਾਈ ਗਈ। ਨਾਲ ਹੀ, ਨੌਜਵਾਨਾਂ ਦੀ ਭਾਗੀਦਾਰੀ ਅਤੇ ਅਗਵਾਈ ਲਈ ਢਾਂਚਾਗਤ ਪਲੇਟਫਾਰਮ ਬਣਾਉਣ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਗਿਆ।
ਸਮਾਪਤੀ ਦਿਵਸ ’ਤੇ ਹੋਈਆਂ ਵਿਚਾਰ-ਚਰਚਾਵਾਂ ਨੇ ਕੇਂਦਰ, ਰਾਜਾਂ ਅਤੇ ਸਾਰੇ ਹਿੱਸੇਦਾਰਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਏਕੀਕ੍ਰਿਤ ਅਤੇ ਤਾਲਮੇਲ ਵਾਲੇ ਦ੍ਰਿਸ਼ਟੀਕੋਣ ਦੇ ਮਹੱਤਵ ਦੀ ਪੁਸ਼ਟੀ ਕੀਤੀ, ਜਿਸ ਵਿੱਚ ਚਿੰਤਨ ਸ਼ਿਵਿਰ ਭਾਰਤ ਵਿੱਚ ਇੱਕ ਮਜ਼ਬੂਤ, ਸਮਾਵੇਸ਼ੀ ਅਤੇ ਭਵਿੱਖ ਲਈ ਤਿਆਰ ਨੌਜਵਾਨ ਅਤੇ ਖੇਡ ਵਾਤਾਵਰਨ ਪ੍ਰਣਾਲੀ ਦੇ ਨਿਰਮਾਣ ਦੀ ਦਿਸ਼ਾ ਵਿੱਚ ਸੰਵਾਦ, ਤਾਲਮੇਲ ਅਤੇ ਸਮੂਹਿਕ ਕਾਰਵਾਈ ਲਈ ਇੱਕ ਮੁੱਖ ਪਲੇਟਫਾਰਮ ਵਜੋਂ ਕੰਮ ਕਰਦਾ ਹੈ।
******
ਆਯੁਸ਼ਮਾਨ ਕੁਮਾਰ
(Release ID: 2255997)
ਵਿਜ਼ੀਟਰ ਕਾਊਂਟਰ : 7