ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਜਗਦਲਪੁਰ ਵਿੱਚ ਬਸਤਰ ਪਾਂਡਮ 2026 ਦਾ ਉਦਘਾਟਨ ਕੀਤਾ

Posted On: 07 FEB 2026 3:35PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (7 ਫਰਵਰੀ, 2026) ਜਗਦਲਪੁਰ, ਛੱਤੀਸਗੜ੍ਹ ਵਿੱਚ ਬਸਤਰ ਪਾਂਡਮ 2026 ਦਾ ਉਦਘਾਟਨ ਕੀਤਾ।

ਇਸ ਮੌਕੇ 'ਤੇ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਕਿਸਾਨ ਇਸ ਉਪਜਾਊ ਜ਼ਮੀਨ ਵਿੱਚ ਬੀਜ ਬੀਜਦੇ ਹਨ, ਜਦੋਂ ਅੰਬ ਦਾ ਮੌਸਮ ਆਉਂਦਾ ਹੈ, ਤਾਂ ਇਹ ਪਾਂਡਮ ਦਾ ਮੌਸਮ ਹੁੰਦਾ ਹੈ। ਬਸਤਰ ਦੇ ਲੋਕ ਜੀਵਨ ਦੇ ਹਰ ਪਹਿਲੂ ਦਾ ਜਸ਼ਨ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਦੂਸਰੇ ਲੋਕ ਬਸਤਰ ਦੇ ਲੋਕਾਂ ਤੋਂ ਜੀਵਨ ਜਿਊਣ ਦਾ ਇਹ ਤਰੀਕਾ ਸਿੱਖ ਸਕਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਬਸਤਰ ਦੀਆਂ ਪਰੰਪਰਾਵਾਂ ਅਤੇ ਸਭਿਆਚਾਰ ਨੇ ਹਮੇਸ਼ਾ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ, ਪਰ ਬਦਕਿਸਮਤੀ ਨਾਲ, ਇਹ ਖੇਤਰ ਚਾਰ ਦਹਾਕਿਆਂ ਤੋਂ ਮਾਓਵਾਦ ਨਾਲ ਪੀੜਿਤ ਰਿਹਾ। ਨਤੀਜੇ ਵਜੋਂ, ਇੱਥੋਂ ਦੇ ਲੋਕਾਂ ਨੂੰ ਬਹੁਤ ਦੁੱਖ ਝੱਲਣਾ ਪਿਆ। ਨੌਜਵਾਨ, ਆਦਿਵਾਸੀ ਅਤੇ ਦਲਿਤ ਭਰਾ-ਭੈਣ ਸਭ ਤੋਂ ਵੱਧ ਪ੍ਰਭਾਵਿਤ ਹੋਏ। ਪਰ, ਭਾਰਤ ਸਰਕਾਰ ਵੱਲੋਂ ਮਾਓਵਾਦੀ ਅੱਤਵਾਦ ਦੇ ਵਿਰੁੱਧ ਚੁੱਕੇ ਗਏ ਫੈਸਲਾਕੁਨ ਕਦਮਾਂ ਦੇ ਕਾਰਨ, ਸਾਲਾਂ ਤੋਂ ਚੱਲਿਆ ਆ ਰਿਹਾ ਅਸੁਰੱਖਿਆ, ਡਰ ਅਤੇ ਅਵਿਸ਼ਵਾਸ ਦਾ ਮਾਹੌਲ ਹੁਣ ਖਤਮ ਹੋ ਰਿਹਾ ਹੈ। ਮਾਓਵਾਦ ਨਾਲ ਜੁੜੇ ਲੋਕ ਹਿੰਸਾ ਦਾ ਰਸਤਾ ਛੱਡ ਰਹੇ ਹਨ, ਜਿਸ ਨਾਲ ਨਾਗਰਿਕਾਂ ਦੇ ਜੀਵਨ ਵਿੱਚ ਸ਼ਾਂਤੀ ਵਾਪਸ ਆ ਰਹੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਛੱਤੀਸਗੜ੍ਹ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ, ਜੋ ਪਹਿਲਾਂ ਮਾਓਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸਨ ਅਤੇ ਹੁਣ ਉਨ੍ਹਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ । ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਹਥਿਆਰ ਸੁੱਟ ਕੇ ਲੋਕ ਆਮ ਜੀਵਨ ਜੀ ਸਕਣ ਅਤੇ ਮੁੱਖ ਧਾਰਾ ਵਿੱਚ ਵਾਪਸ ਆ ਸਕਣ । ਉਨ੍ਹਾਂ ਲਈ ਕਈ ਵਿਕਾਸ ਅਤੇ ਭਲਾਈ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਸੂਬਾ ਸਰਕਾਰ ਦੀ "ਨਿਆਦ ਨੇਲਾਨਾਰ ਯੋਜਨਾ" ਪਿੰਡ ਵਾਸੀਆਂ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਨੇ ਇਹ ਦੇਖ ਕੇ ਖੁਸ਼ੀ ਪ੍ਰਗਟ ਕੀਤੀ ਕਿ ਬਸਤਰ ਵਿੱਚ ਵਿਕਾਸ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ। ਹਰ ਪਿੰਡ ਵਿੱਚ ਬਿਜਲੀ, ਸੜਕਾਂ ਅਤੇ ਪਾਣੀ ਦੀਆਂ ਸਹੂਲਤਾਂ ਉਪਲਬਧ ਹੋ ਰਹੀਆਂ ਹਨ। ਸਾਲਾਂ ਤੋਂ ਬੰਦ ਪਏ ਸਕੂਲ ਦੁਬਾਰਾ ਖੁੱਲ੍ਹ ਰਹੇ ਹਨ, ਅਤੇ ਬੱਚੇ ਕਲਾਸਾਂ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਹੀ ਉਤਸ਼ਾਹਜਨਕ ਤਸਵੀਰ ਹੈ, ਜਿਹੜੀ ਸਾਰੇ ਨਾਗਰਿਕਾਂ ਲਈ ਖੁਸ਼ੀ ਦਾ ਸਰੋਤ ਹੈ।

 

ਰਾਸ਼ਟਰਪਤੀ ਨੇ ਹਿੰਸਾ ਦਾ ਰਸਤਾ ਤਿਆਗ ਕੇ ਮੁੱਖ ਧਾਰਾ ਵਿੱਚ ਵਾਪਸ ਆਉਣ ਵਾਲੇ ਸਾਰਿਆਂ ਲੋਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਸੰਵਿਧਾਨ ਅਤੇ ਦੇਸ਼ ਦੇ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੋਕਤੰਤਰੀ ਪ੍ਰਣਾਲੀ 'ਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਸਖ਼ਤ ਮਿਹਨਤ ਅਤੇ ਸਮਰਪਣ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗ਼ਰੀਬ, ਵਾਂਝੇ ਅਤੇ ਪਛੜੇ ਵਰਗਾਂ ਦੀ ਭਲਾਈ ਸਰਕਾਰ ਦੀ ਵਿਸ਼ੇਸ਼ ਤਰਜੀਹ ਹੈ। ਪ੍ਰਧਾਨ ਮੰਤਰੀ-ਜਨਮਾਨ ਯੋਜਨਾ ਅਤੇ ਧਰਤੀ ਆਬਾ ਜਨਜਾਤੀ ਗ੍ਰਾਮ ਉਤਕਰਸ਼ ਅਭਿਆਨ ਵਰਗੇ ਪ੍ਰੋਗਰਾਮਾਂ ਰਾਹੀਂ ਵਿਕਾਸ ਦੇ ਲਾਭ ਸਭ ਤੋਂ ਵਾਂਝੇ ਆਦਿਵਾਸੀ ਪਿੰਡਾਂ ਤੱਕ ਪਹੁੰਚ ਰਹੇ ਹਨ।

ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਸਿੱਖਿਆ ਵਿਅਕਤੀਗਤ ਅਤੇ ਭਾਈਚਾਰਕ ਵਿਕਾਸ ਦੀ ਨੀਂਹ ਹੈ। ਕਬਾਇਲੀ ਖੇਤਰਾਂ ਵਿੱਚ ਏਕਲਵਿਆ ਮਾਡਲ ਰਿਹਾਇਸ਼ੀ ਸਕੂਲ ਸਥਾਪਿਤ ਕੀਤੇ ਗਏ ਹਨ ਤਾਂ ਜੋ ਇਨ੍ਹਾਂ ਖੇਤਰਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ । ਉਨ੍ਹਾਂ ਨੇ ਸਾਰੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਛੱਤੀਸਗੜ੍ਹ ਅਤੇ ਭਾਰਤ ਦਾ ਭਵਿੱਖ ਉੱਜਵਲ ਹੋਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਛੱਤੀਸਗੜ੍ਹ ਦੀਆਂ ਪ੍ਰਾਚੀਨ ਪਰੰਪਰਾਵਾਂ ਅੱਜ ਵੀ ਡੂੰਘੀਆਂ ਜੜ੍ਹਾਂ ਨਾਲ ਜੁੜੀਆਂ ਹੋਈਆਂ ਅਤੇ ਜੀਵੰਤ ਹਨ। ਦੇਵੀ ਦੰਤੇਸ਼ਵਰੀ ਨੂੰ ਸਮਰਪਿਤ ਬਸਤਰ ਦੁਸਹਿਰਾ ਕਬਾਇਲੀ ਸਭਿਆਚਾਰ ਅਤੇ ਭਾਈਚਾਰੇ ਦੀ ਇੱਕ ਵਿਲੱਖਣ ਉਦਾਹਰਣ ਹੈ। ਸਾਨੂੰ ਆਪਣੇ ਸ਼ਾਨਦਾਰ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਉੱਜਵਲ ਭਵਿੱਖ ਦਾ ਨਿਰਮਾਣ ਕਰਨਾ ਚਾਹੀਦਾ ਹੈ ।  ਉਨ੍ਹਾਂ ਲੋਕਾਂ ਨੂੰ ਆਪਣੀ ਅਮੀਰ ਵਿਰਾਸਤ ਨੂੰ ਸੰਭਾਲਦੇ ਹੋਏ ਵਿਕਾਸ ਨੂੰ ਅਪਣਾਉਣ ਦੀ ਅਪੀਲ ਕੀਤੀ।

 ਰਾਸ਼ਟਰਪਤੀ ਨੇ ਕਿਹਾ ਕਿ ਬਸਤਰ ਖੇਤਰ ਕੁਦਰਤੀ ਸਰੋਤਾਂ ਨਾਲ ਭਰਪੂਰ ਹੈ। ਇੱਥੋਂ ਦੇ ਲੋਕ ਸਮਰਪਿਤ ਅਤੇ ਮਿਹਨਤੀ ਹਨ। ਉਨ੍ਹਾਂ ਨੇ ਖੇਤਰ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਸੂਬਾ ਅਤੇ ਕੇਂਦਰ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਗਈਆਂ ਭਲਾਈ ਅਤੇ ਵਿਕਾਸ ਯੋਜਨਾਵਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰੱਕੀ ਅਤੇ ਖੁਸ਼ਹਾਲੀ ਛੱਤੀਸਗੜ੍ਹ ਦੀ ਤਰੱਕੀ ਅਤੇ ਵਿਕਸਤ ਭਾਰਤ ਲਈ ਬਹੁਤ ਜ਼ਰੂਰੀ ਹੈ।

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ, ਕਿਰਪਾ ਕਰਕੇ ਇੱਥੇ ਕਲਿੱਕ ਕਰੋ-

***********

ਐੱਮਜੇਪੀਐੱਸ/ਐੱਸਟੀ


(Release ID: 2225812) ਵਿਜ਼ੀਟਰ ਕਾਊਂਟਰ : 3