ਪ੍ਰਿਥਵੀ ਵਿਗਿਆਨ ਮੰਤਰਾਲਾ
ਵੱਖ-ਵੱਖ ਖੇਤਰਾਂ ਵਿੱਚ ਤਾਪਮਾਨ ਵਧਣ ਦੇ ਮੱਦੇਨਜ਼ਰ, ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਵਿਆਪਕ ਹੀਟਵੇਵ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ
ਉੱਤਰ-ਪੱਛਮੀ, ਮੱਧ ਅਤੇ ਪੈਨਿਨਸੁਲਾਰ ਭਾਰਤ ਵਿੱਚ ਹੀਟਵੇਵ ਚਲਣ ਦੀ ਸੰਭਾਵਨਾ: ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਨਾਗਰਿਕਾਂ ਨੂੰ ਸਾਵਧਾਨੀ ਉਪਾਅ ਅਪਣਾਉਣ ਦੀ ਸਲਾਹ ਦਿੱਤੀ ਹੈ; ਵਿਸਤ੍ਰਿਤ ਦਿਸ਼ਾ-ਨਿਰਦੇਸ਼ ਔਨਲਾਈਨ ਉਪਲਬਧ ਹਨ
Posted On:
25 APR 2026 2:24PM by PIB Chandigarh
ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਅਧੀਨ ਭਾਰਤੀ ਮੌਸਮ ਵਿਭਾਗ ਨੇ ਹੀਟਵੇਵ ਦੀ ਸਥਿਤੀ ਨੂੰ ਲੈ ਕੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਅਤੇ ਸਲਾਹ ਜਾਰੀ ਕੀਤੀ ਹੈ ,ਕਿਉਂਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਆਮ ਨਾਲੋਂ ਵੱਧ ਗਰਮੀ ਦੀ ਸਥਿਤੀ ਬਣੀ ਹੋਈ ਹੈ।
ਨਵੀਨਤਮ ਮੁਲਾਂਕਣ ਦੇ ਅਨੁਸਾਰ, ਉੱਤਰ-ਪੱਛਮੀ, ਮੱਧ ਅਤੇ ਪੈਨਿਨਸੁਲਾਰ ਭਾਰਤ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਇਸ ਸਮੇਂ 40°C ਅਤੇ 44°C ਦੇ ਵਿਚਕਾਰ ਹੈ, ਜਿਸ ਵਿੱਚ ਸ਼੍ਰੀ ਗੰਗਾਨਗਰ (ਰਾਜਸਥਾਨ) ਵਿੱਚ ਸਭ ਤੋਂ ਵੱਧ ਤਾਪਮਾਨ 44.5°C ਦਰਜ ਕੀਤਾ ਗਿਆ ਹੈ। ਕਈ ਖੇਤਰਾਂ ਵਿੱਚ ਤਾਪਮਾਨ ਆਮ ਨਾਲੋਂ 5°C ਜਾਂ ਇਸ ਤੋਂ ਵੱਧ ਦੇਖਿਆ ਗਿਆ ਹੈ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਗਰਮੀ ਲਗਣ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ।
ਭਾਰਤੀ ਮੌਸਮ ਵਿਭਾਗ (IMD) ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ਵਿੱਚ ਹੀਟਵੇਵ ਦੀ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਹੈ। ਨਾਲ ਹੀ ਤੱਟਵਰਤੀ ਅਤੇ ਪੂਰਬੀ ਖੇਤਰਾਂ ਵਿੱਚ ਗਰਮ ਅਤੇ ਨਮੀ ਵਾਲਾ ਮੌਸਮ ਰਹਿਣ ਦੀ ਉਮੀਦ ਹੈ, ਜਦੋਂ ਕਿ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਰਾਤਾਂ ਗਰਮ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਅਸੁਵਿਧਾ ਅਤੇ ਸਿਹਤ ਸਬੰਧੀ ਜੋਖਮ ਹੋਰ ਵਧ ਸਕਦੇ ਹਨ।
ਵਿਭਾਗ ਨੇ ਅੱਗੇ ਅਨੁਮਾਨ ਲਗਾਇਆ ਹੈ ਕਿ ਉੱਤਰ-ਪੱਛਮੀ ਭਾਰਤ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 27 ਅਪ੍ਰੈਲ ਤੱਕ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਵੇਗਾ , ਜਿਸ ਤੋਂ ਬਾਅਦ ਹੌਲੀ-ਹੌਲੀ ਗਿਰਾਵਟ ਆਵੇਗੀ , ਜਦੋਂ ਕਿ ਮੱਧ ਅਤੇ ਹੋਰ ਖੇਤਰਾਂ ਵਿੱਚ ਭਵਿੱਖਬਾਣੀ ਦੀ ਮਿਆਦ ਦੇ ਦੌਰਾਨ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਅਤੇ ਉਸ ਤੋਂ ਬਾਅਦ ਗਿਰਾਵਟ ਦੇਖੀ ਜਾ ਸਕਦੀ ਹੈ।
ਮੌਜੂਦਾ ਅਤੇ ਪੂਰਵ ਅਨੁਮਾਨਿਤ ਸਥਿਤੀਆਂ ਨੂੰ ਦੇਖਦੇ ਹੋਏ, ਭਾਰਤੀ ਮੌਸਮ ਵਿਭਾਗ (IMD) ਨੇ ਹੀਟਵੇਵ ਤੋਂ ਬਚਾਅ ਲਈ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਨਾਗਰਿਕਾਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਇਨ੍ਹਾਂ ਵਿੱਚ ਸਿੱਧੇ ਧੂਪ ਵਿੱਚ ਲੰਬੇ ਸਮੇਂ ਤੱਕ ਰਹਿਣ ਤੋਂ ਬਚਣਾ, ਖਾਸ ਕਰਕੇ ਦੁਪਹਿਰ ਦੇ ਸਿਖਰ ਦੇ ਘੰਟਿਆਂ ਦੌਰਾਨ, ਬਹੁਤ ਸਾਰਾ ਪਾਣੀ ਪੀਣਾ, ਹਲਕੇ ਅਤੇ ਹਵਾਦਾਰ ਕੱਪੜੇ ਪਹਿਨਣਾ ਅਤੇ ਉੱਚ ਤਾਪਮਾਨ ਦੌਰਾਨ ਸਖ਼ਤ ਬਾਹਰੀ ਗਤੀਵਿਧੀਆਂ ਤੋਂ ਬਚਣਾ ਸ਼ਾਮਲ ਹੈ। ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਕਿਸੇ ਸਿਹਤ ਸਮੱਸਿਆ ਨਾਲ ਜੂਝ ਰਹੇ ਵਿਅਕਤੀਆਂ ਵਰਗੇ ਸੰਵੇਦਨਸ਼ੀਲ ਸਮੂਹਲਾਂ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗਰਮੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਹੀਟ ਐਗਜੌਸਟਸ਼ਨ ਅਤੇ ਹੀਟ ਸਟ੍ਰੋਕ ਨੂੰ ਘਟਾਉਣ ਲਈ ਸ਼ੁਰੂਆਤੀ ਜਾਗਰੂਕਤਾ ਅਤੇ ਰੋਕਥਾਮ ਉਪਾਅ ਮਹੱਤਵਪੂਰਨ ਹਨ। ਆਈਐੱਮਡੀ ਦੇ ਵਿਸਤ੍ਰਿਤ ਪੂਰਵ ਅਨੁਮਾਨ ਦੇ ਅਨੁਸਾਰ, ਅਗਲੇ 7 ਦਿਨਾਂ ਤੱਕ ਬਹੁਤ ਸਾਰੇ ਖੇਤਰਾਂ, ਖਾਸ ਕਰਕੇ ਹੇਠ ਲਿਖੇ ਖੇਤਰਾਂ ਵਿੱਚ ਹੀਟਵੇਵ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ ,:
ਉੱਤਰ ਪੱਛਮੀ ਭਾਰਤ (ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼)
ਮੱਧ ਭਾਰਤ (ਮੱਧ ਪ੍ਰਦੇਸ਼, ਛੱਤੀਸਗੜ੍ਹ, ਵਿਦਰਭ)
ਚੁਣਿਆ ਗਿਆ ਦੱਖਣੀ ਖੇਤਰ (ਕੇਰਲ ਅਤੇ ਮਾਹੇ)
ਇਸ ਤੋਂ ਇਲਾਵਾ, ਓਡੀਸ਼ਾ, ਪੱਛਮੀ ਬੰਗਾਲ, ਤਮਿਲ ਨਾਡੂ ਅਤੇ ਆਂਧਰ ਪ੍ਰਦੇਸ਼ ਸਮੇਤ ਤੱਟਵਰਤੀ ਰਾਜਾਂ ਵਿੱਚ ਗਰਮ ਅਤੇ ਨਮੀ ਵਾਲੇ ਮੌਸਮ ਦੀ ਸਥਿਤੀ ਰਹਿਣ ਦੀ ਉਮੀਦ ਹੈ , ਜਦੋਂ ਕਿ ਉੱਤਰੀ ਮੈਦਾਨੀ ਇਲਾਕਿਆਂ ਵਿੱਚ ਰਾਤ ਨੂੰ ਗਰਮੀ ਦਾ ਪ੍ਰਕੋਪ ਜਾਰੀ ਰਹਿ ਸਕਦਾ ਹੈ, ਜਿਸ ਨਾਲ ਰਾਤ ਦੇ ਸਮੇਂ ਹੀਟਵੇਵ ਦੀ ਸਮੱਸਿਆ ਹੋਰ ਵਧ ਜਾਵੇਗੀ।
ਆਈਐੱਮਡੀ ਦੇ ਅਪ੍ਰੈਲ ਤੋਂ ਜੂਨ 2026 ਦੇ ਮੌਸਮੀ ਪੂਰਵ ਅਨੁਮਾਨ ਦੇ ਅਨੁਸਾਰ, ਪੂਰਬੀ, ਮੱਧ ਅਤੇ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਅਤੇ ਦੱਖਣ-ਪੂਰਬੀ ਪੈਨਿਨਸੁਲਰ ਵਿੱਚ ਆਮ ਨਾਲੋਂ ਵੱਧ ਹੀਟਵੇਵ ਦੀ ਸੰਭਾਵਨਾ ਹੈ, ਜੋ ਮੌਜੂਦਾ ਗਰਮ ਮੌਸਮ ਦੌਰਾਨ ਨਿਰੰਤਰ ਤਿਆਰੀ ਅਤੇ ਰਾਹਤ ਦੇ ਉਪਾਵਾਂ ਦੀ ਜ਼ਰੂਰਤ ਨੂੰ ਉਜਾਗਰ ਕਰਦੀ ਹੈ।
ਆਈਐੱਮਡੀ ਨੇ ਹੀਟਵੇਵ ਤੋਂ ਬਚਾਅ ਲਈ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ , ਜਿਸ ਵਿੱਚ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ, ਤਿਆਰੀ ਦੇ ਉਪਾਅ, ਅਤੇ ਖੇਤਰ-ਵਿਸ਼ੇਸ਼ ਸਲਾਹਾਂ ਸ਼ਾਮਲ ਹਨ। ਇਹ ਦਿਸ਼ਾ-ਨਿਰਦੇਸ਼ ਆਮ ਲੋਕਾਂ ਲਈ https://mausam.imd.gov.in/responsive/heatwave_guidance.php 'ਤੇ ਉਪਲਬਧ ਹਨ । ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਵਿਅਕਤੀਆਂ, ਭਾਈਚਾਰਿਆਂ ਅਤੇ ਸਥਾਨਕ ਅਧਿਕਾਰੀਆਂ ਨੂੰ ਸਿਹਤ ਜੋਖਮਾਂ ਨੂੰ ਘਟਾਉਣ ਅਤੇ ਬਹੁਤ ਜ਼ਿਆਦਾ ਗਰਮੀ ਦੀਆਂ ਸਥਿਤੀਆਂ ਨਾਲ ਨਜਿੱਠਣ ਦੀ ਸਮੱਰਥਾ ਵਧਾਉਣ ਵਿੱਚ ਸਹਾਇਤਾ ਕਰਨਾ ਹੈ।
ਆਈਐੱਮਡੀ ਤਾਪਮਾਨ ਦੇ ਰੁਝਾਨਾਂ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਅਤੇ ਸਮੇਂ ਸਿਰ ਭਵਿੱਖਬਾਣੀਆਂ ਅਤੇ ਚੇਤਾਵਨੀਆਂ ਜਾਰੀ ਕਰ ਰਿਹਾ ਹੈ। ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਧਿਕਾਰਿਤ ਸਰੋਤਾਂ ਤੋਂ ਨਵੀਨਤਮ ਜਾਣਕਾਰੀ ਪ੍ਰਾਪਤ ਕਰਦੇ ਰਹਿਣ ਅਤੇ ਨਿਰਧਾਰਿਤ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ।
*****
ਐੱਨਕੇਆਰ/ਏਕੇ/ਐੱਸਕੇ/ਏਕੇ
(Release ID: 2255605)
ਵਿਜ਼ੀਟਰ ਕਾਊਂਟਰ : 12