ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕੇਂਦਰੀ ਬਜਟ 2026 ’ਤੇ ਟਿੱਪਣੀਆਂ
ਇਹ ਬਜਟ 2047 ਤੱਕ ਵਿਕਸਿਤ ਭਾਰਤ ਦੀ ਸਾਡੀ ਯਾਤਰਾ ਦੀ ਨੀਂਹ: ਪ੍ਰਧਾਨ ਮੰਤਰੀ
ਇਸ ਸਾਲ ਦਾ ਬਜਟ ਭਾਰਤ ਦੇ ਰਿਫੌਰਮ ਐਕਸਪ੍ਰੈੱਸ ਨੂੰ ਨਵੀਂ ਊਰਜਾ ਅਤੇ ਗਤੀ ਪ੍ਰਦਾਨ ਕਰੇਗਾ: ਪ੍ਰਧਾਨ ਮੰਤਰੀ
ਭਾਰਤ ਸਿਰਫ਼ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥ-ਵਿਵਸਥਾ ਬਣ ਕੇ ਸੰਤੁਸ਼ਟ ਨਹੀਂ ਹੈ; ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਨਾ ਚਾਹੁੰਦਾ ਹੈ: ਪ੍ਰਧਾਨ ਮੰਤਰੀ
ਇਸ ਸਾਲ ਦਾ ਬਜਟ ਮੇਕ ਇਨ ਇੰਡੀਆ ਅਤੇ ਆਤਮ-ਨਿਰਭਰ ਭਾਰਤ ਪਹਿਲਕਦਮੀਆਂ ਨੂੰ ਨਵੀਂ ਗਤੀ ਦੇਣ ਲਈ ਇੱਕ ਅਭਿਲਾਸ਼ੀ ਰੋਡਮੈਪ ਪੇਸ਼ ਕਰਦਾ ਹੈ: ਪ੍ਰਧਾਨ ਮੰਤਰੀ
ਇਸ ਸਾਲ ਦੇ ਬਜਟ ਵਿੱਚ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਜੋ ਸਹਾਇਤਾ ਮਿਲੀ ਹੈ, ਉਹ ਇਨ੍ਹਾਂ ਉੱਦਮਾਂ ਨੂੰ ਸਥਾਨਕ ਤੋਂ ਵਿਸ਼ਵ ਪੱਧਰ ਤੱਕ ਵਿਕਾਸ ਦੀ ਨਵੀਂ ਸ਼ਕਤੀ ਪ੍ਰਦਾਨ ਕਰੇਗਾ: ਪ੍ਰਧਾਨ ਮੰਤਰੀ
ਇਸ ਸਾਲ ਦਾ ਬਜਟ ਨੌਜਵਾਨਾਂ ਦੀ ਸ਼ਕਤੀ ਦੇ ਲਈ ਹੈ, ਬਜਟ ਵਿੱਚ ਕੀਤੇ ਗਏ ਪ੍ਰਬੰਧ ਵੱਖ-ਵੱਖ ਖੇਤਰਾਂ ਵਿੱਚ ਆਗੂਆਂ, ਨਵੀਨਤਾਕਾਰਾਂ ਅਤੇ ਸਿਰਜਣਹਾਰਾਂ ਨੂੰ ਸਹਾਇਤਾ ਪ੍ਰਦਾਨ ਕਰਨਗੇ: ਪ੍ਰਧਾਨ ਮੰਤਰੀ
ਇਸ ਸਾਲ ਦਾ ਬਜਟ ਮਹਿਲਾਵਾਂ ਵੱਲੋਂ ਬਣਾਏ ਅਤੇ ਚਲਾਏ ਜਾਂਦੇ ਸਵੈ-ਸਹਾਇਤਾ ਸਮੂਹਾਂ ਦੇ ਇੱਕ ਆਧੁਨਿਕ ਈਕੋਸਿਸਟਮ ਨੂੰ ਤਰਜੀਹ ਦਿੰਦਾ ਹੈ, ਜਿਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਖ਼ੁਸ਼ਹਾਲੀ ਹਰ ਘਰ ਤੱਕ ਪਹੁੰਚੇ: ਪ੍ਰਧਾਨ ਮੰਤਰੀ
"ਇਹ ਬਜਟ ਅਭਿਲਾਸ਼ੀ ਹੈ ਅਤੇ ਰਾਸ਼ਟਰ ਦੀਆਂ ਇੱਛਾਵਾਂ ਨੂੰ ਪੂਰਾ ਕਰਦਾ ਹੈ": ਪ੍ਰਧਾਨ ਮੰਤਰੀ
Posted On:
01 FEB 2026 3:15PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਕੇਂਦਰੀ ਬਜਟ 2026 ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਬਜਟ ਇਤਿਹਾਸਕ ਹੈ ਅਤੇ ਦੇਸ਼ ਦੀਆਂ ਸਸ਼ਕਤ ਮਹਿਲਾਵਾਂ ਦੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਲਗਾਤਾਰ ਨੌਵੀਂ ਵਾਰ ਮਹਿਲਾ ਵਿੱਤ ਮੰਤਰੀ ਵਜੋਂ ਦੇਸ਼ ਦਾ ਬਜਟ ਪੇਸ਼ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਜਟ ਬੇਅੰਤ ਮੌਕਿਆਂ ਦਾ ਮਾਰਗ ਹੈ, ਜੋ ਮੌਜੂਦਾ ਸੁਪਨਿਆਂ ਨੂੰ ਸਾਕਾਰ ਕਰਦਾ ਹੈ ਅਤੇ ਭਾਰਤ ਦੇ ਉੱਜਵਲ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਬਜਟ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਵੱਲ ਭਾਰਤ ਦੀ ਉੱਚੀ ਉਡਾਣ ਦੀ ਨੀਂਹ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਜਿਸ ਸੁਧਾਰ ਦੀ ਰਫ਼ਤਾਰ ’ਤੇ ਚਲ ਰਿਹਾ ਹੈ, ਉਸ ਨੂੰ ਇਸ ਬਜਟ ਨਾਲ ਨਵੀਂ ਊਰਜਾ ਅਤੇ ਗਤੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਕੀਤੇ ਗਏ ਬੇਮਿਸਾਲ ਸੁਧਾਰਾਂ ਨੇ ਭਾਰਤ ਦੇ ਅਭਿਲਾਸ਼ੀ, ਦਲੇਰ ਅਤੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਬੇਅੰਤ ਮੌਕੇ ਪ੍ਰਦਾਨ ਕੀਤੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਬਜਟ ਵਿਸ਼ਵਾਸ-ਅਧਾਰਤ ਸ਼ਾਸਨ ਅਤੇ ਮਨੁੱਖ-ਕੇਂਦ੍ਰਿਤ ਆਰਥਿਕ ਢਾਂਚੇ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਇਹ ਇੱਕ ਵਿਸ਼ੇਸ਼ ਬਜਟ ਹੈ, ਜੋ ਵਿੱਤੀ ਘਾਟੇ ਨੂੰ ਘੱਟ ਕਰਨ ਅਤੇ ਮਹਿੰਗਾਈ ਨੂੰ ਕੰਟ੍ਰੋਲ ਕਰਨ ’ਤੇ ਕੇਂਦ੍ਰਿਤ ਹੈ, ਨਾਲ ਹੀ ਇਹ ਉੱਚ ਪੂੰਜੀ ਖ਼ਰਚ ਅਤੇ ਉੱਚ ਵਿਕਾਸ ਦਰ ਨੂੰ ਵੀ ਯਕੀਨੀ ਬਣਾਉਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਬਜਟ ਭਾਰਤ ਦੀ ਵਿਸ਼ਵ-ਵਿਆਪੀ ਭੂਮਿਕਾ ਨੂੰ ਮੁੜ-ਸੁਰਜੀਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ 140 ਕਰੋੜ ਨਾਗਰਿਕ ਸਿਰਫ਼ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੋਣ ਤੋਂ ਸੰਤੁਸ਼ਟ ਨਹੀਂ ਹਨ ਅਤੇ ਦੇਸ਼ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋ ਵੱਡੀ ਅਰਥ-ਵਿਵਸਥਾ ਬਣਨ ਲਈ ਦ੍ਰਿੜ੍ਹ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੱਖਾਂ ਭਾਰਤੀਆਂ ਦਾ ਸਮੂਹਿਕ ਸੰਕਲਪ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਭਰੋਸੇਮੰਦ ਲੋਕਤੰਤਰੀ ਭਾਈਵਾਲ ਅਤੇ ਭਰੋਸੇਯੋਗ ਗੁਣਵੱਤਾ ਸਪਲਾਇਰ ਵਜੋਂ ਭਾਰਤ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਵੱਲੋਂ ਹਾਲ ਹੀ ਵਿੱਚ ਦਸਤਖ਼ਤ ਕੀਤੇ ਗਏ ਮੁੱਖ ਵਪਾਰ ਸਮਝੌਤਿਆਂ ਦਾ ਉਦੇਸ਼ ਦੇਸ਼ ਦੇ ਨੌਜਵਾਨਾਂ ਅਤੇ ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਵੱਧ ਤੋ ਵੱਧ ਲਾਭ ਪਹੁੰਚਾਉਣਾ ਹੈ, ਅਤੇ ਇਸ ਬਜਟ ਨੇ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕੇ ਹਨ।
ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਬਜਟ 'ਮੇਕ ਇਨ ਇੰਡੀਆ' ਅਤੇ 'ਆਤਮ-ਨਿਰਭਰ ਭਾਰਤ' ਅਭਿਆਨ ਨੂੰ ਤੇਜ਼ ਕਰਨ ਲਈ ਇੱਕ ਅਭਿਲਾਸ਼ੀ ਰੋਡਮੈਪ ਪੇਸ਼ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਬਾਇਓਫਾਰਮਾ ਸ਼ਕਤੀ ਮਿਸ਼ਨ, ਸੈਮੀਕੰਡਕਟਰ ਮਿਸ਼ਨ 2.0, ਇਲੈਕਟ੍ਰੋਨਿਕ ਕੰਪੋਨੈਂਟ ਮੈਨੂਫੈਕਚਰਿੰਗ ਸਕੀਮ, ਰੇਅਰ ਅਰਥ ਕੌਰੀਡੋਰ ਦੀ ਸਿਰਜਣਾ, ਮਹੱਤਵਪੂਰਨ ਖਣਿਜ ਖੇਤਰ ਨੂੰ ਮਜ਼ਬੂਤ ਕਰਨਾ, ਟੈਕਸਟਾਈਲ ਖੇਤਰ ਵਿੱਚ ਨਵੀਂਆਂ ਯੋਜਨਾਵਾਂ, ਉੱਚ-ਤਕਨੀਕੀ ਉਪਕਰਨ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਅਤੇ ਮੋਹਰੀ ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਤਿਆਰ ਕਰਨ ਜਿਹੇ ਉੱਭਰ ਰਹੇ ਖੇਤਰਾਂ ਨੂੰ ਦਿੱਤਾ ਗਿਆ ਬੇਮਿਸਾਲ ਸਮਰਥਨ ਦੂਰ-ਦਰਸ਼ੀ ਹੈ ਅਤੇ ਦੇਸ਼ ਦੀਆਂ ਮੌਜੂਦਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਛੋਟੇ ਅਤੇ ਘਰੇਲੂ ਉਦਯੋਗਾਂ ਸਮੇਤ ਐੱਮਐੱਸਐੱਮਈ ਨੂੰ ਦਿੱਤਾ ਗਿਆ ਸਮਰਥਨ ਉਨ੍ਹਾਂ ਨੂੰ ਸਥਾਨਕ ਤੋਂ ਵਿਸ਼ਵ ਪੱਧਰ ਤੱਕ ਵਿਕਸਿਤ ਹੋਣ ਵਿੱਚ ਯੋਗ ਬਣਾਏਗਾ।
ਸ਼੍ਰੀ ਮੋਦੀ ਨੇ ਅੱਗੇ ਦੱਸਿਆ ਕਿ ਬਜਟ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ, ਜਿਨ੍ਹਾਂ ਵਿੱਚ ਇੱਕ ਸਮਰਪਿਤ ਡੇਡੀਕੇਟਡ ਫ੍ਰੇਟ ਕੌਰੀਡੋਰ, ਦੇਸ਼ ਭਰ ਵਿੱਚ ਜਲ ਮਾਰਗਾਂ ਦਾ ਵਿਸਥਾਰ, ਇੱਕ ਹਾਈ-ਸਪੀਡ ਰੇਲ ਕੌਰੀਡੋਰ, ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੇ ਵਿਕਾਸ ’ਤੇ ਵਿਸ਼ੇਸ਼ ਧਿਆਨ ਦੇਣਾ ਅਤੇ ਸ਼ਹਿਰਾਂ ਨੂੰ ਇੱਕ ਮਜ਼ਬੂਤ ਆਰਥਿਕ ਅਧਾਰ ਪ੍ਰਦਾਨ ਕਰਨ ਲਈ ਮਿਊਂਸੀਪਲ ਬੌਂਡਸ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਾਰੇ ਉਪਾਅ ਵਿਕਸਿਤ ਭਾਰਤ ਦੀ ਯਾਤਰਾ ਨੂੰ ਤੇਜ਼ ਕਰਨਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਪੂੰਜੀ ਉਸ ਦੇ ਨਾਗਰਿਕ ਹੁੰਦੇ ਹਨ ਅਤੇ ਹਾਲ ਹੀ ਦੇ ਸਾਲਾਂ ਵਿੱਚ ਸਰਕਾਰ ਨੇ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਬੇਮਿਸਾਲ ਨਿਵੇਸ਼ ਕੀਤੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹੁਨਰ, ਸਮਾਵੇਸ਼ ਅਤੇ ਸਥਿਰਤਾ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਇਸ ਬਿਆਨ ਨੂੰ ਦੁਹਰਾਉਂਦੇ ਹੋਏ ਕਿ ਇਹ ਨੌਜਵਾਨ ਸ਼ਕਤੀ ਲਈ ਬਜਟ ਹੈ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਬਜਟ ਵਿੱਚ ਕੀਤੇ ਗਏ ਪ੍ਰਬੰਧ ਵੱਖ-ਵੱਖ ਖੇਤਰਾਂ ਵਿੱਚ ਆਗੂ, ਨਵੀਨਤਾਕਾਰੀ ਅਤੇ ਸਿਰਜਣਹਾਰਾਂ ਨੂੰ ਤਿਆਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੈਡੀਕਲ ਹੱਬਾਂ ਦੀ ਸਥਾਪਨਾ, ਸਹਿਯੋਗੀ ਸਿਹਤ ਪੇਸ਼ੇਵਰਾਂ ਦੀ ਭਰਤੀ, ਆਡੀਓ-ਵਿਜ਼ੂਅਲ ਸਮੇਤ ਔਰੇਂਜ ਅਰਥ-ਵਿਵਸਥਾ ਨੂੰ ਉਤਸ਼ਾਹਿਤ ਕਰਨ, ਗੇਮਿੰਗ, ਸੈਰ-ਸਪਾਟਾ ਅਤੇ ਖੇਲੋ ਇੰਡੀਆ ਮਿਸ਼ਨ ਨੂੰ ਉਤਸ਼ਾਹ ਦੇਣ ਨਾਲ ਨੌਜਵਾਨਾਂ ਲਈ ਨਵੇਂ ਮੌਕੇ ਖੁਲ੍ਹਣਗੇ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਇੱਕ ਗਲੋਬਲ ਡੇਟਾ ਸੈਂਟਰ ਹੱਬ ਬਣਾਉਣ ਲਈ ਇੱਕ ਵੱਡੀ ਟੈਕਸ ਛੋਟ ਦਾ ਐਲਾਨ ਕੀਤਾ ਗਿਆ ਹੈ। ਨੌਜਵਾਨਾਂ ਨੂੰ ਵਿਸ਼ੇਸ਼ ਵਧਾਈ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਹ ਬਜਟ ਨਾਲ ਰੁਜ਼ਗਾਰ ਸਿਰਜਣ ਨੂੰ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਸੈਰ-ਸਪਾਟੇ ਨੂੰ ਖ਼ਾਸ ਕਰਕੇ ਉੱਤਰ-ਪੂਰਬ ਨੂੰ ਉਤਸ਼ਾਹਿਤ ਕਰਨ ਲਈ ਠੋਸ ਕਦਮ ਚੁੱਕੇ ਗਏ ਹਨ ਅਤੇ ਵੱਖ-ਵੱਖ ਸੂਬਿਆਂ ਨੂੰ ਸਸ਼ਕਤ ਬਣਾ ਕੇ ਸੰਤੁਲਿਤ ਵਿਕਾਸ ਦੀ ਨੀਂਹ ਨੂੰ ਮਜ਼ਬੂਤ ਕੀਤਾ ਗਿਆ ਹੈ।
ਸ਼੍ਰੀ ਮੋਦੀ ਨੇ ਇਸ ਗੱਲ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ 10 ਕਰੋੜ ਤੋ ਵੱਧ ਮਹਿਲਾਵਾਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਬਜਟ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਅਤੇ ਸੰਚਾਲਿਤ ਸਵੈ-ਸਹਾਇਤਾ ਸਮੂਹਾਂ ਲਈ ਇੱਕ ਆਧੁਨਿਕ ਈਕੋਸਿਸਟਮ ਬਣਾਉਣ ਨੂੰ ਤਰਜੀਹ ਦਿੱਤੀ ਗਈ ਹੈ, ਜਿਸ ਨਾਲ ਹਰ ਪਰਿਵਾਰ ਵਿੱਚ ਖ਼ੁਸ਼ਹਾਲੀ ਆਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰੇਕ ਜ਼ਿਲ੍ਹੇ ਵਿੱਚ ਵਿਦਿਆਰਥਣਾਂ ਦੇ ਲਈ ਨਵੇਂ ਹੋਸਟਲਾਂ ਨੂੰ ਬਣਾਉਣ ਦਾ ਅਭਿਆਨ ਸਿੱਖਿਆ ਨੂੰ ਵਧੇਰੇ ਪਹੁੰਚਯੋਗ ਬਣਾਵੇਗਾ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖੇਤੀਬਾੜੀ, ਡੇਅਰੀ ਅਤੇ ਮੱਛੀ ਪਾਲਣ ਨੂੰ ਸਰਕਾਰ ਨੇ ਹਮੇਸ਼ਾ ਸਭ ਤੋ ਵੱਧ ਤਰਜੀਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਜਟ ਵਿੱਚ ਨਾਰੀਅਲ, ਕਾਜੂ, ਕੋਕੋ ਅਤੇ ਚੰਦਨ ਦੇ ਉਤਪਾਦਨ ਵਿੱਚ ਲੱਗੇ ਕਿਸਾਨਾਂ ਲਈ ਮਹੱਤਵਪੂਰਨ ਉਪਾਅ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਸਤਾਰ ਏਆਈ ਟੂਲ ਕਿਸਾਨਾਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਜਾਣਕਾਰੀ ਪ੍ਰਦਾਨ ਕਰਵਾ ਕੇ ਉਨ੍ਹਾਂ ਦੀ ਬਹੁਤ ਮਦਦ ਕਰੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਮੱਛੀ ਪਾਲਣ ਅਤੇ ਪਸ਼ੂ ਪਾਲਣ ਵਿੱਚ ਉਦਮਤਾ ਨੂੰ ਉਤਸ਼ਾਹਿਤ ਕਰਨ ਨਾਲ ਪਿੰਡਾਂ ਵਿੱਚ ਵਧੇਰੇ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਪ੍ਰਧਾਨ ਮੰਤਰੀ ਨੇ ਇਹ ਕਹਿੰਦੇ ਹੋਏ ਆਪਣੇ ਭਾਸ਼ਣ ਦੀ ਸਮਾਪਤੀ ਕੀਤੀ ਕਿ ਇਹ ਬਜਟ ਅਭਿਲਾਸ਼ੀ ਹੈ ਅਤੇ ਰਾਸ਼ਟਰ ਦੀਆਂ ਇੱਛਾਵਾਂ ਨੂੰ ਪੂਰਾ ਕਰਦਾ ਹੈ। ਉਨ੍ਹਾਂ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਉਨ੍ਹਾਂ ਦੀ ਟੀਮ ਨੂੰ ਭਵਿੱਖਮੁਖੀ, ਸੰਵੇਦਨਸ਼ੀਲ ਬਜਟ ਅਤੇ ਪਿੰਡਾਂ, ਗ਼ਰੀਬਾਂ ਅਤੇ ਕਿਸਾਨਾਂ ਦੀ ਭਲਾਈ ਲਈ ਸਮਰਪਿਤ ਬਜਟ ਪੇਸ਼ ਕਰਨ ਲਈ ਇੱਕ ਵਾਰ ਫਿਰ ਵਧਾਈ ਦਿੱਤੀ।
*********
ਐੱਮਜੇਪੀਐੱਸ/ਐੱਸਆਰ
(Release ID: 2222216)
ਵਿਜ਼ੀਟਰ ਕਾਊਂਟਰ : 37
Read this release in:
Bengali
,
Telugu
,
Malayalam
,
Bengali-TR
,
Assamese
,
English
,
Urdu
,
Marathi
,
हिन्दी
,
Manipuri
,
Gujarati
,
Odia
,
Tamil
,
Kannada