ਪ੍ਰਧਾਨ ਮੰਤਰੀ ਦਫਤਰ
ਸੇਵਾ ਤੀਰਥ ਅਤੇ ਕਰਤੱਵਯ ਭਵਨ-1 ਅਤੇ ਕਰਤੱਵਯ ਭਵਨ-2 ਦੇ ਉਦਘਾਟਨ ਦੇ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Posted On:
13 FEB 2026 8:36PM by PIB Chandigarh
ਕੇਂਦਰ ਸਰਕਾਰ ਦੇ ਸਾਰੇ ਮੰਤਰੀ, ਸਾਰੇ ਸੰਸਦ ਮੈਂਬਰ, ਸਰਕਾਰ ਦੇ ਸਾਰੇ ਕਰਮਚਾਰੀ, ਹੋਰ ਪਤਵੰਤੇ ਅਤੇ ਮੇਰੇ ਪਿਆਰੇ ਸਾਥੀਓ!
ਅੱਜ ਅਸੀਂ ਸਾਰੇ ਇੱਕ ਨਵਾਂ ਇਤਿਹਾਸ ਬਣਦਾ ਦੇਖ ਰਹੇ ਹਾਂ। ਅੱਜ ਵਿਕ੍ਰਮ ਸੰਵਤ 2082, ਫਾਲਗੁਣ ਕ੍ਰਿਸ਼ਣ ਪਕਸ਼, ਵਿਜੈ ਏਕਾਦਸ਼ੀ, ਇਹ ਮਹੱਤਵਪੂਰਨ ਸ਼ੁਭ ਦਿਨ ਮਾਘ 24, ਸਾਕਾ ਸੰਵਤ 1947 ਦਾ ਪੁੰਨ ਮੌਕਾ ਅਤੇ ਅੱਜ ਦੀ ਆਮ ਭਾਸ਼ਾ ਵਿੱਚ ਕਹਾਂ ਤਾਂ, 13 ਫਰਵਰੀ ਦਾ ਇਹ ਦਿਨ, ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਨਵੀਂ ਸ਼ੁਰੂਆਤ ਦਾ ਗਵਾਹ ਬਣ ਰਿਹਾ ਹੈ। ਸਾਡੇ ਇੱਥੇ ਸ਼ਾਸਤਰਾਂ ਵਿੱਚ ਵਿਜੈ ਏਕਾਦਸ਼ੀ ਦਾ ਬਹੁਤ ਮਹੱਤਵ ਰਿਹਾ ਹੈ; ਇਸ ਦਿਨ ਜਿਸ ਸੰਕਲਪ ਦੇ ਨਾਲ ਅੱਗੇ ਵਧਦੇ ਹਾਂ, ਉਸ ਵਿੱਚ ਜਿੱਤ ਜ਼ਰੂਰ ਪ੍ਰਾਪਤ ਹੁੰਦੀ ਹੈ। ਅੱਜ ਅਸੀਂ ਸਾਰੇ ਵੀ ਵਿਕਸਿਤ ਭਾਰਤ ਦਾ ਸੰਕਲਪ ਲੈ ਕੇ ਸੇਵਾ ਤੀਰਥ ਵਿੱਚ, ਕਰਤੱਵਯ ਭਵਨ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਸਾਡੇ ਟੀਚਿਆਂ ਵਿੱਚ ਜਿੱਤ ਪ੍ਰਾਪਤ ਹੋਣ ਦਾ ਬ੍ਰਹਮ ਅਸ਼ੀਰਵਾਦ ਸਾਡੇ ਨਾਲ ਹੈ। ਮੈਂ ਤੁਹਾਨੂੰ ਸਾਰਿਆਂ ਨੂੰ, ਪੀਐੱਮਓ ਦੀ ਪੂਰੀ ਟੀਮ ਨੂੰ, ਕੈਬਨਿਟ ਸਕੱਤਰੇਤ ਅਤੇ ਵੱਖ-ਵੱਖ ਵਿਭਾਗਾਂ ਦੇ ਸਾਰੇ ਕਰਮਚਾਰੀਆਂ ਨੂੰ ਸੇਵਾ ਤੀਰਥ ਅਤੇ ਨਵੇਂ ਭਵਨਾਂ ਦੀ ਵਧਾਈ ਦਿੰਦਾ ਹਾਂ। ਮੈਂ ਇਨ੍ਹਾਂ ਦੇ ਨਿਰਮਾਣ ਵਿੱਚ ਸ਼ਾਮਲ ਸਾਰੇ ਇੰਜੀਨੀਅਰਾਂ ਅਤੇ ਸਾਥੀ ਕਰਮਚਾਰੀਆਂ ਦਾ ਧੰਨਵਾਦ ਕਰਦਾ ਹਾਂ।
ਸਾਥੀਓ,
ਆਜ਼ਾਦੀ ਦੇ ਬਾਅਦ ਸਾਉਥ ਬਲਾਕ ਅਤੇ ਨਾਰਥ ਬਲਾਕ ਜਿਹੀਆਂ ਇਮਾਰਤਾਂ ਨਾਲ ਦੇਸ਼ ਦੇ ਲਈ ਕਈ ਅਹਿਮ ਫੈਸਲੇ ਹੋਏ, ਨੀਤੀਆਂ ਬਣੀਆਂ। ਪਰ ਇਹ ਵੀ ਸੱਚ ਹੈ ਕਿ ਇਹ ਇਮਾਰਤਾਂ ਬ੍ਰਿਟਿਸ਼ ਸਾਮਰਾਜ ਦੇ ਪ੍ਰਤੀਕ ਦੇ ਤੌਰ ’ਤੇ ਬਣਾਈਆਂ ਗਈਆਂ ਸਨ। ਇਨ੍ਹਾਂ ਇਮਾਰਤਾਂ ਨੂੰ ਬਣਾਉਣ ਦਾ ਉਦੇਸ਼ ਭਾਰਤ ਨੂੰ ਸਦੀਆਂ ਤੱਕ ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੇ ਰੱਖਣਾ ਸੀ।
ਸਾਥੀਓ,
ਤੁਸੀਂ ਵੀ ਜਾਣਦੇ ਹੋ, ਇੱਕ ਸਮਾਂ ਸੀ, ਜਦੋਂ ਕੋਲਕਾਤਾ ਸ਼ਹਿਰ ਦੇਸ਼ ਦੀ ਰਾਜਧਾਨੀ ਹੋਇਆ ਕਰਦੀ ਸੀ। ਪਰ 1905 ਦੀ ਬੰਗਾਲ ਵੰਡ ਦੇ ਉਸ ਦੌਰ ਵਿੱਚ ਕੋਲਕਾਤਾ ਬ੍ਰਿਟਿਸ਼ ਵਿਰੋਧੀ ਅੰਦੋਲਨ ਦਾ ਮਜ਼ਬੂਤ ਕੇਂਦਰ ਬਣ ਚੁੱਕਾ ਸੀ। ਅਤੇ ਇਸ ਲਈ ਅੰਗਰੇਜ਼ਾਂ ਨੇ 1911 ਵਿੱਚ ਭਾਰਤ ਦੀ ਰਾਜਧਾਨੀ ਨੂੰ ਕੋਲਕਾਤਾ ਤੋਂ ਦਿੱਲੀ ਸ਼ਿਫਟ ਕੀਤਾ ਅਤੇ ਉਸ ਦੇ ਬਾਅਦ ਅੰਗਰੇਜ਼ੀ ਹਕੂਮਤ ਦੀਆਂ ਜ਼ਰੂਰਤਾਂ ਅਤੇ ਉਸ ਦੀ ਸੋਚ ਨੂੰ ਧਿਆਨ ਵਿੱਚ ਰੱਖ ਕੇ ਨਾਰਥ ਬਲਾਕ, ਸਾਉਥ ਬਲਾਕ ਜਿਹੀਆਂ ਇਮਾਰਤਾਂ ਬਣਾਉਣ ਦਾ ਕੰਮ ਸ਼ੁਰੂ ਹੋਇਆ। ਇਸ ਦੇ ਬਾਅਦ ਜਦੋਂ ਰਾਯਸੀਨਾ ਹਿਲਜ਼ ਦੇ ਇਨ੍ਹਾਂ ਭਵਨਾਂ ਦਾ ਉਦਘਾਟਨ ਹੋਇਆ ਸੀ, ਓਦੋਂ ਉਸ ਸਮੇਂ ਦੇ ਵਾਇਸਰਾਏ ਨੇ ਕਿਹਾ ਸੀ, ਜੋ ਨਵੇਂ ਭਵਨ ਬਣੇ ਹਨ, ਉਹ ਬ੍ਰਿਟਿਸ਼ ਸਮਰਾਟ ਦੀਆਂ ਇੱਛਾਵਾਂ ਦੇ ਅਨੁਰੂਪ ਬਣੇ ਹਨ, ਭਾਵ ਉਸ ਦੌਰ ਵਿੱਚ ਇਹ ਭਵਨ ਬ੍ਰਿਟੇਨ ਦੇ ਮਹਾਰਾਜਾ ਦੀ ਸੋਚ ਨੂੰ ਗ਼ੁਲਾਮ ਭਾਰਤ ਦੀ ਜ਼ਮੀਨ ’ਤੇ ਉਤਾਰਨ ਦਾ ਤਰੀਕਾ ਸਨ।
ਰਾਯਸੀਨਾ ਹਿਲਜ਼ ਦੀ ਚੋਣ ਵੀ ਇਸ ਲਈ ਕੀਤੀ ਗਈ ਕਿ ਇਹ ਇਮਾਰਤਾਂ, ਹੋਰ ਇਮਾਰਤਾਂ ਤੋਂ ਉੱਪਰ ਰਹੇ, ਕੋਈ ਉਨ੍ਹਾਂ ਦੀ ਬਰਾਬਰੀ ਨਾ ਕਰ ਸਕੇ। ਹੁਣ ਸੰਜੋਗ ਨਾਲ ਸੇਵਾ ਤੀਰਥ ਦਾ ਇਹ ਪੂਰਾ ਸਥਾਨ ਕਿਸੇ ਪਹਾੜੀ ’ਤੇ ਨਾ ਹੋ ਕੇ, ਜ਼ਮੀਨ ਨਾਲ ਜ਼ਿਆਦਾ ਜੁੜਿਆ ਹੈ। ਸਾਉਥ ਬਲਾਕ ਅਤੇ ਨਾਰਥ ਬਲਾਕ ਜਿਹੀਆਂ ਇਮਾਰਤਾਂ, ਜਿੱਥੇ ਬ੍ਰਿਟਿਸ਼ ਹਕੂਮਤ ਦੀ ਸੋਚ ਨੂੰ ਲਾਗੂ ਕਰਨ ਦੇ ਲਈ ਬਣੀਆਂ ਸਨ, ਉੱਥੇ ਅੱਜ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਸੇਵਾ ਤੀਰਥ ਅਤੇ ਕਰਤੱਵਯ ਭਵਨ ਜਿਹੇ ਨਵੇਂ ਸਥਾਨ, ਭਾਰਤ ਦੀ, ਜਨਤਾ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ ਬਣੇ ਹਨ। ਇੱਥੋਂ ਜੋ ਫੈਸਲੇ ਹੋਣਗੇ, ਉਹ ਕਿਸੇ ਮਹਾਰਾਜਾ ਦੀ ਸੋਚ ਨੂੰ ਨਹੀਂ, 140 ਕਰੋੜ ਦੇਸ਼-ਵਾਸੀਆਂ ਦੀਆਂ ਉਮੀਦਾਂ ਨੂੰ ਅੱਗੇ ਵਧਾਉਣ ਦਾ ਅਧਾਰ ਬਣਨਗੇ। ਇਸੇ ਅੰਮ੍ਰਿਤ ਭਾਵਨਾ ਦੇ ਨਾਲ ਅੱਜ ਮੈਂ ਇਹ ਸੇਵਾ ਤੀਰਥ, ਇਹ ਕਰਤੱਵਯ ਭਵਨ, ਭਾਰਤ ਦੀ ਜਨਤਾ ਨੂੰ ਸਮਰਪਿਤ ਕਰ ਰਿਹਾ ਹਾਂ।
ਸਾਥੀਓ,
ਇਸ ਸਮੇਂ 21ਵੀਂ ਸਦੀ ਦੀ ਪਹਿਲੀ ਤਿਮਾਹੀ ਪੂਰੀ ਹੋ ਚੁੱਕੀ ਹੈ। ਇਹ ਜ਼ਰੂਰੀ ਹੈ ਕਿ ਵਿਕਸਿਤ ਭਾਰਤ ਦੀ ਸਾਡੀ ਕਲਪਨਾ ਸਿਰਫ਼ ਨੀਤੀਆਂ ਅਤੇ ਯੋਜਨਾਵਾਂ ਵਿੱਚ ਹੀ ਨਹੀਂ, ਸਾਡੇ ਕਾਰਜ ਸਥਾਨਾਂ, ਸਾਡੀਆਂ ਇਮਾਰਤਾਂ ਵਿੱਚ ਵੀ ਦਿਖਾਈ ਦੇਣ। ਜਿੱਥੋਂ ਦੇਸ਼ ਦਾ ਸੰਚਾਲਨ ਹੁੰਦਾ ਹੈ, ਉਹ ਥਾਂ ਪ੍ਰਭਾਵੀ ਵੀ ਹੋਣੀ ਚਾਹੀਦੀ ਹੈ ਅਤੇ ਪ੍ਰੇਰਨਾ ਨਾਲ ਭਰੀ ਵੀ ਹੋਣੀ ਚਾਹੀਦੀ ਹੈ। ਉਹ ਪ੍ਰਭਾਵਸ਼ਾਲੀ ਵੀ ਹੋਵੇ ਅਤੇ ਪ੍ਰੇਰਨਾਦਾਇਕ ਵੀ ਹੋਵੇ। ਅੱਜ ਨਵੀਂ-ਨਵੀਂ ਟੈਕਨਾਲੋਜੀ ਤੇਜ਼ੀ ਨਾਲ ਸਾਡੇ ਵਿੱਚ ਜਗ੍ਹਾ ਬਣਾ ਰਹੀ ਹੈ। ਪਰ, ਇਨ੍ਹਾਂ ਸੁਵਿਧਾਵਾਂ ਦੇ ਵਿਸਤਾਰ ਦੇ ਲਈ, ਨਵੇਂ ਟੂਲਜ਼ ਦੀ ਵਰਤੋਂ ਲਈ ਪੁਰਾਣੀਆਂ ਇਮਾਰਤਾਂ ਨਾਕਾਫ਼ੀ ਪੈ ਰਹੀਆਂ ਸਨ।
ਸਾਉਥ ਬਲਾਕ, ਨਾਰਥ ਬਲਾਕ, ਪੁਰਾਣੇ ਭਵਨਾਂ ਵਿੱਚ ਜਗ੍ਹਾ ਦੀ ਕਮੀ ਸੀ, ਸਹੂਲਤਾਂ ਦੀ ਵੀ ਆਪਣੀਆਂ ਹੱਦਾਂ ਸਨ, ਕਰੀਬ-ਕਰੀਬ ਸੌ ਸਾਲ ਪੁਰਾਣੀਆਂ ਇਹ ਇਮਾਰਤਾਂ ਅੰਦਰ ਤੋਂ ਖੋਖਲੀਆਂ ਹੁੰਦੀਆਂ ਜਾ ਰਹੀਆਂ ਸਨ, ਇਸ ਦੇ ਇਲਾਵਾ ਵੀ ਕਈ ਚੁਣੌਤੀਆਂ ਸਨ। ਮੈਂ ਸਮਝਦਾ ਹਾਂ, ਇਨ੍ਹਾਂ ਚੁਣੌਤੀਆਂ ਬਾਰੇ ਵੀ ਦੇਸ਼ ਨੂੰ ਨਿਰੰਤਰ ਦੱਸਿਆ ਜਾਣਾ ਜ਼ਰੂਰੀ ਹੈ। ਜਿਵੇਂ ਆਜ਼ਾਦੀ ਦੇ ਇੰਨੇ ਦਹਾਕਿਆਂ ਬਾਅਦ ਵੀ ਸਰਕਾਰ ਦੇ ਕਈ ਮੰਤਰਾਲੇ ਦਿੱਲੀ ਦੇ 50 ਤੋਂ ਜ਼ਿਆਦਾ ਵੱਖ-ਵੱਖ ਥਾਵਾਂ ਤੋਂ ਚੱਲ ਰਹੇ ਹਨ। ਹਰ ਸਾਲ, ਇਨ੍ਹਾਂ ਮੰਤਰਾਲਿਆਂ ਦੀਆਂ ਇਮਾਰਤਾਂ ਦੇ ਕਿਰਾਏ ’ਤੇ ਹੀ ਪ੍ਰਤੀ ਵਰ੍ਹੇ ਡੇਢ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋ ਰਹੇ ਸਨ। ਹਰ ਰੋਜ਼ 8 ਤੋਂ 10 ਹਜ਼ਾਰ ਕਰਮਚਾਰੀਆਂ ਨੂੰ ਇੱਕ ਇਮਾਰਤ ਤੋਂ ਦੂਜੀ ਇਮਾਰਤ ਵਿੱਚ ਜਾਣ ਦਾ ਲੌਜਿਸਟਿਕਸ ਖਰਚ ਅਲੱਗ ਹੁੰਦਾ ਸੀ। ਹੁਣ ਸੇਵਾ ਤੀਰਥ ਅਤੇ ਕਰਤੱਵਯ ਭਵਨਾਂ ਦੇ ਨਿਰਮਾਣ ਨਾਲ ਇਹ ਖਰਚ ਘੱਟ ਹੋਵੇਗਾ, ਸਮਾਂ ਬਚੇਗਾ ਅਤੇ ਕਰਮਚਾਰੀਆਂ ਦੇ ਸਮੇਂ ਦੀ ਇਸ ਬੱਚਤ ਨਾਲ ਉਤਪਾਦਕਤਾ ਵਧੇਗੀ।
ਸਾਥੀਓ,
ਇਸ ਬਦਲਾਅ ਦੇ ਵਿੱਚ, ਯਕੀਨੀ ਤੌਰ ’ਤੇ ਪੁਰਾਣੇ ਭਵਨ ਵਿੱਚ ਬਿਤਾਏ ਗਏ ਵਰ੍ਹਿਆਂ ਦੀਆਂ ਯਾਦਾਂ ਸਾਡੇ ਨਾਲ ਰਹਿਣਗੀਆਂ। ਵੱਖ-ਵੱਖ ਸਮੇਂ ਦੀਆਂ ਚੁਣੌਤੀਆਂ ਨਾਲ ਜੂਝਦੇ ਹੋਏ, ਉੱਥੇ ਤੋਂ ਕਈ ਮਹੱਤਵਪੂਰਨ ਫੈਸਲੇ ਕੀਤੇ ਗਏ ਹਨ। ਉੱਥੋਂ ਦੇਸ਼ ਨੂੰ ਨਵੀਂ ਦਿਸ਼ਾ ਮਿਲੀ, ਸੁਧਾਰ ਦੀਆਂ ਕਈ ਪਹਿਲਕਦਮੀਆਂ ਹੋਈਆਂ। ਉਹ ਸਥਾਨ, ਉਹ ਇਮਾਰਤ, ਭਾਰਤ ਦੇ ਇਤਿਹਾਸ ਦਾ ਅਮਰ ਹਿੱਸਾ ਹਨ। ਇਸ ਲਈ, ਅਸੀਂ ਉਸ ਭਵਨ ਨੂੰ ਦੇਸ਼ ਦੇ ਲਈ ਸਮਰਪਿਤ ਮਿਊਜ਼ੀਅਮ ਬਣਾਉਣ ਦਾ ਫੈਸਲਾ ਕੀਤਾ ਹੈ। ਉਹ ਹਮੇਸ਼ਾ ਭਾਰਤ ਮਿਊਜ਼ੀਅਮ ਦਾ ਹੀ ਹਿੱਸਾ ਹੋਵੇਗੀ, ਉਹ ਇਮਾਰਤ ਦੇਸ਼ ਦੀ ਆਉਣ ਵਾਲੀ ਪੀੜ੍ਹੀ ਦੇ ਲਈ ਇੱਕ ਪ੍ਰੇਰਨਾ ਕੇਂਦਰ ਬਣੇਗੀ। ਨਵੀਂ ਪੀੜ੍ਹੀ ਦੇ ਯੁਵਾ ਜਦੋਂ ਉੱਥੇ ਜਾਣਗੇ, ਤਾਂ ਇਤਿਹਾਸਿਕ ਵਿਰਾਸਤ ਉਨ੍ਹਾਂ ਦਾ ਮਾਰਗ-ਦਰਸ਼ਨ ਕਰੇਗੀ।
ਸਾਥੀਓ,
ਵਿਕਸਿਤ ਭਾਰਤ ਦੀ ਇਸ ਯਾਤਰਾ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਭਾਰਤ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਹੋ ਕੇ ਅੱਗੇ ਵਧੇ। ਬਦਕਿਸਮਤੀ ਹੈ, ਆਜ਼ਾਦੀ ਦੇ ਬਾਅਦ ਵੀ ਸਾਡੇ ਇੱਥੇ ਗ਼ੁਲਾਮੀ ਦੇ ਪ੍ਰਤੀਕਾਂ ਨੂੰ ਢੋਇਆ ਜਾਂਦਾ ਰਿਹਾ। ਤੁਸੀਂ ਦੇਖੋ, ਪਹਿਲਾਂ ਕੀ ਸਥਿਤੀ ਸੀ? ਪ੍ਰਧਾਨ ਮੰਤਰੀ ਨਿਵਾਸ ਜਿੱਥੇ ਹੈ, ਉਸ ਨੂੰ ਰੇਸ ਕੋਰਸ ਕਿਹਾ ਜਾਂਦਾ ਸੀ। ਉਪ ਰਾਸ਼ਟਰਪਤੀ ਦੇ ਲਈ ਕੋਈ ਨਿਵਾਸ ਸਥਾਨ ਤੈਅ ਹੀ ਨਹੀਂ ਸੀ। ਰਾਸ਼ਟਰਪਤੀ ਭਵਨ ਤੱਕ ਆਉਣ ਵਾਲੇ ਰਸਤੇ ਨੂੰ ਲੋਕਤੰਤਰ ਵਿੱਚ ਰਾਜਪਥ ਕਿਹਾ ਜਾਂਦਾ ਸੀ। ਆਜ਼ਾਦ ਭਾਰਤ ਵਿੱਚ ਜੋ ਸੈਨਿਕ ਸ਼ਹੀਦ ਹੋਏ, ਉਨ੍ਹਾਂ ਦੇ ਲਈ ਕੋਈ ਯਾਦਗਾਰ ਹੀ ਨਹੀਂ ਸੀ। ਜੋ ਸੁਰੱਖਿਆ ਬਲ, ਜੋ ਪੁਲਿਸ ਕਰਮਚਾਰੀ ਸ਼ਹੀਦ ਹੋਏ, ਉਨ੍ਹਾਂ ਦੇ ਲਈ ਵੀ ਕੋਈ ਯਾਦਗਾਰੀ ਸਥਲ ਨਹੀਂ ਸੀ। ਭਾਵ, 1947 ਵਿੱਚ ਸੁਤੰਤਰ ਹੋਏ ਦੇਸ਼ ਦੀ ਰਾਜਧਾਨੀ, ਜਿੱਥੋਂ ਦੇਸ਼ ਦੇ ਵੱਡੇ-ਵੱਡੇ ਫੈਸਲੇ ਹੁੰਦੇ ਸਨ, ਉਹ ਪੂਰੀ ਤਰ੍ਹਾਂ ਗ਼ੁਲਾਮੀ ਦੀ ਮਾਨਸਿਕਤਾ ਵਿੱਚ ਜਕੜੀ ਹੋਈ ਸੀ। ਦਿੱਲੀ ਦੀਆਂ ਇਮਾਰਤਾਂ, ਜਨਤਕ ਥਾਵਾਂ, ਇਤਿਹਾਸਕ ਥਾਵਾਂ ’ਤੇ ਗ਼ੁਲਾਮੀ ਦੇ ਨਿਸ਼ਾਨ ਹੀ ਭਰੇ ਪਏ ਹਨ।
ਪਰ ਸਾਥੀਓ,
ਕਹਿੰਦੇ ਹਨ ਨਾ, ਸਮੇਂ ਦਾ ਚੱਕਰ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ। 2014 ਵਿੱਚ, ਦੇਸ਼ ਨੇ ਤੈਅ ਕੀਤਾ ਕਿ ਗ਼ੁਲਾਮੀ ਦੀ ਮਾਨਸਿਕਤਾ ਹੁਣ ਹੋਰ ਨਹੀਂ ਚੱਲੇਗੀ। ਅਸੀਂ ਗ਼ੁਲਾਮੀ ਦੀ ਇਸ ਮਾਨਸਿਕਤਾ ਨੂੰ ਬਦਲਣ ਦਾ ਅਭਿਆਨ ਸ਼ੁਰੂ ਕੀਤਾ। ਅਸੀਂ ਨਾਇਕਾਂ ਦੇ ਨਾਂ ‘ਨੈਸ਼ਨਲ ਵਾਰ ਮੈਮੋਰੀਅਲ’ ਬਣਾਇਆ। ਅਸੀਂ ਪੁਲਿਸ ਦੀ ਵੀਰਤਾ ਨੂੰ ਸਨਮਾਨ ਦੇਣ ਦੇ ਲਈ ‘ਪੁਲਿਸ ਸਮਾਰਕ’ ਬਣਾਇਆ। ਰੇਸ ਕੋਰਸ ਰੋਡ, ਉਸ ਦਾ ਨਾਂ ਬਦਲ ਕੇ ਲੋਕ ਕਲਿਆਣ ਮਾਰਗ ਰੱਖਿਆ ਗਿਆ। ਅਤੇ ਇਹ ਸਿਰਫ਼ ਨਾਂ ਬਦਲਣ ਦਾ ਫੈਸਲਾ ਹੀ ਨਹੀਂ ਸੀ, ਇਹ ਸੱਤਾ ਦੇ ਮਿਜ਼ਾਜ਼ ਦੀ ਸੇਵਾ ਦੀ ਭਾਵਨਾ ਵਿੱਚ ਬਦਲਣ ਦਾ ਪਵਿੱਤਰ ਯਤਨ ਸੀ।
ਸਾਥੀਓ,
ਸਾਡੇ ਇਨ੍ਹਾਂ ਫੈਸਲਿਆਂ ਦੇ ਪਿੱਛੇ ਇੱਕ ਡੂੰਘੀ ਭਾਵਨਾ ਹੈ, ਇੱਕ ਦ੍ਰਿਸ਼ਟੀਕੋਣ ਹੈ। ਇਹ ਸਾਡੇ ਵਰਤਮਾਨ, ਸਾਡੇ ਅਤੀਤ ਅਤੇ ਭਵਿੱਖ ਨੂੰ ਭਾਰਤ ਦੇ ਮਾਣ ਨਾਲ ਜੋੜਦੀ ਹੈ। ਜਿਸ ਥਾਂ ਨੂੰ ਪਹਿਲਾਂ ਰਾਜਪਥ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਉੱਥੇ ਨਾ ਤਾਂ ਢੁਕਵੀਆਂ ਸੁਵਿਧਾਵਾਂ ਸਨ, ਨਾ ਆਮ ਨਾਗਰਿਕਾਂ ਦੇ ਲਈ ਢੁਕਵੇਂ ਪ੍ਰਬੰਧ। ਅਸੀਂ ਉਸ ਨੂੰ ਕਰਤੱਵਯ ਪਥ ਦੇ ਰੂਪ ਵਿੱਚ ਵਿਕਸਿਤ ਕੀਤਾ, ਅੱਜ ਉਹੀ ਸਥਾਨ ਪਰਿਵਾਰਾਂ, ਬੱਚਿਆਂ, ਦੇਸ਼ ਭਰ ਤੋਂ ਆਉਣ ਵਾਲੇ ਨਾਗਰਿਕਾਂ ਦੇ ਲਈ ਇੱਕ ਜੀਵੰਤ ਜਨਤਕ ਸਥਲ ਬਣ ਚੁੱਕਿਆ ਹੈ। ਇਸੇ ਸਥਾਨ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਸ਼ਾਨਦਾਰ ਮੂਰਤੀ ਸਥਾਪਿਤ ਕੀਤੀ ਗਈ। ਲੰਬੇ ਸਮੇਂ ਤੱਕ ਸਾਡੀ ਰਾਜਧਾਨੀ ਵਿੱਚ ਆਪਣੇ ਮਹਾਨ ਨਾਇਕਾਂ ਦੀ ਯਾਦ ਨੂੰ ਇਸ ਰੂਪ ਵਿੱਚ ਸਥਾਨ ਨਹੀਂ ਮਿਲਿਆ ਸੀ।
ਅਸੀਂ ਇਹ ਤੈਅ ਕੀਤਾ ਕਿ ਦੇਸ਼ ਦੀ ਨਵੀਂ ਪੀੜ੍ਹੀ ਰਾਜਧਾਨੀ ਦੇ ਕੇਂਦਰ ਵਿੱਚ ਆਪਣੇ ਨਾਇਕਾਂ ਤੋਂ ਪ੍ਰੇਰਨਾ ਲਵੇ। ਰਾਸ਼ਟਰਪਤੀ ਭਵਨ ਸਥਾਨ ਵਿੱਚ ਵੀ ਪਰਿਵਰਤਨ ਕੀਤੇ ਗਏ। ਮੁਗ਼ਲ ਗਾਰਡਨ ਦਾ ਨਾਂ ਬਦਲ ਕੇ, ਅੰਮ੍ਰਿਤ ਉਦਯਾਨ ਕੀਤਾ ਗਿਆ। ਜਦੋਂ ਪੁਰਾਣੀ ਸੰਸਦ ਦੇ ਕੋਲ ਨਵੇਂ ਸੰਸਦ ਭਵਨ ਦਾ ਨਿਰਮਾਣ ਹੋਇਆ, ਤਾਂ ਅਸੀਂ ਪੁਰਾਣੇ ਭਵਨ ਨੂੰ ਭੁਲਾਇਆ ਨਹੀਂ, ਅਸੀਂ ਉਸ ਨੂੰ ‘ਸੰਵਿਧਾਨ ਸਦਨ’ ਦੇ ਰੂਪ ਵਿੱਚ ਨਵੀਂ ਪਛਾਣ ਦਿੱਤੀ। ਜਦੋਂ ਵੱਖ-ਵੱਖ ਮੰਤਰਾਲਿਆਂ ਨੂੰ ਇੱਕ ਸਥਾਨ ਵਿੱਚ ਲਿਆਂਦਾ ਗਿਆ, ਤਾਂ ਉਨ੍ਹਾਂ ਭਵਨਾਂ ਨੂੰ ‘ਕਰਤੱਵਯ ਭਵਨ’ ਦਾ ਨਾਂ ਦਿੱਤਾ ਗਿਆ। ਨਾਂ ਬਦਲਣ ਦੀ ਇਹ ਪਹਿਲ, ਸਿਰਫ਼ ਸ਼ਬਦਾਂ ਦਾ ਬਦਲਾਅ ਨਹੀਂ ਹੈ, ਇਨ੍ਹਾਂ ਸਾਰੇ ਯਤਨਾਂ ਦੇ ਪਿੱਛੇ ਇੱਕ ਹੀ ਵਿਚਾਰ ਹੈ- ਸੁਤੰਤਰ ਭਾਰਤ ਦੀ ਸੁਤੰਤਰ ਪਹਿਚਾਣ, ਗ਼ੁਲਾਮੀ ਤੋਂ ਮੁਕਤ ਨਿਸ਼ਾਨ।
ਸਾਥੀਓ,
ਨਵੇਂ ਪ੍ਰਧਾਨ ਮੰਤਰੀ ਦਫ਼ਤਰ ਦਾ ਨਾਂ ਹੈ- ਸੇਵਾ ਤੀਰਥ। ਸੇਵਾ ਦੀ ਭਾਵਨਾ ਹੀ ਭਾਰਤ ਦੀ ਆਤਮਾ ਹੈ, ਸੇਵਾ ਦੀ ਭਾਵਨਾ ਹੀ ਭਾਰਤ ਦੀ ਪਹਿਚਾਣ ਹੈ। ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਜੀ ਕਹਿੰਦੇ ਸਨ- ਸ਼ਿਵ ਗਿਆਨ ਤੋਂ ਜੀਵ ਗਿਆਨ ਸੇਵਾ, ਇਹ ਵਿਚਾਰ ਸਿਰਫ਼ ਅਧਿਆਤਮਿਕ ਨਹੀਂ ਹੈ, ਇਹ ਰਾਸ਼ਟਰ ਨਿਰਮਾਣ ਦਾ ਦਰਸ਼ਨ ਹੈ। ਇਹ ਭਵਨ ਸਾਨੂੰ ਹਰ ਪਲ ਯਾਦ ਦਿਵਾਏਗਾ ਕਿ ਸ਼ਾਸਨ ਦਾ ਅਰਥ ਸੇਵਾ ਹੈ, ਜ਼ਿੰਮੇਵਾਰੀ ਦਾ ਅਰਥ ਸਮਰਪਣ ਹੈ। ਸਾਡੇ ਸ਼ਾਸਤਰਾਂ ਵਿੱਚ ਵੀ ਕਿਹਾ ਗਿਆ ਹੈ- ‘ਸੇਵਾ ਪਰਮੋ ਧਰਮ:’। ਭਾਵ, ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਭਾਰਤੀ ਸਭਿਆਚਾਰ ਦਾ ਇਹੀ ਵਿਚਾਰ ਪ੍ਰਧਾਨ ਮੰਤਰੀ ਦਫ਼ਤਰ ਅਤੇ ਸਰਕਾਰ ਦਾ ਦ੍ਰਿਸ਼ਟੀਕੋਣ ਹੈ।
ਇਸ ਲਈ, ਸੇਵਾ ਤੀਰਥ, ਇਹ ਸਿਰਫ਼ ਇੱਕ ਨਾਂ ਨਹੀਂ, ਇਹ ਇੱਕ ਸੰਕਲਪ ਹੈ। ਸੇਵਾ ਤੀਰਥ ਯਾਨੀ- ਨਾਗਰਿਕ ਦੀ ਸੇਵਾ ਨਾਲ ਪਵਿੱਤਰ ਹੋਇਆ ਸਥਲ! ਸੇਵਾ ਦੇ ਸੰਕਲਪ ਨੂੰ ਸਿੱਧੀ ਤੱਕ ਲੈ ਜਾਣ ਦਾ ਸਥਲ! ਤੀਰਥ ਦਾ ਅਰਥ ਵੀ ਹੁੰਦਾ ਹੈ- “ਤਰਤਿ ਅਨੇਨ ਇਤਿ ਤੀਰਥ” (तरति अनेन इति तीर्थ) ਭਾਵ, ਜੋ ਤਾਰਣ ਦੀ, ਪਾਰ ਕਰਨ ਦੀ ਸਮਰੱਥਾ ਰੱਖੇ, ਜੋ ਟੀਚਿਆਂ ਦੀ ਪ੍ਰਾਪਤੀ ਵਿੱਚ ਸਹਾਇਕ ਹੋਵੇ, ਉਹ ਤੀਰਥ ਹੈ। ਅੱਜ ਭਾਰਤ ਦੇ ਸਾਹਮਣੇ ਵੀ ਵਿਕਸਿਤ ਭਾਰਤ ਦਾ ਟੀਚਾ ਹੈ, ਆਤਮਨਿਰਭਰ ਭਾਰਤ ਦਾ ਟੀਚਾ ਹੈ। ਸਾਨੂੰ ਕਰੋੜਾਂ ਦੇਸ਼-ਵਾਸੀਆਂ ਨੂੰ ਗ਼ਰੀਬੀ ਤੋਂ ਮੁਕਤੀ ਦਿਵਾਉਣੀ ਹੈ, ਸਾਨੂੰ ਦੇਸ਼ ਨੂੰ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਦਿਵਾਉਣੀ ਹੈ, ਅਤੇ ਇਹ ਕੰਮ ਸੇਵਾ ਦੇ ਸਮਰੱਥ ਨਾਲ ਹੀ ਸਿੱਧ ਹੋਵੇਗਾ।
ਸਾਥੀਓ,
ਅੱਜ ਜਦੋਂ ਭਾਰਤ ਰਿਫੌਰਮ ਐਕਸਪ੍ਰੈੱਸ ’ਤੇ ਸਵਾਰ ਹੈ, ਅੱਜ ਜਦੋਂ ਭਾਰਤ ਅੰਤਰਰਾਸ਼ਟਰੀ ਸਬੰਧਾਂ ਦੀ ਇੱਕ ਨਵੀਂ ਗਾਥਾ ਲਿਖ ਰਿਹਾ ਹੈ, ਅੱਜ ਜਦੋਂ ਨਵੇਂ-ਨਵੇਂ ਵਪਾਰ ਸਮਝੌਤੇ ਸੰਭਾਵਨਾਵਾਂ ਦੇ ਨਵੇਂ ਦਰਵਾਜ਼ੇ ਖੋਲ੍ਹ ਰਹੇ ਹਨ, ਜਦੋਂ ਦੇਸ਼ ਸੰਤ੍ਰਿਪਤੀ ਦੇ ਟੀਚੇ ਦੇ ਵੱਲ ਤੇਜ਼ੀ ਨਾਲ ਵਧ ਰਿਹਾ ਹੈ, ਤਾਂ ਸੇਵਾ ਤੀਰਥ ਅਤੇ ਕਰਤੱਵਯ ਭਵਨਾਂ ਵਿੱਚ, ਤੁਹਾਡੇ ਸਭ ਦੇ ਕੰਮ ਦੀ ਨਵੀਂ ਗਤੀ ਅਤੇ ਤੁਹਾਡਾ ਨਵਾਂ ਆਤਮ-ਵਿਸ਼ਵਾਸ, ਦੇਸ਼ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਵੇਗਾ।
ਸਾਥੀਓ,
ਸਾਡੀ ਸੰਸਕ੍ਰਿਤੀ ਕਹਿੰਦੀ ਹੈ, ਹਰ ਸ਼ੁਭ ਕਾਰਜ ਤੋਂ ਪਹਿਲਾਂ ਸਾਨੂੰ ਸਵਾਸਤੀ ਦਾ ਜਾਪ ਕਰਨਾ ਚਾਹੀਦਾ ਹੈ, ਭਲਾਈ ਦੀ ਕਾਮਨਾ ਕਰਨੀ ਚਾਹੀਦੀ ਹੈ ਅਤੇ ਚੰਗਾ ਕਰਨ ਦਾ ਸੰਕਲਪ ਕਰਨਾ ਚਾਹੀਦਾ ਹੈ। ਵੈਦਿਕ ਮੰਤਰ ਸਾਨੂੰ ਦਿਸ਼ਾ ਦਿੰਦੇ ਹਨ, "ਆ ਨੋ ਭਦ੍ਰਾ: ਕ੍ਰਤਵੋ ਯੰਤੁ ਵਿਸ਼ਵਤ:।" ਭਾਵ, ਹਰ ਦਿਸ਼ਾ ਤੋਂ ਸਾਡੇ ਕੋਲ ਭਲਾਈ ਦੇ ਵਿਚਾਰ ਆਉਂਦੇ ਰਹਿਣ। ਇਹ ਇਸ ਭਵਨ ਦੀ ਆਤਮਾ ਹੋਣੀ ਚਾਹੀਦੀ ਹੈ। ਭਾਰਤ ਦੇ ਮਹਾਨ ਲੋਕਤੰਤਰ ਵਿੱਚ ਜਨਤਾ ਦੇ ਵਿਚਾਰ ਸਾਡੀ ਤਾਕਤ ਹੈ, ਲੋਕਾਂ ਦੇ ਸੁਪਨੇ ਹੀ ਸਾਡੀ ਪੂੰਜੀ ਹੈ, ਲੋਕਾਂ ਦੀਆਂ ਉਮੀਦਾਂ ਸਾਡੀ ਤਰਜੀਹ ਹਨ, ਅਤੇ ਲੋਕਾਂ ਦੀਆਂ ਇੱਛਾਵਾਂ ਸਾਡੀ ਅਗਵਾਈ ਹਨ। ਇਨ੍ਹਾਂ ਭਾਵਨਾਵਾਂ ਅਤੇ ਇਸ ਇਮਾਰਤ ਦਰਮਿਆਨ ਕੋਈ ਕੰਧ ਨਹੀਂ ਹੋਣੀ ਚਾਹੀਦੀ, ਕੋਈ ਦੂਰੀ ਨਹੀਂ ਹੋਣੀ ਚਾਹੀਦੀ। ਜਦੋਂ ਤੁਸੀਂ ਜਨਤਾ ਦੇ ਸੁਪਨਿਆਂ ਨੂੰ ਸਮਝਦੇ ਹੋ, ਤਾਂ ਹੀ ਨੀਤੀਆਂ ਜੀਵਤ ਹੋਣਗੀਆਂ, ਜਦੋਂ ਤੁਸੀਂ ਜਨਤਾ ਦੀਆਂ ਇੱਛਾਵਾਂ ਨੂੰ ਮਹਿਸੂਸ ਕਰੋਗੇ, ਤਾਂ ਹੀ ਫੈਸਲੇ ਪ੍ਰਭਾਵਸ਼ਾਲੀ ਹੋਣਗੇ। ਪਿਛਲੇ 11 ਸਾਲਾਂ ਵਿੱਚ, ਅਸੀਂ ਸ਼ਾਸਨ ਦਾ ਇੱਕ ਨਵਾਂ ਮਾਡਲ ਦੇਖਿਆ ਹੈ, ਇੱਕ ਅਜਿਹਾ ਮਾਡਲ ਜਿੱਥੇ ਭਾਰਤ ਦੇ ਨਾਗਰਿਕ ਫੈਸਲਿਆਂ ਦੇ ਕੇਂਦਰ ਵਿੱਚ ਹਨ।
“ਨਾਗਰਿਕ ਦੇਵੋ ਭਵ” ਇਹ ਸਿਰਫ਼ ਵਾਕ ਨਹੀਂ ਹੈ, ਇਹ ਸਾਡਾ ਕਾਰਜ-ਸਭਿਆਚਾਰ ਹੈ। ਇਸ ਨੂੰ ਗ੍ਰਹਿਣ ਕਰਕੇ ਤੁਹਾਨੂੰ ਇਨ੍ਹਾਂ ਨਵੇਂ ਭਵਨਾਂ ਵਿੱਚ ਪ੍ਰਵੇਸ਼ ਕਰਨਾ ਹੈ। ਸੇਵਾ ਤੀਰਥ ਵਿੱਚ ਲਿਆ ਗਿਆ ਹਰ ਫੈਸਲਾ, ਇੱਥੇ ਚੱਲਣ ਵਾਲੀ ਹਰ ਫਾਈਲ, ਇੱਥੇ ਬਿਤਾਇਆ ਗਿਆ ਹਰ ਪਲ, 140 ਕਰੋੜ ਦੇਸ਼-ਵਾਸੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਹੋਣਾ ਚਾਹੀਦਾ ਹੈ। ਮੈਂ ਹਰ ਅਧਿਕਾਰੀ ਨੂੰ, ਹਰ ਕਰਮਚਾਰੀ ਨੂੰ, ਹਰ ਵਰਕਰ ਨੂੰ ਕਹਿਣਾ ਚਾਹੁੰਦਾ ਹਾਂ, ਜਦੋਂ ਵੀ ਤੁਸੀਂ ਇਸ ਭਵਨ ਵਿੱਚ ਕਦਮ ਰੱਖੋ, ਪਲ ਭਰ ਦੇ ਲਈ ਰੁਕ ਜਾਓ, ਕੁਝ ਪਲ ਰੁਕੋ, ਆਪਣੇ ਆਪ ਤੋਂ ਪੁੱਛੋ, ਕੀ ਅੱਜ ਦਾ ਮੇਰਾ ਕੰਮ ਕਰੋੜਾਂ ਦੇਸ਼-ਵਾਸੀਆਂ ਦੇ ਜੀਵਨ ਨੂੰ ਅਸਾਨ ਬਣਾਵੇਗਾ? ਇਹੀ ਆਤਮ-ਨਿਰੀਖਣ ਇਸ ਥਾਂ ਦੀ ਸਭ ਤੋਂ ਵੱਡੀ ਸ਼ਕਤੀ ਬਣੇਗਾ।
ਸਾਥੀਓ,
ਅਸੀਂ ਇੱਥੇ ਅਧਿਕਾਰ ਦਿਖਾਉਣ ਨਹੀਂ ਆਏ ਹਾਂ, ਅਸੀਂ ਇੱਥੇ ਜ਼ਿੰਮੇਵਾਰੀ ਨਿਭਾਉਣ ਆਏ ਹਾਂ ਅਤੇ ਅਸੀਂ ਦੇਖਿਆ ਹੈ, ਜਦੋਂ ਸ਼ਾਸਨ ਸੇਵਾ ਭਾਵ ਨਾਲ ਚੱਲਦਾ ਹੈ, ਤਾਂ ਨਤੀਜੇ ਵੀ ਅਸਧਾਰਨ ਹੁੰਦੇ ਹਨ ਅਤੇ ਓਦੋਂ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲਦੇ ਹਨ, ਓਦੋਂ ਅਰਥ-ਵਿਵਸਥਾ ਨਵੀਂ ਗਤੀ ਫੜਦੀ ਹੈ।
ਸਾਥੀਓ,
ਅੱਜ ਵਿਕਸਿਤ ਭਾਰਤ 2047 ਸਿਰਫ਼ ਸਾਡਾ ਟੀਚਾ ਨਹੀਂ ਹੈ, ਇਹ ਵਿਸ਼ਵ ਦੀਆਂ ਨਜ਼ਰਾਂ ਵਿੱਚ ਭਾਰਤ ਦਾ ਸੰਕਲਪ ਹੈ। ਅਤੇ ਇਸ ਲਈ ਇੱਥੇ ਬਣਨ ਵਾਲੀ ਹਰ ਨੀਤੀ, ਇੱਥੇ ਹੋਣ ਵਾਲਾ ਹਰ ਫੈਸਲਾ, ਸੇਵਾ ਦੀ ਨਿਰੰਤਰ ਭਾਵਨਾ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ। ਅਤੇ ਇੱਕ ਦਿਨ, ਜਦੋਂ ਤੁਸੀਂ ਸੇਵਾਮੁਕਤ ਹੋ ਕੇ ਜਾਂ ਟ੍ਰਾਂਸਫਰ ਦੇ ਬਾਅਦ ਇਸ ਭਵਨ ਤੋਂ ਵਿਦਾ ਲਵੋਗੇ, ਤੁਸੀਂ ਪਿੱਛੇ ਮੁੜ ਕੇ ਦੇਖੋਗੇ, ਆਪਣੇ ਅੱਜ ਦੇ ਦਿਨਾਂ ਨੂੰ ਮਾਣ ਦੇ ਨਾਲ ਯਾਦ ਕਰੋਗੇ। ਓਦੋਂ ਤੁਸੀਂ ਖੁਦ ਨੂੰ ਕਹਿ ਸਕੋਗੇ ਕਿ ਹਾਂ, ਜਿੰਨੇ ਦਿਨ ਮੈਂ ਸੇਵਾ ਤੀਰਥ ਵਿੱਚ ਰਿਹਾ, ਕਰਤੱਵਯ ਭਵਨ ਵਿੱਚ ਰਿਹਾ, ਹਰ ਦਿਨ ਮੈਂ ਦੇਸ਼ ਦੇ ਨਾਗਰਿਕਾਂ ਦੀ ਸੇਵਾ ਕੀਤੀ, ਹਰ ਫੈਸਲਾ ਰਾਸ਼ਟਰ ਦੇ ਹਿਤ ਵਿੱਚ ਲਿਆ। ਉਹ ਪਲ ਤੁਹਾਨੂੰ ਸਕੂਨ ਦੇਵੇਗਾ, ਉਹ ਪਲ ਤੁਹਾਡੀ ਸਭ ਤੋਂ ਵੱਡੀ ਉਪਲਬਧੀ ਹੋਵੇਗਾ, ਉਹ ਪਲ ਤੁਹਾਡੀ ਨਿੱਜੀ ਪੂੰਜੀ ਹੋਵੇਗਾ ਅਤੇ ਉਹੀ ਪੂੰਜੀ ਤੁਹਾਡੇ ਜੀਵਨ ਨੂੰ ਮਾਣ ਨਾਲ ਭਰ ਦੇਵੇਗੀ।
ਸਾਥੀਓ,
ਮਹਾਤਮਾ ਗਾਂਧੀ ਦੀ ਭਾਵਨਾ ਸੀ, ਕਰਤੱਵਯ ਦੀ ਬੁਨਿਆਦ ’ਤੇ ਹੀ ਅਧਿਕਾਰ ਦੀ ਸ਼ਾਨਦਾਰ ਇਮਾਰਤ ਦਾ ਨਿਰਮਾਣ ਹੁੰਦਾ ਹੈ, ਜਦੋਂ ਅਸੀਂ ਆਪਣਾ ਕਰਤੱਵਯ ਨਿਭਾਉਂਦੇ ਹਾਂ, ਤਾਂ ਵੱਡੀ ਤੋਂ ਵੱਡੀ ਚੁਣੌਤੀ ਨਾਲ ਟਕਰਾ ਸਕਦੇ ਹਾਂ, ਉਸ ਦਾ ਹੱਲ ਕਰ ਸਕਦੇ ਹਾਂ। ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਇਸ ਲਈ ਹੀ ਕਰਤੱਵਯ ’ਤੇ ਬਹੁਤ ਜ਼ੋਰ ਦਿੱਤਾ ਹੈ। ਅਤੇ ਇਸ ਲਈ ਸਾਨੂੰ ਯਾਦ ਰੱਖਣਾ ਹੈ, ਕੋਟਿ-ਕੋਟਿ ਦੇਸ਼-ਵਾਸੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਅਧਾਰ ਹੈ- ਕਰਤੱਵਯ! ਕਰਤੱਵਯ ਸ਼ੁਰੂਆਤ ਹੈ, ਕਰਤੱਵਯ ਇਸ ਜੀਵੰਤ ਰਾਸ਼ਟਰ ਦਾ ਜੀਵਨ ਹੈ। ਦਇਆ ਅਤੇ ਮਿਹਨਤ ਦੇ ਪਿਆਰ ਭਰੇ ਧਾਗੇ ਨਾਲ ਬੰਨ੍ਹਿਆ ਹੋਈ ਕਾਰਵਾਈ ਹੈ- ਫ਼ਰਜ਼! ਸੰਕਲਪਾਂ ਦੀ ਉਮੀਦ ਹੈ- ਫ਼ਰਜ਼! ਸਖ਼ਤ ਮਿਹਨਤ ਦਾ ਸਿਖਰ ਹੈ- ਫ਼ਰਜ਼! ਹਰ ਸਮੱਸਿਆ ਦਾ ਹੱਲ ਹੈ - ਕਰਤੱਵਯ; ਵਿਕਸਿਤ ਭਾਰਤ ਦਾ ਵਿਸ਼ਵਾਸ ਹੈ- ਕਰਤੱਵਯ! ਕਰਤੱਵਯ ਸਮਾਨਤਾ ਹੈ, ਕਰਤੱਵਯ ਪਿਆਰ ਹੈ, ਕਰਤੱਵਯ ਸਰਵ ਵਿਆਪਕ ਹੈ, ਕਰਤੱਵਯ ਸਰਬ-ਵਿਆਪੀ ਹੈ।
ਸਬਕਾ ਸਾਥ-ਸਬਕਾ ਵਿਕਾਸ ਦੀ ਭਾਵਨਾ ਵਿੱਚ ਬੁਣਿਆ ਗਿਆ ਮੰਤਰ ਹੈ - ਕਰਤੱਵਯ! ਰਾਸ਼ਟਰ ਪ੍ਰਤੀ ਸਮਰਪਣ ਦੀ ਭਾਵਨਾ ਹੈ - ਕਰਤੱਵਯ! ਹਰ ਜੀਵਨ ਵਿੱਚ ਰੌਸ਼ਨੀ ਜਗਾਉਣ ਵਾਲੀ ਇੱਛਾ ਸ਼ਕਤੀ ਹੈ - ਕਰਤੱਵਯ! ਆਤਮ-ਨਿਰਭਰ ਭਾਰਤ ਦਾ ਆਨੰਦ ਹੈ - ਕਰਤੱਵਯ! ਆਉਣ ਵਾਲੀ ਪੀੜ੍ਹੀ ਲਈ ਉੱਜਵਲ ਭਵਿੱਖ ਦੀ ਗਰੰਟੀ ਹੈ - ਕਰਤੱਵਯ! ਭਾਰਤ ਮਾਤਾ ਦੀ ਜੀਵਨ-ਊਰਜਾ ਦਾ ਝੰਡਾਬਰਦਾਰ ਹੈ - ਕਰਤੱਵਯ! ਰਾਸ਼ਟਰ ਪ੍ਰਤੀ ਸ਼ਰਧਾ ਨਾਲ ਕੀਤਾ ਗਿਆ ਹਰ ਕੰਮ ਹੈ - ਕਰਤੱਵਯ! 'ਨਾਗਰਿਕ ਦੇਵੋ ਭਵ' ਦੇ ਅਭਿਆਸ ਦਾ ਜਾਗਰਿਤ ਮਾਰਗ ਹੈ - ਕਰਤੱਵਯ!
ਸਾਥੀਓ,
ਕਰਤੱਵਯ ਦੀ ਇਸੇ ਭਾਵਨਾ ਨਾਲ, ਇਸ ਭਾਵਨਾ ਨੂੰ ਸਭ ਤੋਂ ਉੱਪਰ ਰੱਖਦੇ ਹੋਏ, ਸਾਨੂੰ ਸੇਵਾ ਤੀਰਥ ਅਤੇ ਨਵੇਂ ਬਣੇ ਭਵਨਾਂ ਵਿੱਚ ਕਰਤੱਵਯ ਭਾਵ ਨਾਲ ਪ੍ਰਵੇਸ਼ ਕਰਨਾ ਹੈ।
ਸਾਥੀਓ,
ਅੱਜ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਇੱਕ ਨਵੀਂ ਉਚਾਈ ਵੱਲ, ਇੱਕ ਨਵੇਂ ਯੁਗ ਵੱਲ। ਆਉਣ ਵਾਲੇ ਵਰ੍ਹਿਆਂ ਵਿੱਚ ਸਾਡੀ ਪਛਾਣ ਸਿਰਫ਼ ਅਰਥ-ਵਿਵਸਥਾ ਨਾਲ ਨਹੀਂ ਹੋਵੇਗੀ, ਸਾਡੀ ਪਛਾਣ ਹੋਵੇਗੀ, ਸ਼ਾਸਨ ਦੀ ਗੁਣਵੱਤਾ ਨਾਲ, ਨੀਤੀਆਂ ਦੀ ਸਪੱਸ਼ਟਤਾ ਨਾਲ ਅਤੇ ਕਰਮਯੋਗੀਆਂ ਦੀ ਨਿਸ਼ਠਾ ਨਾਲ। ਸੇਵਾ ਤੀਰਥ ਅਤੇ ਕਰਤੱਵਯ ਭਵਨਾਂ ਵਿੱਚ ਲਿਆ ਗਿਆ ਹਰ ਫੈਸਲਾ, ਸਿਰਫ਼ ਇੱਕ ਫਾਈਲ ਦਾ ਫੈਸਲਾ ਨਹੀਂ ਹੋਵੇਗਾ, 2047 ਦੇ ਵਿਕਸਿਤ ਭਾਰਤ ਦੀ ਦਿਸ਼ਾ ਤੈਅ ਕਰੇਗਾ। ਯਾਦ ਰੱਖੋ 2047 ਦਾ ਟੀਚਾ ਸਿਰਫ਼ ਇੱਕ ਤਰੀਕ ਨਹੀਂ ਹੈ, ਉਹ 140 ਕਰੋੜ ਸੁਪਨਿਆਂ ਦੀ ਸਮੇਂ-ਸੀਮਾ ਹੈ। ਇਸ ਯਾਤਰਾ ਵਿੱਚ ਹਰ ਸੰਸਥਾਨ ਮਹੱਤਵਪੂਰਨ ਹੈ, ਹਰ ਅਧਿਕਾਰੀ ਮਹੱਤਵਪੂਰਨ ਹੈ, ਹਰ ਕਰਮਚਾਰੀ, ਹਰ ਵਰਕਰ ਮਹੱਤਵਪੂਰਨ ਹੈ।
ਮੈਂ ਚਾਹੁੰਦਾ ਹਾਂ, ਸੇਵਾ ਤੀਰਥ ਸੰਵੇਦਨਸ਼ੀਲ ਸ਼ਾਸਨ ਦਾ ਪ੍ਰਤੀਕ ਬਣੇ, ਨਾਗਰਿਕ-ਕੇਂਦ੍ਰਿਤ ਵਿਵਸਥਾ ਦਾ ਰੋਲ ਮਾਡਲ ਬਣੇ, ਅਜਿਹਾ ਸਥਾਨ, ਜਿੱਥੇ ਸੱਤਾ ਨਹੀਂ, ਸੇਵਾ ਦਿਖੇ, ਜਿੱਥੇ ਅਹੁਦਾ ਨਹੀਂ, ਵਚਨਬੱਧਤਾ ਦਿਖੇ, ਜਿੱਥੇ ਅਧਿਕਾਰ ਨਹੀਂ, ਜਵਾਬਦੇਹੀ ਦਿਖੇ। ਮੈਨੂੰ ਪੂਰਾ ਵਿਸ਼ਵਾਸ ਹੈ, ਸਾਡਾ ਸੰਕਲਪ ਇਤਿਹਾਸ ਲਿਖੇਗਾ, ਸਾਡੀ ਮਿਹਨਤ ਪੀੜ੍ਹੀਆਂ ਨੂੰ ਦਿਸ਼ਾ ਦੇਵੇਗੀ। ਮੈਂ ਲਾਲ ਕਿਲ੍ਹੇ ਤੋਂ ਕਿਹਾ ਸੀ – ‘ਇਹੀ ਸਮਾਂ ਹੈ, ਸਹੀ ਸਮਾਂ ਹੈ’। ਆਓ, ਅਸੀਂ ਹਰ ਪਲ, ਹਰ ਪਲ ਦਾ ਸਹੀ ਇਸਤੇਮਾਲ ਕਰੀਏ। ਅਸੀਂ ਰਾਸ਼ਟਰ ਪ੍ਰਥਮ ਦੀ ਭਾਵਨਾ ਨਾਲ ਅਜਿਹੇ ਪੁੰਨ ਕਰੀਏ ਕਿ ਆਉਣ ਵਾਲੀਆਂ ਸ਼ਤਾਬਦੀਆਂ ਕਹਿਣ, ਇਹੀ ਉਹ ਸਮਾਂ ਸੀ, ਜਦੋਂ ਭਾਰਤ ਨੇ ਖੁਦ ਦੀ ਕਿਸਮਤ ਨੂੰ ਮੁੜ-ਪਰਿਭਾਸ਼ਿਤ ਕੀਤਾ। ਇਹ ਉਹੀ ਸਮਾਂ ਸੀ, ਜਦੋਂ ਭਾਰਤ ਨੇ ਅਗਲੇ ਇੱਕ ਹਜ਼ਾਰ ਸਾਲ ਦੇ ਉੱਜਵਲ ਭਵਿੱਖ ਦੇ ਲਈ ਆਪਣਾ ਮਜ਼ਬੂਤ ਕਦਮ ਨਵੀਂ ਊਰਜਾ, ਨਵੀਂ ਗਤੀ ਦੇ ਨਾਲ ਚੁੱਕਿਆ ਸੀ। ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।
ਵੰਦੇ ਮਾਤਰਮ!
****************
ਐੱਮਜੇਪੀਐੱਸ/ਵੀਜੇ/ਐੱਸਟੀ
(Release ID: 2228655)
ਵਿਜ਼ੀਟਰ ਕਾਊਂਟਰ : 11
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Telugu
,
Malayalam