ਰਾਸ਼ਟਰਪਤੀ ਸਕੱਤਰੇਤ
azadi ka amrit mahotsav AI Impact Summit 2026

ਐਸਟੋਨੀਆ ਦੇ ਰਾਸ਼ਟਰਪਤੀ ਨੇ ਭਾਰਤ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 19 FEB 2026 7:21PM by PIB Chandigarh

ਐਸਟੋਨੀਆ ਦੇ ਰਾਸ਼ਟਰਪਤੀ  ਮਹਾਮਹਿਮ ਸ਼੍ਰੀ ਅਲਾਰ ਕਰਿਸ ਨੇ ਅੱਜ (19 ਫਰਵਰੀ, 2026) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਐਸਟੋਨੀਆ ਗਣਰਾਜ ਦੇ ਰਾਸ਼ਟਰਪਤੀ ਵਜੋਂ ਸ਼੍ਰੀ ਕਰਿਸ ਦੀ ਪਹਿਲੀ  ਭਾਰਤ ਫੇਰੀ ’ਤੇ ਉਹਨਾਂ ਦਾ ਸਵਾਗਤ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਐਸਟੋਨੀਆ ਵਿਚਕਾਰ ਨਿੱਘੇ ਅਤੇ ਦੋਸਤਾਨਾ ਸਬੰਧ ਸਾਂਝੇ ਲੋਕਤੰਤਰੀ ਮੁੱਲਾਂ, ਅੰਤਰ-ਰਾਸ਼ਟਰੀ ਕਾਨੂੰਨ ਦੇ ਸਤਿਕਾਰ ਅਤੇ ਨਿਯਮਾਂ-ਅਧਾਰਤ ਵਿਸ਼ਵ ਵਿਵਸਥਾ ਪ੍ਰਤੀ ਸਾਂਝੀ ਵਚਨਬੱਧਤਾ ’ਤੇ ਅਧਾਰਤ ਹਨ।

ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਐਸਟੋਨੀਆ ਨੇ ਡਿਜੀਟਲ ਅਤੇ ਏਆਈ ਦੀ ਦੁਨੀਆ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ‘ਏਆਈ ਇੰਪੈਕਟ ਸੰਮੇਲਨ’ ਵਿੱਚ ਐਸਟੋਨੀਆ ਦੀ ਭਾਗੀਦਾਰੀ ਇਸ ਸਿਖ਼ਰ ਸੰਮੇਲਨ ਲਈ ਬਹੁਤ ਮਹੱਤਵਪੂਰਨ ਹੈ, ਖਾਸ ਕਰਕੇ ਏਆਈ ਅਤੇ ਸਿੱਖਿਆ ਦੇ ਖੇਤਰ ਵਿੱਚ ਇਸਦੀ ਲੀਡਰਸ਼ਿਪ ਭੂਮਿਕਾ ਨੂੰ ਦੇਖਦੇ ਹੋਏ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਐਸਟੋਨੀਆ ਦਾ ਇਹ ਸਾਂਝਾ ਵਿਸ਼ਵਾਸ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਵਿਸ਼ਵ ਭਲਾਈ ਲਈ ਇੱਕ ਵਾਹਨ ਬਣਨਾ ਚਾਹੀਦਾ ਹੈ। ਵਧਦੀਆਂ ਵਿਸ਼ਵ ਅਨਿਸ਼ਚਿਤਤਾਵਾਂ ਦੇ ਦੌਰ ਵਿੱਚ, ਸਾਈਬਰ ਸੁਰੱਖਿਆ ਅਤੇ ਏਆਈ ਦੀ ਸੁਰੱਖਿਅਤ ਵਰਤੋਂ ਵਿੱਚ ਸਹਿਯੋਗ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਉਨ੍ਹਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਡਿਜੀਟਲ ਖੇਤਰ ਵਿੱਚ ਭਾਰਤ ਅਤੇ ਐਸਟੋਨੀਆ ਵਿਚਕਾਰ ਸਾਰਥਕ ਸਹਿਯੋਗ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸਟੋਨੀਆ ਤਕਨਾਲੋਜੀ ਅਤੇ ਆਈਟੀ ਵਿੱਚ ਸ਼ਾਨਦਾਰ ਸਥਾਨ ਰੱਖਦਾ ਹੈ, ਜਦੋਂ ਕਿ ਭਾਰਤ ਦਾ ਸਟਾਰਟਅੱਪ ਈਕੋਸਿਸਟਮ ਬਹੁਤ ਮਜ਼ਬੂਤ ​​ਅਤੇ ਗਤੀਸ਼ੀਲ ਹੈ। ਐਸਟੋਨੀਆ ਦੀ ਤਕਨੀਕੀ ਮੁਹਾਰਤ ਅਤੇ ਭਾਰਤ ਦੇ ਸਟਾਰਟਅੱਪਸ ਦੀ ਊਰਜਾ ਦਾ ਸੁਮੇਲ ਦੋਵਾਂ ਦੇਸ਼ਾਂ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਯੂਰਪੀਅਨ ਸੰਘ (ਈਯੂ) ਦੇ ਸਬੰਧ ਹੁਣ ਰਣਨੀਤਕ ਗਤੀ ਦੇ ਇੱਕ ਪੜਾਅ ਵਿੱਚ ਦਾਖਲ ਹੋ ਚੁੱਕੇ ਹਨ। ਭਾਰਤ ਯੂਰਪੀਅਨ ਸੰਘ ਅਤੇ ਇਸਦੇ ਮੈਂਬਰ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ। ਉਨ੍ਹਾਂ ਨੇ ਭਾਰਤ-ਈਯੂ ਮੁਕਤ ਵਪਾਰ ਸਮਝੌਤੇ (ਐੱਫਟੀਏ) ਦੇ ਸਫਲ ਸਿੱਟੇ ਲਈ ਐਸਟੋਨੀਆ ਦੇ ਸਮਰਥਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਐੱਫਟੀਏ ਸਮਝੌਤਾ ਨਵੇਂ ਮੌਕਿਆਂ ਦੇ ਦਰਵਾਜ਼ੇ ਖੋਲ੍ਹੇਗਾ।

ਦੋਵੇਂ ਨੇਤਾਵਾਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟ ਕੀਤੀ ਕਿ ਭਾਰਤ ਅਤੇ ਐਸਟੋਨੀਆ ਵਿਚਕਾਰ ਦੁਵੱਲੇ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਤਕਨਾਲੋਜੀ, ਡਿਜੀਟਲ ਸ਼ਾਸਨ ਅਤੇ ਵਪਾਰ ਵਿਸਥਾਰ ’ਤੇ ਕੇਂਦ੍ਰਿਤ ਉੱਚ-ਪੱਧਰੀ ਆਦਾਨ-ਪ੍ਰਦਾਨ ਵਿੱਚ ਵਾਧਾ ਹੋਣ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਫੇਰੀ ਸਾਡੇ ਦੁਵੱਲੇ ਸਹਿਯੋਗ ਵਿੱਚ ਇਸ ਸਕਾਰਾਤਮਕ ਗਤੀ ਨੂੰ ਬਣਾਈ ਰੱਖਣ ਵਿੱਚ ਮਦਦ ਕਰੇਗੀ।

************

ਐੱਮਜੇਪੀਐੱਸ/ਐੱਸਆਰ


(Release ID: 2240835) ਵਿਜ਼ੀਟਰ ਕਾਊਂਟਰ : 42