ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਲਮੀ ਸੰਕਟ ਦਰਮਿਆਨ ਖੇਤੀਬਾੜੀ ਖੇਤਰ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਧਿਕਾਰੀਆਂ ਨੂੰ ‘ਫਾਰਮਰ ਆਈਡੀ’ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼
ਬੈਠਕ ਵਿੱਚ ਬੀਜ ਸੁਕਾਉਣ ਲਈ ਜ਼ਰੂਰੀ ਗੈਸ ਅਤੇ ਐਗਰੋ-ਕੈਮੀਕਲਜ਼ ਦੀ ਉਪਲਬਧਤਾ ਦੀ ਵੀ ਸਮੀਖਿਆ ਕੀਤੀ ਗਈ
Posted On:
25 MAR 2026 1:37PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਆਪਣੇ ਨਿਵਾਸ ‘ਤੇ ਇੱਕ ਮਹੱਤਵਪੂਰਨ ਸਮੀਖਿਆ ਬੈਠਕ ਬੁਲਾਈ। ਬੈਠਕ ਦਾ ਮੁੱਖ ਉਦੇਸ਼ ਮੌਜੂਦਾ ਆਲਮੀ ਅਸਥਿਰਤਾ ਦੇ ਦਰਮਿਆਨ ਭਾਰਤੀ ਖੇਤੀਬਾੜੀ ਖੇਤਰ ਅਤੇ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਕਰਨਾ ਅਤੇ ਆਉਣ ਵਾਲੇ ਖਰੀਫ ਸੀਜ਼ਨ ਲਈ ਰਣਨੀਤਕ ਤਿਆਰੀ ਨੂੰ ਯਕੀਨੀ ਬਣਾਉਣਾ ਸੀ।

ਬੈਠਕ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨੇ ਖੇਤੀਬਾੜੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਸਾਨੂੰ ਸੰਕਟ ਦੇ ਸਮੇਂ ਸਰਗਰਮ ਭੂਮਿਕਾ ਨਿਭਾਉਣੀ ਹੈ।

ਬੈਠਕ ਦੇ ਮੁੱਖ ਬਿੰਦੂ ਅਤੇ ਫੈਸਲੇ:
ਖਾਦ ਸਪਲਾਈ ਅਤੇ ਫਾਰਮਰ ਆਈਡੀ:
ਕੇਂਦਰੀ ਖੇਤੀਬਾੜੀ ਮੰਤਰੀ ਨੇ ਖਾਦਾਂ ਦੀ ਨਿਆਂਸੰਗਤ ਅਤੇ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ‘ਫਾਰਮਰ ਆਈਡੀ’ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਵੰਡ ਵਿਵਸਥਾ ਪਾਰਦਰਸ਼ੀ ਢੰਗ ਨਾਲ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਉਹ ਜਲਦੀ ਹੀ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਖੇਤੀਬਾੜੀ ਮੰਤਰੀਆਂ ਦੇ ਨਾਲ ਬੈਠਕ ਵੀ ਕਰਨਗੇ।
ਬਜ਼ਾਰ ਵਿੱਚ ਹੇਰਾਫੇਰੀ ਵਿਰੁੱਧ ਫੈਸਲਾਕੁੰਨ ਕਦਮ - ਕਾਲਾਬਜ਼ਾਰੀ ਅਤੇ ਜਮ੍ਹਾਂਖੋਰੀ 'ਤੇ ਨਕੇਲ ਕਸਣਾ:
ਆਲਮੀ ਸੰਕਟ ਦਾ ਲਾਭ ਲੈ ਕੇ ਖਾਦ ਅਤੇ ਬੀਜਾਂ ਦੀ ਕਾਲਾਬਜ਼ਾਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਸ਼੍ਰੀ ਚੌਹਾਨ ਨੇ ਕਿਹਾ ਕਿ ਰਾਜ ਸਰਕਾਰਾਂ ਨੂੰ ਵੀ ਇਸ ਦਿਸ਼ਾ ਵਿੱਚ ਸਖਤ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਬੀਜ ਉਤਪਾਦਨ ਅਤੇ ਪੈਕੇਜਿੰਗ ਸਹਾਇਤਾ:
ਬੈਠਕ ਵਿੱਚ ਬੀਜ ਸੁਕਾਉਣ ਲਈ ਜ਼ਰੂਰੀ ਗੈਸ ਅਤੇ ਐਗਰੋ-ਕੈਮੀਕਲਜ਼ ਦੀ ਉਪਲਬਧਤਾ ਦੀ ਸਮੀਖਿਆ ਕੀਤੀ ਗਈ। ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ ਨੇ ਕਿਹਾ ਕਿ ਆਲਮੀ ਸੰਕਟ ਵਿੱਚ ਪੈਕੇਜਿੰਗ ਸਮੱਗਰੀ (ਖਾਸ ਕਰਕੇ ਦੁੱਧ ਅਤੇ ਹੋਰ ਖੇਤੀਬਾੜੀ ਉਤਪਾਦਾਂ ਲਈ) ਦੀ ਘਾਟ ਨਾ ਹੋਵੇ। ਇਸ ਲਈ ਉਨ੍ਹਾਂ ਨੇ ਪੈਟਰੋਲੀਅਮ ਮੰਤਰਾਲੇ ਅਤੇ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਵੀ ਦਿੱਤੇ।
ਸਪੈਸ਼ਲ ਸੈੱਲ ਦਾ ਗਠਨ :
ਖੇਤੀਬਾੜੀ ਖੇਤਰ ਦੀ ਪਲ-ਪਲ ਦੀ ਨਿਗਰਾਨੀ ਲਈ ਇੱਕ ‘ਸਪੈਸ਼ਲ ਸੈੱਲ’ ਦਾ ਗਠਨ ਵੀ ਕੀਤਾ ਗਿਆ ਹੈ। ਇਹ ਸੈੱਲ ਖਾਦ, ਬੀਜ ਅਤੇ ਕੀਟਨਾਸ਼ਕਾਂ ਦੀ ਉਪਲਬਧਤਾ ਦੀ ਹਫ਼ਤਾਵਾਰ ਰਿਪੋਰਟ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਪੇਸ਼ ਕਰੇਗਾ।
ਆਪਣੇ ਸਮਾਪਤੀ ਭਾਸ਼ਣ ਵਿੱਚ, ਸ਼੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਹਰ ਸੰਭਵ ਸੰਸਾਧਨ ਸਮੇਂ ਸਿਰ ਉਪਲਬਧ ਕਰਵਾਉਣ ਲਈ ਵਚਨਬੱਧ ਹੈ।
***********
ਆਰਸੀ/ਐੱਮਐੱਸ/ਏਡੀਐੱਸ/ਡੀਵੀ/ਸ਼ੀਨਮ ਜੈਨ
(Release ID: 2245223)
ਵਿਜ਼ੀਟਰ ਕਾਊਂਟਰ : 2