ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਬਿਹਾਰ ਦੇ ਅਰਰੀਆ ਵਿੱਚ ਹਥਿਆਰਬੰਦ ਸੀਮਾ ਬਲ ਦੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਬਾਰਡਰ ਆਊਟ ਪੋਸਟਾਂ ਲੇਟੀ ਅਤੇ ਇੰਦਰਵਾ ਦਾ ਉਦਘਾਟਨ ਕੀਤਾ ਅਤੇ ਵੱਖ-ਵੱਖ ਐੱਸਐੱਸਬੀ ਪ੍ਰੋਜੈਕਟਾਂ ਦਾ ਈ-ਉਦਘਾਟਨ ਅਤੇ ਈ-ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਕੇਂਦਰ ਸਰਕਾਰ ਦੀ ਤਰਜੀਹ ਹੈ ਕਿ ਸੀਏਪੀਐੱਫ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਣ

ਬੰਗਾਲ ਵਿੱਚ ਸਾਡੀ ਸਰਕਾਰ ਬਣਦੇ ਹੀ ਇੱਕ-ਇਕ ਘੁਸਪੈਠੀਏ ਨੂੰ ਚੁਣ-ਚੁਣ ਕੇ ਬਾਹਰ ਕੱਢ ਦਿੱਤਾ ਜਾਵੇਗਾ

ਬਿਹਾਰ ਨੂੰ ਘੁਸਪੈਠੀਆਂ ਮੁਕਤ ਬਣਾਉਣਾ ਸਿਰਫ਼ ਇੱਕ ਚੋਣ ਵਾਅਦਾ ਨਹੀਂ ਸੀ, ਜਲਦੀ ਸ਼ੁਰੂ ਹੋਵੇਗੀ ਸੀਮਾਂਚਲ ਤੋਂ ਘੁਸਪੈਠੀਆਂ ਮੁਕਤ ਭਾਰਤ ਮੁਹਿੰਮ

ਘੁਸਪੈਠ ਕਾਰਨ ਹੋਣ ਵਾਲਾ ਜਨਸੰਖਿਆ ਬਦਲਾਅ ਕਿਸੇ ਵੀ ਦੇਸ਼ ਦੇ ਸੱਭਿਆਚਾਰ, ਇਤਿਹਾਸ ਅਤੇ ਭੂਗੋਲ ਲਈ ਖ਼ਤਰਨਾਕ ਹੁੰਦਾ ਹੈ; ਮੋਦੀ ਸਰਕਾਰ ਇਸ ਦਾ ਸਥਾਈ ਸਮਾਧਾਨ ਕਰੇਗੀ

ਸੀਮਾਂਚਲ ਵਿੱਚ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਸਾਰੀਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ ਜਾਵੇਗਾ

ਮੋਦੀ ਸਰਕਾਰ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਰਾਹੀਂ ਸਰਹੱਦੀ ਪਿੰਡਾਂ ਦੀਆਂ ਸਥਿਤੀਆਂ ਵਿੱਚ ਮਹੱਤਵਪੂਰਨ ਸੁਧਾਰ ਕਰ ਰਹੀ ਹੈ

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਨੇ ਐੱਸਐੱਸਬੀ ਜਵਾਨਾਂ ਨਾਲ ਲੰਚ ਵੀ ਕੀਤਾ

Posted On: 26 FEB 2026 4:40PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਬਿਹਾਰ ਦੇ ਅਰਰੀਆ ਵਿੱਚ ਹਥਿਆਰਬੰਦ ਸੀਮਾ ਬਲ ਦੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਬਾਰਡਰ ਆਊਟ ਪੋਸਟਾਂ ਲੇਟੀ ਅਤੇ ਇੰਦਰਵਾ ਦਾ ਉਦਘਾਟਨ ਕੀਤਾ ਅਤੇ ਵੱਖ-ਵੱਖ ਐੱਸਐੱਸਬੀ ਪ੍ਰੋਜੈਕਟਾਂ ਦਾ ਈ-ਉਦਘਾਟਨ ਅਤੇ ਈ-ਨੀਂਹ ਪੱਥਰ ਰੱਖਿਆ। ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ, ਬਿਹਾਰ ਦੇ ਉਪ ਮੁੱਖ ਮੰਤਰੀ ਸ਼੍ਰੀ ਸਮਰਾਟ ਚੌਧਰੀ, ਕੇਂਦਰੀ ਗ੍ਰਹਿ ਸਕੱਤਰ, ਡਾਇਰੈਕਟਰ ਇੰਟੈਲੀਜੈਂਸ ਬਿਊਰੋ, ਸਕੱਤਰ, ਸਰਹੱਦੀ ਪ੍ਰਬੰਧਨ, ਗ੍ਰਹਿ ਮੰਤਰਾਲੇ  ਅਤੇ ਡਾਇਰੈਕਟਰ ਜਨਰਲ, ਹਥਿਆਰਬੰਦ ਸੀਮਾ ਬਲ ਸਮੇਤ ਕਈ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਥੇ ਹਥਿਆਰਬੰਦ ਸੀਮਾ ਬਲ (ਐੱਸਐੱਸਬੀ) ਦੇ ਸੈਨਿਕਾਂ ਦੀਆਂ ਸਹੂਲਤਾਂ ਨੂੰ ਵਧਾਉਣ ਲਈ ਲਗਭਗ 170 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ 2014 ਤੋਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਨੇ ਦੇਸ਼ ਦੇ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਦੇ ਸੈਨਿਕਾਂ ਦੀਆਂ ਸਹੂਲਤਾਂ ਲਈ ਇੱਕ ਸੰਵੇਦਨਸ਼ੀਲ ਕਾਰਜ ਯੋਜਨਾ ਤਿਆਰ ਕੀਤੀ ਹੈ ਅਤੇ ਇਸ ਦੇ ਤਹਿਤ, ਅੱਜ ਦਾ ਨੀਂਹ ਪੱਥਰ ਅਤੇ ਉਦਘਾਟਨ ਹੋਇਆ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਇੱਥੇ ਐੱਸਐੱਸਬੀ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਨੀਂਹ ਪੱਥਰ ਰੱਖਿਆਂ ਗਿਆ। ਉਨ੍ਹਾਂ ਅੱਗੇ ਕਿਹਾ ਕਿ ਭਾਰਤ-ਨੇਪਾਲ ਸਰਹੱਦੀ ਸੜਕ ਪ੍ਰੋਜੈਕਟ ਤਹਿਤ 554 ਕਿਲੋਮੀਟਰ ਲੰਬੀ ਸਰਹੱਦੀ ਸੜਕ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ, ਅਤੇ ਇਸ ਦੇ 18 ਭਾਗਾਂ ਵਿੱਚੋਂ 14 'ਤੇ ਕੰਮ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਲਈ ਮਨਜ਼ੂਰ ਕੀਤੇ ਗਏ 2,468 ਕਰੋੜ ਰੁਪਏ ਵਿੱਚੋਂ 2,336 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸੜਕ ਦੇ ਪੂਰਾ ਹੋਣ ਤੋਂ ਬਾਅਦ, ਐੱਸਐੱਸਬੀ ਸੈਨਿਕਾਂ ਦੀ ਨਿਗਰਾਨੀ ਸਮਰੱਥਾ ਕਈ ਗੁਣਾ ਵਧ ਜਾਵੇਗੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਚੋਣਾਂ ਦੌਰਾਨ, ਅਸੀਂ ਬਿਹਾਰ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਬਿਹਾਰ ਨੂੰ ਘੁਸਪੈਠੀਆਂ ਤੋਂ ਮੁਕਤ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਨਾ ਸਿਰਫ਼ ਵੋਟਰ ਸੂਚੀ ਵਿੱਚੋਂ ਘੁਸਪੈਠੀਆਂ ਦੇ ਨਾਮ ਹਟਾਵਾਂਗੇ, ਸਗੋਂ ਹਰੇਕ ਨੂੰ ਚੋਣਵੇਂ ਰੂਪ ਵਿੱਚ ਭਾਰਤ ਤੋਂ ਬਾਹਰ ਵੀ ਭੇਜਾਂਗੇ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੂੰ ਘੁਸਪੈਠੀਆਂ ਤੋਂ ਮੁਕਤ ਕਰਨਾ ਸਿਰਫ਼ ਇੱਕ ਚੋਣ ਵਾਅਦਾ ਨਹੀਂ ਹੈ, ਸਗੋਂ ਮੋਦੀ ਸਰਕਾਰ ਦਾ ਦ੍ਰਿੜ ਇਰਾਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰੇ ਸੀਮਾਂਚਲ ਖੇਤਰ ਨੂੰ ਘੁਸਪੈਠੀਆਂ ਤੋਂ ਮੁਕਤ ਕਰਕੇ ਸ਼ੁਰੂਆਤ ਕਰਾਂਗੇ।

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਘੁਸਪੈਠੀਏ ਨਾ ਸਿਰਫ਼ ਸਾਡੀਆਂ ਚੋਣਾਂ ਨੂੰ ਪ੍ਰਭਾਵਿਤ ਕਰਦੇ ਹਨ, ਸਗੋਂ ਗਰੀਬਾਂ ਦੇ ਰਾਸ਼ਨ ਵਿੱਚੋਂ ਵੀ ਹਿੱਸਾ ਲੈ ਜਾਂਦੇ ਹਨ, ਸਾਡੇ ਨੌਜਵਾਨਾਂ ਦੀਆਂ ਰੁਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਵੀ ਕਮਜ਼ੋਰ ਕਰਦੇ ਹਨ ਅਤੇ ਰਾਸ਼ਟਰੀ ਸੁਰੱਖਿਆ ਲਈ ਇੱਕ ਮਹੱਤਵਪੂਰਨ ਚੁਣੌਤੀ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੂਰੇ ਦੇਸ਼ ਨੂੰ ਘੁਸਪੈਠੀਆਂ ਤੋਂ ਮੁਕਤ ਕਰਨ ਲਈ ਹਰ ਪੱਧਰ 'ਤੇ ਮੁਹਿੰਮ ਸ਼ੁਰੂ ਕੀਤੀ ਜਾਵੇ। ਸ੍ਰੀ ਸ਼ਾਹ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਪਹਿਲਾਂ ਦੇਸ਼ ਦੀ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਸਾਰੇ ਗੈਰ-ਕਾਨੂੰਨੀ ਕਬਜ਼ੇ ਹਟਾਏ ਜਾਣਗੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਨਸੰਖਿਆ ਤਬਦੀਲੀ ਕਿਸੇ ਵੀ ਦੇਸ਼ ਵਿੱਚ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਨਹੀਂ ਕਰਦੀ। ਸ਼੍ਰੀ ਸ਼ਾਹ ਨੇ ਕਿਹਾ ਕਿ ਕਬਜ਼ੇ ਅਤੇ ਘੁਸਪੈਠ ਕਾਰਨ ਹੋਣ ਵਾਲੀ ਜਨਸੰਖਿਆ ਤਬਦੀਲੀ ਕਿਸੇ ਵੀ ਦੇਸ਼ ਦੇ ਸੱਭਿਆਚਾਰ, ਇਤਿਹਾਸ ਅਤੇ ਭੂਗੋਲ , ਤਿੰਨਾਂ ਲਈ ਬਹੁਤ ਖ਼ਤਰਨਾਕ ਹੈ, ਅਤੇ ਮੋਦੀ ਸਰਕਾਰ ਇਸ ਦਾ ਸਥਾਈ ਸਮਾਧਾਨ ਕਰੇਗੀ। 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜਨਸੰਖਿਆ ਤਬਦੀਲੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਰਾਜ ਪੱਛਮੀ ਬੰਗਾਲ, ਬਿਹਾਰ ਅਤੇ ਝਾਰਖੰਡ ਹਨ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਪੱਛਮੀ ਬੰਗਾਲ ਵਿੱਚ ਸਾਡੀ ਸਰਕਾਰ ਬਣੇਗੀ, ਤਾਂ ਸਾਡਾ ਪਹਿਲਾ ਏਜੰਡਾ ਸਰਹੱਦੀ ਵਾੜ (fencing) ਨੂੰ ਪੂਰਾ ਕਰਨਾ ਅਤੇ ਹਰੇਕ ਘੁਸਪੈਠੀਏ ਨੂੰ ਇੱਕ-ਇੱਕ ਕਰਕੇ ਦੇਸ਼ ਨਿਕਾਲਾ ਦੇਣਾ ਹੋਵੇਗਾ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਸਐੱਸਬੀ ਨੂੰ ਕਦੇ ਸਪੈਸ਼ਲ ਸਰਵਿਸ ਬਿਊਰੋ ਵਜੋਂ ਜਾਣਿਆ ਜਾਂਦਾ ਸੀ ਅਤੇ ਸਾਡੇ ਸਰਹੱਦੀ ਪਿੰਡਾਂ ਦੀ ਸੱਭਿਆਚਾਰਕ ਪਛਾਣ, ਇਤਿਹਾਸ ਅਤੇ ਸੱਭਿਆਚਾਰ ਦੀ ਸੰਭਾਲ ਅਤੇ ਪ੍ਰਚਾਰ ਦੀ ਜ਼ਿੰਮੇਵਾਰੀ ਐੱਸਐੱਸਬੀ ‘ਤੇ ਸੀ। ਉਨ੍ਹਾਂ ਕਿਹਾ ਕਿ ਅਟਲ ਜੀ ਦੀ ਸਰਕਾਰ ਦੌਰਾਨ, ਐੱਸਐੱਸਬੀ ਨੇਪਾਲ-ਭੂਟਾਨ ਸਰਹੱਦ ਦੀ ਸੁਰੱਖਿਆ ਲਈ ਜ਼ਿੰਮੇਵਾਰ ਸੀ। ਉਨ੍ਹਾਂ ਕਿਹਾ ਕਿ 2001 ਵਿੱਚ, 1751 ਕਿਲੋਮੀਟਰ ਲੰਬੀ ਭਾਰਤ-ਨੇਪਾਲ ਬਿਨਾਂ ਵਾੜ ਵਾਲੀ ਸਰਹੱਦ ਦੀ ਸੁਰੱਖਿਆ ਐੱਸਐੱਸਬੀ ਦੀ ਜ਼ਿੰਮੇਵਾਰੀ ਹੇਠ ਆ ਗਈ। 2004 ਤੋਂ, 699 ਕਿਲੋਮੀਟਰ ਲੰਬੀ ਭੂਟਾਨ ਸਰਹੱਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਐੱਸਐੱਸਬੀ ਨੂੰ ਸੌਂਪੀ ਗਈ। ਸ਼੍ਰੀ ਸ਼ਾਹ ਨੇ ਕਿਹਾ ਕਿ ਐੱਸਐੱਸਬੀ ਦੇ ਜਵਾਨਾਂ ਨੇ ਹਮੇਸ਼ਾ ਸਭ ਤੋਂ ਮੁਸ਼ਕਲ ਹਾਲਾਤਾਂ ਵਿੱਚ ਸਰਹੱਦਾਂ ਦੀ ਰਾਖੀ ਕੀਤੀ ਹੈ ਅਤੇ ਹਮੇਸ਼ਾ ਸਰਹੱਦੀ ਪਿੰਡਾਂ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੀ ਭਲਾਈ ਦਾ ਧਿਆਨ ਰੱਖਿਆ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਸਾਡੇ ਦੇਸ਼ ਦੇ ਦੁਸ਼ਮਣ ਅਤੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਰੱਖਣ ਵਾਲੇ ਤੱਤ ਭਾਰਤ ਵਿੱਚ ਦਾਖਲ ਹੋਣ ਲਈ ਦੇਸ਼ ਦੀਆਂ ਸਰਹੱਦਾਂ ਦੀ ਵਰਤੋਂ ਨਾ ਕਰਨ। ਉਨ੍ਹਾਂ ਅੱਗੇ ਕਿਹਾ ਕਿ ਇਸ ਲਈ ਐੱਸਐੱਸਬੀ ਨੂੰ ਹਮੇਸ਼ਾ ਨਜ਼ਦੀਕੀ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਆਪਣੇ ਇੰਟੈਲੀਜੈਂਸ ਨੈੱਟਵਰਕ ਨੂੰ ਮਜ਼ਬੂਤ ਰੱਖਣਾ ਚਾਹੀਦਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਹੱਦਾਂ ਦੀ ਸੁਰੱਖਿਆ ਦੇ ਨਾਲ-ਨਾਲ ਐੱਸਐੱਸਬੀ ਨੂੰ ਤਸਕਰੀ, ਨਸ਼ੀਲੇ ਪਦਾਰਥਾਂ ਅਤੇ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ ‘ਤੇ ਵੀ ਨਜ਼ਦੀਕੀ ਨਜ਼ਰ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਐੱਸਐੱਸਬੀ ਦੇ ਸਾਰੇ ਅਧਿਕਾਰੀਆਂ  ਨੂੰ ਇੱਕ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਤਿਆਰ ਕਰਨੀ ਚਾਹੀਦੀ ਹੈ, ਜੋ ਸਾਰੇ ਸੰਭਾਵੀ ਖਤਰਿਆਂ ਦਾ ਮੁਲਾਂਕਣ ਕਰਨ ਦੇ ਸਮਰੱਥ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਖੁੱਲ੍ਹੀ ਸਰਹੱਦ ਦੀ ਰੱਖਿਆ ਕਰਦੇ ਸਮੇਂ, ਸਾਨੂੰ ਸਰਹੱਦੀ ਸੁਰੱਖਿਆ ਦੇ ਕਈ ਨਵੇਂ ਆਯਾਮਾਂ ਨੂੰ  ਧਿਆਨ ਵਿੱਚ ਰੱਖਣਾ ਪੈਂਦਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ-2 ਅਤੇ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ-1 ਰਾਹੀਂ ਪਿੰਡਾਂ ਦੀ ਸਥਿਤੀ ਵਿੱਚ ਮਹੱਤਵਪੂਰਨ ਸੁਧਾਰ ਕਰਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਮੋਦੀ ਸਰਕਾਰ ਦੀ ਤਰਜੀਹ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਾਡੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਾਰੀਆਂ ਸੰਭਵ ਸਹੂਲਤਾਂ ਮਿਲਣ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਵੀਰ ਸਾਵਰਕਰ ਜੀ ਦੀ ਬਰਸੀ ਹੈ। ਉਨ੍ਹਾਂ ਕਿਹਾ ਕਿ ਵੀਰ ਸਾਵਰਕਰ ਜੀ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਅਦਭੁੱਤ ਯੋਧਾ ਹੀ ਨਹੀਂ ਸਨ, ਸਗੋਂ ਇੱਕ ਨਿਡਰ ਦੇਸ਼ਭਗਤ ਵੀ ਸਨ। ਉਨ੍ਹਾਂ ਕਿਹਾ ਕਿ ਵੀਰ ਸਾਵਰਕਰ ਦੀ ਕਲਮ ਵੀ ਬਹੁਤ ਸ਼ਕਤੀਸ਼ਾਲੀ ਸੀ ਅਤੇ ਉਨ੍ਹਾਂ ਨੇ ਗੱਦ ਅਤੇ ਕਵਿਤਾ (prose and poetry) ਦੇ ਮਾਧਿਅਮ ਨਾਲ ਦੇਸ਼ ਭਰ ਵਿੱਚ ਦੇਸ਼ ਭਗਤੀ ਦੀ ਲਹਿਰ ਪੈਦਾ ਕੀਤੀ। ਪਹਿਲਾਂ ਲੋਕ 1857 ਦੇ ਵਿਦਰੋਹ ਨੂੰ ਇੱਕ ਵਿਦਰੋਹ ਕਹਿੰਦੇ ਸਨ ਤਾਂ ਉਹ ਵੀਰ ਸਾਵਰਕਰ ਜੀ ਸਨ ਜਿਨ੍ਹਾਂ ਨੇ ਇਸ ਨੂੰ ਆਜ਼ਾਦੀ ਦੀ ਲੜਾਈ ਦਾ ਨਾਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਦ੍ਰਿਸ਼ਟੀਕੋਣ ਨੇ ਸਾਰੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਅਤੇ ਅਜ਼ਾਦੀ ਪ੍ਰਾਪਤ ਕਰਨ ਦੀ ਭਾਵਨਾ ਨਾਲ ਪ੍ਰੇਰਿਤ ਕੀਤਾ।

*****

 

ਆਰਕੇ/ਪੀਆਰ/ਪੀਐੱਸ/ਐੱਸਕੇ/ਏਕੇ


(Release ID: 2233874) ਵਿਜ਼ੀਟਰ ਕਾਊਂਟਰ : 37