ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਹਰਿਆਣਾ ਦੇ ਸਿਰਸਾ ਵਿੱਚ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (PMMSY) ਦੇ ਅਧੀਨ ਨੋਟੀਫਾਈਡ ਸੇਲਾਇਨ ਵਾਟਰ ਐਕੁਆਕਲਚਰ ਕਲਸਟਰ ਦੀ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ

Posted On: 08 APR 2026 4:10PM by PIB Chandigarh

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਮੱਛੀ ਪਾਲਣ ਵਿਭਾਗ ਦੇ ਸਕੱਤਰ ਡਾ. ਅਭਿਲਕਸ਼ ਲਿੱਖੀ ਨੇ 8 ਅਪ੍ਰੈਲ, 2026 ਨੂੰ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਪੀਐੱਮਐੱਮਐੱਸਵਾਈ ਅਧੀਨ ਨੋਟੀਫਾਈ ਕੀਤੇ ਸੇਲਾਇਨ ਵਾਟਰ ਐਕੁਆਕਲਚਰ ਕਲਸਟਰ ਦੀ ਪ੍ਰਗਤੀ ਦੀ ਸਮੀਖਿਆ ਕਰਨਾ ਅਤੇ ਖੇਤਰ ਵਿੱਚ ਸੇਲਾਇਨ ਵਾਟਰ ਐਕੁਆਕਲਚਰ ਵਿੱਚ ਲੱਗੇ ਝੀਂਗਾ ਪਾਲਕਾਂ ਨਾਲ ਗੱਲਬਾਤ ਕਰਨਾ ਸੀ। ਇਸ ਦੌਰੇ ਦੌਰਾਨ, ਕੇਂਦਰੀ ਸਕੱਤਰ ਨੇ ਝੀਂਗਾ ਅਤੇ ਮੱਛੀ ਪਾਲਕਾਂ ਨਾਲ ਵੀ ਗੱਲਬਾਤ ਕੀਤੀ ਤਾਂ ਜੋ ਜ਼ਮੀਨੀ ਪੱਧਰ 'ਤੇ ਪਾੜੇ ਅਤੇ ਚੁਣੌਤੀਆਂ ਨੂੰ ਸਮਝਿਆ ਜਾ ਸਕੇ।

ਮੱਛੀ ਪਾਲਕਾਂ ਨੂੰ ਸੰਬੋਧਨ ਕਰਦੇ ਹੋਏ, ਡਾ. ਲਿੱਖੀ ਨੇ ਉਤਪਾਦਕਤਾ, ਉਤਪਾਦ ਦੀ ਗੁਣਵੱਤਾ ਅਤੇ ਸਮੁੱਚੀ ਮੁਨਾਫ਼ਾ ਵਧਾਉਣ ਲਈ ਤਕਨਾਲੋਜੀ ਅਧਾਰਿਤ ਝੀਂਗਾ ਪਾਲਣ ਦੇ ਅਭਿਆਸਾਂ, ਵਿਗਿਆਨਿਕ ਤਲਾਅ ਪ੍ਰਬੰਧਨ ਅਤੇ ਮਜ਼ਬੂਤ ਜੈਵਿਕ ਸੁਰੱਖਿਆ ਉਪਾਵਾਂ ਦੇ ਨਾਲ-ਨਾਲ ਨਿਰੰਤਰ ਸਮਰੱਥਾ ਵਿਕਾਸ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਸਾ ਵਰਗੇ ਖਾਰੇ ਪਾਣੀ ਤੋਂ ਪ੍ਰਭਾਵਿਤ ਖੇਤਰਾਂ ਵਿੱਚ, ਝੀਂਗਾ ਪਾਲਣ ਰਾਹੀਂ ਜ਼ਮੀਨ ਦੀ ਸਰਵੋਤਮ ਵਰਤੋਂ ਲਈ ਅਥਾਹ ਸੰਭਾਵਨਾਵਾਂ ਹਨ, ਜੋ ਆਮਦਨ ਵਿਭਿੰਨਤਾ, ਰੁਜ਼ਗਾਰ ਪੈਦਾ ਕਰਨ ਅਤੇ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤ ​​ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਐੱਮਪੀਈਡੀਏ ਨੂੰ ਨਿਰਯਾਤ ਲਿੰਕੇਜ ਸਥਾਪਿਤ ਕਰਨ ਅਤੇ ਕਿਸਾਨਾਂ ਲਈ ਸਮਰੱਥਾ ਨਿਰਮਾਣ ਦਾ ਸਮਰਥਨ ਕਰਨ ਲਈ ਜ਼ਰੂਰੀ ਤਕਨੀਕੀ ਮਾਰਗਦਰਸ਼ਨ ਪ੍ਰਦਾਨ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਵੀ ਦੱਸਿਆ ਗਿਆ ਕਿ ਟੈਸਟਿੰਗ ਕਿੱਟਾਂ ਦੀ ਅਸਾਨ ਉਪਲਬਧਤਾ ਜ਼ਰੂਰੀ ਹੈ, ਅਤੇ ਰਾਜ ਨੂੰ ਅਪੀਲ ਕੀਤੀ ਗਈ ਕਿ ਉਹ ਸਥਾਨਕ ਪੱਧਰ 'ਤੇ ਇਨ੍ਹਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਤਾਂ ਜੋ ਝੀਂਗਾ ਪਾਲਕਾਂ ਨੂੰ ਟੈਸਟਿੰਗ ਲਈ ਲੰਬੀ ਦੂਰੀ ਦੀ ਯਾਤਰਾ ਨਾ ਕਰਨੀ ਪਵੇ।

ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (PMMSY) ਦੇ ਤਹਿਤ ਕਲਸਟਰ-ਅਧਾਰਿਤ ਮੱਛੀ ਪਾਲਣ ਵਿਕਾਸ ਪਹਿਲਕਦਮੀਆਂ ਦੇ ਸਮੁੱਚੇ ਲਾਗੂਕਰਨ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਚੌਧਰੀ ਦੇਵੀ ਲਾਲ ਯੂਨੀਵਰਸਿਟੀ (CDLU) ਸਿਰਸਾ ਵਿਖੇ ਹਾਈਬ੍ਰਿਡ ਮੋਡ ਵਿੱਚ ਇੱਕ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ। ਇਸ ਚਰਚਾ ਵਿੱਚ ਪ੍ਰਾਪਤ ਪ੍ਰਗਤੀ, ਅੰਤਰ-ਸੰਸਥਾਗਤ ਤਾਲਮੇਲ, ਯੋਜਨਾਵਾਂ ਦੇ ਤਾਲਮੇਲ ਅਤੇ ਕਲਸਟਰ ਪੱਧਰ 'ਤੇ ਲਾਗੂਕਰਨ ਸਬੰਧੀ ਪਾੜੇ ਨੂੰ ਦੂਰ ਕਰਨ 'ਤੇ ਕੇਂਦ੍ਰਿਤ ਕੀਤਾ ਗਿਆ। ਮੀਟਿੰਗ ਵਿੱਚ ਕੇਂਦਰੀ ਮੱਛੀ ਪਾਲਣ ਵਿਭਾਗ ਅਤੇ ਹਰਿਆਣਾ ਸਰਕਾਰ ਦੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੱਛੀ ਪਾਲਣ ਕਲਸਟਰਾਂ ਦੇ ਪ੍ਰਤੀਨਿਧੀ, ICAR ਮੱਛੀ ਪਾਲਣ ਸੰਸਥਾਵਾਂ ਦੇ ਵਿਗਿਆਨੀ, ਅਤੇ NFDB, ICAR-CIFE, MPEDA, NABARD, ਮੱਛੀ ਅਤੇ ਝੀਂਗਾ ਪਾਲਕਾਂ, ਮੱਛੀ ਪਾਲਣ ਸਹਿਕਾਰੀ ਕਮੇਟੀਆਂ, ਮੱਛੀ ਪਾਲਣ ਯੂਨੀਵਰਸਿਟੀਆਂ ਅਤੇ ਮੱਛੀ ਪਾਲਣ ਕਾਲਜਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ। ਮੀਟਿੰਗ ਵਿੱਚ 500 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ।

ਮੀਟਿੰਗ ਦੌਰਾਨ, ਝੀਂਗਾ ਪਾਲਕਾਂ ਨੇ ਬਿਜਲੀ ਦੀ ਉੱਚ ਲਾਗਤ ਅਤੇ ਅਨਿਯਮਿਤ ਉਪਲਬਧਤਾ, ਗੁਣਵੱਤਾ ਵਾਲੇ ਬੀਜਾਂ ਲਈ ਦੂਜੇ ਰਾਜਾਂ 'ਤੇ ਨਿਰਭਰਤਾ, ਅਤੇ ਪਾਣੀ ਦੀ ਨਾਕਾਫ਼ੀ ਸਪਲਾਈ ਸਮੇਤ ਕਈ ਚੁਣੌਤੀਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਹ ਵੀ ਬੇਨਤੀ ਕੀਤੀ ਕਿ ਝੀਂਗਾ ਪਾਲਣ ਦੀਆਂ ਗਤੀਵਿਧੀਆਂ ਦੇ ਵਿਸਥਾਰ ਵਿੱਚ ਸਹਾਇਤਾ ਲਈ ਪੰਚਾਇਤ ਦੀ ਮਾਲਕੀ ਵਾਲੀ ਜ਼ਮੀਨ ਸਵੈ-ਸਹਾਇਤਾ ਸਮੂਹਾਂ (SHGs) ਨੂੰ ਲੀਜ਼ 'ਤੇ ਉਪਲਬਧ ਕਰਵਾਈ ਜਾਵੇ।

  

ਮੱਛੀ ਪਾਲਣ ਵਿਭਾਗ ਦੇ ਸਕੱਤਰ ਡਾ. ਅਭਿਲਕਸ਼ ਲਿੱਖੀ ਨੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਘੁਆਣਾ ਪਿੰਡ ਵਿੱਚ ਸ਼੍ਰੀ ਪ੍ਰੀਤਪਾਲ ਸਿੰਘ ਅਤੇ ਸ਼੍ਰੀਮਤੀ ਮਨਪ੍ਰੀਤ ਕੌਰ ਦੇ ਝੀਂਗਾ ਫਾਰਮ ਦਾ ਦੌਰਾ ਕੀਤਾ, ਜਿਸ ਨੂੰ ਪੀਐੱਮਐੱਮਐੱਸਵਾਈ ਅਧੀਨ ਵਿਕਸਿਤ ਕੀਤਾ ਗਿਆ ਹੈ। ਇਸ ਫਾਰਮ ਵਿੱਚ ਲਗਭਗ 3 ਹੈਕਟੇਅਰ ਵਿੱਚ ਫੈਲੇ 7 ਤਲਾਅ ਹਨ, ਜਿਨ੍ਹਾਂ ਦੀ ਕੁੱਲ ਪ੍ਰੋਜੈਕਟ ਲਾਗਤ 42 ਲੱਖ ਰੁਪਏ ਹੈ। ਇੱਥੇ ਹਰ ਸਾਲ ਲਗਭਗ 28 ਟਨ ਝੀਂਗਾ ਦਾ ਉਤਪਾਦਨ ਹੁੰਦਾ ਹੈ, ਜਿਸ ਨਾਲ ਲਗਭਗ 90 ਲੱਖ ਰੁਪਏ ਦਾ ਕਾਰੋਬਾਰ ਹੁੰਦਾ ਹੈ ਅਤੇ ਸਥਾਨਕ ਰੁਜ਼ਗਾਰ ਦੇ ਮੌਕੇ ਪੈਦਾ ਹੁੰਦੇ ਹਨ। ਸੇਲਾਇਨ ਵਾਟਰ ਐਕੁਆਕਲਚਰ ਦੇ ਅਭਿਆਸਾਂ ਨੂੰ ਜ਼ਮੀਨੀ ਪੱਧਰ 'ਤੇ ਅਪਣਾਉਣ ਦਾ ਮੁਲਾਂਕਣ ਕਰਨ ਲਈ ਝੀਂਗਾ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਸੇਲਾਇਨ ਵਾਟਰ ਦੇ ਅੰਦਰੂਨੀ ਖੇਤਰਾਂ ਵਿੱਚ ਝੀਂਗਾ ਪਾਲਣ ਦੇ ਟਿਕਾਊ ਵਿਸਥਾਰ ਨੂੰ ਸਮਰਥਨ ਦੇਣ ਲਈ, ਗੁਣਵੱਤਾ ਵਾਲੇ ਬੀਜ ਅਤੇ ਫੀਡ ਦੀ ਉਪਲਬਧਤਾ, ਬਿਹਤਰ ਖੇਤੀ ਬੁਨਿਆਦੀ ਢਾਂਚਾ ਅਤੇ ਸੰਗਠਿਤ ਬਜ਼ਾਰਾਂ ਤੱਕ ਪਹੁੰਚ ਸਮੇਤ, ਪਿਛੜੇ ਅਤੇ ਅਗਾਂਹਵਧੂ ਸਬੰਧਾਂ ਨੂੰ ਮਜ਼ਬੂਤ ​​ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ।

 

ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (PMMSY) ਅਧੀਨ ਹਰਿਆਣਾ ਨੇ ਜ਼ਿਕਰਯੋਗ ਪ੍ਰਗਤੀ ਕੀਤੀ ਹੈ ਅਤੇ 760.88 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ। ਇਸ ਵਿੱਚ ਕੇਂਦਰ ਸਰਕਾਰ ਦਾ ਹਿੱਸਾ 262.17 ਕਰੋੜ ਰੁਪਏ ਹੈ। ਅੰਦਰੂਨੀ ਮੱਛੀ ਪਾਲਣ ਦੀ ਸਮਰੱਥਾ ਨੂੰ ਵਧਾਉਣ ਲਈ ਤਕਨਾਲੋਜੀ ਦੇ ਖੇਤਰ ਵਿੱਚ ਕੁੱਲ 79.47 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ 456 RAS ਅਤੇ ਬਾਇਓਫਲੋਕ ਪ੍ਰਣਾਲੀਆਂ ਦੀ ਸਥਾਪਨਾ ਕੀਤੀ ਗਈ ਹੈ। ਹੁਣ ਤੱਕ, 176.32 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 3,766 ਹੈਕਟੇਅਰ ਤਲਾਬਾਂ ਅਤੇ 2,204 ਹੈਕਟੇਅਰ ਨਮਕੀਨ ਅਤੇ ਖਾਰੇ ਪਾਣੀ ਵਾਲੇ ਖੇਤਰਾਂ ਲਈ ਪ੍ਰੋਜੈਕਟ ਨਿਰਧਾਰਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਰਾਜ ਵਿੱਚ ਮੱਛੀ ਪਾਲਣ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ 98.90 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਏਕੀਕ੍ਰਿਤ ਐਕੁਆਪਾਰਕ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਸਿਰਸਾ ਵਿੱਚ 110 ਕਰੋੜ ਰੁਪਏ ਦੀ ਲਾਗਤ ਨਾਲ ਏਕੀਕ੍ਰਿਤ ਐਕੁਆਪਾਰਕ ਦੀ ਸਥਾਪਨਾ ਦਾ ਐਲਾਨ ਕੀਤਾ, ਨਾਲ ਹੀ ਵਾਢੀ ਦੇ ਬਾਅਦ ਦੀ ਪ੍ਰਕਿਰਿਆ ਅਤੇ ਵੈਲਿਊ ਐਡੀਸ਼ਨ ਨੂੰ ਮਜ਼ਬੂਤ ਕਰਨ ਲਈ ਕੋਲਡ-ਚੇਨ ਇਨਫ੍ਰਾਸਟ੍ਰਕਚਰ ਦੇ ਵਿਕਾਸ ਦਾ ਵੀ ਐਲਾਨ ਕੀਤਾ। ਜ਼ਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਭਰੋਸਾ ਦਿੱਤਾ ਕਿ ਰਾਜ ਸਰਕਾਰ ਮੱਛੀ ਪਾਲਣ ਕਲਸਟਰ ਨੂੰ ਹੋਰ ਜ਼ਿਆਦਾ ਮਜ਼ਬੂਤੀ ਦੇਣ ਅਤੇ ਇਰਜੁੱਟ ਕਰਨ ਲਈ ਕੇਂਦਰ ਦੇ ਨਾਲ ਮਿਲ ਕੇ ਕੰਮ ਕਰੇਗੀ।

ਝੀਂਗਾ ਭਾਰਤ ਦਾ ਮੋਹਰੀ ਸਮੁੰਦਰੀ ਭੋਜਨ ਨਿਰਯਾਤ ਬਣਿਆ ਹੋਇਆ ਹੈ, ਅਤੇ 2024-25 ਦੌਰਾਨ ਦੇਸ਼ ਦੇ ਸਮੁੰਦਰੀ ਉਤਪਾਦਾਂ ਦੇ ਨਿਰਯਾਤ ਵਿੱਚ ਜੰਮੇ ਹੋਏ (ਫ੍ਰੋਜ਼ਨ) ਝੀਂਗੇ ਦਾ ਮੁੱਲ ਲਗਭਗ 69 ਪ੍ਰਤੀਸ਼ਤ ਰਿਹਾ। ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਦੇ ਸਮੁੰਦਰੀ ਉਤਪਾਦਾਂ ਦਾ ਨਿਰਯਾਤ ਲਗਭਗ ਲਗਭਗ ਦੁੱਗਣਾ ਹੋ ਗਿਆ ਹੈ, ਜੋ ਕਿ 2013-14 ਵਿੱਚ 30,213 ਕਰੋੜ ਰੁਪਏ ਤੋਂ ਵਧ ਕੇ 2024-25 ਵਿੱਚ 62,408 ਕਰੋੜ ਰੁਪਏ ਹੋ ਗਿਆ ਹੈ। ਇਸ ਵਿੱਚ ਯੋਗਦਾਨ 43,334 ਕਰੋੜ ਰੁਪਏ ਮੁੱਲ ਦਾ ਝੀਂਗਾ ਨਿਰਯਾਤ ਕਰ ਰਿਹਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਦਾ ਸਮੁੰਦਰੀ ਖੁਰਾਕ ਖੇਤਰ ਲਗਭਗ 658 ਪ੍ਰੋਸੈੱਸਿੰਗ ਪਲਾਂਟਾਂ, 532 ਪ੍ਰੀ-ਪ੍ਰੋਸੈੱਸਿੰਗ ਯੂਨਿਟਾਂ, ਅਤੇ ਤਾਜ਼ੀ, ਠੰਢੀ, ਜ਼ਿੰਦਾ, ਸੁੱਕੀਆਂ ਅਤੇ ਨਮਕੀਨ ਮੱਛੀਆਂ ਲਈ ਇੱਕ ਵਿਆਪਕ ਪ੍ਰਬੰਧਨ ਕੇਂਦਰਾਂ ਦੇ ਨੈੱਟਵਰਕ ਦੇ ਨਾਲ-ਨਾਲ ਦੇਸ਼ ਭਰ ਵਿੱਚ 734 ਤੋਂ ਵੱਧ ਕੋਲਡ ਸਟੋਰੇਜ ਸਹੂਲਤਾਂ ਦੁਆਰਾ ਸਮਰਥਿਤ ਹੈ।

ਕੇਂਦਰੀ ਮੱਛੀ ਪਾਲਣ ਵਿਭਾਗ ਨੇ ਮੁੱਖ ਖੇਤਰਾਂ ਵਿੱਚ 34 ਮੱਛੀ ਉਤਪਾਦਨ ਅਤੇ ਪ੍ਰੋਸੈੱਸਿੰਗ ਕਲਸਟਰਾਂ ਨੂੰ ਨੋਟੀਫਾਈ ਕੀਤਾ ਹੈ, ਜਿਨ੍ਹਾਂ ਵਿੱਚ ਹਜ਼ਾਰੀਬਾਗ ਵਿੱਚ ਮੋਤੀ ਸਮੂਹ, ਲਕਸ਼ਦ੍ਵੀਪ ਵਿੱਚ ਸਮੁੰਦਰੀ ਮੱਛੀ ਪਾਲਣ, ਮਦੁਰੇਈ ਵਿੱਚ ਸਜਾਵਟੀ ਮੱਛੀ ਪਾਲਣ, ਝਾਰਖੰਡ ਵਿੱਚ ਮੋਤੀ ਸਮੂਹ, ਮੱਧ ਪ੍ਰਦੇਸ਼ ਵਿੱਚ ਭੰਡਾਰ ਮੱਛੀ ਪਾਲਣ, ਗੁਜਰਾਤ ਅਤੇ ਪੁਡੂਚੇਰੀ ਵਿੱਚ ਮੱਛੀ ਪਾਲਣ ਬੰਦਰਗਾਹ, ਸਿਰਸਾ, ਪੰਜਾਬ ਅਤੇ ਰਾਜਸਥਾਨ ਵਿੱਚ ਸੇਲਾਇਨ ਵਾਟਰ ਐਕੁਆਕਲਚਰ, ਜੰਮੂ ਅਤੇ ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਵਿੱਚ ਠੰਡੇ ਪਾਣੀ ਦੀ ਮੱਛੀ ਪਾਲਣ, ਕਰਨਾਟਕ ਵਿੱਚ ਸਮੁੰਦਰੀ ਪਿੰਜਰਾ ਸੱਭਿਆਚਾਰ, ਆਂਧਰ ਪ੍ਰਦੇਸ਼ ਵਿੱਚ ਖਾਰੇ-ਮਿੱਠੇ ਪਾਣੀ ਦੀ ਮੱਛੀ-ਪਾਲਣ, ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹਾ ਵਿੱਚ ਟੂਨਾ, ਛੱਤੀਸਗੜ੍ਹ ਵਿੱਚ ਤਿਲਾਪੀਆ, ਸਿੱਕਿਮ ਅਤੇ ਮੇਘਾਲਿਆ ਵਿੱਚ ਜੈਵਿਕ ਮੱਛੀ ਪਾਲਣ, ਬਿਹਾਰ ਵਿੱਚ ਵੈੱਟਲੈਂਡ ਮੱਛੀ ਪਾਲਣ, ਤੇਲੰਗਾਨਾ ਵਿੱਚ ਮੁਰੈਲ, ਕੇਰਲ ਵਿੱਚ ਪਰਲ ਸਪੌਟ, ਓਡੀਸ਼ਾ ਵਿੱਚ ਸਕੈਂਪੀ, ਉੱਤਰ ਪ੍ਰਦੇਸ਼ ਵਿੱਚ ਪੰਗਾਸੀਅਸ, ਪੱਛਮੀ ਬੰਗਾਲ ਵਿੱਚ ਸੁੱਕੀ ਮੱਛੀ ਸਮੂਹ, ਨਾਗਾਲੈਂਡ ਵਿੱਚ ਏਕੀਕ੍ਰਿਤ ਮੱਛੀ ਪਾਲਣ ਸਮੂਹ, ਮਣੀਪੁਰ ਵਿੱਚ ਪੇਂਗਬਾ ਮੱਛੀ ਸਮੂਹ, ਅਸਾਮ ਵਿੱਚ ਨਦੀ-ਅਧਾਰਿਤ ਮੱਛੀ ਸਮੂਹ, ਮਿਜ਼ੋਰਮ ਵਿੱਚ ਝੋਨਾ-ਕਮ-ਮੱਛੀ ਸਮੂਹ, ਅਰੁਣਾਚਲ ਪ੍ਰਦੇਸ਼ ਵਿੱਚ ਐਕੁਆ ਟੂਰਿਜ਼ਮ ਕਲਸਟਰ ਗੋਆ ਵਿੱਚ ਐਸਟੁਰੀ ਕੇਜ਼ ਕਲਸਟਰ, ਤ੍ਰਿਪੁਰਾ ਵਿੱਚ ਪਾਬਦਾ ਫਿਸ਼ਰੀਜ਼ ਕਲਸਟਰ ਅਤੇ ਮਹਾਰਾਸ਼ਟਰ ਵਿੱਚ ਫਿਸ਼ਰੀਜ਼ ਕੋਆਪ੍ਰੇਟਿਵ ਕਲਸਟਰ ਸ਼ਾਮਲ ਹਨ।  

ਸਿਰਸਾ ਜ਼ਿਲ੍ਹੇ ਵਿੱਚ ਸੇਲਾਇਨ ਵਾਟਰ ਕਲਸਟਰ, ਜਿਸ ਵਿੱਚ ਫਤੇਹਾਬਾਦ, ਹਿਸਾਰ ਅਤੇ ਰੋਹਤਕ ਦੇ ਨਾਲ ਭਾਈਵਾਲ ਜ਼ਿਲ੍ਹੇ ਹਨ, ਇਹ ਦਰਸਾਉਂਦਾ ਹੈ ਕਿ ਕਿਵੇਂ ਖੇਤਰ-ਵਿਸ਼ੇਸ਼ ਦੇ ਹਿਸਾਬ ਨਾਲ ਐਕੁਆਕਲਚਰ ਵਿਕਾਸ ਨਾਲ ਨਮਕੀਨ ਅਤੇ ਖਾਰੇ ਇਲਾਕਿਆਂ ਵਿੱਚ ਪ੍ਰੋਡਕਟਿਵ ਸਮਰੱਥਾ ਨੂੰ ਅਣਲੌਕ ਕੀਤਾ ਜਾ ਸਕਦਾ ਹੈ। ਝੀਂਗਾ, ਸਕੈਂਪੀ ਅਤੇ ਸਮੁੰਦਰੀ ਬਾਸ ਵਰਗੀਆਂ ਉੱਚ-ਮੁੱਲ ਵਾਲੀਆਂ ਪ੍ਰਜਾਤੀਆਂ ਵਿੱਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਕੇ, ਇਹ ਸਮੂਹ ਸਰੋਤਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ, ਜਦਕਿ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਦਾ ਹੈ, ਸਥਾਨਕ ਰੁਜ਼ਗਾਰ ਪੈਦਾ ਕਰਦਾ ਹੈ, ਅਤੇ ਮਾਰਕਿਟ ਲਿੰਕੇਜ਼ ਨੂੰ ਮਜ਼ਬੂਤ ​​ਕਰਦਾ ਹੈ।

ਪਿਛੋਕੜ-

ਭਾਰਤ ਦਾ ਅੰਦਰੂਨੀ ਮੱਛੀ ਪਾਲਣ ਖੇਤਰ ਰਾਸ਼ਟਰੀ ਮੱਛੀ ਉਤਪਾਦਨ ਦਾ ਇੱਕ ਅਹਿਮ ਹਿੱਸਾ ਬਣ ਕੇ ਉਭਰਿਆ ਹੈ, ਜੋ ਕੁੱਲ ਉਤਪਾਦਨ ਵਿੱਚ 75% ਯੋਗਦਾਨ ਪਾਉਂਦਾ ਹੈ। ਵਿੱਤੀ ਸਾਲ 2024-25 ਵਿੱਚ, ਅੰਦਰੂਨੀ ਮੱਛੀ ਉਤਪਾਦਨ 153 ਲੱਖ ਮੀਟ੍ਰਿਕ ਟਨ ਸੀ। 2013-14 ਅਤੇ 2024-25 ਦੇ ਵਿਚਕਾਰ, ਅੰਦਰੂਨੀ ਮੱਛੀ ਪਾਲਣ ਉਤਪਾਦਨ ਵਿੱਚ 150% ਦਾ ਵਾਧਾ ਹੋਇਆ, ਜੋ ਕਿ 61 ਲੱਖ ਟਨ ਤੋਂ ਵਧ ਕੇ 153 ਲੱਖ ਟਨ ਹੋ ਗਿਆ। ਇਸ ਵਾਧੇ ਨੇ ਭਾਰਤ ਦੇ ਸਮੁੱਚੇ ਰਾਸ਼ਟਰੀ ਮੱਛੀ ਉਤਪਾਦਨ ਨੂੰ 197.75 ਲੱਖ ਟਨ ਤੱਕ ਪਹੁੰਚਾ ਦਿੱਤਾ ਹੈ, ਜੋ ਕਿ ਇਸੇ ਸਮੇਂ ਦੌਰਾਨ 105% ਦਾ ਵਾਧਾ ਦਰਸਾਉਂਦਾ ਹੈ।

ਭਾਰਤ ਦੇ ਅੰਦਰੂਨੀ ਜਲ ਸਰੋਤਾਂ ਦੀ ਸਮਰੱਥਾ ਹਾਲੇ ਵੀ ਬਹੁਤ ਵਿਸ਼ਾਲ ਹੈ ਅਤੇ ਇਸ ਦੀ ਜ਼ਿਆਦਾਤਰ ਵਰਤੋਂ ਨਹੀਂ ਹੋਈ ਹੈ।  1.95 ਲੱਖ ਕਿਲੋਮੀਟਰ ਲੰਬੀਆਂ ਨਦੀਆਂ ਅਤੇ ਨਹਿਰਾਂ, 6.06 ਲੱਖ ਹੈਕਟੇਅਰ ਖਾਰੇ ਪਾਣੀ, 3.65 ਲੱਖ ਹੈਕਟੇਅਰ ਬੀਲਾਂ ਅਤੇ ਆਕਸਬੋ ਝੀਲਾਂ, 27.56 ਲੱਖ ਹੈਕਟੇਅਰ ਟੈਂਕ ਅਤੇ ਤਲਾਬ, ਅਤੇ 31.53 ਲੱਖ ਹੈਕਟੇਅਰ ਜਲ ਭੰਡਾਰਾਂ ਦੇ ਨਾਲ, ਅੰਦਰੂਨੀ ਮੱਛੀ ਪਾਲਣ ਟਿਕਾਊ ਵਿਕਾਸ ਦੀ ਗੁੰਜਾਇਸ਼ ਬਹੁਤ ਜ਼ਿਆਦਾ ਹੈ। ਇਸ ਨੂੰ ਪਛਾਣਦੇ ਹੋਏ, ਭਾਰਤ ਸਰਕਾਰ ਨੇ ਇਸ ਖੇਤਰ ਲਈ ਆਪਣੇ ਰਣਨੀਤਕ ਦ੍ਰਿਸ਼ਟੀਕੋਣ ਦੇ ਕੇਂਦਰ ਵਿੱਚ ਅੰਦਰੂਨੀ ਮੱਛੀ ਪਾਲਣ ਨੂੰ ਰੱਖਿਆ ਹੈ।

****

ਜੇਪੀ/ਏਕੇ


(Release ID: 2250311) ਵਿਜ਼ੀਟਰ ਕਾਊਂਟਰ : 8