ਉਪ ਰਾਸ਼ਟਰਪਤੀ ਸਕੱਤਰੇਤ
“ਕੈਂਸਰ ਤੋਂ ਬਚੇ ਹੋਏ ਲੋਕ ਅਸਲੀ ਯੋਧੇ ਹਨ”: ਜੈਪੁਰ ਵਿੱਚ ਕੈਂਸਰ ਸਰਵਾਈਵਰਜ਼ ਦਿਵਸ ਸਮਾਰੋਹ ਵਿੱਚ ਉਪ ਰਾਸ਼ਟਰਪਤੀ ਦਾ ਭਾਸ਼ਣ
ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਸਿਹਤ ਸੇਵਾਵਾਂ ਦੇ ਪਾੜੇ ਨੂੰ ਦੂਰ ਕਰ ਰਹੀ ਹੈ ਅਤੇ ਪਛੜੀ ਹੋਈ ਆਬਾਦੀ ਤੱਕ ਕੈਂਸਰ ਦੀ ਗੰਭੀਰ ਦੇਖਭਾਲ ਵਰਗੀਆਂ ਅਹਿਮ ਸਹੂਲਤਾਂ ਪਹੁੰਚਾ ਰਹੀ ਹੈ: ਉਪ-ਰਾਸ਼ਟਰਪਤੀ
ਆਯੂਸ਼ਮਾਨ ਭਾਰਤ ਦੇ ਤਹਿਤ ਕੈਂਸਰ ਦੇ 75% ਇਲਾਜ ਨਾਲ ਪੇਂਡੂ ਆਬਾਦੀ ਨੂੰ ਲਾਭ ਮਿਲ ਰਿਹਾ ਹੈ: ਉਪ-ਰਾਸ਼ਟਰਪਤੀ
ਉਪ-ਰਾਸ਼ਟਰਪਤੀ ਨੇ ਜੈਪੁਰ ਵਿੱਚ ਕਿਹਾ : ਕੈਂਸਰ ਨਾਲ ਲੜਨ ਲਈ ਜਲਦੀ ਪਛਾਣ ਅਤੇ ਜਾਗਰੂਕਤਾ ਮਹੱਤਵਪੂਰਨ ਹਨ
“ਕੋਈ ਵੀ ਕੈਂਸਰ ਵਿਰੁੱਧ ਇਕੱਲਾ ਨਾ ਲੜੇ”: ਉਪ ਰਾਸ਼ਟਰਪਤੀ ਨੇ ਸਮੂਹਿਕ ਕਾਰਵਾਈ ਦਾ ਸੱਦਾ ਦਿੱਤਾ, ਉਪ-ਰਾਸ਼ਟਰਪਤੀ ਨੇ ਕਿਹਾ ਕਿ ਕੈਂਸਰ ਤੋਂ ਬਚੇ ਲੋਕ ਉਮੀਦ ਅਤੇ ਹਿੰਮਤ ਦੀ ਪ੍ਰੇਰਨਾ ਦਿੰਦੇ ਹਨ
प्रविष्टि तिथि:
25 APR 2026 12:25PM by PIB Chandigarh
ਭਾਰਤ ਦੇ ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਜੈਪੁਰ ਵਿੱਚ ਭਗਵਾਨ ਮਹਾਵੀਰ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਵੱਲੋਂ ਆਯੋਜਿਤ 23ਵੇਂ ਕੈਂਸਰ ਸਰਵਾਈਵਰ ਡੇਅ ਮੌਕੇ ਸੰਬੋਧਨ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਕੈਂਸਰ ਤੋਂ ਬਚੇ ਲੋਕਾਂ ਦਾ ਦਿਵਸ ਅਟੁੱਟ ਉਮੀਦ ਅਤੇ ਮਨੁੱਖੀ ਜਜ਼ਬੇ ਦਾ ਜਸ਼ਨ ਹੈ। ਉਨ੍ਹਾਂ ਨੇ ਇਸ ਸਮਾਗਮ ਦੇ ਆਯੋਜਨ ਲਈ ਭਗਵਾਨ ਮਹਾਵੀਰ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਅਤੇ ਕੇ.ਜੀ. ਕੋਠਾਰੀ ਮੈਮੋਰੀਅਲ ਟਰੱਸਟ ਦੀ ਸ਼ਲਾਘਾ ਕੀਤੀ ਅਤੇ 1997 ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ ਕੈਂਸਰ ਦੇ ਖੇਤਰ ਵਿੱਚ ਹਸਪਤਾਲ ਦੀਆਂ ਮਿਸਾਲੀ ਸੇਵਾਵਾਂ ਨੂੰ ਸਵੀਕਾਰ ਕੀਤਾ, ਜਿਸ ਨੇ ਆਪਣੇ ਸਮਰਪਿਤ ਅਤੇ ਹਮਦਰਦੀ ਭਰੇ ਇਲਾਜ ਰਾਹੀਂ ਅਣਗਿਣਤ ਲੋਕਾਂ ਦੇ ਜੀਵਨ ਨੂੰ ਛੂਹਿਆ ਹੈ।
ਭਾਰਤ ਵਿੱਚ ਕੈਂਸਰ ਦੇ ਵਧਦੇ ਕੇਸਾਂ ’ਤੇ ਚਾਨਣਾ ਪਾਉਂਦੇ ਹੋਏ ਉਪ-ਰਾਸ਼ਟਰਪਤੀ ਨੇ ਕਿਹਾ ਕਿ ਆਈਸੀਐੱਮਆਰ ਦੇ ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਦੇ ਅਨੁਸਾਰ ਦੇਸ਼ ਵਿੱਚ ਸਾਲਾਨਾ 15 ਲੱਖ ਤੋਂ ਵੱਧ ਕੈਂਸਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਰੋਕਥਾਮ, ਜਲਦੀ ਪਛਾਣ, ਇਲਾਜ ਅਤੇ ਮਰੀਜ਼ਾਂ ਦੀ ਦੇਖਭਾਲ ਦੇ ਉਦੇਸ਼ ਨਾਲ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਤਹਿਤ, 13,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 68 ਲੱਖ ਤੋਂ ਵੱਧ ਕੈਂਸਰ ਇਲਾਜ ਮੁਹੱਈਆ ਕਰਵਾਏ ਗਏ ਹਨ, ਜਿਨ੍ਹਾਂ ਵਿੱਚ ਲਗਭਗ 75% ਲਾਭਪਾਤਰੀ ਪੇਂਡੂ ਖੇਤਰਾਂ ਤੋਂ ਹਨ। ਇਹ ਇਸ ਯੋਜਨਾ ਵੱਲੋਂ ਸਿਹਤ ਸੇਵਾਵਾਂ ਦੇ ਪਾੜੇ ਨੂੰ ਪੂਰਨ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਨੂੰ ਦਰਸਾਉਂਦਾ ਹੈ।
ਉਪ-ਰਾਸ਼ਟਰਪਤੀ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਦੇਸ਼ ਭਰ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ 'ਡੇਅ ਕੇਅਰ ਕੈਂਸਰ ਸੈਂਟਰ' ਸਥਾਪਤ ਕਰ ਰਹੀ ਹੈ, ਜਿਨ੍ਹਾਂ ਵਿੱਚੋਂ 450 ਤੋਂ ਵੱਧ ਕੇਂਦਰ ਪਹਿਲਾਂ ਹੀ ਕਾਰਜਸ਼ੀਲ ਹਨ। ਉਨ੍ਹਾਂ ਨੇ ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਚਲਾਈਆਂ ਜਾ ਰਹੀਆਂ ਪਹਿਲਕਦਮੀਆਂ ’ਤੇ ਵੀ ਚਾਨਣਾ ਪਾਇਆ, ਜਿਨ੍ਹਾਂ ਵਿੱਚ 'ਆਯੂਸ਼ਮਾਨ ਅਰੋਗਿਆ ਮੰਦਰਾਂ' ਰਾਹੀਂ ਸ਼ੁਰੂਆਤੀ ਜਾਂਚ ਅਤੇ ਜ਼ਿਲ੍ਹਾ ਤੇ ਸਬ-ਡਵੀਜ਼ਨਲ ਹਸਪਤਾਲਾਂ ਵਿੱਚ ਕੈਂਸਰ ਵਿਰੋਧੀ ਦਵਾਈਆਂ ਜ਼ਰੂਰੀ ਦਵਾਈਆਂ ਦੀ ਸੂਚੀ ਵਿੱਚ ਸ਼ਾਮਲ ਕਰਨਾ ਸ਼ਾਮਲ ਹੈ।
ਰੋਕਥਾਮ ਵਾਲੀ ਸਿਹਤ ਸੰਭਾਲ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ, ਉਪ-ਰਾਸ਼ਟਰਪਤੀ ਨੇ ਸਰਵਾਈਕਲ ਕੈਂਸਰ ਨਾਲ ਲੜਨ ਲਈ ਇਸ ਸਾਲ ਦੇ ਸ਼ੁਰੂ ਵਿੱਚ ਸ਼ੁਰੂ ਕੀਤੇ ਗਏ ਦੇਸ਼ ਵਿਆਪੀ ਐੱਚਪੀਵੀ ਟੀਕਾਕਰਨ ਪ੍ਰੋਗਰਾਮ ਬਾਰੇ ਗੱਲ ਕੀਤੀ, ਜਿਸਦਾ ਉਦੇਸ਼ ਇੱਕ ਕਰੋੜ ਤੋਂ ਵੱਧ ਬੇਟੀਆਂ ਨੂੰ ਕਵਰ ਕਰਨਾ ਹੈ। ਉਨ੍ਹਾਂ ਨੇ ਇਸ ਪਹਿਲਕਦਮੀ ਨੂੰ ਅੱਗੇ ਵਧਾਉਣ ਦੇ ਯਤਨਾਂ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਰਾਜਸਥਾਨ ਸਰਕਾਰ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਸਿਗਰਟਨੋਸ਼ੀ, ਤੰਬਾਕੂ ਦੇ ਸੇਵਨ, ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਗੈਰ-ਸਿਹਤਮੰਦ ਫਾਸਟ ਫੂਡ ਦੀਆਂ ਆਦਤਾਂ ਦੇ ਮਾੜੇ ਪ੍ਰਭਾਵਾਂ ਬਾਰੇ ਲਗਾਤਾਰ ਜਾਗਰੂਕਤਾ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਜੀਵਨ-ਸ਼ੈਲੀ ਵਿੱਚ ਬਦਲਾਅ ਕੈਂਸਰ ਦੇ ਖਤਰੇ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਕੈਂਸਰ ਤੋਂ ਬਚੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ "ਯੋਧੇ" ਦੱਸਿਆ ਜਿਨ੍ਹਾਂ ਨੇ ਅਸਾਧਾਰਨ ਹਿੰਮਤ ਅਤੇ ਦ੍ਰਿੜ੍ਹ ਇਰਾਦੇ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕਹਾਣੀਆਂ ਦੂਜਿਆਂ ਲਈ ਉਮੀਦ ਦੀ ਕਿਰਨ ਹਨ ਅਤੇ ਉਨ੍ਹਾਂ ਨੇ ਡਾਕਟਰਾਂ ਅਤੇ ਦੇਖਭਾਲ ਕਰਨ ਵਾਲਿਆਂ ਅਣਥੱਕ ਸੇਵਾ ਅਤੇ ਹਮਦਰਦੀ ਲਈ ਧੰਨਵਾਦ ਪ੍ਰਗਟ ਕੀਤਾ।
ਉਨ੍ਹਾਂ ਨੇ ਹਸਪਤਾਲ ਦੇ ਵਿਆਪਕ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਵਿੱਚ ਸਕ੍ਰੀਨਿੰਗ ਮੁਹਿੰਮਾਂ, ਮੋਬਾਈਲ ਮੈਡੀਕਲ ਯੂਨਿਟ ਅਤੇ ਜਾਗਰੂਕਤਾ ਮੁਹਿੰਮਾਂ ਜਿਵੇਂ ਕਿ ਨੁੱਕੜ ਨਾਟਕ, ਵਿੱਦਿਅਕ ਭਾਸ਼ਣ ਅਤੇ ਕਮਿਊਨਿਟੀ ਕੈਂਪ ਸ਼ਾਮਲ ਹਨ, ਜਿਨ੍ਹਾਂ ਨੇ ਬਿਮਾਰੀ ਦੀ ਜਲਦੀ ਪਛਾਣ ਅਤੇ ਜਾਨਾਂ ਬਚਾਉਣ ਵਿੱਚ ਯੋਗਦਾਨ ਪਾਇਆ ਹੈ।
ਉਪ-ਰਾਸ਼ਟਰਪਤੀ ਨੇ ਜਾਗਰੂਕਤਾ ਵਧਾਉਣ, ਜਲਦੀ ਜਾਂਚ ਨੂੰ ਉਤਸ਼ਾਹਿਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਸਮੂਹਿਕ ਯਤਨਾਂ ਦਾ ਸੱਦਾ ਦਿੱਤਾ ਕਿ ਕੋਈ ਵੀ ਕੈਂਸਰ ਵਿਰੁੱਧ ਜੰਗ ਇਕੱਲਾ ਨਾ ਲੜੇ। ਉਨ੍ਹਾਂ ਨੇ ਲੋਕਾਂ ਨੂੰ ਕੈਂਸਰ ਤੋਂ ਬਚੇ ਲੋਕਾਂ ਦੀਆਂ ਕਹਾਣੀਆਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਅਤੇ ਇੱਕ ਅਜਿਹਾ ਸਮਾਜ ਸਿਰਜਣ ਦੀ ਲੋੜ ’ਤੇ ਜ਼ੋਰ ਦਿੱਤਾ ਜਿੱਥੇ ਉਮੀਦ, ਡਰ ਉੱਤੇ ਜਿੱਤ ਪ੍ਰਾਪਤ ਕਰੇ।
ਉਪ ਰਾਸ਼ਟਰਪਤੀ ਨੇ ਇਸ ਮੌਕੇ ’ਤੇ ਕੈਂਸਰ ਤੋਂ ਬਚੇ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਅਤੇ ਬਿਮਾਰੀ ’ਤੇ ਕਾਬੂ ਪਾਉਣ ਲਈ ਉਨ੍ਹਾਂ ਦੀ ਹਿੰਮਤ ਅਤੇ ਦ੍ਰਿੜ੍ਹਤਾ ਦੀ ਸ਼ਲਾਘਾ ਕੀਤੀ।
ਰਾਜਸਥਾਨ ਦੇ ਰਾਜਪਾਲ ਸ਼੍ਰੀ ਹਰੀਭਾਊ ਕਿਸਾਨਰਾਓ ਬਾਗੜੇ, ਰਾਜਸਥਾਨ ਦੇ ਸਿਹਤ ਮੰਤਰੀ ਸ਼੍ਰੀ ਗਜੇਂਦਰ ਸਿੰਘ ਖਿਮਸਰ, ਭਗਵਾਨ ਮਹਾਵੀਰ ਕੈਂਸਰ ਹਸਪਤਾਲ ਦੇ ਚੇਅਰਮੈਨ ਸ਼੍ਰੀ ਨਵਰਤਨ ਕੋਠਾਰੀ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।
*****
ਪੀਆਰ/ਏਐਸਐਮ/ਵੀਐਮਜੇ
(रिलीज़ आईडी: 2255945)
आगंतुक पटल : 47