ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਮੁੰਬਈ ਮਹਾਰਾਸ਼ਟਰ ਵਿੱਚ ਗੁਰੂ ਸ੍ਰੀ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮ ਵਿੱਚ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮੌਜੂਦਾ ਸੰਗਤ ਨਾਲ ਸੰਵਾਦ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਰਾਸ਼ਟਰੀ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ, ਜੋ ਕਿ ਪੂਰੇ ਦੇਸ਼ ਲਈ ਸੁਭਾਗ ਦੀ ਗੱਲ ਹੈ

ਜੇਕਰ ਨੌਵੇਂ ਗੁਰੂ ਸ੍ਰੀ ਤੇਗ ਬਹਾਦੁਰ ਜੀ ਹਿੰਦੂ ਧਰਮ ਨੂੰ ਬਚਾਉਣ ਲਈ ਸ਼ਹਾਦਤ ਨਾ ਦਿੰਦੇ ਤਾਂ ਪੂਰੀ ਦੁਨੀਆ ਵਿੱਚ ਇੱਕ ਵੀ ਹਿੰਦੂ ਨਾ ਬਚਦਾ

ਧਰਮ ਅਤੇ ਸੱਭਿਆਚਾਰ ਦੀ ਰੱਖਿਆ ਲਈ ਆਪਣਾ ਸੀਸ ਤੱਕ ਕੁਰਬਾਨ ਕਰਨ ਵਾਲੇ ਗੁਰੂ ਤੇਗ ਬਹਾਦੁਰ ਜੀ ਯੁੱਗਾਂ-ਯੁੱਗਾਂ ਤੱਕ ਸਾਡੀ ਪ੍ਰੇਰਨਾ ਰਹਿਣਗੇ

ਕਸ਼ਮੀਰੀ ਪੰਡਿਤਾਂ ‘ਤੇ ਮੁਗਲ ਹਮਲਾਵਰਾਂ ਦੇ ਜ਼ੁਲਮ ਵਿਰੁੱਧ ਢਾਲ ਬਣੇ ਸ੍ਰੀ ਗੁਰੂ ਤੇਗ ਬਹਾਦੁਰ ਜੀ

ਗੁਰੂਆਂ ਦੀ ਸੇਵਾ ਕਰਨ ਵਾਲੇ ਹਰ ਇੱਕ ਭਾਈਚਾਰੇ ਦੇ ਸੇਵਾ ਕਾਰਜ ਨੂੰ ਉਜਾਗਰ ਕਰਨ ਲਈ ਮਹਾਰਾਸ਼ਟਰ ਸਰਕਾਰ ਨੂੰ ਵਧਾਈ ਦਿੰਦਾ ਹਾਂ

ਸਾਰੇ ਧਰਮਾਂ ਲਈ ਆਪਣਾ ਪੂਰਾ ਪਰਿਵਾਰ ਕੁਰਬਾਨ ਕਰਨ ਵਾਲੇ 'ਸਰਬੰਸਦਾਨੀ' ਗੁਰੂ ਗੋਬਿੰਦ ਸਿੰਘ ਜੀ ਵਰਗੇ ਬਹਾਦਰ ਇਤਿਹਾਸ ਵਿੱਚ ਦੂਜਾ ਕੋਈ ਨਹੀਂ ਹੈ

'ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ' ਦਾ ਮੰਤਰ ਦੇ ਕੇ ਭਾਰਤ ਦੀਆਂ ਹਜ਼ਾਰਾਂ ਵਰ੍ਹਿਆਂ ਪੁਰਾਣੀ ਪਰੰਪਰਾ ਨੂੰ ਪੂਜਨੀਕ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਨਵਾਂ ਜੀਵਨ ਦਿੱਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਸਾਰੇ ਗੁਰੂਆਂ ਨੇ ਮੁਗਲਾਂ ਦੀਆਂ ਕਈ ਪੀੜ੍ਹੀਆਂ ਤੋਂ ਧਰਮ ਨੂੰ ਬਚਾਉਣ ਲਈ ਵੱਖ-ਵੱਖ ਸਮੇਂ ‘ਤੇ ਵੱਖ-ਵੱਖ ਤਰ੍ਹਾਂ ਨਾਲ ਸਮਾਜ ਨੂੰ ਤਾਕਤ ਦਿੱਤੀ

ਦਸਾਂ ਗੁਰੂਆਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਧਰਮ ਪਰਿਵਰਤਨ ਵਿਰੁੱਧ ਸਾਰੇ ਦੇਸ਼ਵਾਸੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ

Posted On: 01 MAR 2026 9:02PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਮੁੰਬਈ, ਮਹਾਰਾਸ਼ਟਰ ਵਿੱਚ ਗੁਰੂ ਸ੍ਰੀ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮ ਵਿੱਚ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮੌਜੂਦ ਸੰਗਤ ਨਾਲ ਸੰਵਾਦ ਕੀਤਾ।ਇਸ ਮੌਕੇ ‘ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ, ਉਪ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਅਤੇ ਸ਼੍ਰੀਮਤੀ ਸੁਨੇਤਰਾ ਪਵਾਰ ਸਮੇਤ ਕਈ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਰਾਸ਼ਟਰੀ ਪੱਧਰ ‘ਤੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਦਾ ਫੈਸਲਾ ਲਿਆ ਜੋ ਪੂਰੇ ਭਾਰਤ ਲਈ ਸੁਭਾਗ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਜੀ ਨੇ ਪੂਰੇ ਮਹਾਰਾਸ਼ਟਰ ਵਿੱਚ ਗੁਰੂ ਤੇਗ ਬਹਾਦੁਰ ਜੀ ਦੀ ਜੀਵਨੀ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ। ਉਨ੍ਹਾਂ ਨੇ ਕਿਹਾ ਕਿ ਜੇਕਰ ਨੌਵੇਂ ਗੁਰੂ ਤੇਗ ਬਹਾਦੁਰ ਜੀ ਹਿੰਦੂ ਧਰਮ ਅਤੇ ਹਿੰਦੂਆਂ ਨੂੰ ਬਚਾਉਣ ਲਈ ਕੁਰਬਾਨੀ ਨਾ ਦਿੰਦੇ ਤਾਂ ਪੂਰੇ ਵਿਸ਼ਵ ਵਿੱਚ ਇੱਕ ਵੀ ਹਿੰਦੂ ਨਹੀਂ ਬਚਦਾ। ਸ਼੍ਰੀ ਸ਼ਾਹ ਨੇ ਕਿਹਾ ਕਿ ਪੂਰੇ ਭਾਰਤ ਅਤੇ ਦੁਨੀਆ ਭਰ ਵਿੱਚ ਸਨਾਤਨ ਧਰਮ ਦੇ ਪੈਰੋਕਾਰ ਗੁਰੂ ਤੇਗ ਬਹਾਦੁਰ ਜੀ ਦੇ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹਨ ਕਿ ਉਨ੍ਹਾਂ ਨੇ ਹਿੰਦੂ ਧਰਮ ਬਚਾਉਣ ਲਈ ਤਸੀਹੇ ਝਲਦੇ ਹੋਏ ਆਪਣੀ ਕੁਰਬਾਨੀ ਦਿੱਤੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਿੱਖ ਪਰੰਪਰਾ ਦਾ ਮੂਲ ਏਕਤਾ, ਭਾਈਚਾਰਾ, ਸਮਾਵੇਸ਼ ਅਤੇ ਬਹਾਦਰੀ ਰਹੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਹੀ ਤੱਤ ਦਾ ਸਮਾਵੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਤ ਨਾਮਦੇਵ ਜੀ, ਕਬੀਰ ਜੀ, ਸੰਤ ਰਵਿਦਾਸ ਜੀ ਵਰਗੇ ਕਈ ਨਾਮੀ ਸੰਤਾਂ ਦੀਆਂ ਬਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾਂ ਦੇਣ ਦਾ ਕੰਮ ਦਸਮ ਪਿਤਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਕਈ ਭਾਈਚਾਰਿਆਂ ਨੂੰ ਗੁਰੂ ਤੇਗ ਬਹਾਦੁਰ ਜੀ ਨਾਲ ਜੋੜਨ ਦਾ ਕੰਮ ਕੀਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਦੇ ਤਿੰਨ ਸਰਲ ਪਰ ਡੂੰਘੇ ਸਿਧਾਂਤ ਸਾਨੂੰ ਦਿੱਤੇ ਹਨ - ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ। ਇਸ ਦਾ ਅਰਥ ਹੈ - ਪਰਮਾਤਮਾ ਦੇ ਨਾਮ ਦਾ ਜਾਪ ਕਰਦੇ ਰਹੋ, ਉਨ੍ਹਾਂ ਦਾ ਕੀਰਤਨ ਕਰੋ ਅਤੇ ਇਕੱਠੇ ਭੋਜਨ ਕਰੋ। ਉਨ੍ਹਾਂ ਕਿਹਾ ਕਿ ਇਹ ਆਪਸੀ ਸਾਂਝੇਦਾਰੀ ਨੂੰ ਦਰਸਾਉਂਦਾ ਹੈ ਅਤੇ ਇਹੀ ਪਰੰਪਰਾ ਅਗੇ ਜਾ ਕੇ ਲੰਗਰ ਅਤੇ ਸਾਂਝੇ ਚੁਲ੍ਹੇ ਵਿੱਚ ਬਦਲ ਗਈ ਅਤੇ ਮੁਗਲਾਂ ਦੇ ਵਿਰੁੱਧ ਲੜ੍ਹਨ ਦੀ ਬਹੁਤ ਵੱਡੀ ਤਾਕਤ ਇੱਥੋ ਮਿਲੀ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਪਰੰਪਰਾ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਨਵਾਂ ਜੀਵਨ ਦੇਣ ਦਾ ਕੰਮ ਕੀਤਾ ਅਤੇ ਗੁਰੂ ਤੇਗ ਬਹਾਦੁਰ ਜੀ ਵੀ ਇਸ ਹੀ ਪਰੰਪਰਾ ਦੇ ਪੈਰੋਕਾਰ ਰਹੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗੁਰੂ ਤੇਗ ਬਹਾਦੁਰ ਜੀ ਨੇ ਹਿੰਦੂ ਧਰਮ ਅਤੇ ਇਸ ਦੇ ਪੈਰੋਕਾਰਾਂ ਦੀ ਰੱਖਿਆ ਲਈ ਇੱਕ ਪਲ ਦੀ ਵੀ ਦੇਰੀ ਨਹੀਂ ਕੀਤੀ ਅਤੇ ਗੁਰੂ ਤੇਗ ਬਹਾਦੁਰ ਜੀ ਨੇ ਜੋ ਕਿਹਾ ਉਹ ਕਰਕੇ ਦਿਖਾਇਆ। ਉਨ੍ਹਾਂ ਕਿਹਾ ਕਿ ਜਦੋਂ ਕਸ਼ਮੀਰੀ ਪੰਡਿਤਾਂ ‘ਤੇ ਮੁਸ਼ਕਲਾਂ ਆਈਆਂ ਤਦੋਂ ਸਾਰੇ ਕਸ਼ਮੀਰੀ ਪੰਡਿਤਾਂ ਦੇ ਪ੍ਰਤੀਨਿਧੀ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਸਾਹਮਣੇ ਆਏ ਅਤੇ ਸੁਰੱਖਿਆ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਦੋਂ ਤੋਂ ਹੀ ਪੂਰੀ ਦੁਨੀਆ ਵਿੱਚ ਰਹਿਣ ਵਾਲੇ ਕਸ਼ਮੀਰੀ ਪੰਡਿਤ ਗੁਰੂ ਸਾਹਿਬ ਨਾਲ ਜੁੜੇ ਹੋਏ ਹਨ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਹਿੰਦੂਆਂ ਅਤੇ ਪੂਰੇ ਭਾਰਤ ‘ਤੇ ਜੋ ਉਪਕਾਰ ਕੀਤੇ ਹਨ, ਉਸ ਨੂੰ ਕੋਈ ਨਹੀਂ ਭੁੱਲ ਸਕਦਾ। ਉਨ੍ਹਾਂ ਨੇ ਕਿਹਾ ਕਿ ਔਰੰਗਜ਼ੇਬ ਦੇ ਸ਼ਾਸਨ ਦੌਰਾਨ 1675 ਵਿੱਚ ਇੱਕ ਅਜਿਹੀ ਕੁਰਬਾਨੀ ਦੇਖੀ ਗਈ, ਜਿਸ ਨੇ ਪੂਰੇ ਦੇਸ਼ ਦੀ ਜਨਤਾ ਦੀ ਹਿੰਮਤ ਤਾਂ ਵਧਾਈ ਹੀ, ਔਰੰਗਜ਼ੇਬ ਦੇ ਅੱਤਿਆਚਾਰ ਕਰਨ ਦੀ ਤਾਕਤ ਨੂੰ ਤੋੜਨ ਦਾ ਕੰਮ ਵੀ ਕੀਤਾ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਅਤੇ ਪੰਜਾਬ ਦਾ ਬਹੁਤ ਡੂੰਘਾ ਰਿਸ਼ਤਾ ਹੈ ਅਤੇ ਇਸ ਹੀ ਧਰਤੀ ਨੂੰ ਦਸਮ ਪਿਤਾ ਨੇ ਆਪਣੀ ਦੇਹ ਤਿਆਗ ਲਈ ਚੁਣਿਆ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦੀ ਬਾਣੀ ਵਿੱਚ ਸੰਤ ਨਾਮਦੇਵ ਜੀ ਦੀ ਭਗਤੀ ਪਰੰਪਰਾ ਅੱਜ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਨੇ ਕਿਹਾ ਕਿ ਗੁਰੂ ਤੇਗ ਬਹਾਦੁਰ ਜੀ ਨੇ ਦੇਸ਼ ਭਰ ਦੇ ਹਿੰਦੂਆਂ ਅਤੇ ਸਿੱਖਾਂ ਦੀ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਕ ਹੱਥ ਵਿੱਚ ਮਾਲਾ ਅਤੇ ਦੂਜੇ ਹੱਥ ਵਿੱਚ ਭਾਲਾ (spear-ਨੇਜ਼ਾ) ਲੈ ਕੇ ਔਰੰਗਜ਼ੇਬ ਦੇ ਅੱਤਿਆਚਾਰਾਂ ਵਿਰੁੱਧ ਸਿੱਖਾਂ ਨੂੰ ਇਕੱਠਾ ਕਰਕੇ ਇੱਕ ਬਹੁਤ ਵੱਡੀ ਲੜਾਈ ਦੀ ਸ਼ੁਰੂਆਤ ਕੀਤੀ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂਆਂ ਨੇ ਮੁਗਲਾਂ ਦੀਆਂ ਕਈ ਪੀੜ੍ਹੀਆਂ ਤੋਂ ਧਰਮ ਨੂੰ ਬਚਾਉਣ ਲਈ ਵੱਖ-ਵੱਖ ਸਮੇਂ ‘ਤੇ ਵੱਖ ਵੱਖ ਤਰ੍ਹਾਂ ਦੇ ਸਮਾਜ ਨੂੰ ਤਾਕਤ ਦੇਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗਿਆਨ ਦਾ ਪ੍ਰਚਾਰ ਪ੍ਰਸਾਰ ਕੀਤਾ ਅਤੇ ਕਈ ਬੁਰਾਈਆਂ ਨੂੰ ਖ਼ਤਮ ਕੀਤਾ। ਗੁਰੂ ਅੰਗਦ ਦੇਵ ਜੀ ਨੇ ਸਿੱਖਿਆ ਦਾ ਪ੍ਰਚਾਰ ਪ੍ਰਸਾਰ ਕੀਤਾ, ਗੁਰੂ ਅਮਰਦਾਸ ਜੀ ਨੇ ਸਮਾਜਿਕ ਸਦਭਾਵਨਾ ਦਾ ਪ੍ਰਚਾਰ –ਪ੍ਰਸਾਰ ਕੀਤਾ, ਗੁਰੂ ਰਾਮਦਾਸ ਜੀ ਨੇ ਅਨੇਕਾਂ ਸੰਸਥਾਨ ਸਥਾਪਿਤ ਕਰਕੇ ਇੱਕ ਅਧਾਰ ਦਿੱਤਾ, ਗੁਰੂ ਅਰਜੁਨ ਦੇਵ ਜੀ ਨੇ ਸੱਭਿਆਚਾਰਕ ਸਮਾਵੇਸ਼ ਲਈ ਕੰਮ ਕੀਤਾ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਗਤੀ ਅਤੇ ਧਰਮ ਦੀ ਰੱਖਿਆ ਦਾ ਦਰਸ਼ਨ ਦਿੱਤਾ। ਗੁਰੂ ਹਰਿ ਰਾਏ ਜੀ ਨੇ ਦਿਆਲਤਾ ਦਾ ਭਾਵ ਪੂਰੀ ਦੁਨੀਆ ਵਿੱਚ ਪ੍ਰਚਾਰਿਤ ਕੀਤਾ, ਤੇਗ ਬਹਾਦੁਰ ਜੀ ਨੇ ਹਿੰਦ ਦੀ ਚਾਦਰ ਦਾ ਸਰੂਪ ਪੂਰੇ ਵਿਸ਼ਵ ਦੇ ਸਾਹਮਣੇ ਰੱਖਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਫੈਲਾਇਆ। ਸ਼੍ਰੀ ਸ਼ਾਹ ਨੇ ਕਿਹਾ ਕਿ ਸਿੱਖ ਪੰਥ ਦੇ ਦਸਾਂ ਗੁਰੂਆਂ ਨੇ ਇੱਕ ਅਜਿਹੀ ਪਰੰਪਰਾ ਬਣਾਈ ਹੈ ਜੋ ਕਿ ਨਾ ਸਿਰਫ਼ ਭਾਰਤ ਸਗੋਂ ਪੂਰੀ ਦੁਨੀਆ ਦੇ ਲਈ ਮਿਸਾਲੀ ਹੈ। ਉਨ੍ਹਾਂ ਨੇ ਕਿਹਾ ਕਿ ਦਸਾਂ ਗੁਰੂਆਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਧਰਮ ਪਰਿਵਰਤਨ ਦੇ ਵਿਰੁੱਧ ਸਾਰੇ ਦੇਸ਼ਵਾਸੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ।

************

ਆਰਕੇ/ਪੀਆਰ/ਪੀਐੱਸ/ਬਲਜੀਤ ਸਿੰਘ


(Release ID: 2234613) ਵਿਜ਼ੀਟਰ ਕਾਊਂਟਰ : 14