ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 14 ਮਾਰਚ ਨੂੰ ਪੱਛਮੀ ਬੰਗਾਲ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਕੋਲਕਾਤਾ ਵਿੱਚ ਤਕਰੀਬਨ 18,680 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਇਨ੍ਹਾਂ ਪ੍ਰੋਜੈਕਟਾਂ ਵਿੱਚ ਸੜਕੀ ਢਾਂਚਾ, ਰੇਲਵੇ, ਬੰਦਰਗਾਹਾਂ ਅਤੇ ਸ਼ਿਪਿੰਗ ਸਮੇਤ ਕਈ ਖੇਤਰ ਸ਼ਾਮਲ ਹਨ
ਪ੍ਰਧਾਨ ਮੰਤਰੀ 'ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ' ਤਹਿਤ ਪੱਛਮੀ ਬੰਗਾਲ ਵਿੱਚ ਛੇ ਮੁੜ ਵਿਕਸਤ ਕੀਤੇ ਗਏ ਰੇਲਵੇ ਸਟੇਸ਼ਨਾਂ ਦਾ ਵੀ ਉਦਘਾਟਨ ਕਰਨਗੇ
Posted On:
12 MAR 2026 5:31PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਮਾਰਚ, 2026 ਨੂੰ ਪੱਛਮੀ ਬੰਗਾਲ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਤਕਰੀਬਨ 2 ਵਜੇ ਕੋਲਕਾਤਾ ਵਿੱਚ ਕਰੀਬ 18,680 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਖੇਤਰ ਵਿੱਚ ਸੜਕੀ ਢਾਂਚੇ ਨੂੰ ਹੁਲਾਰਾ ਦੇਣ ਲਈ ਇੱਕ ਅਹਿਮ ਕਦਮ ਵਜੋਂ ਪ੍ਰਧਾਨ ਮੰਤਰੀ ਤਕਰੀਬਨ 16,990 ਕਰੋੜ ਰੁਪਏ ਦੀ ਲਾਗਤ ਨਾਲ ਬਣੇ 420 ਕਿੱਲੋਮੀਟਰ ਤੋਂ ਵੱਧ ਲੰਬੇ ਕਈ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਦਘਾਟਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਪੱਛਮੀ ਬੰਗਾਲ ਅਤੇ ਝਾਰਖੰਡ ਵਿੱਚ ਐੱਨਐੱਚ-19 ਅਤੇ ਪੱਛਮੀ ਬੰਗਾਲ ਵਿੱਚ ਐੱਨਐੱਚ-114 ਦੇ ਹਿੱਸੇ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਸੜਕ ਸੁਰੱਖਿਆ ਵਿੱਚ ਸੁਧਾਰ, ਸਫ਼ਰ ਦੇ ਸਮੇਂ ਵਿੱਚ ਕਮੀ, ਭੀੜ-ਭੜੱਕੇ ਅਤੇ ਪ੍ਰਦੂਸ਼ਣ ਵਿੱਚ ਕਮੀ, ਖੇਤਰੀ ਸੰਪਰਕ ਵਿੱਚ ਵਾਧਾ, ਸੈਰ-ਸਪਾਟੇ ਨੂੰ ਹੁਲਾਰਾ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਗਤੀ ਮਿਲਣ ਦੀ ਉਮੀਦ ਹੈ।
ਪ੍ਰਧਾਨ ਮੰਤਰੀ ਕਈ ਨਵੇਂ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਐੱਨਐੱਚ-116ਏ ਦੇ 231 ਕਿੱਲੋਮੀਟਰ ਲੰਬੇ ਚਾਰ ਮਾਰਗੀ ਖੜਗਪੁਰ-ਮੋਰਗ੍ਰਾਮ ਆਰਥਿਕ ਗਲਿਆਰੇ ਦੇ ਪੰਜ ਪੈਕੇਜ ਸ਼ਾਮਲ ਹਨ। ਇਹ ਪ੍ਰੋਜੈਕਟ ਖੜਗਪੁਰ ਅਤੇ ਸਿਲੀਗੁੜੀ ਵਿਚਾਲੇ ਆਰਥਿਕ ਗਲਿਆਰੇ ਦਾ ਹਿੱਸਾ ਹੈ ਅਤੇ ਪੱਛਮੀ ਬੰਗਾਲ ਦੇ ਪੱਛਮੀ ਮੇਦਿਨੀਪੁਰ, ਬਾਂਕੁਰਾ, ਹੁਗਲੀ, ਪੂਰਬੀ ਬਰਧਮਾਨ, ਬੀਰਭੂਮ ਅਤੇ ਮੁਰਸ਼ਿਦਾਬਾਦ ਜ਼ਿਲ੍ਹਿਆਂ ਵਿੱਚੋਂ ਲੰਘੇਗਾ। ਖੜਗਪੁਰ-ਮੋਰਗ੍ਰਾਮ ਦਰਮਿਆਨ ਸਿੱਧੇ ਸੰਪਰਕ ਨਾਲ ਸਫ਼ਰ ਦੀ ਦੂਰੀ ਤਕਰੀਬਨ 120 ਕਿੱਲੋਮੀਟਰ ਘੱਟ ਜਾਵੇਗੀ ਅਤੇ ਸਫ਼ਰ ਦੇ ਸਮੇਂ ਵਿੱਚ ਤਕਰੀਬਨ ਸੱਤ ਤੋਂ ਅੱਠ ਘੰਟੇ ਦੀ ਬੱਚਤ ਹੋਵੇਗੀ। ਇਹ ਗਲਿਆਰਾ ਐੱਨਐੱਚ-16, ਐੱਨਐੱਚ-19, ਐੱਨਐੱਚ-14 ਅਤੇ ਐੱਨਐੱਚ-12 ਸਮੇਤ ਪ੍ਰਮੁੱਖ ਨੈਸ਼ਨਲ ਹਾਈਵੇਅ ਨਾਲ ਵੀ ਜੁੜੇਗਾ, ਜਿਸ ਨਾਲ ਮਲਟੀ-ਕੋਰੀਡੋਰ ਕੁਨੈਕਟੀਵਿਟੀ ਮਜ਼ਬੂਤ ਹੋਵੇਗੀ। ਪ੍ਰਧਾਨ ਮੰਤਰੀ ਐੱਨਐੱਚ-14 'ਤੇ 5.6 ਕਿੱਲੋਮੀਟਰ ਲੰਬੇ ਚਾਰ ਮਾਰਗੀ ਦੁਬਰਾਜਪੁਰ ਬਾਈਪਾਸ ਦੇ ਨਿਰਮਾਣ ਦਾ ਨੀਂਹ ਪੱਥਰ ਵੀ ਰੱਖਣਗੇ, ਜਿਸ ਨਾਲ ਦੁਬਰਾਜਪੁਰ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਆਵਾਜਾਈ ਘੱਟ ਹੋਵੇਗੀ ਅਤੇ ਸਫ਼ਰ ਦੇ ਸਮੇਂ ਵਿੱਚ ਤਕਰੀਬਨ ਇੱਕ ਘੰਟੇ ਦੀ ਕਮੀ ਆਵੇਗੀ। ਉਹ ਐੱਨਐੱਚ-14 'ਤੇ ਕਾਂਗਸ਼ਬਤੀ ਅਤੇ ਸ਼ਿਲਾਬਤੀ ਨਦੀਆਂ 'ਤੇ ਬਣਨ ਵਾਲੇ ਵਾਧੂ ਚਾਰ ਮਾਰਗੀ ਪ੍ਰਮੁੱਖ ਪੁਲਾਂ ਦੇ ਨਿਰਮਾਣ ਦਾ ਨੀਂਹ ਪੱਥਰ ਵੀ ਰੱਖਣਗੇ।
ਪ੍ਰਧਾਨ ਮੰਤਰੀ ਇਸ ਫੇਰੀ ਦੌਰਾਨ ਕਈ ਸ਼ਿਪਿੰਗ ਅਤੇ ਬੰਦਰਗਾਹ ਨਾਲ ਸਬੰਧਤ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਹ ਹਲਦੀਆ ਡੌਕ ਕੰਪਲੈਕਸ ਦੇ ਬਰਥ ਨੰਬਰ 2 ਦੇ ਮਸ਼ੀਨੀਕਰਨ ਪ੍ਰੋਜੈਕਟ ਦਾ ਉਦਘਾਟਨ ਕਰਨਗੇ, ਜਿਸ ਨਾਲ ਕੁਸ਼ਲ, ਤੇਜ਼ ਅਤੇ ਵਾਤਾਵਰਣ ਪੱਖੀ ਮਾਲ ਢੋਆ-ਢੁਆਈ ਸੰਭਵ ਹੋ ਸਕੇਗੀ। ਇਹ ਪ੍ਰੋਜੈਕਟ ਮਾਲ ਢੋਆ-ਢੁਆਈ ਦੀ ਸਮਰੱਥਾ ਨੂੰ ਵਧਾਏਗਾ, ਕੁਸ਼ਲ ਫੁੱਲ-ਰੇਕ ਰੇਲ ਲੋਡਿੰਗ ਸਿਸਟਮ ਨੂੰ ਆਸਾਨ ਬਣਾਏਗਾ, ਮੁੱਖ ਕਾਰਗੁਜ਼ਾਰੀ ਸੰਕੇਤਾਂ ਵਿੱਚ ਸੁਧਾਰ ਕਰੇਗਾ, ਖਤਰਨਾਕ ਕੰਮਾਂ ਵਿੱਚ ਮਨੁੱਖੀ ਜੋਖਮ ਨੂੰ ਘਟਾ ਕੇ ਸੁਰੱਖਿਆ ਵਧਾਏਗਾ ਅਤੇ ਰੁਜ਼ਗਾਰ ਪੈਦਾ ਕਰੇਗਾ। ਪ੍ਰਧਾਨ ਮੰਤਰੀ ਕਿਡਰਪੋਰ ਡੌਕਸ (ਡੌਕ 1 - ਪੱਛਮੀ) ਵਿੱਚ ਨਵੀਨੀਕਰਨ ਪ੍ਰੋਜੈਕਟ ਦਾ ਵੀ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਰਾਜ ਵਿੱਚ ਕਈ ਬੰਦਰਗਾਹ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ ਦੇ ਹਲਦੀਆ ਡੌਕ ਕੰਪਲੈਕਸ ਵਿੱਚ ਬਰਥ ਨੰਬਰ 5 ਦਾ ਮਸ਼ੀਨੀਕਰਨ ਸ਼ਾਮਲ ਹੈ। ਹੋਰ ਪ੍ਰੋਜੈਕਟਾਂ ਵਿੱਚ ਕੋਲਕਾਤਾ ਡੌਕ ਸਿਸਟਮ ਵਿੱਚ ਬੈਸਕਿਊਲ ਬ੍ਰਿਜ ਦਾ ਨਵੀਨੀਕਰਨ; ਕਿਡਰਪੋਰ ਡੌਕ-I (ਪੂਰਬ) ਅਤੇ ਡੌਕ-II (ਪੂਰਬ) ਵਿੱਚ ਪਾਣੀ ਦੀ ਨਿਕਾਸੀ ਪ੍ਰਣਾਲੀਆਂ ਸਮੇਤ ਯਾਰਡ ਦਾ ਵਿਕਾਸ; ਹਾਵੜਾ ਬ੍ਰਿਜ ਦੇ ਥੰਮ੍ਹ ਤੋਂ ਨਿਮਤਲਾ ਘਾਟ ਤੱਕ ਕੋਲਕਾਤਾ ਦਰਿਆ ਦੇ ਕੰਢੇ 'ਤੇ ਬੰਨ੍ਹ ਦੀ ਸੁਰੱਖਿਆ ਦਾ ਕੰਮ; ਅਤੇ ਕੋਲਕਾਤਾ ਡੌਕ ਸਿਸਟਮ ਵਿੱਚ ਇੰਡੈਂਚਰ ਮੈਮੋਰੀਅਲ ਕੰਪਲੈਕਸ ਦੇ ਨੇੜੇ ਰਿਵਰ ਕਰੂਜ਼ ਟਰਮੀਨਲ ਅਤੇ ਨਦੀ ਸੈਰ-ਸਪਾਟਾ ਸਹੂਲਤ ਲਈ ਟਰਮੀਨਲ ਇਮਾਰਤ ਦਾ ਨਿਰਮਾਣ ਸ਼ਾਮਲ ਹੈ।
ਰੇਲਵੇ ਖੇਤਰ ਵਿੱਚ ਪ੍ਰਧਾਨ ਮੰਤਰੀ ਪੁਰੂਲੀਆ-ਆਨੰਦ ਵਿਹਾਰ ਟਰਮੀਨਲ (ਦਿੱਲੀ) ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ, ਜਿਸ ਨਾਲ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿਚਾਲੇ ਰੇਲ ਸੰਪਰਕ ਮਜ਼ਬੂਤ ਹੋਵੇਗਾ।
ਪ੍ਰਧਾਨ ਮੰਤਰੀ 'ਅੰਮ੍ਰਿਤ ਸਟੇਸ਼ਨ ਯੋਜਨਾ' ਤਹਿਤ ਮੁੜ ਉਸਾਰੇ ਗਏ ਛੇ ਰੇਲਵੇ ਸਟੇਸ਼ਨਾਂ ਦਾ ਵੀ ਉਦਘਾਟਨ ਕਰਨਗੇ। ਇਨ੍ਹਾਂ ਸਟੇਸ਼ਨਾਂ ਵਿੱਚ ਕਾਮਾਖਿਆਗੁੜੀ, ਅਨਾਰਾ, ਤਮਲੁਕ, ਹਲਦੀਆ, ਬਰਭੂਮ ਅਤੇ ਸਿਊਰੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਦੋ ਰੇਲ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ: ਬੇਲਦਾ ਅਤੇ ਦੰਤਾਨ ਦਰਮਿਆਨ 16 ਕਿਲੋਮੀਟਰ ਲੰਬੀ ਤੀਜੀ ਰੇਲ ਲਾਈਨ ਅਤੇ ਕਲਾਈਕੁੰਡਾ ਅਤੇ ਕਨੀਮੋਹੁਲੀ ਦਰਮਿਆਨ ਆਟੋਮੈਟਿਕ ਬਲਾਕ ਸਿਗਨਲਿੰਗ ਪ੍ਰਣਾਲੀ। ਇਨ੍ਹਾਂ ਪ੍ਰੋਜੈਕਟਾਂ ਨਾਲ ਰੇਲ ਗੱਡੀਆਂ ਦੀ ਸੁਰੱਖਿਆ ਅਤੇ ਸਮੇਂ ਦੀ ਪਾਬੰਦੀ ਵਿੱਚ ਸੁਧਾਰ ਹੋਵੇਗਾ, ਭੀੜ ਘੱਟ ਹੋਵੇਗੀ ਅਤੇ ਖੇਤਰ ਵਿੱਚ ਯਾਤਰੀਆਂ ਲਈ ਸਫ਼ਰ ਕਰਨਾ ਸੌਖਾ ਹੋਵੇਗਾ।
ਇਹ ਪਹਿਲਕਦਮੀਆਂ ਪੱਛਮੀ ਬੰਗਾਲ ਅਤੇ ਪੂਰਬੀ ਭਾਰਤ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਸੰਪਰਕ ਵਧਾਉਣ ਅਤੇ ਆਰਥਿਕ ਵਿਕਾਸ ਨੂੰ ਗਤੀ ਦੇਣ ਲਈ ਸਰਕਾਰ ਦੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।
************
ਐੱਮਜੇਪੀਐੱਸ/ਵੀਜੇ
(Release ID: 2239472)
ਵਿਜ਼ੀਟਰ ਕਾਊਂਟਰ : 10
Read this release in:
Assamese
,
Odia
,
English
,
Urdu
,
Marathi
,
हिन्दी
,
Bengali
,
Bengali-TR
,
Manipuri
,
Gujarati
,
Tamil
,
Telugu
,
Kannada
,
Malayalam