ਪ੍ਰਧਾਨ ਮੰਤਰੀ ਦਫਤਰ
ਵੀਡੀਓ ਕਾਨਫ਼ਰੰਸਿੰਗ ਰਾਹੀਂ ਨਵੀਂ ਮੁੰਬਈ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
Posted On:
01 MAR 2026 7:58PM by PIB Chandigarh
ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ! ਅੱਜ ਅਸੀਂ ਸਾਰੇ, 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਉਨ੍ਹਾਂ ਦੇ 350ਵੇਂ ਸ਼ਹੀਦੀ ਦਿਵਸ 'ਤੇ ਯਾਦ ਕਰ ਰਹੇ ਹਾਂ। ਇਸ ਸ਼ਹੀਦੀ ਸਮਾਗਮ ਵਿੱਚ ਮੌਜੂਦ ਸਾਰਿਆਂ ਨੂੰ ਮੇਰਾ ਸਲਾਮ।
ਇਸ ਇਤਿਹਾਸਕ ਅਤੇ ਪਵਿੱਤਰ ਸਮਾਗਮ ਦਾ ਹਿੱਸਾ ਬਣਨਾ ਮੇਰੇ ਲਈ ਸੁਭਾਗ ਦੀ ਗੱਲ ਹੈ।
ਦੋਸਤੋ,
ਭਾਰਤ ਦਾ ਇਤਿਹਾਸ ਬਹਾਦਰੀ, ਤਾਲਮੇਲ ਅਤੇ ਸਹਿਯੋਗ ਦਾ ਇਤਿਹਾਸ ਹੈ। ਮਹਾਰਾਸ਼ਟਰ ਦੀ ਧਰਤੀ 'ਤੇ ਇਸ ਸਮਾਗਮ ਰਾਹੀਂ, ਅਸੀਂ ਉਸ ਮਹਾਨ ਵਿਰਾਸਤ ਦੇ ਗਵਾਹ ਬਣ ਰਹੇ ਹਾਂ। ਜਦੋਂ ਸਾਡੇ ਗੁਰੂਆਂ ਨੇ ਕੁਰਬਾਨੀ ਦੇ ਸਿਖਰ ਨੂੰ ਛੂਹਿਆ, ਤਾਂ ਉਸ ਦੌਰ ਵਿੱਚ ਸਾਡੀ ਸਮਾਜਿਕ ਏਕਤਾ ਦੀ ਮਹੱਤਵਪੂਰਨ ਭੂਮਿਕਾ ਸੀ। ਹਰ ਵਰਗ, ਹਰ ਸਮਾਜ ਦੇ ਲੋਕਾਂ ਨੇ ਸਾਡੇ ਗੁਰੂਆਂ ਤੋਂ ਪ੍ਰੇਰਨਾ ਲਈ। ਸਮਾਜ ਨੇ ਹਰ ਹਾਲ ਵਿੱਚ ਸਚਾਈ ਅਤੇ ਸਭਿਆਚਾਰ ਲਈ ਅਡੋਲ ਰਹਿਣਾ ਸਿੱਖਿਆ। ਸਮਾਜਿਕ ਏਕਤਾ ਦਾ ਉਹ ਮਹਾਨ ਯੱਗ, ਉਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਨਾਨਕ ਨਾਮ-ਲੇਵਾ ਸੰਗਤ ਵਰਗੀਆਂ ਰਸਮਾਂ ਦੀ ਬਹੁਤ ਵੱਡੀ ਭੂਮਿਕਾ ਸੀ। ਅੱਜ ਜਦੋਂ ਫੇਰ ਤੋਂ ਦੇਸ਼ ਨੂੰ ਸਮਾਜਿਕ ਏਕਤਾ ਦੀ ਸਭ ਤੋਂ ਵੱਧ ਜ਼ਰੂਰਤ ਹੈ, ਸੰਗਤ ਦਾ ਇਹ ਸ਼ਾਨਦਾਰ ਆਯੋਜਨ ਸਾਨੂੰ ਭਰੋਸਾ ਦੇ ਰਿਹਾ ਹੈ ਕਿ ਸਾਡੇ ਗੁਰੂਆਂ ਅਤੇ ਸੰਤਾਂ ਦੇ ਅਸ਼ੀਰਵਾਦ ਸਾਡੇ ਨਾਲ ਹਨ।
ਦੋਸਤੋ,
ਇਹ ਸਮਾਗਮ ਇੱਕ ਲਗਾਤਾਰ ਚੱਲਣ ਵਾਲਾ ਯੱਗ ਰਿਹਾ ਹੈ। ਇਸ ਯਾਤਰਾ ਦੀ ਸ਼ੁਰੂਆਤ ਪਿਛਲੇ ਸਾਲ ਨਾਗਪੁਰ ਦੀ ਪਵਿੱਤਰ ਧਰਤੀ ਤੋਂ ਹੋਈ ਸੀ। ਫਿਰ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੀ ਇਤਿਹਾਸਕ ਧਰਤੀ 'ਤੇ ਅਸੀਂ ਸਾਰਿਆਂ ਨੇ ਉਸ ਭਾਵਨਾ ਨੂੰ ਡੂੰਘਾ ਹੁੰਦਿਆਂ ਦੇਖਿਆ ਅਤੇ ਅੱਜ ਨਵੀਂ ਮੁੰਬਈ ਵਿੱਚ ਇਹ ਯਾਤਰਾ ਆਪਣੇ ਇੱਕ ਮਹੱਤਵਪੂਰਨ ਪੜਾਅ 'ਤੇ ਪਹੁੰਚੀ ਹੈ। ਇਸ ਯਾਤਰਾ ਦਾ ਸੰਦੇਸ਼ ਇਨ੍ਹਾਂ ਤਿੰਨ ਸ਼ਹਿਰਾਂ ਤੱਕ ਸੀਮਤ ਨਹੀਂ ਰਿਹਾ ਹੈ। ਮਹਾਰਾਸ਼ਟਰ ਦੇ ਕੋਨੇ- ਕੋਨੇ ਵਿੱਚ ਹਜ਼ਾਰਾਂ ਪਿੰਡਾਂ ਅਤੇ ਛੋਟੀਆਂ -ਛੋਟੀਆਂ ਬਸਤੀਆਂ ਤੱਕ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਬਹਾਦਰੀ ਭਰਿਆ ਇਤਿਹਾਸ ਪਹੁੰਚਾਇਆ ਗਿਆ ਹੈ। ਮੈਂ ਮਹਾਰਾਸ਼ਟਰ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਇਸ ਸਮਾਗਮ ਦਾ ਆਯੋਜਨ ਕੀਤਾ ।
ਦੋਸਤੋ,
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਇਸ ਮਹਾਨ ਕੁਰਬਾਨੀ ਦੀ ਯਾਦ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੇ ਪੱਧਰ 'ਤੇ ਸਮਾਗਮ ਆਯੋਜਿਤ ਕੀਤੇ ਗਏ ਹਨ। ਅਜੇ ਕੁਝ ਸਮਾਂ ਪਹਿਲਾਂ, ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਹੋਏ ਸਮਾਗਮ ਵਿੱਚ ਅਤੇ ਵਿਸ਼ਾਲ ਸਮਾਗਮ ਵਿੱਚ, ਉਸ ਸਮਾਗਮ ਵਿੱਚ ਮੈਨੂੰ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਕੇਂਦਰ ਸਰਕਾਰ ਸਾਡੇ ਗੁਰੂ ਸਾਹਿਬਾਨਾਂ ਨਾਲ ਸਬੰਧਿਤ ਹਰ ਇਤਿਹਾਸਕ ਮੌਕੇ ਨੂੰ ਰਾਸ਼ਟਰੀ ਪੱਧਰ 'ਤੇ ਮਨਾ ਰਹੀ ਹੈ। ਤੁਸੀਂ ਸਾਰੇ ਜਾਣਦੇ ਹੋ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਪੂਰਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸਮਰਪਿਤ ਯਾਦਗਾਰੀ ਡਾਕ ਟਿਕਟ ਅਤੇ ਵਿਸ਼ੇਸ਼ ਸਿੱਕਿਆਂ ਦੇ ਜਾਰੀ ਹੋਣ, ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਅਸੀਂ ਆਪਣੇ ਗੁਰੂਆਂ ਨਾਲ ਜੁੜੇ ਹਰ ਤਿਉਹਾਰ ਅਤੇ ਮੌਕੇ ਨੂੰ ਪੂਰੀ ਸ਼ਰਧਾ ਨਾਲ ਮਨਾਇਆ ਹੈ। ਅਸੀਂ ਸਾਹਿਬਜ਼ਾਦਿਆਂ ਦੇ ਸਨਮਾਨ ਵਿੱਚ ਹਰ ਸਾਲ ਵੀਰ ਬਾਲ ਦਿਵਸ ਮਨਾਉਣ ਦੀ ਰਾਸ਼ਟਰੀ ਪਰੰਪਰਾ ਵੀ ਸ਼ੁਰੂ ਕੀਤੀ ਹੈ।
ਦੋਸਤੋ,
ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਕਰਨਾ, ਸ਼੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਨਵੀਂਆਂ ਸਹੂਲਤਾਂ ਦਾ ਨਿਰਮਾਣ, ਸਿੱਖ ਸੰਗਠਨਾਂ ਅਤੇ ਗੁਰਦੁਆਰਿਆਂ ਨਾਲ ਜੁੜੀਆਂ ਕਈ ਸੰਸਥਾਵਾਂ ਨੂੰ ਐੱਫਸੀਆਰਏ ਵਿੱਚ ਰਾਹਤ, ਸਿੱਖ ਇਤਿਹਾਸ ਨੂੰ ਪਾਠਕ੍ਰਮ ਅਤੇ ਸਭਿਆਚਾਰਕ ਚਰਚਾ ਵਿੱਚ ਸਥਾਨ ਦੇਣਾ, ਅਜਿਹੇ ਕਿੰਨੇ ਹੀ ਕੰਮ, ਜਿਨ੍ਹਾਂ ਦੀ ਉਡੀਕ ਸਾਡੇ ਸਿੱਖ ਭੈਣ-ਭਰਾਵਾਂ ਨੂੰ ਦਹਾਕਿਆਂ ਤੋਂ ਸੀ, ਉਨ੍ਹਾਂ ਨੂੰ ਪੂਰਾ ਕਰਨ ਦਾ ਸੁਭਾਗ ਸਾਨੂੰ ਮਿਲਿਆ ਹੈ।
ਭਰਾਵੋ ਅਤੇ ਭੈਣੋ,
ਸਾਡੀ ਸਰਕਾਰ ਸਿੱਖਾਂ ਲਈ ਸਤਿਕਾਰ ਅਤੇ ਨਿਆਂ ਲਈ ਵਚਨਬੱਧ ਹੋ ਕੇ ਕੰਮ ਕਰ ਰਹੀ ਹੈ। ਇਸੇ ਵਚਨਬੱਧਤਾ ਦੇ ਕਾਰਨ ਅਸੀਂ 1984 ਦੇ ਦੰਗਿਆਂ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ। ਬੰਦ ਪਏ 1984 ਦੇ ਦੰਗਾ ਕੇਸ ਮੁੜ ਖੁਲ੍ਹਵਾਏ। ਬਹੁਤ ਸਾਰੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾਈ ਗਈ । 1984 ਦੇ ਪੀੜਤਾਂ ਦੇ ਪਰਿਵਾਰਾਂ ਲਈ ਵਾਧੂ ਮੁਆਵਜ਼ਾ ਐਲਾਨਿਆ ਗਿਆ। ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੂੰ ਵਧੇਰੇ ਸਰਗਰਮ ਭੂਮਿਕਾ ਦਿੱਤੀ ਗਈ। ਇਸੇ ਤਰ੍ਹਾਂ ਜਦੋਂ ਅਫ਼ਗ਼ਾਨਿਸਤਾਨ ਵਿੱਚ ਸਿੱਖ ਭਰਾਵਾਂ ਦੀ ਸੁਰੱਖਿਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ ਸਵਾਲ ਆਇਆ, ਸਾਡੀ ਸਰਕਾਰ ਨੇ ਮਿਸ਼ਨ ਮੋਡ ਵਿੱਚ ਕੰਮ ਕੀਤਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ, ਸਨਮਾਨ ਸਹਿਤ ਵਾਪਸ ਲੈ ਕੇ ਆਏ। ਅਸੀਂ ਅਫ਼ਗ਼ਾਨ ਸਿੱਖਾਂ ਅਤੇ ਹਿੰਦੂਆਂ ਲਈ ਨਾਗਰਿਕਤਾ ਦਾ ਰਾਹ ਪੱਧਰਾ ਕੀਤਾ। ਅਸੀਂ ਸੀਏਏ ਰਾਹੀਂ ਸਤਾਏ ਗਏ ਸਿੱਖ ਸ਼ਰਨਾਰਥੀਆਂ ਨੂੰ ਰਾਹਤ ਪ੍ਰਦਾਨ ਕੀਤੀ। ਜੰਮੂ -ਕਸ਼ਮੀਰ ਦੇ ਸਿੱਖ ਪਰਿਵਾਰਾਂ ਲਈ ਪੁਨਰਵਾਸ ਪੈਕੇਜ ਵੀ ਲਾਗੂ ਕੀਤੇ ਗਏ। ਇਸੇ ਤਰ੍ਹਾਂ ਓਸੀਆਈ ਅਤੇ ਵੀਜ਼ਾ ਨਿਯਮਾਂ ਨੂੰ ਸੁਖਾਲਾ ਬਣਾਇਆ ਗਿਆ। ਕਾਲੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਜ਼ਾਰਾਂ ਸਿੱਖਾਂ ਦੇ ਨਾਮ ਕਾਲੀ ਸੂਚੀ ਵਿੱਚੋਂ ਹਟਾਏ ਗਏ। ਪ੍ਰਵਾਸੀ ਸਿੱਖਾਂ ਦੇ ਭਾਰਤ ਆਉਣ- ਜਾਣ ਦੀ ਪ੍ਰਕਿਰਿਆ ਬਹੁਤ ਅਸਾਨ ਕੀਤੀ ਗਈ।
ਦੋਸਤੋ,
ਸਿੱਖ ਭਾਈਚਾਰੇ ਦੀ ਆਸਥਾ ਦਾ ਸਤਿਕਾਰ, ਉਨ੍ਹਾਂ ਦੀ ਤਰੱਕੀ ਲਈ ਨਵੇਂ ਮੌਕੇ ਪੈਦਾ ਕਰਨਾ, ਅਸੀਂ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ, ਅਤੇ ਅਸੀਂ ਇਸ ਸੇਵਾ ਨੂੰ ਆਪਣਾ ਸੁਭਾਗ ਵੀ ਸਮਝਦੇ ਹਾਂ।
ਦੋਸਤੋ,
ਸਾਹਸ ਅਤੇ ਸੱਚ ਦੇ ਨਾਲ ਖੜ੍ਹੇ ਹੋਣ ਦੀ ਭਾਵਨਾ ਅੱਜ ਵੀ ਓਨੀ ਹੀ ਢੁਕਵੀਂ ਹੈ ਜਿੰਨੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸਮੇਂ ਸੀ। ਜਦੋਂ ਨਵੀਂ ਪੀੜ੍ਹੀ ਇਨ੍ਹਾਂ ਕਦਰਾਂ-ਕੀਮਤਾਂ ਨਾਲ ਜੁੜਦੀ ਹੈ, ਤਾਂ ਪਰੰਪਰਾ ਯਾਦ ਨਹੀਂ ਰਹਿ ਜਾਂਦੀ; ਉਹ ਭਵਿੱਖ ਦਾ ਰਾਹ ਬਣ ਜਾਂਦੀ ਹੈ। ਇਹੀ ਇਸ ਸਮਾਗਮ ਦਾ ਉਦੇਸ਼ ਹੈ, ਅਸੀਂ ਇਤਿਹਾਸ ਨੂੰ ਸਿਰਫ਼ ਯਾਦ ਨਾ ਕਰੀਏ ਸਗੋਂ ਉਸ ਨੂੰ ਆਪਣੇ ਜੀਵਨ ਦੇ ਆਚਰਨ ਵਿੱਚ ਸ਼ਾਮਲ ਕਰੀਏ। ਇਸੇ ਭਾਵਨਾ ਨਾਲ ਮੈਂ ਇੱਕ ਵਾਰ ਫਿਰ ਇਸ ਪਵਿੱਤਰ ਸਮਾਗਮ ਨਾਲ ਜੁੜੇ ਸਾਰੇ ਪ੍ਰਬੰਧਕਾਂ ਅਤੇ ਸੰਗਤ ਨੂੰ ਸਤਿਕਾਰ ਸਹਿਤ ਸਲਾਮ ਕਰਦਾ ਹਾਂ। ਇਸ ਇਤਿਹਾਸਕ ਯਤਨ ਲਈ ਤੁਹਾਡੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
*********
ਐੱਮਜੇਪੀਐੱਸ/ਡਾ.ਵੰਦਨਾ ਜਾਤਵ
(Release ID: 2234582)
ਵਿਜ਼ੀਟਰ ਕਾਊਂਟਰ : 3