ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਮਯੋਗੀ ਸਾਧਨਾ ਸਪਤਾਹ ਨੂੰ ਸੰਬੋਧਨ ਕੀਤਾ


ਅੱਜ ਅਸੀਂ ਜਿਸ ਸ਼ਾਸਨ ਦੇ ਮੂਲ ਸਿਧਾਂਤ ਦੀ ਪਾਲਣਾ ਕਰ ਰਹੇ ਹਾਂ, ਉਹ ਹੈ 'ਨਾਗਰਿਕ ਦੇਵੋ ਭਵ,' ਜਿਸ ਦਾ ਉਦੇਸ਼ ਜਨਤਕ ਸੇਵਾਵਾਂ ਨੂੰ ਵਧੇਰੇ ਸਮਰੱਥ ਅਤੇ ਨਾਗਰਿਕਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਣਾ ਹੈ: ਪ੍ਰਧਾਨ ਮੰਤਰੀ

ਅੱਜ ਦਾ ਭਾਰਤ ਅਭਿਲਾਸ਼ੀ ਹੈ, ਹਰੇਕ ਨਾਗਰਿਕ ਦੇ ਸੁਪਨੇ ਅਤੇ ਟੀਚੇ ਹਨ ਅਤੇ ਸਾਡੇ ਸਾਰਿਆਂ ’ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਹੈ: ਪ੍ਰਧਾਨ ਮੰਤਰੀ

ਹਰ ਫੈਸਲੇ ਤੋਂ ਪਹਿਲਾਂ, ਜਦੋਂ ਅਸੀਂ ਆਪਣੇ ਕਰਤੱਵ ਬਾਰੇ ਸੋਚਦੇ ਹਾਂ ਤਾਂ ਸਾਡੇ ਫੈਸਲਿਆਂ ਦਾ ਪ੍ਰਭਾਵ ਕਈ ਗੁਣਾ ਵੱਧ ਜਾਂਦਾ ਹੈ : ਪ੍ਰਧਾਨ ਮੰਤਰੀ

ਸਾਨੂੰ ਆਪਣੀਆਂ ਮੌਜੂਦਾ ਕੋਸ਼ਿਸ਼ਾਂ ਨੂੰ ਭਵਿੱਖ ਦੇ ਵਿਆਪਕ ਪਰਿਪੇਖ ਵਿੱਚ ਦੇਖਣਾ ਚਾਹੀਦਾ ਹੈ ਕਿ ਕਿਵੇਂ ਇੱਕ ਫੈਸਲਾ ਅਨੇਕਾਂ ਨਾਗਰਿਕਾਂ ਦੇ ਜੀਵਨ ਨੂੰ ਬਦਲ ਸਕਦਾ ਹੈ, ਕਿਵੇਂ ਸਾਡਾ ਨਿੱਜੀ ਪਰਿਵਰਤਨ ਸੰਸਥਾਗਤ ਪਰਿਵਰਤਨ ਦਾ ਰਾਹ ਪੱਧਰਾ ਕਰ ਸਕਦਾ ਹੈ : ਪ੍ਰਧਾਨ ਮੰਤਰੀ

ਇੱਕ ਬਿਹਤਰ ਪ੍ਰਸ਼ਾਸਕ, ਇੱਕ ਬਿਹਤਰ ਲੋਕ ਸੇਵਕ ਉਹ ਹੋਵੇਗਾ ਜਿਸ ਕੋਲ ਤਕਨਾਲੋਜੀ ਅਤੇ ਡੇਟਾ ਦੀ ਡੂੰਘੀ ਸਮਝ ਹੋਵੇ, ਇਹੀ ਫੈਸਲਾ ਲੈਣ ਦਾ ਅਧਾਰ ਬਣੇਗਾ: ਪ੍ਰਧਾਨ ਮੰਤਰੀ

ਸਾਨੂੰ ਵਿਭਾਗਾਂ ਦਰਮਿਆਨ ਸੰਵਾਦਹੀਣਤਾ ਖ਼ਤਮ ਕਰਕੇ ਤਾਲਮੇਲ ਸਥਾਪਿਤ ਕਰਨਾ ਹੋਵੇਗਾ ਅਤੇ ਬਿਹਤਰ ਤਾਲਮੇਲ, ਸਾਂਝੀ ਸਮਝ ਅਤੇ ਸਮੁੱਚੀ ਸਰਕਾਰੀ ਪਹੁੰਚ ਦੇ ਨਾਲ ਅੱਗੇ ਵਧਣਾ ਹੋਵੇਗਾ, ਓਦੋਂ ਹੀ ਹਰੇਕ ਮਿਸ਼ਨ ਸਫ਼ਲ ਹੋਵੇਗਾ : ਪ੍ਰਧਾਨ ਮੰਤਰੀ

Posted On: 02 APR 2026 11:52AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਮਰੱਥਾ ਨਿਰਮਾਣ ਕਮਿਸ਼ਨ (ਸੀਬੀਸੀ) ਦੇ ਸਥਾਪਨਾ ਦਿਵਸ ਦੇ ਮੌਕੇ ’ਤੇ ਕਰਮਯੋਗੀ ਸਾਧਨਾ ਸਪਤਾਹ ਨੂੰ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਮਯੋਗੀ ਸਾਧਨਾ ਸਪਤਾਹ ਨੂੰ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ ਅਤੇ ਸਾਰੇ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਹ ਪ੍ਰੋਗਰਾਮ ਸਮਰੱਥਾ ਨਿਰਮਾਣ ਕਮਿਸ਼ਨ (ਸੀਬੀਸੀ) ਦੇ ਸਥਾਪਨਾ ਦਿਵਸ ਦੇ ਮੌਕੇ ’ਤੇ ਆਯੋਜਿਤ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਤੇਜ਼ੀ ਨਾਲ ਬਦਲਦੇ ਗਲੋਬਲ ਦ੍ਰਿਸ਼ਟੀਕੋਣ ਦੇ ਨਾਲ ਜਨਤਕ ਸੇਵਾਵਾਂ ਦੇ ਤਾਲਮੇਲ ਦੀ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਤੇਜ਼ੀ ਨਾਲ ਬਦਲਦੀਆਂ ਵਿਸ਼ਵ ਵਿਵਸਥਾਵਾਂ ਦਰਮਿਆਨ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਅਤੇ ਉਸ ਨੂੰ ਆਪਣੀ ਸ਼ਾਸਨ ਪ੍ਰਣਾਲੀ ਨੂੰ ਨਿਰੰਤਰ ਅਪਡੇਟ ਕਰਦੇ ਰਹਿਣਾ ਹੋਵੇਗਾ। ਸ਼੍ਰੀ ਮੋਦੀ ਨੇ ਕਿਹਾ, "ਕਰਮਯੋਗੀ ਸਾਧਨਾ ਸਪਤਾਹ, ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਵਿੱਚ ਇੱਕ ਮਹੱਤਵਪੂਰਨ ਕੜੀ ਹੈ ਕਿ ਸਾਡੀ ਜਨਤਕ ਸੇਵਾ 21ਵੀਂ ਸਦੀ ਵਿੱਚ ਪ੍ਰਾਸੰਗਿਕ ਅਤੇ ਜਵਾਬਦੇਹ ਬਣੀ ਰਹੇ।"

ਪ੍ਰਧਾਨ ਮੰਤਰੀ ਨੇ ਅੱਜ ਦੇ ਸ਼ਾਸਨ ਦੇ ਮਾਰਗ-ਦਰਸ਼ਕ ਸਿਧਾਂਤ ’ਤੇ ਵਿਸਤਾਰ ਨਾਲ ਦੱਸਦਿਆਂ ਕਿਹਾ ਕਿ ਪ੍ਰਸ਼ਾਸਨ ਦਾ ਮੂਲ ਮੰਤਰ "ਨਾਗਰਿਕ ਦੇਵੋ ਭਵ" ਹੈ, ਜਿਸ ਦਾ ਅਰਥ ਹੈ ਨਾਗਰਿਕ ਨੂੰ ਸਰਬਉੱਚ ਮੰਨਣਾ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲੋਕ ਸੇਵਾ ਨੂੰ ਵਧੇਰੇ ਸਮਰੱਥ ਅਤੇ ਨਾਗਰਿਕਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਣ ਲਈ ਮੁੜ-ਪਰਿਭਾਸ਼ਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, "ਸ਼ਾਸਨ ਨੂੰ ਸਹੀ ਮਾਅਨਿਆਂ ਵਿੱਚ ਨਾਗਰਿਕ-ਕੇਂਦ੍ਰਿਤ ਬਣਾ ਕੇ ਉਸ ਨੂੰ ਇੱਕ ਨਵੀਂ ਪਛਾਣ ਦਿੱਤੀ ਜਾ ਰਹੀ ਹੈ।"

ਪ੍ਰਧਾਨ ਮੰਤਰੀ ਨੇ ਸਮਰੱਥਾ ਨਿਰਮਾਣ ਕਮਿਸ਼ਨ ਦੀ ਸਥਾਪਨਾ ’ਤੇ ਵਿਚਾਰ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਬਾਅਦ ਤੋਂ ਅਨੇਕਾਂ ਸੰਸਥਾਵਾਂ ਵੱਖ-ਵੱਖ ਉਦੇਸ਼ਾਂ ਦੇ ਨਾਲ ਕੰਮ ਕਰ ਰਹੀਆਂ ਸਨ, ਫਿਰ ਵੀ ਹਰੇਕ ਸਰਕਾਰੀ ਕਰਮਚਾਰੀ ਦੀ ਸਮਰੱਥਾ ਵਧਾਉਣ ਲਈ ਇੱਕ ਸਮਰਪਿਤ ਸੰਸਥਾ ਦੀ ਸਪਸ਼ਟ ਜ਼ਰੂਰਤ ਸੀ। ਉਨ੍ਹਾਂ ਨੇ ਕਿਹਾ, "ਇਸੇ ਸੋਚ ਨੇ ਸਮਰੱਥਾ ਨਿਰਮਾਣ ਕਮਿਸ਼ਨ ਨੂੰ ਜਨਮ ਦਿੱਤਾ, ਜਿਸ ਦਾ ਉਦੇਸ਼ ਵਿਵਸਥਾ ਵਿੱਚ ਹਰੇਕ ਕਰਮਯੋਗੀ ਨੂੰ ਸਸ਼ਕਤ ਬਣਾਉਣਾ ਹੈ।" ਸੀਬੀਸੀ ਨੂੰ ਉਸ ਦੇ ਸਥਾਪਨਾ ਦਿਵਸ ’ਤੇ ਵਧਾਈ ਦਿੰਦੇ ਹੋਏ ਅਤੇ ਆਈਜੀਓਟੀ ਮਿਸ਼ਨ ਕਰਮਯੋਗੀ ਦੀ ਸਫ਼ਲ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ ਸ਼੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਨ੍ਹਾਂ ਕੋਸ਼ਿਸ਼ਾਂ ਨਾਲ ਆਧੁਨਿਕ, ਸਮਰੱਥ, ਸਮਰਪਿਤ ਅਤੇ ਸੰਵੇਦਨਸ਼ੀਲ ਕਰਮਯੋਗੀਆਂ ਦੀ ਇੱਕ ਟੀਮ ਦਾ ਨਿਰਮਾਣ ਹੋਵੇਗਾ।

ਪ੍ਰਧਾਨ ਮੰਤਰੀ ਨੇ ਇਸ ਪਹਿਲ ਨੂੰ ਵਿਕਸਿਤ ਭਾਰਤ ਦੀ ਵਿਆਪਕ ਪਰਿਕਲਪਨਾ ਨਾਲ ਜੋੜਦੇ ਹੋਏ ਸੇਵਾ ਤੀਰਥ ਦੇ ਉਦਘਾਟਨ ਦੇ ਮੌਕੇ ’ਤੇ ਦਿੱਤੇ ਗਏ ਆਪਣੇ ਹਾਲੀਆ ਭਾਸ਼ਣ ਦਾ ਜ਼ਿਕਰ ਕੀਤਾ ਅਤੇ ਤੇਜ਼ ਆਰਥਿਕ ਵਿਕਾਸ, ਆਧੁਨਿਕ ਬੁਨਿਆਦੀ ਢਾਂਚਾ, ਤਕਨਾਲੋਜੀ ਨੂੰ ਅਪਣਾਉਣ ਅਤੇ ਕੁਸ਼ਲ ਕਾਰਜਬਲ ਦੀ ਭਰਮਾਰ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਜਨਤਕ ਸੰਸਥਾਵਾਂ ਅਤੇ ਲੋਕ ਸੇਵਕਾਂ ਦੀ ਮਹੱਤਵਪੂਰਨ ਭੂਮਿਕਾ ਹੈ। ਸ਼੍ਰੀ ਮੋਦੀ ਨੇ ਕਿਹਾ, "ਅੱਜ ਦਾ ਭਾਰਤ ਅਭਿਲਾਸ਼ੀ ਹੈ, ਹਰੇਕ ਨਾਗਰਿਕ ਦੇ ਸੁਪਨੇ ਅਤੇ ਟੀਚੇ ਹਨ ਅਤੇ ਸਾਡੇ ਸਾਰਿਆਂ ਦਾ ਇਹ ਫ਼ਰਜ਼ ਹੈ ਕਿ ਅਸੀਂ ਉਨ੍ਹਾਂ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਪ੍ਰਦਾਨ ਕਰੀਏ।"

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਦੇ ਜੀਵਨ ਦੀ ਸੌਖ ਅਤੇ ਗੁਣਵੱਤਾ ਵਿੱਚ ਸੁਧਾਰ ਲਈ ਸ਼ਾਸਨ ਵਿਵਸਥਾ ਨੂੰ ਮਾਪਦੰਡ ਬਣਾਉਣਾ ਜ਼ਰੂਰੀ ਦੱਸਦਿਆਂ ਲੋਕ ਸੇਵਕਾਂ ਨੂੰ ਹਰ ਰੋਜ਼ ਕੁਝ ਨਵਾਂ ਸਿੱਖਣ ਅਤੇ ਕਰਮਯੋਗੀ ਦੀ ਸੱਚੀ ਭਾਵਨਾ ਨੂੰ ਅਪਣਾਉਣ ਦੀ ਤਾਕੀਦ ਕੀਤੀ। ਸ਼੍ਰੀ ਮੋਦੀ ਨੇ ਕਿਹਾ, "ਸਾਡੀ ਸ਼ਾਸਨ ਵਿਵਸਥਾ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਦਿਨ-ਪ੍ਰਤੀਦਿਨ ਸੁਧਾਰ ਹੋਵੇ, ਇਹੀ ਸਾਡਾ ਸੱਚਾ ਮਾਪਦੰਡ ਹੈ।"

ਪ੍ਰਸ਼ਾਸਨਿਕ ਸਭਿਆਚਾਰ ਵਿੱਚ ਮੂਲ ਤਬਦੀਲੀ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਰਾਣੀ ਵਿਵਸਥਾ ਵਿੱਚ 'ਅਧਿਕਾਰੀ' ਹੋਣ ’ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ, ਜਦੋਂ ਕਿ ਅੱਜ ਦੇਸ਼ ਦਾ ਪੂਰਾ ਧਿਆਨ ਫ਼ਰਜ਼ ਪ੍ਰਤੀ ਸ਼ਰਧਾ ’ਤੇ ਕੇਂਦ੍ਰਿਤ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਸੰਵਿਧਾਨ ਖੁਦ ਕਰਤੱਵਾਂ ਦੀ ਪਾਲਣਾ ਰਾਹੀਂ ਅਧਿਕਾਰ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, "ਹਰ ਫੈਸਲਾ ਲੈਣ ਤੋਂ ਪਹਿਲਾਂ, ਜਦੋਂ ਤੁਸੀਂ ਆਪਣੇ ਕਰਤੱਵ ਦੀ ਮੰਗ ’ਤੇ ਵਿਚਾਰ ਕਰਦੇ ਹੋ, ਤਾਂ ਤੁਹਾਡੇ ਫੈਸਲਿਆਂ ਦਾ ਪ੍ਰਭਾਵ ਆਪਣੇ ਆਪ ਹੀ ਕਈ ਗੁਣਾ ਵਧ ਜਾਂਦਾ ਹੈ।"

ਪ੍ਰਧਾਨ ਮੰਤਰੀ ਨੇ ਲੋਕ ਸੇਵਕਾਂ ਨੂੰ ਆਪਣੇ ਵਰਤਮਾਨ ਕਾਰਜ ਨੂੰ ਭਵਿੱਖ ਦੇ ਵਿਆਪਕ ਪਰਿਪੇਖ ਵਿੱਚ ਦੇਖਣ ਦੀ ਤਾਕੀਦ ਕਰਦਿਆਂ ਉਨ੍ਹਾਂ ਨੂੰ ਨਿਰੰਤਰ ਇਸ ਗੱਲ ’ਤੇ ਵਿਚਾਰ ਕਰਨ ਲਈ ਕਿਹਾ ਕਿ ਉਨ੍ਹਾਂ ਦੇ ਨਿੱਜੀ ਫੈਸਲੇ ਲੱਖਾਂ ਲੋਕਾਂ ਦੇ ਜੀਵਨ ਨੂੰ ਕਿਵੇਂ ਬਦਲ ਸਕਦੇ ਹਨ ਅਤੇ ਨਿੱਜੀ ਪਰਿਵਰਤਨ ਸੰਸਥਾਗਤ ਪਰਿਵਰਤਨ ਦਾ ਮਾਰਗ ਕਿਵੇਂ ਪੱਧਰਾ ਕਰ ਸਕਦਾ ਹੈ। ਆਪਣੇ ਨਿੱਜੀ ਅਨੁਭਵ ਤੋਂ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਪਰਿਵਰਤਨਕਾਰੀ ਕਾਰਜਾਂ ਲਈ ਅਥਾਹ ਊਰਜਾ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਕਿਹਾ, "ਇਹ ਊਰਜਾ ਸਿਰਫ਼ ਅਤੇ ਸਿਰਫ਼ ਨਿਰਸਵਾਰਥ ਸੇਵਾ ਦੀ ਭਾਵਨਾ ਤੋਂ ਹੀ ਪ੍ਰਾਪਤ ਹੋ ਸਕਦੀ ਹੈ।"

ਪ੍ਰਧਾਨ ਮੰਤਰੀ ਨੇ ਤਕਨਾਲੋਜੀ ਦੇ ਮਹੱਤਵ ’ਤੇ ਚਾਨਣਾ ਪਾਉਂਦੇ ਹੋਏ ਪਿਛਲੇ ਗਿਆਰਾਂ ਸਾਲਾਂ ਵਿੱਚ ਸ਼ਾਸਨ, ਸੇਵਾ ਡਿਲੀਵਰੀ ਅਤੇ ਆਰਥਿਕਤਾ ਸਮੇਤ ਸਰਕਾਰੀ ਕੰਮਕਾਜ ਵਿੱਚ ਤਕਨਾਲੋਜੀ ਦੇ ਡੂੰਘੇ ਏਕੀਕਰਣ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਆਉਣ ਨਾਲ ਇਹ ਪਰਿਵਰਤਨ ਹੋਰ ਵੀ ਤੇਜ਼ੀ ਨਾਲ ਅੱਗੇ ਵਧਣਗੇ। ਸ਼੍ਰੀ ਮੋਦੀ ਨੇ ਕਿਹਾ, "ਇੱਕ ਬਿਹਤਰ ਪ੍ਰਸ਼ਾਸਕ, ਇੱਕ ਬਿਹਤਰ ਲੋਕ ਸੇਵਕ ਉਹੀ ਹੋਵੇਗਾ ਜਿਸ ਨੂੰ ਤਕਨਾਲੋਜੀ ਅਤੇ ਡੇਟਾ ਦੀ ਚੰਗੀ ਸਮਝ ਹੋਵੇ; ਇਹੀ ਫੈਸਲਾ ਲੈਣ ਦਾ ਅਧਾਰ ਬਣੇਗਾ।" ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਸਾਧਨਾ ਸਪਤਾਹ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਸਮਰੱਥਾ ਨਿਰਮਾਣ ਅਤੇ ਨਿਰੰਤਰ ਸਿੱਖਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

 

ਪ੍ਰਧਾਨ ਮੰਤਰੀ ਨੇ ਭਾਰਤ ਦੇ ਸੰਘੀ ਢਾਂਚੇ ਵੱਲ ਧਿਆਨ ਦਿਵਾਉਂਦੇ ਹੋਏ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਦੀ ਸਫ਼ਲਤਾ ਉਸ ਦੇ ਸਾਰੇ ਰਾਜਾਂ ਦੀ ਸਮੂਹਿਕ ਸਫ਼ਲਤਾ ਹੈ। ਉਨ੍ਹਾਂ ਨੇ ਕਿਹਾ ਕਿ ਅਗਾਂਹਵਧੂ ਰਾਜ, ਪਛੜੇ ਰਾਜ, ਬਿਮਾਰੂ ਰਾਜ ਵਰਗੀਆਂ ਦਹਾਕਿਆਂ ਪੁਰਾਣੀਆਂ ਸ਼੍ਰੇਣੀਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਾਂ ਵਿਚਕਾਰਲੇ ਪਾੜੇ ਨੂੰ ਇਕਸਾਰ ਯਤਨਾਂ ਨਾਲ ਭਰਨਾ ਹੋਵੇਗਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, "ਸਾਨੂੰ ਸੰਵਾਦਹੀਣਤਾ ਨੂੰ ਖ਼ਤਮ ਕਰਕੇ ਬਿਹਤਰ ਤਾਲਮੇਲ, ਸਾਂਝੀ ਸਮਝ ਅਤੇ ਸਮੁੱਚੀ ਸਰਕਾਰੀ ਪਹੁੰਚ ਦੇ ਨਾਲ ਅੱਗੇ ਵਧਣਾ ਹੋਵੇਗਾ, ਓਦੋਂ ਹੀ ਹਰ ਮਿਸ਼ਨ ਸਫ਼ਲ ਹੋਵੇਗਾ।"

ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਅੰਤ ਵਿੱਚ ਲੋਕ ਸੇਵਕਾਂ ਨੂੰ ਯਾਦ ਦਿਵਾਇਆ ਕਿ ਆਮ ਨਾਗਰਿਕ ਲਈ ਸਥਾਨਕ ਸਰਕਾਰੀ ਦਫ਼ਤਰ ਹੀ ਪੂਰੀ ਸਰਕਾਰ ਦਾ ਚਿਹਰਾ ਹੁੰਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਧਿਕਾਰੀਆਂ ਦੀ ਕਾਰਜ-ਸ਼ੈਲੀ ਅਤੇ ਵਿਵਹਾਰ ਸਿੱਧੇ ਤੌਰ ’ਤੇ ਲੋਕਤੰਤਰ ਅਤੇ ਸੰਵਿਧਾਨਕ ਸੰਸਥਾਵਾਂ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਪ੍ਰਭਾਵਿਤ ਕਰਦੇ ਹਨ। ਸ਼੍ਰੀ ਮੋਦੀ ਨੇ ਕਿਹਾ, "ਅਸੀਂ ਜੋ ਵੀ ਕਰੀਏ, ਜਿਸ ਵੀ ਪੱਧਰ ’ਤੇ ਕਰੀਏ, ਸਾਨੂੰ ਉਸ ਵਿਸ਼ਵਾਸ ਦੀ ਰਾਖੀ ਕਰਨੀ ਚਾਹੀਦੀ ਹੈ, ਕਿਉਂਕਿ ਇਹੀ ਸਾਡੇ ਲੋਕਤੰਤਰ ਦੀ ਨੀਂਹ ਹੈ।" ਉਨ੍ਹਾਂ ਨੇ ਸਮਰੱਥਾ ਨਿਰਮਾਣ ਕਮਿਸ਼ਨ ਨੂੰ ਇੱਕ ਵਾਰ ਫਿਰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਕਰਮਯੋਗੀ ਸਾਧਨਾ ਸਪਤਾਹ ਭਾਰਤ ਦੇ ਵਿਕਸਿਤ ਭਾਰਤ ਬਣਨ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਅਧਿਆਇ ਸਾਬਤ ਹੋਵੇਗਾ।

 

************

ਐੱਮਜੇਪੀਐੱਸ/ਪੀਆਰਕੇ


(Release ID: 2248385) ਵਿਜ਼ੀਟਰ ਕਾਊਂਟਰ : 5