ਪ੍ਰਧਾਨ ਮੰਤਰੀ ਦਫਤਰ
azadi ka amrit mahotsav AI Impact Summit 2026

ਫ਼ਰਾਂਸ ਦੇ ਰਾਸ਼ਟਰਪਤੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

Posted On: 17 FEB 2026 6:44PM by PIB Chandigarh

ਮਹਾਮਹਿਮ, ਮੇਰੇ ਪਿਆਰੇ ਦੋਸਤ, ਰਾਸ਼ਟਰਪਤੀ ਇਮੈਨੁਅਲ ਮੈਕਰੋਨ

ਦੋਵਾਂ ਦੇਸ਼ਾਂ ਦੇ ਡੈਲੀਗੇਟ, 

ਮੀਡੀਆ ਦੇ ਸਾਥੀਓ,

ਨਮਸਕਾਰ!

ਬੋਂ ਜੂ,

ਮੇਰੇ ਪਿਆਰੇ ਦੋਸਤ, ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਾ ਮੁੰਬਈ ਵਿੱਚ ਸਵਾਗਤ ਕਰਦਿਆਂ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਪਿਛਲੇ ਸਾਲ, ਉਨ੍ਹਾਂ ਨੇ ਮੈਨੂੰ ਫ਼ਰਾਂਸ ਵਿੱਚ ਏਆਈ ਐਕਸ਼ਨ ਸਮਿਟ ਲਈ ਬੁਲਾਇਆ ਸੀ।

ਉਸ ਸਮੇਂ ਅਸੀਂ ਮਾਰਸੇ ਦੀ ਯਾਤਰਾ ਕੀਤੀ- ਜੋ ਫ਼ਰਾਂਸ ਦੀ ਸਭ ਤੋਂ ਵੱਡੀ ਬੰਦਰਗਾਹ ਹੈ ਅਤੇ ਫ਼ਰਾਂਸ ਤੇ ਪੂਰੇ ਯੂਰਪ ਦਾ ਇੱਕ ਪ੍ਰਮੁੱਖ ਗੇਟਵੇਅ ਵੀ ਹੈ। ਮਾਰਸੇ ਉਹੀ ਸ਼ਹਿਰ ਹੈ, ਜਿੱਥੋਂ ਪਹਿਲੇ ਵਿਸ਼ਵ ਯੁੱਧ ਵਿੱਚ ਸਾਡੇ ਭਾਰਤੀ ਸੈਨਿਕਾਂ ਨੇ ਯੂਰਪ ਵਿੱਚ ਆਪਣੇ ਕਦਮ ਰੱਖੇ। ਉਨ੍ਹਾਂ ਦੀ ਬਹਾਦਰੀ ਦੀ ਗਾਥਾ ਯੂਰਪ ਦੇ ਕਈ ਹਿੱਸਿਆਂ ਵਿੱਚ ਅੱਜ ਵੀ ਯਾਦ ਕੀਤੀ ਜਾਂਦੀ ਹੈ।

ਅਤੇ ਇਹ ਉਹੀ ਸ਼ਹਿਰ ਹੈ, ਜਿੱਥੇ ਸੁਤੰਤਰਤਾ ਸੈਨਾਨੀ ਵੀਰ ਸਾਵਰਕਰ ਨੇ ਅੰਗਰੇਜ਼ਾਂ ਦੀ ਪਕੜ ਤੋਂ ਨਿਕਲਣ ਲਈ ਸਮੁੰਦਰ ਵਿੱਚ ਛਾਲ ਮਾਰੀ ਸੀ। ਉਨ੍ਹਾਂ ਦਾ ਇਹ ਕਦਮ ਭਾਰਤ ਦੀ ਆਜ਼ਾਦੀ ਲਈ ਉਨ੍ਹਾਂ ਦੇ ਅਟੁੱਟ ਸੰਕਲਪ ਦਾ ਪ੍ਰਤੀਕ ਸੀ। ਮੈਨੂੰ ਪਿਛਲੇ ਸਾਲ ਮਾਰਸੇ ਵਿੱਚ ਉਨ੍ਹਾਂ ਨੂੰ ਯਾਦ ਕਰਨ ਅਤੇ ਨਮਨ ਕਰਨ ਦਾ ਮੌਕਾ ਮਿਲਿਆ ਸੀ।

ਇਸ ਵਾਰ, ਜਦੋਂ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਭਾਰਤ ਵਿੱਚ ਏਆਈ ਇੰਪੈਕਟ ਸਮਿਟ ਲਈ ਆਏ ਹਨ, ਤਾਂ ਸਾਡਾ ਸੁਭਾਗ ਹੈ ਕਿ ਅਸੀਂ ਉਨ੍ਹਾਂ ਦਾ ਸਵਾਗਤ, ਗੇਟਵੇਅ ਆਫ਼ ਇੰਡੀਆ ਭਾਵ, ਮੁੰਬਈ ਵਿੱਚ ਕਰ ਰਹੇ ਹਾਂ।

ਦੋਸਤੋ,

ਭਾਰਤ ਅਤੇ ਫ਼ਰਾਂਸ ਦੇ ਸਬੰਧ ਬਹੁਤ ਹੀ ਖ਼ਾਸ ਹਨ। ਫ਼ਰਾਂਸ ਭਾਰਤ ਦੇ ਸਭ ਤੋਂ ਪੁਰਾਣੇ ਰਣਨੀਤਕ ਭਾਈਵਾਲਾਂ ਵਿੱਚੋਂ ਇੱਕ ਹੈ ਅਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮਿਲ ਕੇ ਅਸੀਂ ਇਸ ਰਣਨੀਤਕ ਭਾਈਵਾਲੀ ਨੂੰ ਬੇਮਿਸਾਲ ਡੂੰਘਾਈ ਅਤੇ ਊਰਜਾ ਦਿੱਤੀ ਹੈ। ਇਸੇ ਵਿਸ਼ਵਾਸ ਅਤੇ ਸਾਂਝੇ ਵਿਜ਼ਨ ਦੇ ਆਧਾਰ 'ਤੇ, ਅੱਜ ਅਸੀਂ ਆਪਣੇ ਸਬੰਧਾਂ ਨੂੰ, ਵਿਸ਼ੇਸ਼ ਆਲਮੀ ਰਣਨੀਤਕ ਭਾਈਵਾਲੀ ਵਜੋਂ ਸਥਾਪਤ ਕਰ ਰਹੇ ਹਾਂ।

ਇਹ ਭਾਈਵਾਲੀ ਸਿਰਫ਼ ਰਣਨੀਤਕ ਨਹੀਂ ਹੈ। ਅੱਜ ਦੇ ਉਥਲ-ਪੁਥਲ ਭਰੇ ਦੌਰ ਵਿੱਚ, ਇਹ ਆਲਮੀ ਸਥਿਰਤਾ ਅਤੇ ਆਲਮੀ ਤਰੱਕੀ ਦੀ ਭਾਈਵਾਲੀ ਹੈ।

ਦੋਸਤੋ,

ਅੱਜ ਭਾਰਤ ਵਿੱਚ ਹੈਲੀਕਾਪਟਰ ਅਸੈਂਬਲੀ ਲਾਈਨ ਦਾ ਉਦਘਾਟਨ, ਇਸੇ ਡੂੰਘੇ ਵਿਸ਼ਵਾਸ ਦੀ ਇੱਕ ਹੋਰ ਸ਼ਾਨਦਾਰ ਮਿਸਾਲ ਹੈ। ਸਾਨੂੰ ਮਾਣ ਹੈ ਕਿ, ਭਾਰਤ ਅਤੇ ਫ਼ਰਾਂਸ ਮਿਲ ਕੇ, ਮਾਊਂਟ ਐਵਰੈਸਟ ਦੀਆਂ ਉਚਾਈਆਂ ਤੱਕ ਉਡਾਣ ਭਰਨ ਵਾਲਾ, ਦੁਨੀਆ ਦਾ ਇਕਲੌਤਾ ਹੈਲੀਕਾਪਟਰ ਭਾਰਤ ਵਿੱਚ ਬਣਾਉਣਗੇ ਅਤੇ ਇਹ ਪੂਰੀ ਦੁਨੀਆ ਨੂੰ ਬਰਾਮਦ ਵੀ ਕਰਨਗੇ।

ਭਾਵ, ਭਾਰਤ-ਫ਼ਰਾਂਸ ਭਾਈਵਾਲੀ ਦੀ ਕੋਈ ਸੀਮਾ ਨਹੀਂ ਹੈ, ਇਹ ਡੂੰਘੇ ਸਮੁੰਦਰਾਂ ਤੋਂ ਲੈ ਕੇ ਸਭ ਤੋਂ ਉੱਚੇ ਪਹਾੜਾਂ ਤੱਕ ਪਹੁੰਚ ਸਕਦੀ ਹੈ।

ਦੋਸਤੋ,

ਸਾਲ 2026, ਭਾਰਤ ਅਤੇ ਯੂਰਪ ਦੇ ਸਬੰਧਾਂ ਵਿੱਚ ਇੱਕ ਮੋੜ ਹੈ। ਕੁਝ ਹੀ ਦਿਨ ਪਹਿਲਾਂ, ਅਸੀਂ ਯੂਰਪੀ ਸੰਘ ਨਾਲ, ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਉਤਸ਼ਾਹੀ ਮੁਕਤ ਵਪਾਰ ਸਮਝੌਤਾ ਕੀਤਾ ਹੈ। ਇਹ ਮੁਕਤ ਵਪਾਰ ਸਮਝੌਤਾ, ਭਾਰਤ ਅਤੇ ਫ਼ਰਾਂਸ ਦੇ ਸਬੰਧਾਂ ਵਿੱਚ ਵੀ ਬੇਮਿਸਾਲ ਗਤੀ ਲਿਆਵੇਗਾ।

ਆਪਸੀ ਨਿਵੇਸ਼ ਨੂੰ ਹੁਲਾਰਾ ਦੇਣ ਲਈ, ਅੱਜ ਅਸੀਂ ਸਮਝੌਤਾ ਕਰ ਰਹੇ ਹਾਂ ਜਿਸ ਨਾਲ ਸਾਡੇ ਲੋਕਾਂ ਅਤੇ ਕੰਪਨੀਆਂ ਨੂੰ ਦੋਹਰਾ ਟੈਕਸ ਨਾ ਦੇਣਾ ਪਵੇ। ਇਨ੍ਹਾਂ ਸਾਰੀਆਂ ਪਹਿਲਕਦਮੀਆਂ ਨਾਲ, ਆਪਸੀ ਵਪਾਰ, ਨਿਵੇਸ਼ ਅਤੇ ਆਵਾਜਾਈ ਨੂੰ ਨਵੀਂ ਊਰਜਾ ਮਿਲੇਗੀ ਅਤੇ ਇਹੀ ਸਾਂਝੀ ਖ਼ੁਸ਼ਹਾਲੀ ਦਾ ਰੋਡਮੈਪ ਹੈ।

ਦੋਸਤੋ,

ਭਾਰਤ-ਫ਼ਰਾਂਸ ਇਨੋਵੇਸ਼ਨ ਸਾਲ ਦੀ ਸ਼ੁਰੂਆਤ ਨਾਲ, ਹੁਣ ਅਸੀਂ ਆਪਣੀ ਰਣਨੀਤਕ ਭਾਈਵਾਲੀ ਨੂੰ, ਲੋਕਾਂ ਦੀ ਭਾਈਵਾਲੀ ਬਣਾਉਣ ਜਾ ਰਹੇ ਹਾਂ। ਕਿਉਂਕਿ ਇਨੋਵੇਸ਼ਨ (ਨਵੀਨਤਾ) ਇਕੱਲਤਾ ਵਿੱਚ ਨਹੀਂ, ਸਗੋਂ ਸਹਿਯੋਗ ਨਾਲ ਹੁੰਦੀ ਹੈ।

ਇਸ ਲਈ, ਭਾਰਤ-ਫ਼ਰਾਂਸ ਇਨੋਵੇਸ਼ਨ ਸਾਲ ਵਿੱਚ ਸਾਡਾ ਟੀਚਾ, ਲੋਕਾਂ ਦਰਮਿਆਨ ਸੰਪਰਕ ਮਜ਼ਬੂਤ ਕਰਨ ਦਾ ਹੈ। ਰੱਖਿਆ ਹੋਵੇ ਜਾਂ ਸਾਫ਼ ਊਰਜਾ, ਪੁਲਾੜ ਹੋਵੇ ਜਾਂ ਉੱਭਰਦੀਆਂ ਤਕਨਾਲੋਜੀਆਂ, ਹਰ ਖੇਤਰ ਵਿੱਚ ਅਸੀਂ ਆਪਣੀਆਂ ਸਨਅਤਾਂ ਅਤੇ ਨਵੀਨਤਾਕਾਰਾਂ ਨੂੰ ਆਪਸ ਵਿੱਚ ਜੋੜਾਂਗੇ।

ਸਟਾਰਟ-ਅੱਪਸ ਅਤੇ ਐੱਮਐੱਸਐੱਮਈਜ਼ ਵਿਚਕਾਰ ਮਜ਼ਬੂਤ ਨੈੱਟਵਰਕ ਬਣਾਵਾਂਗੇ। ਸਾਡੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਦੇ ਆਦਾਨ-ਪ੍ਰਦਾਨ ਨੂੰ ਹੋਰ ਸੌਖਾ ਬਣਾਵਾਂਗੇ ਅਤੇ ਇਸ ਦੇ ਨਾਲ-ਨਾਲ, ਸੰਯੁਕਤ ਇਨੋਵੇਸ਼ਨ ਦੇ ਨਵੇਂ ਕੇਂਦਰ ਵੀ ਤਿਆਰ ਕਰਾਂਗੇ।

ਦੋਸਤੋ,

ਅੱਜ ਅਸੀਂ ਮਹੱਤਵਪੂਰਨ ਖਣਿਜਾਂ, ਬਾਇਓ-ਤਕਨਾਲੋਜੀ ਅਤੇ ਉੱਨਤ ਸਮਗਰੀ ਵਿੱਚ ਆਪਣਾ ਸਹਿਯੋਗ ਹੋਰ ਮਜ਼ਬੂਤ ਕਰ ਰਹੇ ਹਾਂ। ਅਸੀਂ ਸਿਹਤ ਵਿੱਚ ਏਆਈ ਲਈ ਇੰਡੋ-ਫਰੈਂਚ ਸੈਂਟਰ, ਡਿਜੀਟਲ ਵਿਗਿਆਨ ਅਤੇ ਤਕਨਾਲੋਜੀ ਲਈ ਇੰਡੋ-ਫਰੈਂਚ ਸੈਂਟਰ ਅਤੇ ਏਅਰੋਨੌਟਿਕਸ ਵਿੱਚ ਹੁਨਰ ਸਿਖਲਾਈ ਲਈ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਲਾਂਚ ਕਰਨ ਜਾ ਰਹੇ ਹਾਂ ਅਤੇ ਇਹ ਸਿਰਫ਼ ਸੰਸਥਾਵਾਂ ਨਹੀਂ ਹਨ। ਇਹ ਭਵਿੱਖ-ਨਿਰਮਾਣ ਦੇ ਮੰਚ ਹਨ।

ਦੋਸਤੋ,

ਅੱਜ ਦੁਨੀਆ ਬੇਯਕੀਨੀ ਦੇ ਦੌਰ ਵਿੱਚੋਂ ਲੰਘ ਰਹੀ ਹੈ। ਅਜਿਹੇ ਮਾਹੌਲ ਵਿੱਚ, ਭਾਰਤ-ਫ਼ਰਾਂਸ ਭਾਈਵਾਲੀ ਆਲਮੀ ਸਥਿਰਤਾ ਲਈ ਇੱਕ ਤਾਕਤ ਹੈ। ਅਸੀਂ ਫ਼ਰਾਂਸ ਦੀ ਮੁਹਾਰਤ ਅਤੇ ਭਾਰਤ ਦੇ ਪੈਮਾਨੇ ਨੂੰ ਜੋੜ ਰਹੇ ਹਾਂ। ਅਸੀਂ ਭਰੋਸੇਮੰਦ ਤਕਨਾਲੋਜੀਆਂ ਵਿਕਸਤ ਕਰ ਰਹੇ ਹਾਂ। ਅਸੀਂ ਅੰਤਰਰਾਸ਼ਟਰੀ ਸੂਰਜੀ ਗੱਠਜੋੜ, ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ ਭਾਵ ਆਈਮੈਕ ਅਤੇ ਸੰਯੁਕਤ ਵਿਕਾਸ ਪ੍ਰੋਜੈਕਟਾਂ ਰਾਹੀਂ, ਮਨੁੱਖੀ ਵਿਕਾਸ ਯਕੀਨੀ ਬਣਾਵਾਂਗੇ ਅਤੇ ਬਹੁਪੱਖੀਵਾਦ, ਗੱਲਬਾਤ ਅਤੇ ਕੂਟਨੀਤੀ ਰਾਹੀਂ, ਸਥਿਰਤਾ ਅਤੇ ਖ਼ੁਸ਼ਹਾਲੀ ਦੇ ਯਤਨਾਂ ਨੂੰ ਬਲ ਦਿੰਦੇ ਰਹਾਂਗੇ।

ਦੋਸਤੋ,

ਭਾਰਤ ਅਤੇ ਫ਼ਰਾਂਸ, ਦੋਵੇਂ, ਲੋਕਤੰਤਰੀ ਕਦਰਾਂ-ਕੀਮਤਾਂ, ਕਾਨੂੰਨ ਦੇ ਰਾਜ ਅਤੇ ਬਹੁ-ਧਰੁਵੀ ਸੰਸਾਰ ਵਿੱਚ ਵਿਸ਼ਵਾਸ ਰੱਖਦੇ ਹਨ। ਅਸੀਂ ਇੱਕਮਤ ਹਾਂ ਕਿ, ਆਲਮੀ ਸੰਸਥਾਵਾਂ ਦੇ ਸੁਧਾਰ ਨਾਲ ਹੀ, ਆਲਮੀ ਚੁਣੌਤੀਆਂ ਦਾ ਹੱਲ ਨਿਕਲੇਗਾ।

ਯੂਕਰੇਨ, ਪੱਛਮੀ ਏਸ਼ੀਆ, ਜਾਂ ਫਿਰ ਇੰਡੋ-ਪੈਸੀਫਿਕ, ਅਸੀਂ ਹਰ ਖੇਤਰ ਵਿੱਚ ਸ਼ਾਂਤੀ ਦੇ ਸਾਰੇ ਯਤਨਾਂ ਦਾ ਸਮਰਥਨ ਕਰਦੇ ਰਹਾਂਗੇ। ਅੱਤਵਾਦ ਦੇ ਹਰ ਰੂਪ ਅਤੇ ਸਰੂਪ ਨੂੰ ਜੜ੍ਹੋਂ ਮਿਟਾਉਣਾ ਸਾਡੀ ਸਾਂਝੀ ਵਚਨਬੱਧਤਾ ਹੈ।

ਦੋਸਤੋ,

ਭਾਰਤ ਅਤੇ ਫ਼ਰਾਂਸ, ਦੋਵੇਂ ਹੀ ਪ੍ਰਾਚੀਨ ਅਤੇ ਅਮੀਰ ਸਭਿਅਤਾਵਾਂ ਹਨ। ਅਸੀਂ ਆਪਣੇ ਸਭਿਆਚਾਰਕ ਅਤੇ ਲੋਕਾਂ ਦਰਮਿਆਨ ਸਬੰਧਾਂ ਨੂੰ ਬਹੁਤ ਮਹੱਤਵ ਦਿੰਦੇ ਹਾਂ। ਸਾਨੂੰ ਬਹੁਤ ਖ਼ੁਸ਼ੀ ਹੈ, ਕਿ 'ਯੁਗੇ ਯੁਗੀਨ ਭਾਰਤ ਮਿਊਜ਼ੀਅਮ' ਵਿੱਚ ਸਾਡਾ ਸਹਿਯੋਗ ਰਿਹਾ ਹੈ ਅਤੇ ਹੁਣ ਲੋਥਲ ਦੇ 'ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ' ਵਿੱਚ ਵੀ, ਅਸੀਂ ਫ਼ਰਾਂਸ ਨਾਲ ਸਹਿਯੋਗ ਕਰਨ ਜਾ ਰਹੇ ਹਾਂ।

ਭਾਰਤੀ ਸੱਭਿਆਚਾਰ ਨੂੰ ਫ਼ਰਾਂਸ ਦੇ ਲੋਕਾਂ ਦੇ ਹੋਰ ਨੇੜੇ ਪਹੁੰਚਾਉਣ ਲਈ, ਅਸੀਂ ਜਲਦੀ ਹੀ ਫ਼ਰਾਂਸ ਵਿੱਚ ਸੁਆਮੀ ਵਿਵੇਕਾਨੰਦ ਸਭਿਆਚਾਰਕ ਕੇਂਦਰ ਖੋਲ੍ਹਣ ਜਾ ਰਹੇ ਹਾਂ।

ਮਹਾਮਹਿਮ,

ਭਾਰਤ-ਫ਼ਰਾਂਸ ਭਾਈਵਾਲੀ ਪ੍ਰਤੀ ਤੁਹਾਡੀ ਡੂੰਘੀ ਵਚਨਬੱਧਤਾ ਰਹੀ ਹੈ। ਮੈਨੂੰ ਖ਼ੁਸ਼ੀ ਹੈ ਕਿ ਅੱਜ ਅਸੀਂ ਮਿਲ ਕੇ ਆਪਣੇ ਸਬੰਧਾਂ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰ ਰਹੇ ਹਾਂ।

ਆਓ, ਅਸੀਂ ਮਿਲ ਕੇ ਆਲਮੀ ਸਥਿਰਤਾ ਅਤੇ ਖ਼ੁਸ਼ਹਾਲੀ ਲਈ ਕੰਮ ਕਰੀਏ।

ਬਹੁਤ-ਬਹੁਤ ਧੰਨਵਾਦ।

 

ਮੈਸੀ ਬਕੂ

 

****************

ਐੱਮਜੇਪੀਐੱਸ/ਐੱਸਆਰ


(Release ID: 2229626) ਵਿਜ਼ੀਟਰ ਕਾਊਂਟਰ : 4