ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਗੁਹਾਟੀ ਵਿੱਚ 19,480 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ; ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਲਈ 18,000 ਕਰੋੜ ਰੁਪਏ ਤੋਂ ਵੱਧ ਦੀ 'ਪੀਐੱਮ ਕਿਸਾਨ ਸਨਮਾਨ ਨਿਧੀ' ਜਾਰੀ ਕੀਤੀ


ਗੁਹਾਟੀ ਤੋਂ ਕਈ ਅਹਿਮ ਭਲਾਈ ਅਤੇ ਬੁਨਿਆਦੀ ਢਾਂਚਾ ਯੋਜਨਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜੋ ਅਸਾਮ ਦੇ ਵਿਕਾਸ ਨੂੰ ਗਤੀ ਦੇਣਗੀਆਂ ਅਤੇ ਪੂਰੇ ਰਾਜ ਦੇ ਲੋਕਾਂ ਨੂੰ ਫਾਇਦਾ ਪਹੁੰਚਾਉਣਗੀਆਂ: ਪ੍ਰਧਾਨ ਮੰਤਰੀ

'ਪੀਐੱਮ ਕਿਸਾਨ ਸਨਮਾਨ ਨਿਧੀ' ਯੋਜਨਾ ਦੇਸ਼ ਦੇ ਛੋਟੇ ਕਿਸਾਨਾਂ ਲਈ ਸਮਾਜਿਕ ਸੁਰੱਖਿਆ ਦਾ ਜ਼ਰੀਆ ਬਣ ਗਈ ਹੈ: ਪ੍ਰਧਾਨ ਮੰਤਰੀ

ਐੱਮਐੱਸਪੀ, ਸਸਤੇ ਕਰਜ਼ੇ, ਫ਼ਸਲ ਬੀਮਾ ਅਤੇ 'ਪੀਐੱਮ ਕਿਸਾਨ ਸਨਮਾਨ ਨਿਧੀ' ਵਰਗੀਆਂ ਯੋਜਨਾਵਾਂ ਕਿਸਾਨਾਂ ਲਈ ਵੱਡਾ ਸਹਾਰਾ ਬਣ ਗਈਆਂ ਹਨ: ਪ੍ਰਧਾਨ ਮੰਤਰੀ

ਅਸੀਂ ਇਹ ਯਕੀਨੀ ਬਣਾਇਆ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਆਉਣ ਵਾਲੇ ਸੰਕਟਾਂ ਦਾ ਖੇਤੀਬਾੜੀ ਅਤੇ ਖੇਤੀ 'ਤੇ ਕੋਈ ਅਸਰ ਨਾ ਪਵੇ: ਪ੍ਰਧਾਨ ਮੰਤਰੀ

ਨਵਿਆਉਣਯੋਗ ਊਰਜਾ ਨਾਲ ਜੁੜੀਆਂ ਦੇਸ਼ ਦੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਵਿੱਚ ਅਸਾਮ ਵੱਡੀ ਭੂਮਿਕਾ ਨਿਭਾ ਰਿਹਾ ਹੈ; ਲੋਅਰ ਕੋਪਿਲੀ ਪਣ-ਬਿਜਲੀ ਪ੍ਰੋਜੈਕਟ ਅਸਾਮ ਦੇ ਨਾਲ-ਨਾਲ ਪੂਰੇ ਉੱਤਰ-ਪੂਰਬੀ ਖੇਤਰ ਨੂੰ ਫਾਇਦਾ ਪਹੁੰਚਾਏਗਾ: ਪ੍ਰਧਾਨ ਮੰਤਰੀ

ਦੇਸ਼ ਦੇ ਹਰ ਖੇਤਰ ਅਤੇ ਹਰ ਵਰਗ ਦਾ ਵਿਕਾਸ ਸਾਡੀ ਪਹਿਲ ਹੈ; ਇਸੇ ਭਾਵਨਾ ਨਾਲ, ਅੱਜ ਅਸਾਮ ਦੇ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਵੱਡੀ ਪਹਿਲ ਕੀਤੀ ਗਈ ਹੈ: ਪ੍ਰਧਾਨ ਮੰਤਰੀ

ਅਸਾਮ ਅੱਜ ਸਾਡੇ ਉੱਤਰ-ਪੂਰਬੀ ਖੇਤਰ - 'ਅਸ਼ਟਲਕਸ਼ਮੀ' - ਦੇ ਨਵੇਂ ਭਵਿੱਖ ਲਈ ਮਿਸਾਲ ਬਣ ਰਿਹਾ ਹੈ; ਇੱਥੇ ਹੋ ਰਹੀ ਤਰੱਕੀ ਪੂਰੇ ਉੱਤਰ-ਪੂਰਬੀ ਖੇਤਰ ਨੂੰ ਨਵੀਂ ਗਤੀ ਪ੍ਰਦਾਨ ਕਰ ਰਹੀ ਹੈ: ਪ੍ਰਧਾਨ ਮੰਤਰੀ

Posted On: 13 MAR 2026 7:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੁਹਾਟੀ ਵਿੱਚ ਲਗਭਗ 19,480 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਗੁਹਾਟੀ ਵਿੱਚ ਇਕੱਠ ਨੂੰ ਸੰਬੋਧਨ ਕੀਤਾ ਅਤੇ ਸ਼ਹਿਰ ਦੇ ਲੋਕਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੇਸ਼ ਭਰ ਤੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਕਿਸਾਨਾਂ, ਨਾਲ ਹੀ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਭੈਣ-ਭਰਾਵਾਂ ਦਾ ਵੀ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਨਰਾਤਿਆਂ ਦੀ ਪੂਰਵ ਸੰਧਿਆ 'ਤੇ ਮਾਂ ਕਾਮਾਖਿਆ ਦੀ ਪਵਿੱਤਰ ਧਰਤੀ 'ਤੇ ਮੌਜੂਦ ਹੋਣ ਦਾ ਸੁਭਾਗ ਮਿਲਣ 'ਤੇ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ, "ਨਰਾਤੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ, ਮਾਂ ਕਾਮਾਖਿਆ ਦੀ ਇਸ ਪਵਿੱਤਰ ਧਰਤੀ 'ਤੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਸੁਭਾਗ ਮੈਨੂੰ ਪ੍ਰਾਪਤ ਹੋਇਆ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਂ ਕਾਮਾਖਿਆ ਦੇ ਆਸ਼ੀਰਵਾਦ ਨਾਲ, 19,500 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਹੁਣੇ-ਹੁਣੇ ਮੁਕੰਮਲ ਹੋਇਆ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਅਸਾਮ ਨੂੰ ਕਈ ਤਰ੍ਹਾਂ ਦੇ ਪ੍ਰੋਜੈਕਟ ਮਿਲੇ ਹਨ - ਅਜਿਹੇ ਪ੍ਰੋਜੈਕਟ ਜਿਨ੍ਹਾਂ ਦਾ ਮਕਸਦ ਅਸਾਮ ਨੂੰ ਊਰਜਾ ਖੇਤਰ ਵਿੱਚ ਆਤਮ-ਨਿਰਭਰ ਬਣਾਉਣਾ ਹੈ, ਅਜਿਹੇ ਪ੍ਰੋਜੈਕਟ ਜੋ ਅਸਾਮ ਆਉਣ-ਜਾਣ ਵਾਲੇ ਲੋਕਾਂ ਦੀ ਸਹੂਲਤ ਵਧਾਉਂਦੇ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦੇਸ਼ ਦੇ ਕਿਸਾਨਾਂ ਅਤੇ ਅਸਾਮ ਦੇ ਚਾਹ ਬਾਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਵੀ ਬਹੁਤ ਹੀ ਖਾਸ ਦਿਨ ਹੈ। ਸ਼੍ਰੀ ਮੋਦੀ ਨੇ ਉੱਥੇ ਮੌਜੂਦ ਲੋਕਾਂ ਨੂੰ ਦੱਸਿਆ ਕਿ 'ਪੀਐੱਮ ਕਿਸਾਨ ਸਨਮਾਨ ਨਿਧੀ' ਯੋਜਨਾ ਤਹਿਤ 18,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਪੂਰੇ ਦੇਸ਼ ਦੇ ਕਰੋੜਾਂ ਅੰਨਦਾਤਿਆਂ ਦੇ ਖਾਤਿਆਂ ਵਿੱਚ ਪਾਈ ਗਈ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਅਸਾਮ ਦੇ ਚਾਹ ਬਾਗਾਂ ਨਾਲ ਜੁੜੇ ਕਈ ਪਰਿਵਾਰਾਂ ਨੂੰ ਜ਼ਮੀਨ ਦੇ ਪੱਟੇ ਵੀ ਦਿੱਤੇ ਗਏ ਹਨ। ਸ਼੍ਰੀ ਮੋਦੀ ਨੇ ਕਿਹਾ, "ਮੈਂ ਅਸਾਮ ਦੇ ਲੋਕਾਂ ਨੂੰ, ਇੱਥੋਂ ਦੇ ਸਾਰੇ ਪਰਿਵਾਰਾਂ ਨੂੰ ਅਤੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਤੋਂ ਕਿਸਾਨ ਮਾਂ ਕਾਮਾਖਿਆ ਦੀ ਪਵਿੱਤਰ ਧਰਤੀ ਤੋਂ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹਨ। ਸ਼੍ਰੀ ਮੋਦੀ ਨੇ ਦੱਸਿਆ ਕਿ ਕਰੋੜਾਂ ਕਿਸਾਨਾਂ ਨੂੰ ਪਹਿਲਾਂ ਹੀ ਸੁਨੇਹੇ ਮਿਲ ਚੁੱਕੇ ਹਨ, ਜਿਨ੍ਹਾਂ ਤੋਂ ਉਨ੍ਹਾਂ ਦੇ ਖਾਤਿਆਂ ਵਿੱਚ 'ਪੀਐੱਮ ਕਿਸਾਨ ਨਿਧੀ' ਜਮ੍ਹਾ ਹੋਣ ਦੀ ਪੁਸ਼ਟੀ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਇਸ ਯੋਜਨਾ ਨੂੰ ਸੱਚਮੁੱਚ ਬੇਮਿਸਾਲ ਦੱਸਿਆ। ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ ਇਹ ਉਹੀ ਕਿਸਾਨ ਭੈਣ-ਭਰਾ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਕੋਲ 2014 ਤੋਂ ਪਹਿਲਾਂ ਨਾ ਤਾਂ ਮੋਬਾਈਲ ਫ਼ੋਨ ਸੀ ਅਤੇ ਨਾ ਹੀ ਬੈਂਕ ਖਾਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹੁਣ ਤੱਕ, ਅਜਿਹੇ ਕਰੋੜਾਂ ਕਿਸਾਨਾਂ ਦੇ ਖਾਤਿਆਂ ਵਿੱਚ 4.25 ਲੱਖ ਕਰੋੜ ਰੁਪਏ ਤੋਂ ਵੱਧ ਜਮ੍ਹਾ ਕੀਤੇ ਜਾ ਚੁੱਕੇ ਹਨ। ਸ਼੍ਰੀ ਮੋਦੀ ਨੇ ਖਾਸ ਤੌਰ 'ਤੇ ਦੱਸਿਆ ਕਿ ਇਕੱਲੇ ਅਸਾਮ ਵਿੱਚ ਹੀ ਲਗਭਗ 19 ਲੱਖ ਕਿਸਾਨਾਂ ਨੂੰ ਹੁਣ ਤੱਕ ਲਗਭਗ 8,000 ਕਰੋੜ ਰੁਪਏ ਮਿਲ ਚੁੱਕੇ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਇਹ ਕੁਝ ਅਜਿਹਾ ਹੈ ਜਿਸ ਦੀ ਬਰਾਬਰੀ ਦੁਨੀਆ ਦੇ ਵਿਕਸਤ ਦੇਸ਼ ਵੀ ਨਹੀਂ ਕਰ ਸਕਦੇ; ਇੱਕ ਕਲਿੱਕ ਨਾਲ, ਪੈਸਾ ਸਿੱਧਾ ਕਰੋੜਾਂ ਕਿਸਾਨਾਂ ਤੱਕ ਪਹੁੰਚ ਜਾਂਦਾ ਹੈ।"

ਸ਼੍ਰੀ ਮੋਦੀ ਨੇ ਕਿਹਾ, "ਅੱਜ, ਸਨਮਾਨ ਨਿਧੀ ਯੋਜਨਾ ਦੇਸ਼ ਦੇ ਛੋਟੇ ਕਿਸਾਨਾਂ ਲਈ ਸਮਾਜਿਕ ਸੁਰੱਖਿਆ ਦਾ ਜ਼ਰੀਆ ਬਣ ਗਈ ਹੈ।" ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਰਕਾਰ ਲਈ ਕਿਸਾਨਾਂ ਦੀ ਭਲਾਈ ਤੋਂ ਵੱਧ ਜ਼ਰੂਰੀ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਜੋਂ 20 ਲੱਖ ਕਰੋੜ ਰੁਪਏ ਤੋਂ ਵੱਧ ਮਿਲੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਮੌਜੂਦਾ ਸਰਕਾਰ ਨੇ ਦੇਸ਼ ਦੇ ਕਿਸਾਨਾਂ ਦੇ ਚਾਰੇ ਪਾਸੇ ਮਜ਼ਬੂਤ ਸੁਰੱਖਿਆ ਕਵਚ ਬੁਣਿਆ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਚਾਹੇ ਉਹ ਐੱਮਐੱਸਪੀ ਹੋਵੇ, ਸਸਤੇ ਕਰਜ਼ੇ ਹੋਣ, ਫ਼ਸਲ ਬੀਮਾ ਹੋਵੇ ਜਾਂ 'ਪੀਐੱਮ ਕਿਸਾਨ ਸਨਮਾਨ ਨਿਧੀ' ਹੋਵੇ, ਇਹ ਯੋਜਨਾਵਾਂ ਕਿਸਾਨਾਂ ਲਈ ਬਹੁਤ ਵੱਡਾ ਸਹਾਰਾ ਬਣ ਗਈਆਂ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਹੈ ਕਿ ਅੰਤਰਰਾਸ਼ਟਰੀ ਸੰਕਟਾਂ ਦਾ ਅਸਰ ਖੇਤੀਬਾੜੀ ਅਤੇ ਕਿਸਾਨੀ 'ਤੇ ਨਾ ਪਵੇ। ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ ਕੋਵਿਡ ਮਹਾਮਾਰੀ ਅਤੇ ਉਸ ਤੋਂ ਬਾਅਦ ਹੋਈਆਂ ਜੰਗਾਂ ਕਰਕੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਖਾਦਾਂ ਦੀਆਂ ਕੀਮਤਾਂ ਕਈ ਗੁਣਾ ਵਧ ਗਈਆਂ ਸਨ ਅਤੇ ਵਿਦੇਸ਼ੀ ਬਾਜ਼ਾਰਾਂ ਤੋਂ ਖਾਦ ਖਰੀਦਣਾ ਬੇਹੱਦ ਮੁਸ਼ਕਲ ਹੋ ਗਿਆ ਸੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇਸ ਸੰਕਟ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਯੂਰੀਆ ਦਾ ਇੱਕ ਕੱਟਾ (ਥੈਲਾ), ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 3,000 ਰੁਪਏ ਹੈ, ਸਰਕਾਰ ਨੇ ਭਾਰਤੀ ਕਿਸਾਨਾਂ ਨੂੰ ਸਿਰਫ਼ 300 ਰੁਪਏ ਵਿੱਚ ਮੁਹੱਈਆ ਕਰਵਾਇਆ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਸਰਕਾਰ ਨੇ ਆਪਣੇ ਹੀ ਖਜ਼ਾਨੇ ਵਿੱਚੋਂ 12 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ, ਤਾਂ ਜੋ ਦੁਨੀਆ ਭਰ ਵਿੱਚ ਖਾਦਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਬੋਝ ਸਾਡੇ ਕਿਸਾਨਾਂ 'ਤੇ ਨਾ ਪਵੇ।"

ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਪਿਛਲੇ ਇੱਕ ਦਹਾਕੇ ਵਿੱਚ, ਮੌਜੂਦਾ ਸਰਕਾਰ ਨੇ ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ ਬਹੁਤ ਵੱਡੀ ਪਹਿਲ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਬਾਹਰੀ ਸੰਕਟਾਂ ਤੋਂ ਖੇਤੀਬਾੜੀ ਨੂੰ ਬਚਾਉਣ ਲਈ ਆਤਮ-ਨਿਰਭਰਤਾ ਨੂੰ ਹੁਲਾਰਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦ ਭਾਰਤ ਵਿੱਚ ਇਹ ਵਾਰ-ਵਾਰ ਵੇਖਿਆ ਗਿਆ ਹੈ ਕਿ ਦੁਨੀਆ ਦੇ ਦੂਜੇ ਹਿੱਸਿਆਂ ਵਿੱਚ ਹੋਣ ਵਾਲੀਆਂ ਜੰਗਾਂ ਜਾਂ ਸਪਲਾਈ ਚੇਨ (ਲੜੀ) ਵਿੱਚ ਰੁਕਾਵਟਾਂ ਕਾਰਨ ਭਾਰਤੀ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ—ਕਦੇ ਖਾਦਾਂ ਮਹਿੰਗੀਆਂ ਹੋ ਜਾਂਦੀਆਂ ਸਨ ਤੇ ਕਦੇ ਡੀਜ਼ਲ ਅਤੇ ਊਰਜਾ ਦੀਆਂ ਕੀਮਤਾਂ ਅਸਮਾਨ ਛੂਹਣ ਲੱਗਦੀਆਂ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ (ਵਿਜ਼ਨ) ਖੇਤੀਬਾੜੀ ਨੂੰ ਨਵੀਂ ਤਕਨਾਲੋਜੀ ਨਾਲ ਜੋੜਨਾ, ਕਿਸਾਨਾਂ ਨੂੰ ਸਿੰਚਾਈ ਦੇ ਨਵੇਂ ਤਰੀਕਿਆਂ ਨਾਲ ਜੋੜਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਫਸਲਾਂ ਨੂੰ ਵੀ ਇਸ ਦਾ ਫਾਇਦਾ ਮਿਲੇ। ਸ਼੍ਰੀ ਮੋਦੀ ਨੇ ਕਿਹਾ ਕਿ ਇਸੇ ਮਕਸਦ ਨਾਲ ਸਰਕਾਰ ਨੇ 'ਹਰ ਬੂੰਦ, ਜ਼ਿਆਦਾ ਫ਼ਸਲ' ਦੀ ਨੀਤੀ ਅਪਣਾਈ ਅਤੇ ਕਿਸਾਨਾਂ ਤੱਕ ਡਰਿੱਪ ਅਤੇ ਸਪ੍ਰਿੰਕਲਰ (ਫੁਹਾਰਾ) ਸਿਸਟਮ ਵਰਗੀ ਮਾਈਕ੍ਰੋ-ਇਰੀਗੇਸ਼ਨ ਤਕਨਾਲੋਜੀ ਪਹੁੰਚਾਈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਨਾਲ ਸਿੰਚਾਈ ਵਿੱਚ ਸੁਧਾਰ ਹੋਇਆ ਹੈ ਅਤੇ ਲਾਗਤ ਵੀ ਘੱਟ ਹੋਈ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਸਰਕਾਰ ਹੁਣ ਖੇਤਾਂ ਨੂੰ ਸੋਲਰ ਪੰਪਾਂ ਨਾਲ ਜੋੜਨ 'ਤੇ ਕੰਮ ਕਰ ਰਹੀ ਹੈ, ਤਾਂ ਜੋ ਡੀਜ਼ਲ 'ਤੇ ਹੋਣ ਵਾਲਾ ਕਿਸਾਨਾਂ ਦਾ ਖਰਚਾ ਘੱਟੋ-ਘੱਟ ਹੋ ਸਕੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਕੁਸੁਮ ਯੋਜਨਾ' ਠੀਕ ਇਸੇ ਮਕਸਦ ਲਈ ਬਣਾਈ ਗਈ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਅੱਜ ਕਈ ਕਿਸਾਨ ਨਾ ਸਿਰਫ਼ ਸੋਲਰ ਪੰਪਾਂ ਨਾਲ ਸਿੰਚਾਈ ਕਰ ਰਹੇ ਹਨ, ਸਗੋਂ ਬਿਜਲੀ ਵੀ ਬਣਾ ਰਹੇ ਹਨ ਅਤੇ ਉਸ ਤੋਂ ਪੈਸੇ ਵੀ ਕਮਾ ਰਹੇ ਹਨ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਖਾਦਾਂ ਅਤੇ ਕੀਟਨਾਸ਼ਕਾਂ 'ਤੇ ਕਿਸਾਨਾਂ ਦੀ ਨਿਰਭਰਤਾ ਘੱਟ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੌਜੂਦਾ ਸਰਕਾਰ ਨੇ ਖਾਦ ਫੈਕਟਰੀਆਂ ਨੂੰ ਫਿਰ ਤੋਂ ਚਾਲੂ ਕੀਤਾ ਹੈ ਅਤੇ ਕਿਸਾਨਾਂ ਨੂੰ 'ਨੈਨੋ ਯੂਰੀਆ' ਨਾਲ ਜੋੜਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ; ਅੱਜ ਦੇਸ਼ ਦੇ ਕਿਸਾਨ ਇਸ ਦਾ ਫਾਇਦਾ ਉਠਾ ਰਹੇ ਹਨ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਮੌਜੂਦਾ ਸਰਕਾਰ ਹੁਣ ਕਿਸਾਨਾਂ ਨੂੰ 'ਕੁਦਰਤੀ ਖੇਤੀ' ਅਪਣਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਜਦੋਂ ਕਿਸਾਨ ਵੱਡੇ ਪੱਧਰ 'ਤੇ ਕੁਦਰਤੀ ਖੇਤੀ ਅਪਣਾਉਣਗੇ, ਤਾਂ ਮਿੱਟੀ ਸੁਰੱਖਿਅਤ ਰਹੇਗੀ ਅਤੇ ਸਾਡੇ ਅੰਨਦਾਤੇ ਵੀ ਸੰਸਾਰ ਪੱਧਰੀ ਸੰਕਟਾਂ ਤੋਂ ਬਚੇ ਰਹਿਣਗੇ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਕਿਸਾਨਾਂ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਦੇਸ਼ ਨੂੰ ਆਤਮ-ਨਿਰਭਰ ਬਣਾ ਰਹੀ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਮੌਜੂਦਾ ਸਰਕਾਰ ਨੇ ਭਾਰਤ ਦੀਆਂ ਰਿਫਾਇਨਰੀਆਂ ਦੇ ਵਿਕਾਸ ਅਤੇ ਰਿਫਾਇਨਿੰਗ ਸਮਰੱਥਾ ਦੇ ਵਿਸਤਾਰ ਲਈ ਕੰਮ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਅਜਿਹਾ ਦੇਸ਼ ਹੈ ਜੋ ਨਾ ਸਿਰਫ਼ ਆਪਣੀਆਂ ਊਰਜਾ ਲੋੜਾਂ ਨੂੰ ਪੂਰਾ ਕਰ ਸਕਦਾ ਹੈ, ਸਗੋਂ ਦੁਨੀਆ ਦੀਆਂ ਊਰਜਾ ਲੋੜਾਂ ਨੂੰ ਵੀ ਪੂਰਾ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਅਸਾਮ ਦੀਆਂ ਰਿਫਾਇਨਰੀਆਂ ਦਾ ਵੀ ਵਿਸਤਾਰ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਅਸਾਮ ਅਤੇ ਪੂਰੇ ਉੱਤਰ-ਪੂਰਬੀ ਖੇਤਰ ਵਿੱਚ ਗੈਸ ਪਾਈਪਲਾਈਨ ਢਾਂਚੇ ਵਿੱਚ ਬੇਮਿਸਾਲ ਨਿਵੇਸ਼ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਨੁਮਾਲੀਗੜ੍ਹ-ਸਿਲੀਗੁੜੀ ਪਾਈਪਲਾਈਨ ਦਾ ਅਪਗ੍ਰੇਡੇਸ਼ਨ ਕੰਮ ਪੂਰਾ ਹੋ ਚੁੱਕਾ ਹੈ ਅਤੇ ਅਸਾਮ ਦੇ ਗੋਲਾਘਾਟ ਵਿੱਚ ਦੁਨੀਆ ਦਾ ਪਹਿਲਾ 'ਸੈਕੰਡ-ਜਨਰੇਸ਼ਨ ਬਾਇਓ-ਈਥੇਨੌਲ ਪਲਾਂਟ' ਲਗਾਇਆ ਗਿਆ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਇਹ ਸਾਰੇ ਪ੍ਰੋਜੈਕਟ ਇਸ ਪੂਰੇ ਖੇਤਰ ਨੂੰ ਬਹੁਤ ਜ਼ਿਆਦਾ ਫਾਇਦਾ ਪਹੁੰਚਾਉਣਗੇ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਵਿਦੇਸ਼ੀ ਸਾਧਨਾਂ 'ਤੇ ਰੇਲਵੇ ਦੀ ਨਿਰਭਰਤਾ ਘੱਟ ਕਰਨ ਅਤੇ ਤੇਲ ਦੀ ਦਰਾਮਦ (ਇੰਪੋਰਟ) ਨੂੰ ਘੱਟੋ-ਘੱਟ ਕਰਨ ਦੀ ਦਿਸ਼ਾ ਵਿੱਚ ਅਹਿਮ ਕੰਮ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦੇਸ਼ ਦਾ ਲਗਭਗ ਪੂਰਾ ਰੇਲ ਨੈੱਟਵਰਕ ਬਿਜਲੀ ਨਾਲ ਚੱਲਣ ਵਾਲੇ ਰਸਤਿਆਂ ਨਾਲ ਜੁੜ ਚੁੱਕਾ ਹੈ ਅਤੇ 100 ਫੀਸਦੀ ਬਿਜਲੀਕਰਨ ਦਾ ਟੀਚਾ ਜਲਦੀ ਹੀ ਹਾਸਲ ਕਰ ਲਿਆ ਜਾਵੇਗਾ। ਸ਼੍ਰੀ ਮੋਦੀ ਨੇ ਕਿਹਾ, "ਰੇਲਵੇ ਦੇ ਬਿਜਲੀਕਰਨ ਕਾਰਨ ਦੇਸ਼ ਲਗਭਗ 1.75 ਅਰਬ ਲੀਟਰ ਡੀਜ਼ਲ ਬਚਾ ਰਿਹਾ ਹੈ ਅਤੇ ਅਸਾਮ ਦੇ ਰੇਲ ਨੈੱਟਵਰਕ ਦਾ ਵੀ ਤੇਜ਼ੀ ਨਾਲ ਬਿਜਲੀਕਰਨ ਕੀਤਾ ਜਾ ਰਿਹਾ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਦੇਸ਼ ਦੀਆਂ ਨਵਿਆਉਣਯੋਗ ਊਰਜਾ ਸਬੰਧੀ ਵਚਨਬੱਧਤਾਵਾਂ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਲੋਅਰ ਕੋਪਿਲੀ ਪਣ-ਬਿਜਲੀ ਪ੍ਰੋਜੈਕਟ ਨਾਲ ਨਾ ਸਿਰਫ਼ ਅਸਾਮ, ਸਗੋਂ ਪੂਰੇ ਉੱਤਰ-ਪੂਰਬੀ ਖੇਤਰ ਨੂੰ ਲਾਭ ਹੋਵੇਗਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਹਜ਼ਾਰਾਂ ਕਰੋੜ ਰੁਪਏ ਦੇ ਇਹ ਪ੍ਰੋਜੈਕਟ ਅਸਾਮ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਮੁਹੱਈਆ ਕਰਵਾ ਰਹੇ ਹਨ ਅਤੇ ਰਾਜ ਦੀ ਖੁਸ਼ਹਾਲੀ ਨੂੰ ਹੁਲਾਰਾ ਦੇ ਰਹੇ ਹਨ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ 'ਡਬਲ ਇੰਜਣ' ਸਰਕਾਰ ਦੀ ਪਛਾਣ ਉਸ ਦੀ ਸੰਵੇਦਨਸ਼ੀਲਤਾ ਅਤੇ ਸੁਸ਼ਾਸਨ ਵਿੱਚ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਰ ਖੇਤਰ ਅਤੇ ਸਮਾਜ ਦੇ ਹਰ ਵਰਗ ਦਾ ਵਿਕਾਸ ਸਰਕਾਰ ਦੀ ਪਹਿਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਭਾਵਨਾ ਨਾਲ ਅੱਜ ਅਸਾਮ ਦੇ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਵੱਡੀ ਪਹਿਲ ਕੀਤੀ ਗਈ ਹੈ। ਸ਼੍ਰੀ ਮੋਦੀ ਨੇ ਮੰਨਿਆ ਕਿ ਇਹ ਉਨ੍ਹਾਂ ਦੀ ਹੀ ਸਖ਼ਤ ਮਿਹਨਤ ਹੈ, ਜਿਸ ਨੇ ਅਸਾਮ ਦੀ ਵਿਸ਼ਵ ਪੱਧਰੀ ਪਛਾਣ ਨੂੰ ਮਜ਼ਬੂਤ ਕੀਤਾ ਹੈ ਅਤੇ ਉਨ੍ਹਾਂ ਵੱਲੋਂ ਉਗਾਈ ਗਈ ਚਾਹ ਦੀ ਮਹਿਕ ਅੱਜ ਦੁਨੀਆ ਭਰ ਵਿੱਚ ਭਾਰਤ ਦੀ ਪਛਾਣ ਬਣ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮੌਜੂਦਾ ਸਰਕਾਰ ਇਨ੍ਹਾਂ ਮਜ਼ਦੂਰਾਂ ਨੂੰ ਸਤਿਕਾਰ ਅਤੇ ਸਹਾਇਤਾ ਦੋਵੇਂ ਹੀ ਪ੍ਰਦਾਨ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਚਾਹ ਦੇ ਬਾਗਾਂ ਨਾਲ ਜੁੜੇ ਪਰਿਵਾਰਾਂ ਲਈ ਸ਼ਲਾਘਾਯੋਗ ਕੰਮ ਕਰਨ ਬਦਲੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ ਕਿ ਅਸਾਮ ਸਰਕਾਰ ਹੁਣ ਇਸ ਇਤਿਹਾਸਕ ਬੇਇਨਸਾਫ਼ੀ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ; ਇਨ੍ਹਾਂ ਪਰਿਵਾਰਾਂ ਨੂੰ ਹੁਣ ਉਨ੍ਹਾਂ ਦੀ ਆਪਣੀ ਜ਼ਮੀਨ ਮਿਲ ਰਹੀ ਹੈ ਅਤੇ ਉਨ੍ਹਾਂ ਲਈ ਪੱਕੇ ਮਕਾਨ ਪ੍ਰਾਪਤ ਕਰਨ ਦਾ ਰਾਹ ਵੀ ਖੁੱਲ੍ਹ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਹ ਦੇ ਬਾਗਾਂ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਇਸ ਪਹਿਲ ਤੋਂ ਖਾਸ ਤੌਰ 'ਤੇ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਸ਼੍ਰੀ ਮੋਦੀ ਨੇ ਇੱਛਾ ਜ਼ਾਹਰ ਕੀਤੀ ਕਿ ਚਾਹ ਬਾਗ ਮਜ਼ਦੂਰਾਂ ਦੇ ਪਰਿਵਾਰਾਂ ਦੇ ਬੱਚੇ ਵੀ ਚੰਗੀ ਸਿੱਖਿਆ ਪ੍ਰਾਪਤ ਕਰਨ ਅਤੇ ਜੀਵਨ ਵਿੱਚ ਅੱਗੇ ਵਧਣ; ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਇਸ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਹਨ।

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਮਸ਼ਹੂਰ ਨਿਮਾਤੀ ਘਾਟ ਅਤੇ ਬਿਸ਼ਵਨਾਥ ਘਾਟ 'ਤੇ ਆਧੁਨਿਕ ਕਰੂਜ਼ ਟਰਮੀਨਲ ਬਣਾਉਣ ਦਾ ਕੰਮ ਵੀ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਬੁਨਿਆਦੀ ਢਾਂਚਾ ਪ੍ਰੋਜੈਕਟ ਨਹੀਂ ਹੈ, ਸਗੋਂ ਇਹ ਅਜਿਹਾ ਕਦਮ ਹੈ ਜੋ ਅਸਾਮ ਵਿੱਚ ਸੈਰ-ਸਪਾਟੇ ਅਤੇ ਸਥਾਨਕ ਆਰਥਿਕਤਾ ਨੂੰ ਨਵੀਂ ਦਿਸ਼ਾ ਦੇਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸੈਰ-ਸਪਾਟੇ ਨੂੰ ਸਿਰਫ਼ ਘੁੰਮਣ-ਫਿਰਨ ਤੱਕ ਹੀ ਸੀਮਤ ਨਹੀਂ ਰੱਖਿਆ ਹੈ, ਸਗੋਂ ਇਸ ਨੂੰ ਰੁਜ਼ਗਾਰ ਅਤੇ ਵਿਕਾਸ ਦੇ ਵੱਡੇ ਮੌਕੇ ਵਜੋਂ ਵੇਖਿਆ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਇਸੇ ਸੋਚ ਨਾਲ ਬ੍ਰਹਮਪੁੱਤਰ ਨਦੀ 'ਤੇ ਜਲ ਸੈਰ-ਸਪਾਟੇ (ਵਾਟਰ ਟੂਰਿਜ਼ਮ) ਦੀਆਂ ਸੰਭਾਵਨਾਵਾਂ ਨੂੰ ਵਧਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇੱਕ ਵਾਰ ਕਰੂਜ਼ ਟਰਮੀਨਲ ਬਣ ਜਾਣ ਤੋਂ ਬਾਅਦ, ਬ੍ਰਹਮਪੁੱਤਰ 'ਤੇ ਕਰੂਜ਼ ਦਾ ਸੰਚਾਲਨ ਹੋਰ ਅੱਗੇ ਵਧੇਗਾ ਅਤੇ ਭਾਰਤ ਤੇ ਦੁਨੀਆ ਭਰ ਦੇ ਸੈਲਾਨੀਆਂ ਲਈ ਅਸਾਮ ਪਹੁੰਚਣਾ ਹੋਰ ਵੀ ਆਸਾਨ ਹੋ ਜਾਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਜਿਵੇਂ-ਜਿਵੇਂ ਕਰੂਜ਼ ਟੂਰਿਜ਼ਮ ਵਧੇਗਾ, ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਕਾਰੀਗਰਾਂ ਅਤੇ ਦਸਤਕਾਰੀ ਦਾ ਕੰਮ ਕਰਨ ਵਾਲਿਆਂ ਨੂੰ ਨਵੇਂ ਬਾਜ਼ਾਰ ਮਿਲਣਗੇ ਅਤੇ ਛੋਟੇ ਦੁਕਾਨਦਾਰਾਂ, ਕਿਸ਼ਤੀ ਚਲਾਉਣ ਵਾਲਿਆਂ ਅਤੇ ਹੋਟਲ ਤੇ ਆਵਾਜਾਈ ਨਾਲ ਜੁੜੇ ਲੋਕਾਂ ਦੀ ਆਮਦਨ ਵੀ ਵਧੇਗੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਅਸਾਮ ਵਿੱਚ ਸੈਰ-ਸਪਾਟਾ ਹੁਣ ਸਿਰਫ਼ ਘੁੰਮਣ-ਫਿਰਨ ਤੱਕ ਹੀ ਸੀਮਤ ਨਹੀਂ ਰਹਿ ਗਿਆ ਹੈ, ਸਗੋਂ ਇਹ ਸਥਾਨਕ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਦਾ ਨਵਾਂ ਇੰਜਣ ਬਣ ਰਿਹਾ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਅੱਜ ਭਾਰਤ ਦੇ ਉੱਤਰ-ਪੂਰਬ—ਯਾਨੀ 'ਅਸ਼ਟਲਕਸ਼ਮੀ'—ਦੇ ਨਵੇਂ ਭਵਿੱਖ ਲਈ ਮਿਸਾਲ ਵਜੋਂ ਉਭਰ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅਸਾਮ ਦੀ ਤਰੱਕੀ ਪੂਰੇ ਉੱਤਰ-ਪੂਰਬ ਨੂੰ ਨਵੀਂ ਗਤੀ ਪ੍ਰਦਾਨ ਕਰ ਰਹੀ ਹੈ। ਹਰ ਨੌਜਵਾਨ ਅਤੇ ਹਰ ਪਰਿਵਾਰ ਨੂੰ ਅਪੀਲ ਕਰਦਿਆਂ ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਸਾਨੂੰ 'ਵਿਕਸਤ ਅਸਾਮ' ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਤਾਂ ਜੋ ਅਸਾਮ ਦੇਸ਼ ਵਿੱਚ ਆਦਰਸ਼ ਰਾਜ ਵਜੋਂ ਉਭਰ ਸਕੇ।"

 

************

ਐੱਮਜੇਪੀਐੱਸ/ਪੀਆਰਕੇ


(Release ID: 2240595) ਵਿਜ਼ੀਟਰ ਕਾਊਂਟਰ : 8