ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਵਿੰਗਜ਼ ਇੰਡੀਆ 2026 ਭਾਰਤ ਦੇ ਹਵਾਬਾਜ਼ੀ ਖੇਤਰ ਵਿੱਚ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸ਼ਹਿਰੀ ਹਵਾਬਾਜ਼ੀ ਬਾਜ਼ਾਰ ਵਜੋਂ ਹੋ ਰਹੀ ਪ੍ਰਗਤੀ ਨੂੰ ਪ੍ਰਦਰਸ਼ਿਤ ਕਰੇਗਾ
ਏਸ਼ੀਆ ਦਾ ਸਭ ਤੋਂ ਵੱਡਾ ਸ਼ਹਿਰੀ ਹਵਾਬਾਜ਼ੀ ਸਮਾਗਮ ਭਾਰਤੀ ਹਵਾਬਾਜ਼ੀ ਦੇ ਵਿਕਾਸ ਅਤੇ ਵਿਸ਼ਵਵਿਆਪੀ ਉਡਾਣ ਦੇ ਭਵਿੱਖ ਨੂੰ ਪ੍ਰਦਰਸ਼ਿਤ ਕਰੇਗਾ
प्रविष्टि तिथि:
25 JAN 2026 2:42PM by PIB Chandigarh
ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਦੇ ਖੇਤਰਾਂ ਵਿੱਚੋਂ ਇੱਕ ਭਾਰਤ ਦਾ ਸ਼ਹਿਰੀ ਹਵਾਬਾਜ਼ੀ ਖੇਤਰ ਏਸ਼ੀਆ ਦੇ ਸਭ ਤੋਂ ਵੱਡੇ ਸ਼ਹਿਰੀ ਹਵਾਬਾਜ਼ੀ ਸਮਾਗਮ ਵਿੰਗਜ਼ ਇੰਡੀਆ 2026 ਵਿੱਚ ਕੇਂਦਰ ਬਿੰਦੂ ਬਣਨ ਲਈ ਤਿਆਰ ਹੈ। ਇਹ 28 ਤੋਂ 31 ਜਨਵਰੀ, 2026 ਨੂੰ ਬੇਗਮਪੇਟ ਹਵਾਈ ਅੱਡੇ, ਹੈਦਰਾਬਾਦ ਵਿਖੇ ਆਯੋਜਿਤ ਹੋਣ ਵਾਲਾ ਹੈ।
ਚਾਰ ਦਿਨਾਂ ਦੇ ਇਸ ਸ਼ਾਨਦਾਰ ਸਮਾਗਮ ਦਾ ਰਸਮੀ ਉਦਘਾਟਨ ਮਾਣਯੋਗ ਸ਼ਹਿਰੀ ਹਵਾਬਾਜ਼ੀ ਮੰਤਰੀ, ਸ਼੍ਰੀ ਕਿੰਜਰਾਪੂ ਰਾਮਮੋਹਨ ਨਾਇਡੂ ਵੱਲੋਂ ਦੇਸ਼ ਅਤੇ ਵਿਦੇਸ਼ਾਂ ਦੇ ਪਤਵੰਤਿਆਂ ਦੀ ਮੌਜੂਦਗੀ ਵਿੱਚ ਕੀਤਾ ਜਾਵੇਗਾ। ਇਹ ਲਾਂਚ ਇੱਕ ਇਤਿਹਾਸਕ ਗਲੋਬਲ ਹਵਾਬਾਜ਼ੀ ਸੰਮੇਲਨ ਦੀ ਸ਼ੁਰੂਆਤ ਦਾ ਪ੍ਰਤੀਕ ਹੋਵੇਗਾ। ਇਹ ਸੰਪਰਕ, ਨਿਰਮਾਣ, ਸੇਵਾਵਾਂ, ਨਵੀਨਤਾ ਅਤੇ ਸਥਿਰਤਾ ਦੇ ਖੇਤਰਾਂ ਵਿੱਚ ਭਾਰਤ ਦੇ ਇੱਕ ਮੋਹਰੀ ਹਵਾਬਾਜ਼ੀ ਹੱਬ ਵਿੱਚ ਪਰਿਵਰਤਨ ਨੂੰ ਪ੍ਰਦਰਸ਼ਿਤ ਕਰੇਗਾ।
"ਭਾਰਤੀ ਹਵਾਬਾਜ਼ੀ: ਭਵਿੱਖ ਲਈ ਰਾਹ ਪੱਧਰਾ ਕਰਨਾ - ਡਿਜ਼ਾਈਨ ਤੋਂ ਤੈਨਾਤੀ ਤੱਕ, ਨਿਰਮਾਣ ਤੋਂ ਰੱਖ-ਰਖਾਅ ਤੱਕ, ਸ਼ਮੂਲੀਅਤ ਤੋਂ ਨਵੀਨਤਾ ਤੱਕ ਅਤੇ ਸੁਰੱਖਿਆ ਤੋਂ ਸਥਿਰਤਾ ਤੱਕ" ਥੀਮ 'ਤੇ ਅਧਾਰਿਤ ਵਿੰਗਜ਼ ਇੰਡੀਆ 2026 ਦੱਸੇਗਾ ਕਿ ਕਿਵੇਂ ਭਾਰਤ ਦਾ ਹਵਾਬਾਜ਼ੀ ਈਕੋਸਿਸਟਮ ਆਰਥਿਕ ਵਿਕਾਸ, ਖੇਤਰੀ ਵਿਕਾਸ ਅਤੇ ਵਿਸ਼ਵਵਿਆਪੀ ਏਕੀਕਰਣ ਦੇ ਇੱਕ ਸ਼ਕਤੀਸ਼ਾਲੀ ਇੰਜਣ ਵਜੋਂ ਵਿਕਸਿਤ ਹੋਇਆ ਹੈ।
ਭਾਰਤ ਦੇ ਹਵਾਬਾਜ਼ੀ ਖੇਤਰ ਦੇ ਵਿਕਾਸ ਦੀ ਕਹਾਣੀ ਨੇ ਵਿਸ਼ਵ ਪੱਧਰ 'ਤੇ ਸੁਰਖੀਆਂ ਬਟੋਰੀਆਂ ਹਨ।
ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਦੇ ਸ਼ਹਿਰੀ ਹਵਾਬਾਜ਼ੀ ਵਿੱਚ ਬੇਮਿਸਾਲ ਵਿਸਥਾਰ ਹੋਇਆ ਹੈ:
• ਯਾਤਰੀਆਂ ਦੀ ਆਵਾਜਾਈ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਨਾਲ ਭਾਰਤ ਦੁਨੀਆ ਦੇ ਚੋਟੀ ਦੇ ਹਵਾਬਾਜ਼ੀ ਬਾਜ਼ਾਰਾਂ ਵਿੱਚ ਸ਼ਾਮਲ ਹੋ ਗਿਆ ਹੈ।
• ਭਾਰਤੀ ਹਵਾਬਾਜ਼ੀ ਕੰਪਨੀਆਂ ਨੇ ਸੈਂਕੜੇ ਨਵੇਂ ਜਹਾਜ਼ ਸ਼ਾਮਲ ਕੀਤੇ ਹਨ ਅਤੇ ਰਿਕਾਰਡ ਤੋੜ ਜਹਾਜ਼ਾਂ ਦੇ ਆਰਡਰਾਂ ਨੇ ਦੇਸ਼ ਨੂੰ ਵਿਸ਼ਵ ਪੱਧਰ 'ਤੇ ਭਵਿੱਖ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਬਾਜ਼ਾਰਾਂ ਵਿੱਚੋਂ ਇੱਕ ਵਜੋਂ ਸਥਾਪਿਤ ਕੀਤਾ ਹੈ।
• ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਵਿਸਥਾਰ ਹੋਇਆ ਹੈ। ਇਸ ਵਿੱਚ ਨਵੇਂ ਗ੍ਰੀਨਫੀਲਡ ਹਵਾਈ ਅੱਡੇ, ਆਧੁਨਿਕ ਟਰਮੀਨਲ, ਅਤੇ ਯੂਡੀਐੱਨ ਜਿਹੀਆਂ ਪ੍ਰਮੁੱਖ ਪਹਿਲਕਦਮੀਆਂ ਰਾਹੀਂ ਖੇਤਰੀ ਸੰਪਰਕ ਵਿੱਚ ਸੁਧਾਰ ਸ਼ਾਮਲ ਹੈ।
• ਭਾਰਤ ਹਵਾਈ ਜਹਾਜ਼ਾਂ ਦੀ ਦੇਖਭਾਲ, ਮੁਰੰਮਤ ਅਤੇ ਨਵੀਨੀਕਰਣ (ਐੱਮਆਰਓ), ਪਾਇਲਟ ਟ੍ਰੇਨਿੰਗ, ਏਅਰੋਸਪੇਸ ਨਿਰਮਾਣ, ਕਾਰਗੋ ਲੌਜਿਸਟਿਕਸ, ਅਤੇ ਉੱਨਤ ਹਵਾਈ ਗਤੀਸ਼ੀਲਤਾ ਲਈ ਇੱਕ ਮਜ਼ਬੂਤ ਕੇਂਦਰ ਵਜੋਂ ਉੱਭਰ ਰਿਹਾ ਹੈ।
• ਟਿਕਾਊ ਹਵਾਬਾਜ਼ੀ ਵੱਲ ਇੱਕ ਵੱਡੇ ਯਤਨ ਵਿੱਚ ਟਿਕਾਊ ਹਵਾਬਾਜ਼ੀ ਈਂਧਣ (ਐੱਸਏਐੱਫ), ਗ੍ਰੀਨ ਏਅਰਪੋਰਟ ਅਤੇ ਡਿਜੀਟਲ ਹਵਾਈ ਨੈਵੀਗੇਸ਼ਨ ਸ਼ਾਮਲ ਹਨ, ਜੋ ਉਡਾਣ ਦੇ ਭਵਿੱਖ ਨੂੰ ਨਵਾਂ ਆਕਾਰ ਦੇ ਰਿਹਾ ਹੈ।
ਵਿੰਗਜ਼ ਇੰਡੀਆ 2026 ਇਸ ਅਸਾਧਾਰਨ ਵਿਕਾਸ ਯਾਤਰਾ ਨੂੰ ਪ੍ਰਦਰਸ਼ਿਤ ਕਰੇਗਾ ਅਤੇ ਭਾਰਤ ਦੀ ਇੱਕ ਵਿਸ਼ਵਵਿਆਪੀ ਹਵਾਬਾਜ਼ੀ ਸ਼ਕਤੀ ਬਣਨ ਦੀ ਇੱਛਾ ਨੂੰ ਪ੍ਰਦਰਸ਼ਿਤ ਕਰੇਗਾ।
ਹਵਾਬਾਜ਼ੀ ਉੱਤਮਤਾ ਲਈ ਇੱਕ ਵਿਸ਼ਵਵਿਆਪੀ ਪਲੈਟਫਾਰਮ
ਵਿੰਗਜ਼ ਇੰਡੀਆ 2026 ਵਿੱਚ ਹੇਠਾਂ ਲਿਖੇ ਸ਼ਾਮਲ ਹੋਣਗੇ:
• ਇੱਕ ਵਿਆਪਕ ਅਤੇ ਵਿਸ਼ਵ ਪੱਧਰੀ ਅੰਤਰਰਾਸ਼ਟਰੀ ਪ੍ਰਦਰਸ਼ਨੀ
• ਸਥਿਰ ਜਹਾਜ਼ਾਂ ਅਤੇ ਕਲਾਬਾਜ਼ੀ ਦੇ ਕਰਤਬਾਂ ਦਾ ਪ੍ਰਦਰਸ਼ਨ
• ਇੱਕ ਉੱਚ-ਪੱਧਰੀ ਗਲੋਬਲ ਹਵਾਬਾਜ਼ੀ ਕਾਨਫਰੰਸ
• ਮੰਤਰੀ-ਪੱਧਰੀ ਪੂਰਾ ਸੈਸ਼ਨ ਅਤੇ ਗਲੋਬਲ ਸੀਈਓ ਫੋਰਮ
• ਸੀਈਓ ਗੋਲਮੇਜ਼, ਬੀ2ਬੀ ਅਤੇ ਬੀ2ਜੀ ਮੀਟਿੰਗਾਂ
• ਹਵਾਬਾਜ਼ੀ ਰੁਜ਼ਗਾਰ ਮੇਲਾ ਅਤੇ ਵਿਦਿਆਰਥੀ ਨਵੀਨਤਾ ਮੁਕਾਬਲਾ
• ਵੱਕਾਰੀ ਪੁਰਸਕਾਰ ਸਮਾਰੋਹ
• ਦੇਸ਼ ਦੀ ਵਿਰਾਸਤ ਨੂੰ ਦਰਸਾਉਂਦੇ ਜੀਵੰਤ ਸੱਭਿਆਚਾਰਕ ਪ੍ਰੋਗਰਾਮ
ਇਹ ਸਮਾਗਮ ਨੀਤੀ ਨਿਰਮਾਤਾਵਾਂ, ਗਲੋਬਲ ਸੀਈਓ, ਨਿਵੇਸ਼ਕ, ਨਵੀਨਤਾਕਾਰੀ, ਏਅਰਲਾਈਨਾਂ, ਹਵਾਈ ਅੱਡੇ, ਓਈਐੱਮ, ਐੱਮਆਰਓ, ਕਿਰਾਏਦਾਰ, ਤਕਨਾਲੋਜੀ ਪ੍ਰਦਾਤਾ, ਟ੍ਰੇਨਿੰਗ ਸੰਸਥਾਵਾਂ ਅਤੇ ਸਟਾਰਟਅੱਪਸ ਨੂੰ ਇਕੱਠੇ ਲਿਆਵੇਗਾ। ਇਸ ਨਾਲ ਇਹ ਦੁਨੀਆ ਦੇ ਸਭ ਤੋਂ ਵਿਆਪਕ ਹਵਾਬਾਜ਼ੀ ਪਲੈਟਫਾਰਮਾਂ ਵਿੱਚੋਂ ਇੱਕ ਬਣ ਜਾਵੇਗਾ।
ਮਜ਼ਬੂਤ ਗਲੋਬਲ ਅਤੇ ਘਰੇਲੂ ਭਾਗੀਦਾਰੀ
ਵਿੰਗਜ਼ ਇੰਡੀਆ 2026 ਵਿੱਚ ਹੇਠ ਲਿਖੇ ਪ੍ਰੋਗਰਾਮ ਹੋਣਗੇ:
• 20 ਦੇਸ਼ਾਂ (ਕੰਬੋਡੀਆ, ਘਾਨਾ, ਰੂਸ, ਸੇਸ਼ੇਲਸ, ਤ੍ਰਿਨੀਦਾਦ ਅਤੇ ਟੋਬੈਗੋ, ਸਿੰਗਾਪੁਰ, ਅਲਜੀਰੀਆ, ਡੌਮਿਨਿਕਨ ਗਣਰਾਜ, ਈਰਾਨ, ਮਾਲਦੀਵ, ਮੰਗੋਲੀਆ, ਮੋਜ਼ਾਮਬੀਕ, ਓਮਾਨ, ਕਤਰ, ਯੂਰਪੀਅਨ ਯੂਨੀਅਨ, ਯੂਕੇ, ਫਰਾਂਸ, ਜਰਮਨੀ, ਅਮਰੀਕਾ) ਦੇ ਮੰਤਰੀ ਪੱਧਰੀ ਅਤੇ ਅਧਿਕਾਰਤ ਵਿਦੇਸ਼ੀ ਵਫ਼ਦ।
• ਭਾਰਤੀ ਰਾਜਾਂ ਦੀ ਸਰਗਰਮ ਭਾਗੀਦਾਰੀ ਰਹੀ ਹੈ ਅਤੇ ਕਈ ਮੰਤਰੀਆਂ ਅਤੇ ਅਧਿਕਾਰੀਆਂ ਦੇ ਉਦਘਾਟਨੀ ਸਮਾਰੋਹ, ਪ੍ਰਦਰਸ਼ਨੀਆਂ ਅਤੇ ਸੈਸ਼ਨਾਂ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ।
• ਏਅਰਬੱਸ, ਬੋਇੰਗ, ਐਂਬਰੇਅਰ, ਐੱਚਏਐੱਲ, ਡਸੌਲਟ, ਬੈੱਲ ਟੈਕਸਟ੍ਰੋਨ, ਏਟੀਆਰ, ਪਿਲਾਟਸ, ਡੀ ਹੈਵਿਲੈਂਡ, ਆਰਟੀਐਕਸ, ਰੋਲਸ-ਰਾਇਸ, ਯੂਨਾਈਟਿਡ ਏਅਰਕ੍ਰਾਫਟ ਕਾਰਪੋਰੇਸ਼ਨ, ਸੀਐੱਸਆਈਆਰ-ਐੱਨਏਐੱਲ ਵਰਗੀਆਂ ਪ੍ਰਮੁੱਖ ਗਲੋਬਲ ਅਤੇ ਘਰੇਲੂ ਕੰਪਨੀਆਂ ਦੇ ਨਾਲ-ਨਾਲ ਜੀਐੱਮਆਰ, ਅਡਾਨੀ, ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡਾ, ਏਤਿਹਾਦ ਏਅਰਵੇਜ਼, ਥਾਈ ਏਅਰਵੇਜ਼, ਏਅਰ ਇੰਡੀਆ, ਇੰਡੀਗੋ ਅਤੇ ਅਕਾਸਾ ਏਅਰ ਨੇ ਵੀ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ।
ਚੋਟੀ ਦੀਆਂ ਏਅਰਲਾਈਨਾਂ, ਹਵਾਈ ਅੱਡਿਆਂ ਅਤੇ ਓਈਐੱਮ ਦੇ ਗਲੋਬਲ ਸੀਈਓਜ਼ ਦੀ ਇਸ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਇਹ ਵਿਸ਼ਵਵਿਆਪੀ ਹਵਾਬਾਜ਼ੀ ਵਿੱਚ ਭਾਰਤ ਦੇ ਵਧ ਰਹੇ ਰਣਨੀਤਕ ਮਹੱਤਵ ਨੂੰ ਉਜਾਗਰ ਕਰਦਾ ਹੈ।
ਸ਼ਾਨਦਾਰ ਹਵਾਈ ਸ਼ੋਅ ਅਤੇ ਜਹਾਜ਼ ਪ੍ਰਦਰਸ਼ਨੀ
ਇਸ ਸਮਾਗਮ ਵਿੱਚ ਹੇਠਾਂ ਲਿਖੇ ਸ਼ਾਮਲ ਹੋਣਗੇ:
• ਕਈ ਤਰ੍ਹਾਂ ਦੇ ਜਹਾਜ਼ਾਂ ਦੇ ਸਥਿਰ ਅਤੇ ਹਵਾਈ ਪ੍ਰਦਰਸ਼ਨ
• ਹਵਾਈ ਸੈਨਾ ਦੀ ਸੂਰਯ ਕਿਰਣ ਏਅਰੋਬੈਟਿਕ ਟੀਮ ਅਤੇ ਮਾਰਕ ਜੈਫਰੀਜ਼ ਏਅਰੋਬੈਟਿਕ ਟੀਮ ਦੁਆਰਾ ਏਅਰੋਬੈਟਿਕ ਪ੍ਰਦਰਸ਼ਨ।
• ਹਵਾਬਾਜ਼ੀ ਉੱਤਮਤਾ, ਨਵੀਨਤਾ ਅਤੇ ਜਨਤਕ ਭਾਗੀਦਾਰੀ ਦਾ ਜਸ਼ਨ
ਵਿਚਾਰ ਲੀਡਰਸ਼ਿਪ ਅਤੇ ਭਵਿੱਖਬਾਣੀ ਸੰਵਾਦ
ਅੰਤਰਰਾਸ਼ਟਰੀ ਕਾਨਫਰੰਸ ਵਿੱਚ 13 ਥੀਮੈਟਿਕ ਸੈਸ਼ਨਾਂ ਦੇ ਨਾਲ-ਨਾਲ ਇੱਕ ਮੰਤਰੀ ਪੱਧਰੀ ਸੈਸ਼ਨ ਅਤੇ ਇੱਕ ਗਲੋਬਲ ਸੀਈਓ ਫੋਰਮ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਹੇਠਾਂ ਲਿਖੇ ਵਿਸ਼ਿਆਂ 'ਤੇ ਚਰਚਾ ਕੀਤੀ ਜਾਵੇਗੀ:
• ਹਵਾਈ ਅੱਡੇ ਅਤੇ ਬੁਨਿਆਦੀ ਢਾਂਚਾ
• ਏਅਰਲਾਈਨਾਂ ਅਤੇ ਜਹਾਜ਼ਾਂ ਨੂੰ ਲੀਜ਼ 'ਤੇ ਦੇਣਾ
• ਹੈਲੀਕੌਪਟਰ ਅਤੇ ਵਪਾਰਕ ਹਵਾਬਾਜ਼ੀ
• ਐੱਮਆਰਓ ਅਤੇ ਕੰਪੋਨੈਂਟ ਨਿਰਮਾਣ
• ਹਵਾਈ ਮਾਲ ਢੁਆਈ ਅਤੇ ਲੌਜਿਸਟਿਕਸ
• ਟਿਕਾਊ ਹਵਾਬਾਜ਼ੀ ਈਂਧਣ (ਐੱਸਏਐੱਫ)
• ਉੱਨਤ ਹਵਾਈ ਗਤੀਸ਼ੀਲਤਾ ਅਤੇ ਡਰੋਨ
• ਹਵਾਬਾਜ਼ੀ ਟ੍ਰੇਨਿੰਗ, ਹੁਨਰ ਵਿਕਾਸ, ਅਤੇ ਹਵਾਬਾਜ਼ੀ ਵਿੱਚ ਮਹਿਲਾਵਾਂ
ਵਪਾਰ, ਪ੍ਰਤਿਭਾ, ਅਤੇ ਨਵੀਨਤਾ ਚੁਣੌਤੀ
ਵਿੰਗਜ਼ ਇੰਡੀਆ 2026 ਵਿੱਚ ਹੇਠ ਲਿਖੇ ਪ੍ਰੋਗਰਾਮ ਵੀ ਸ਼ਾਮਲ ਹੋਣਗੇ:
• ਸਮਰਪਿਤ ਪ੍ਰਦਰਸ਼ਨੀ ਹਾਲ ਅਤੇ ਸ਼ੈਲੇ
• ਢਾਂਚਾਗਤ ਬੀ2ਬੀ ਅਤੇ ਬੀ2ਜੀ ਮੀਟਿੰਗਾਂ
• ਹਵਾਬਾਜ਼ੀ ਖੇਤਰ ਵਿੱਚ ਰੁਜ਼ਗਾਰ ਮੇਲਾ, ਉਦਯੋਗ ਨੂੰ ਹੁਨਰਮੰਦ ਨੌਜਵਾਨਾਂ ਨਾਲ ਜੋੜਦਾ ਹੈ
• ਭਵਿੱਖ ਦੇ ਹਵਾਬਾਜ਼ੀ ਨੇਤਾਵਾਂ ਨੂੰ ਪਾਲਣ ਪੋਸ਼ਣ ਲਈ ਇੱਕ ਵਿਦਿਆਰਥੀ ਨਵੀਨਤਾ ਮੁਕਾਬਲਾ
ਸ਼ਹਿਰੀ ਹਵਾਬਾਜ਼ੀ ਵਿੱਚ ਉੱਤਮਤਾ ਨੂੰ ਮਾਨਤਾ ਦੇਣ ਵਾਲੇ 30 ਤੋਂ ਵੱਧ ਪੁਰਸਕਾਰਾਂ ਨਾਲ ਲੈਸ ਇੱਕ ਵੱਕਾਰੀ ਪੁਰਸਕਾਰ ਸਮਾਰੋਹ ਦੇ ਨਾਲ-ਨਾਲ ਮਹੱਤਵਪੂਰਨ ਘੋਸ਼ਣਾਵਾਂ, ਸਮਝੌਤਿਆਂ ਅਤੇ ਰਣਨੀਤਕ ਭਾਈਵਾਲੀਆਂ ਹੋਣ ਦੀ ਉਮੀਦ ਹੈ।
ਕਾਰੋਬਾਰ ਅਤੇ ਨੀਤੀ ਤੋਂ ਇਲਾਵਾ, ਵਿੰਗਜ਼ ਇੰਡੀਆ 2026 ਹਵਾਬਾਜ਼ੀ ਨੂੰ ਇੱਕ ਲੋਕ-ਕੇਂਦ੍ਰਿਤ ਉਦਯੋਗ ਵਜੋਂ ਵੀ ਮਨਾਏਗਾ। ਇੱਕ ਹਵਾਬਾਜ਼ੀ ਰੁਜ਼ਗਾਰ ਮੇਲਾ ਉਦਯੋਗ ਦੇ ਨੇਤਾਵਾਂ ਨੂੰ ਨੌਜਵਾਨ ਪੇਸ਼ੇਵਰਾਂ ਅਤੇ ਹੁਨਰਮੰਦ ਪ੍ਰਤਿਭਾ ਨਾਲ ਜੋੜੇਗਾ, ਜਦੋਂ ਕਿ ਦੇਸ਼ ਦੇ ਚੋਟੀ ਦੇ ਅਦਾਰਿਆਂ ਦੇ ਵਿਦਿਆਰਥੀਆਂ ਲਈ ਏਅਰੋਸਪੇਸ ਅਤੇ ਭਵਿੱਖ ਦੀ ਤਕਨਾਲੋਜੀ 'ਤੇ ਕੇਂਦ੍ਰਿਤ ਇੱਕ ਸ਼ਹਿਰੀ ਹਵਾਬਾਜ਼ੀ ਨਵੀਨਤਾ ਚੁਣੌਤੀ ਹਵਾਬਾਜ਼ੀ ਖੇਤਰ ਵਿੱਚ ਚਿੰਤਕਾਂ ਅਤੇ ਸਮੱਸਿਆ ਹੱਲ ਕਰਨ ਵਾਲਿਆਂ ਦੀ ਅਗਲੀ ਪੀੜ੍ਹੀ ਦਾ ਪਾਲਣ ਪੋਸ਼ਣ ਕਰੇਗੀ।
ਟੀਚਾਗਤ ਭਾਗੀਦਾਰੀ
150 ਤੋਂ ਵੱਧ ਪ੍ਰਦਰਸ਼ਕਾਂ, 7,500 ਕਾਰੋਬਾਰੀ ਸੈਲਾਨੀਆਂ, 1 ਲੱਖ ਆਮ ਸੈਲਾਨੀਆਂ, 200 ਤੋਂ ਵੱਧ ਵਿਦੇਸ਼ੀ ਡੈਲੀਗੇਟਾਂ, 500 ਤੋਂ ਵੱਧ ਬੀ2ਬੀ ਅਤੇ ਬੀ2ਜੀ ਮੀਟਿੰਗਾਂ ਅਤੇ 31 ਤੋਂ ਵੱਧ ਜਹਾਜ਼ਾਂ ਦੇ ਪ੍ਰਦਰਸ਼ਨ ਦੇ ਨਾਲ, ਵਿੰਗਜ਼ ਇੰਡੀਆ 2026 ਨਾ ਸਿਰਫ਼ ਭਾਰਤ ਲਈ ਸਗੋਂ ਵਿਸ਼ਵਵਿਆਪੀ ਹਵਾਬਾਜ਼ੀ ਭਾਈਚਾਰੇ ਲਈ ਇੱਕ ਇਤਿਹਾਸਕ ਆਯੋਜਨ ਬਣਨ ਜਾ ਰਿਹਾ ਹੈ।
ਗਲੋਬਲ ਏਵੀਏਸ਼ਨ ਦੇ ਭਵਿੱਖ ਦੀ ਰੂਪ-ਰੇਖਾ ਤਿਆਰ ਕਰਨਾ
ਆਪਣੇ ਬੇਮਿਸਾਲ ਪੈਮਾਨੇ, ਗਲੋਬਲ ਭਾਗੀਦਾਰੀ ਅਤੇ ਰਣਨੀਤਕ ਫੋਕਸ ਦੇ ਨਾਲ, ਵਿੰਗਜ਼ ਇੰਡੀਆ 2026 ਗਲੋਬਲ ਏਵੀਏਸ਼ਨ ਭਾਈਚਾਰੇ ਲਈ ਇੱਕ ਪਰਿਭਾਸ਼ਿਤ ਪਲ ਬਣਨ ਜਾ ਰਿਹਾ ਹੈ।
ਜਿਵੇਂ-ਜਿਵੇਂ ਭਾਰਤ ਨਿਰਮਾਣ, ਰੱਖ-ਰਖਾਅ, ਕਨੈਕਟੀਵਿਟੀ, ਸਥਿਰਤਾ ਅਤੇ ਡਿਜੀਟਲ ਨਵੀਨਤਾ ਨੂੰ ਸ਼ਾਮਲ ਕਰਦੇ ਹੋਏ ਇੱਕ ਗਲੋਬਲ ਹਵਾਬਾਜ਼ੀ ਕੇਂਦਰ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਵਿੰਗਜ਼ ਇੰਡੀਆ 2026 ਨਾ ਸਿਰਫ਼ ਦੇਸ਼ ਦੀ ਸ਼ਾਨਦਾਰ ਹਵਾਬਾਜ਼ੀ ਵਿਕਾਸ ਕਹਾਣੀ ਨੂੰ ਪ੍ਰਦਰਸ਼ਿਤ ਕਰੇਗਾ ਸਗੋਂ ਵਿਸ਼ਵ ਪੱਧਰ 'ਤੇ ਸ਼ਹਿਰੀ ਹਵਾਬਾਜ਼ੀ ਦੇ ਭਵਿੱਖ ਦੇ ਰਾਹ ਨੂੰ ਵੀ ਆਕਾਰ ਦੇਵੇਗਾ।
******
ਦਿਵਯਾਂਸ਼ੂ ਕੁਮਾਰ
(रिलीज़ आईडी: 2219204)
आगंतुक पटल : 3