ਸਿੱਖਿਆ ਮੰਤਰਾਲਾ
azadi ka amrit mahotsav

ਸਕੂਲ ਸਿੱਖਿਆ ਅਤੇ ਸਾਖਰਤਾ ਸਕੱਤਰ ਨੇ NEP 2020 ਦੇ ਤਹਿਤ ਸਮਾਵੇਸ਼ੀ ਕਰੀਅਰ ਮਾਰਗਦਰਸ਼ਨ ਨੂੰ ਮਜ਼ਬੂਤ ​​ਕਰਨ ਲਈ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਕਰੀਅਰ ਕਾਰਡ ਲਾਂਚ ਕੀਤੇ


ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਕਰੀਅਰ ਮਾਰਗਦਰਸ਼ਨ ਅਤੇ ਹੁਨਰ ਵਿਕਾਸ ਰਾਹੀਂ ਸਸ਼ਕਤ ਬਣਾਉਣਾ, ਸਮਾਵੇਸ਼ੀ, ਨਿਆਂਸੰਗਤ ਅਤੇ ਗਿਆਨ-ਅਧਾਰਿਤ ਸਮਾਜ ਲਈ ਜ਼ਰੂਰੀ ਹੈ - ਸ਼੍ਰੀ ਸੰਜੈ ਕੁਮਾਰ

Posted On: 08 APR 2026 7:52PM by PIB Chandigarh

ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ (DoSEL) ਦੇ ਸਕੱਤਰ ਸ਼੍ਰੀ ਸੰਜੈ ਕੁਮਾਰ ਨੇ 31 ਮਾਰਚ, 2026 ਨੂੰ ਕਰਤਵਯ ਭਵਨ-2, ਨਵੀਂ ਦਿੱਲੀ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ (CWSN) ਲਈ ਕਰੀਅਰ ਕਾਰਡ ਲਾਂਚ ਕੀਤੇ।

ਇਹ ਪਹਿਲ ਦੇਸ਼ ਭਰ ਦੇ ਸਾਰੇ ਸਿਖਿਆਰਥੀਆਂ ਲਈ ਕਰੀਅਰ ਮਾਰਗਦਰਸ਼ਨ ਸਰੋਤਾਂ ਤੱਕ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਉਪਲਬਧੀ ਹੈ। ਇਨ੍ਹਾਂ ਕਰੀਅਰ ਕਾਰਡਾਂ ਨੂੰ ਯੂਨੀਸੈੱਫ ਇੰਡੀਆ, ਸੈਂਟਰਲ ਇੰਸਟੀਟਿਊਟ ਆਫ਼ ਐਜੂਕੇਸ਼ਨਲ ਟੈਕਨਾਲੌਜੀ- ਸੀਆਈਈਟੀ ਅਤੇ ਪੰਡਿਤ ਸੁੰਦਰਲਾਲ ਸ਼ਰਮਾ ਸੈਂਟਰਲ ਇੰਸਟੀਟਿਊਟ ਆਫ਼ ਵੋਕੇਸ਼ਨਲ ਐਜੂਕੇਸ਼ਨ- ਪੀਐੱਸਐੱਸਸੀਆਈਵੀਈ ਸਮੇਤ ਐੱਨਸੀਈਆਰਟੀ, ਪ੍ਰਥਮ ਐਜੂਕੇਸ਼ਨ ਫਾਉਂਡੇਸ਼ਨ, ਅਤੇ ਦਿਵਯਾਂਗਜਨਾਂ ਦੇ ਸਸ਼ਕਤੀਕਰਣ ਵਿਭਾਗ (DEPwD) ਦੇ ਅਧੀਨ ਰਾਸ਼ਟਰੀ ਦਿਵਯਾਂਗਤਾ ਸੰਸਥਾਨਾਂ ਦੇ ਤਕਨੀਕੀ ਸਹਿਯੋਗ ਅਤੇ ਵਿਵਹਾਰਕ ਜਾਣਕਾਰੀ ਦੇ ਅਧਾਰ 'ਤੇ ਤਿਆਰ ਕੀਤਾ ਗਿਆ ਹੈ।

ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਸੰਜੈ ਕੁਮਾਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਪਹਿਲ ਰਾਸ਼ਟਰੀ ਸਿੱਖਿਆ ਨੀਤੀ (NEP) 2020 ਅਤੇ ਸਕੂਲ ਸਿੱਖਿਆ ਲਈ ਰਾਸ਼ਟਰੀ ਪਾਠਕ੍ਰਮ ਢਾਂਚਾ (NCF-SE) 2023 ‘ਤੇ ਅਧਾਰਿਤ ਹੈ, ਜੋ ਕਿ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਸਮੇਤ ਹਰੇਕ ਸਿਖਿਆਰਥੀ ਨੂੰ ਵਿਭਿੰਨ ਵਿਦਿਅਕ ਅਤੇ ਕਿੱਤਾਮੁਖੀ ਮਾਰਗਾਂ ਦੀ ਪੜਚੋਲ ਕਰਨ ਵਿੱਚ ਸਮਰੱਥ ਬਣਾਉਣ ‘ਤੇ ਜ਼ੋਰ ਦਿੰਦੀ ਹੈ। ਉਨ੍ਹਾਂ ਨੇ ਕੇਂਦਰੀ ਸਿੱਖਿਆ ਮੰਤਰੀ ਦੇ ਉਸ ਦ੍ਰਿਸ਼ਟੀਕੋਣ ਨੂੰ ਦੁਹਰਾਇਆ ਕਿ ਜਿਵੇਂ-ਜਿਵੇਂ ਭਾਰਤ ਗਿਆਨ-ਅਧਾਰਿਤ, ਨਿਆਂਸੰਗਤ ਅਤੇ ਸਮਾਵੇਸ਼ੀ ਸਮਾਜ ਵੱਲ ਅੱਗੇ ਵਧ ਰਿਹਾ ਹੈ, ਸਾਰੇ ਸਿਖਿਆਰਥੀਆਂ ਨੂੰ ਅਰਥਪੂਰਣ ਯੋਗਦਾਨ ਦੇਣ ਲਈ ਸਸ਼ਕਤ ਬਣਾਇਆ ਜਾਣਾ ਚਾਹੀਦਾ ਹੈ, ਤਾਂ ਜੋ ਇਹ ਯਕੀਨੀ ਬਣਿਆ ਰਹੇ ਕਿ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਕੋਈ ਵੀ ਪਿੱਛੇ ਨਾ ਰਹਿ ਜਾਵੇ।

ਸਕੱਤਰ ਨੇ ਸੰਸਥਾਗਤ ਸਮਰੱਥਾ ਨਿਰਮਾਣ ਦੇ ਨਾਲ ਹੀ ਨਾਲ ਸਕੂਲੀ ਪ੍ਰਣਾਲੀ ਅੰਦਰ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੀ ਜਲਦੀ ਪਛਾਣ, ਜਾਂਚ ਅਤੇ ਚਿੰਨ੍ਹਿਤ ਕੀਤੇ ਜਾਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਹਾਲਾਂਕਿ ਵਿਸ਼ੇਸ਼ ਅਧਿਆਪਕਾਂ ਲਈ ਵਾਧੂ ਅਸਾਮੀਆਂ ਪੈਦਾ ਕੀਤੀਆਂ ਗਈਆਂ ਹਨ, ਪਰ ਉਨ੍ਹਾਂ ਦੀ ਭਰਤੀ ਪ੍ਰਕਿਰਿਆ ਵਿੱਚ ਤੇਜੀ ਲਿਆਉਣਾ ਜ਼ਰੂਰੀ ਹੈ ਅਤੇ ਨਿਯਮਿਤ ਅਧਿਆਪਕਾਂ ਲਈ ਵੀ ਟੀਚਾਬੱਧ ਸਿਖਲਾਈ ਦੀ ਜ਼ਰੂਰਤ ਹੈ। ਇਸ ਸੰਦਰਭ ਵਿੱਚ, NCERT SCERT ਅਤੇ DIET ਦੇ ਸਹਿਯੋਗ ਨਾਲ ਅਧਿਆਪਕਾਂ ਲਈ ਇੱਕ ਵਿਸ਼ੇਸ਼ ਟ੍ਰੇਨਿੰਗ ਮੌਡਿਊਲ ਵਿਕਸਿਤ ਕਰੇਗਾ।

​​

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹੁਨਰ ਵਿਕਾਸ ਰਾਸ਼ਟਰੀ ਸਿੱਖਿਆ ਨੀਤੀ (NEP) 2020 ਦੇ ਕੇਂਦਰ ਵਿੱਚ ਹੈ ਅਤੇ ਸਾਲ 2030 ਤੱਕ ਕਲਾਸ 12 ਦੀ ਪੜ੍ਹਾਈ ਪੂਰੀ ਕਰਨ ਵਾਲੇ ਹਰੇਕ ਵਿਦਿਆਰਥੀ ਕੋਲ ਘੱਟੋ-ਘੱਟ ਇੱਕ ਮੁੱਖ ਹੁਨਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ PSSCIVE ਖ਼ਾਸ ਤੌਰ ‘ਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ (ਸੀਡਬਲਿਊਐੱਸਐੱਨ) ਸਮੇਤ ਸਮਾਵੇਸ਼ੀ ਹੁਨਰ ਵਿਕਾਸ ਨੂੰ ਮਜ਼ਬੂਤ ​​ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਤਰ੍ਹਾਂ ਦੇ ਯਤਨਾਂ ਦੇ ਵਿਸਤਾਰ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਐੱਨਆਈਓਐੱਸ ਨੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਕਾਰਜ ਕਰ ਰਹੀਆਂ ਸੰਸਥਾਵਾਂ ਦੇ ਨਾਲ ਸਬੰਧਾਂ ਲਈ ਇੱਕ ਲੰਬੇ ਸਮੇਂ ਦੇ ਸਹਿਮਤੀ ਪੱਤਰ (MoU) 'ਤੇ ਹਸਤਾਖਰ ਕੀਤੇ ਹਨ, ਜੋ ਸਮਾਵੇਸ਼ੀ ਸਿੱਖਿਆ ਦੇ ਵਿਆਪਕ ਯਤਨਾਂ ਦੇ ਅਨੁਸਾਰ ਹੈ।

ਇਸ ਮੌਕੇ 'ਤੇ, ਸੰਯੁਕਤ ਸਕੱਤਰ, ਸ਼੍ਰੀਮਤੀ ਪ੍ਰਾਚੀ ਪਾਂਡੇ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਯੂਨੀਸੈੱਫ ਇੰਡੀਆ ਅਤੇ ਐੱਨਸੀਈਆਰਟੀ ਦੇ ਸਹਿਯੋਗ ਨਾਲ 29 ਜੁਲਾਈ 2024 ਨੂੰ ਅਖਿਲ ਭਾਰਤੀਯ ਸਿਕਸ਼ਾ ਸਮਾਗਮ ਵਿੱਚ 500 ਕਰੀਅਰ ਕਾਰਡਾਂ ਵਾਲੀ ਇੱਕ ਕਰੀਅਰ ਮਾਰਗਦਰਸ਼ਨ ਪੁਸਤਕ ਜਾਰੀ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਲਾਂਚ ਦੇ ਨਾਲ ਇਸ ਰਾਸ਼ਟਰੀ ਮਾਰਗਦਰਸ਼ਨ ਢਾਂਚੇ ਦਾ ਵਿਸਤਾਰ ਵਿਸ਼ੇਸ਼ ਤੌਰ 'ਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ (CWSN) ਲਈ ਕੀਤਾ ਗਿਆ ਹੈ, ਜਿਸ ਵਿੱਚ ਲਗਭਗ 150 ਕਾਰਡਾਂ ਨੂੰ ਸਮਾਵੇਸ਼ੀ ਫਾਰਮੈੱਟ ਵਿੱਚ ਅਨੁਕੂਲਿਤ ਕੀਤਾ ਗਿਆ ਹੈ, ਤਾਂ ਜੋ ਭਾਰਤ ਦੀ ਸਿੱਖਿਆ ਪਰਿਵਰਤਨ ਯਾਤਰਾ ਵਿੱਚ ਸਮਾਵੇਸ਼ ਇੱਕ ਪ੍ਰਮੁੱਖ ਵਿਸ਼ੇਸ਼ਤਾ ਬਣੀਆ ਰਹੇ।

ਇਸ ਮੌਕੇ 'ਤੇ ਆਰਥਿਕ ਸਲਾਹਕਾਰ ਸ਼੍ਰੀਮਤੀ ਏ. ਸ਼੍ਰੀਜਾ ਨੇ ਧੰਨਵਾਦੀ ਮਤਾ ਪੇਸ਼ ਕੀਤਾ।

ਇਸ ਪ੍ਰੋਗਰਾਮ ਵਿੱਚ ਵਿਭਾਗ ਵੱਲੋਂ ਸ਼੍ਰੀ ਧੀਰਜ ਸਾਹੂ (ਵਧੀਕ ਸਕੱਤਰ), ਸ਼੍ਰੀ ਰਾਹੁਲ ਸਿੰਘ (ਚੇਅਰਮੈਨ, ਸੀਬੀਐੱਸਈ), ਸ਼੍ਰੀ ਦਿਨੇਸ਼ ਪ੍ਰਸਾਦ ਸਕਲਾਨੀ (ਡਾਇਰੈਕਟਰ, ਐੱਨਸੀਈਆਰਟੀ), ਸੁਸ਼੍ਰੀ ਪ੍ਰਾਚੀ ਪਾਂਡੇ (ਸੰਯੁਕਤ ਸਕੱਤਰ), ਸੁਸ਼੍ਰੀ ਅਮਰਪ੍ਰੀਤ ਦੁੱਗਲ (ਸੰਯੁਕਤ ਸਕੱਤਰ), ਸ਼੍ਰੀ ਵਿਕਾਸ ਗੁਪਤਾ (ਕਮਿਸ਼ਨਰ, ਕੇਵੀਐੱਸ), ਸ਼੍ਰੀ ਰਾਜੇਸ਼ ਲਖਾਨੀ (ਕਮਿਸ਼ਨਰ, ਐੱਨਵੀਐੱਸ), ਯੂਨੀਸੈੱਫ ਤੋਂ ਡਾ. ਸਾਧਨਾ ਪਾਂਡੇ ਅਤੇ ਪ੍ਰਥਮ ਐਜੂਕੇਸ਼ਨ ਫਾਉਂਡੇਸ਼ਨ ਤੋਂ ਸੁਸ਼੍ਰੀ ਰੁਕਮਣੀ ਬੈਨਰਜੀ ਮੌਜੂਦ ਰਹੇ।

ਕਰੀਅਰ ਕਾਰਡਾਂ ਨੂੰ ਇਸ ਤਰ੍ਹਾਂ ਸੋਚ-ਸਮਝ ਕੇ ਤਿਆਰ ਕੀਤਾ ਗਿਆ ਹੈ ਕਿ ਉਹ ਵੱਖ-ਵੱਖ ਕਰੀਅਰ ਵਿਕਲਪਾਂ ਤੋਂ ਵਿਦਿਆਰਥੀਆਂ ਦੀ ਸ਼ੁਰੂਆਤੀ ਜਾਣ-ਪਛਾਣ ਕਰਵਾ ਕੇ ਉਨ੍ਹਾਂ ਦੇ ਭਵਿੱਖ ਬਾਰੇ ਸੋਚ-ਵਿਚਾਰ ਕੇ ਫੈਸਲੇ ਲੈਣ ਵਿੱਚ ਸਹਾਇਤਾ ਕਰਨ। ਹਰੇਕ ਕਾਰਡ ਵਿੱਚ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ, ਜ਼ਰੂਰੀ ਯੋਗਤਾਵਾਂ ਅਤੇ ਸੰਭਾਵੀ ਕਰੀਅਰ ਮਾਰਗਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ, ਜਿਸ ਨਾਲ ਵਿਦਿਆਰਥੀ ਆਪਣੀਆਂ ਰੁਚੀਆਂ ਅਤੇ ਇੱਛਾਵਾਂ ਦੇ ਅਨੁਸਾਰ ਮੌਕਿਆਂ ਦਾ ਪਤਾ ਲਗਾ ਸਕਣ।

ਇਹ ਆਕਰਸ਼ਕ ਅਤੇ ਯੂਜਰ-ਫ੍ਰੈਂਡਲੀ ਕਾਰਡ ਅਧਿਆਪਕਾਂ ਅਤੇ ਸਲਾਹਕਾਰਾਂ ਲਈ ਵੀ ਇੱਕ ਮਹੱਤਵਪੂਰਨ ਸੰਸਥਾਨ ਦਾ ਕੰਮ ਕਰਦੇ ਹਨ, ਜਿਸ ਨਾਲ ਉਹ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਿੱਦਿਅਕ ਅਤੇ ਪ੍ਰੋਫੈਸ਼ਨਲ ਯਾਤਰਾ ਦੀ ਪ੍ਰਭਾਵੀ ਯੋਜਨਾ ਬਣਾਉਣ ਵਿੱਚ ਮਾਰਗਦਰਸ਼ਨ ਦੇ ਸਕਣ।  

ਇਸ ਤੋਂ ਪਹਿਲਾਂ, ਐੱਨਸੀਈਆਰਟੀ ਨੇ ਯੂਨੀਸੈੱਫ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ 500 ਕਰੀਅਰ ਕਾਰਡਾਂ ਸਮੇਤ ਇੱਕ ਕਰੀਅਰ ਗਾਈਡ ਪੁਸਤਕ ਤਿਆਰ ਕੀਤੀ ਸੀ। ਹੁਣ ਇਨ੍ਹਾਂ ਕਰੀਅਰ ਕਾਰਡਾਂ ਨੂੰ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ (ਸੀਡਬਲਿਊਐੱਸਐੱਨ) ਲਈ ਪਹੁੰਚਯੋਗ ਬਣਾਉਣ ਦੇ ਯਤਨ ਕੀਤੇ ਗਏ ਹਨ। ਇਸ ਹੀ ਦਿਸ਼ਾ ਵਿੱਚ, ਐੱਨਸੀਈਆਰਟੀ ਨੇ ਯੂਨੀਸੈੱਫ ਦੇ ਸਹਿਯੋਗ ਨਾਲ ਵਿਸ਼ੇਸ਼ ਤੌਰ ‘ਤੇ ਸੀਡਬਲਿਊਐੱਸਐੱਨ ਲਈ 150 ਕਰੀਅਰ ਕਾਰਡ ਵਿਕਸਿਤ ਕੀਤੇ ਹਨ, ਜਿਸ ਨਾਲ ਕਰੀਅਰ ਮਾਰਗਦਰਸ਼ਨਾਂ ਨੂੰ ਸਾਰਿਆਂ ਲਈ ਅਸਾਨ ਅਤੇ ਸਮਾਵੇਸ਼ੀ ਬਣਾਇਆ ਜਾ ਸਕੇ। ਹੁਣ ਇਹ ਕਾਰਡ ਬ੍ਰੇਲ ਫਾਰਮੈੱਟ ਵਿੱਚ ਵੀ ਉਪਬਲਧ ਹਨ। 

*****

ਏਕੇ/ਅਹਿਮਦ ਖ਼ਾਨ


(Release ID: 2250510) ਵਿਜ਼ੀਟਰ ਕਾਊਂਟਰ : 13