ਪ੍ਰਧਾਨ ਮੰਤਰੀ ਦਫਤਰ
ਵੀਡੀਓ ਕਾਨਫ਼ਰੰਸਿੰਗ ਰਾਹੀਂ ਭਾਰਤ ਊਰਜਾ ਹਫ਼ਤਾ 2026 ਦੇ ਉਦਘਾਟਨੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ
प्रविष्टि तिथि:
27 JAN 2026 11:38AM by PIB Chandigarh
ਨਮਸਕਾਰ।
ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ, ਗੋਆ ਦੇ ਮੁੱਖ ਮੰਤਰੀ, ਹੋਰ ਮੰਤਰੀ ਸਾਹਿਬਾਨ, ਐਂਬੈਸਡਰਜ਼, ਸੀਈਓਜ਼, ਸਤਿਕਾਰਯੋਗ ਮਹਿਮਾਨ, ਹੋਰ ਸਾਰੇ ਪਤਵੰਤੇ ਸੱਜਣ, ਦੇਵੀਓ ਅਤੇ ਸੱਜਣੋ!
ਊਰਜਾ ਹਫ਼ਤੇ ਦੇ ਇਸ ਨਵੇਂ ਐਡੀਸ਼ਨ ਵਿੱਚ, ਗੋਆ ਵਿੱਚ ਦੁਨੀਆ ਦੇ ਕਰੀਬ ਸਵਾ ਸੌ ਦੇਸ਼ਾਂ ਦੇ ਨੁਮਾਇੰਦੇ ਇਕੱਠੇ ਹੋਏ ਹਨ। ਤੁਸੀਂ ਊਰਜਾ ਸੁਰੱਖਿਅਤ ਅਤੇ ਟਿਕਾਊ ਭਵਿੱਖ 'ਤੇ ਚਰਚਾ ਕਰਨ ਭਾਰਤ ਆਏ ਹੋ। ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ, ਧੰਨਵਾਦ ਕਰਦਾ ਹਾਂ।
ਸਾਥੀਓ,
ਇੰਡੀਆ ਐਨਰਜੀ ਵੀਕ ਬਹੁਤ ਹੀ ਘੱਟ ਸਮੇਂ ਵਿੱਚ ਗੱਲਬਾਤ ਅਤੇ ਕਾਰਵਾਈ ਦਾ ਆਲਮੀ ਪਲੇਟਫਾਰਮ ਬਣ ਕੇ ਉੱਭਰਿਆ ਹੈ। ਅੱਜ ਊਰਜਾ ਖੇਤਰ ਲਈ ਭਾਰਤ ਬਹੁਤ ਵੱਡੇ ਮੌਕਿਆਂ ਦੀ ਧਰਤੀ ਹੈ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥ-ਵਿਵਸਥਾ ਹੈ। ਭਾਵ, ਸਾਡੇ ਇੱਥੇ ਊਰਜਾ ਉਤਪਾਦਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਤੋਂ ਇਲਾਵਾ ਭਾਰਤ ਦੁਨੀਆ ਦੀ ਮੰਗ ਪੂਰੀ ਕਰਨ ਲਈ ਵੀ ਬਿਹਤਰੀਨ ਮੌਕੇ ਮੁਹੱਈਆ ਕਰਵਾਉਂਦਾ ਹੈ। ਅੱਜ ਅਸੀਂ ਦੁਨੀਆ ਵਿੱਚ ਪੈਟਰੋਲੀਅਮ ਉਤਪਾਦਾਂ ਦੇ ਚੋਟੀ ਦੇ 5 ਬਰਾਮਦਕਾਰਾਂ ਵਿੱਚੋਂ ਇੱਕ ਹਾਂ। ਦੁਨੀਆ ਦੇ 150 ਤੋਂ ਵੱਧ ਦੇਸ਼ਾਂ ਤੱਕ ਸਾਡੀ ਬਰਾਮਦ ਪਹੁੰਚ ਹੈ। ਅਤੇ ਭਾਰਤ ਦੀ ਇਹ ਸਮਰੱਥਾ ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ। ਇਸ ਲਈ ਊਰਜਾ ਹਫ਼ਤੇ ਦਾ ਇਹ ਪਲੇਟਫਾਰਮ ਸਾਡੀਆਂ ਭਾਈਵਾਲੀਆਂ ਨੂੰ ਖੋਜਣ ਦਾ ਬਹੁਤ ਹੀ ਉੱਤਮ ਸਥਾਨ ਹੈ। ਮੈਂ ਤੁਹਾਡੇ ਸਾਰਿਆਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਆਪਣੀ ਗੱਲ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਵੱਡੇ ਵਿਕਾਸ ਦੀ ਚਰਚਾ ਕਰਨੀ ਚਾਹਾਂਗਾ। ਕੱਲ੍ਹ ਹੀ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਾਲੇ ਬਹੁਤ ਵੱਡਾ ਸਮਝੌਤਾ ਹੋਇਆ ਹੈ। ਦੁਨੀਆ ਵਿੱਚ ਲੋਕ ਇਸ ਦੀ ਚਰਚਾ ‘ਮਦਰ ਆਫ ਆਲ ਡੀਲਜ਼’ ਵਜੋਂ ਕਰ ਰਹੇ ਹਨ। ਇਹ ਸਮਝੌਤਾ ਭਾਰਤ ਦੇ 140 ਕਰੋੜ ਲੋਕਾਂ ਅਤੇ ਯੂਰਪੀਅਨ ਦੇਸ਼ਾਂ ਦੇ ਕਰੋੜਾਂ ਲੋਕਾਂ ਲਈ ਬਹੁਤ ਵੱਡੇ ਮੌਕੇ ਲੈ ਕੇ ਆਇਆ ਹੈ। ਇਹ ਦੁਨੀਆ ਦੀਆਂ ਦੋ ਵੱਡੀਆਂ ਅਰਥ-ਵਿਵਸਥਾਵਾਂ ਵਿਚਾਲੇ ਤਾਲਮੇਲ ਦੀ ਸ਼ਾਨਦਾਰ ਉਦਾਹਰਣ ਬਣਿਆ ਹੈ। ਇਹ ਸਮਝੌਤਾ ਗਲੋਬਲ ਜੀਡੀਪੀ ਦੇ ਕਰੀਬ 25% ਅਤੇ ਗਲੋਬਲ ਵਪਾਰ ਦੇ ਕਰੀਬ ਇੱਕ ਤਿਹਾਈ ਹਿੱਸੇ ਦੀ ਨੁਮਾਇੰਦਗੀ ਕਰਦਾ ਹੈ। ਇਹ ਸਮਝੌਤਾ ਵਪਾਰ ਦੇ ਨਾਲ-ਨਾਲ ਲੋਕਤੰਤਰ ਅਤੇ ਕਾਨੂੰਨ ਦੇ ਰਾਜ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਨੂੰ ਵੀ ਮਜ਼ਬੂਤ ਕਰਦਾ ਹੈ।
ਸਾਥੀਓ,
ਈਯੂ ਨਾਲ ਹੋਇਆ ਇਹ ਮੁਕਤ ਵਪਾਰ ਸਮਝੌਤਾ ਬ੍ਰਿਟੇਨ ਅਤੇ ਈਐੱਫਟੀਏ ਸਮਝੌਤਿਆਂ ਨੂੰ ਵੀ ਪੂਰਾ ਕਰੇਗਾ। ਇਸ ਨਾਲ ਵਪਾਰ ਅਤੇ ਗਲੋਬਲ ਸਪਲਾਈ ਚੇਨ ਦੋਹਾਂ ਨੂੰ ਮਜ਼ਬੂਤੀ ਮਿਲੇਗੀ। ਮੈਂ ਭਾਰਤ ਦੇ ਨੌਜਵਾਨਾਂ ਨੂੰ, ਸਾਰੇ ਦੇਸ਼-ਵਾਸੀਆਂ ਨੂੰ ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਕੱਪੜਾ, ਹੀਰੇ ਅਤੇ ਗਹਿਣੇ, ਚਮੜਾ ਅਤੇ ਜੁੱਤੀਆਂ, ਅਜਿਹੇ ਹਰ ਖੇਤਰ ਨਾਲ ਜੁੜੇ ਸਾਥੀਆਂ ਨੂੰ ਵੀ ਵਧਾਈ ਦਿੰਦਾ ਹਾਂ। ਇਹ ਸਮਝੌਤਾ ਤੁਹਾਡੇ ਲਈ ਬਹੁਤ ਸਹਾਈ ਸਾਬਤ ਹੋਵੇਗਾ।
ਸਾਥੀਓ,
ਇਸ ਵਪਾਰਕ ਸਮਝੌਤੇ ਨਾਲ ਭਾਰਤ ਵਿੱਚ ਨਿਰਮਾਣ ਨੂੰ ਤਾਂ ਬਲ ਮਿਲੇਗਾ ਹੀ, ਨਾਲ ਹੀ ਸੇਵਾਵਾਂ ਨਾਲ ਜੁੜੇ ਖੇਤਰ ਦਾ ਵੀ ਹੋਰ ਵਿਸਥਾਰ ਹੋਵੇਗਾ। ਇਹ ਮੁਕਤ ਵਪਾਰ ਸਮਝੌਤਾ ਦੁਨੀਆ ਦੇ ਹਰ ਕਾਰੋਬਾਰ, ਹਰ ਨਿਵੇਸ਼ਕ ਲਈ ਭਾਰਤ 'ਤੇ ਭਰੋਸੇ ਨੂੰ ਹੋਰ ਮਜ਼ਬੂਤ ਕਰੇਗਾ।
ਸਾਥੀਓ,
ਭਾਰਤ ਅੱਜ ਹਰ ਖੇਤਰ ਵਿੱਚ ਗਲੋਬਲ ਭਾਈਵਾਲੀ 'ਤੇ ਬਹੁਤ ਜ਼ਿਆਦਾ ਕੰਮ ਕਰ ਰਿਹਾ ਹੈ। ਮੈਂ ਜੇ ਊਰਜਾ ਖੇਤਰ ਦੀ ਹੀ ਚਰਚਾ ਕਰਾਂ, ਤਾਂ ਇੱਥੇ ਐਨਰਜੀ ਵੈਲਿਊ ਚੇਨ ਨਾਲ ਜੁੜੇ ਹੋਏ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਦੀਆਂ ਬਹੁਤ ਸੰਭਾਵਨਾਵਾਂ ਹਨ। ਤੁਸੀਂ ਖੋਜ ਦਾ ਹੀ ਖੇਤਰ ਲੈ ਲਓ। ਭਾਰਤ ਨੇ ਆਪਣੇ ਖੋਜ ਖੇਤਰ ਨੂੰ ਕਾਫੀ ਖੋਲ੍ਹ ਦਿੱਤਾ ਹੈ। ਤੁਹਾਨੂੰ ਸਾਡੇ ਡੂੰਘੇ ਸਮੁੰਦਰੀ ਖੋਜ ਨਾਲ ਜੁੜੇ ਸਮੁੰਦਰ ਮੰਥਨ ਮਿਸ਼ਨ ਦੀ ਵੀ ਜਾਣਕਾਰੀ ਹੈ। ਅਸੀਂ ਇਸ ਦਹਾਕੇ ਦੇ ਅੰਤ ਤੱਕ ਆਪਣੇ ਤੇਲ ਅਤੇ ਗੈਸ ਖੇਤਰ ਵਿੱਚ ਨਿਵੇਸ਼ ਨੂੰ 100 ਬਿਲੀਅਨ ਡਾਲਰ ਤੱਕ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਟੀਚਾ ਖੋਜ ਦੇ ਘੇਰੇ ਨੂੰ ਵੀ ਇੱਕ ਮਿਲੀਅਨ ਵਰਗ ਕਿੱਲੋਮੀਟਰ ਤੱਕ ਵਧਾਉਣ ਦਾ ਹੈ। ਇਸੇ ਸੋਚ ਨਾਲ ਸਾਡੇ ਇੱਥੇ 170 ਤੋਂ ਵੱਧ ਬਲਾਕਾਂ ਨੂੰ ਅਲਾਟ ਕੀਤਾ ਜਾ ਚੁੱਕਾ ਹੈ। ਅੰਡੇਮਾਨ ਨਿਕੋਬਾਰ ਦਾ ਬੇਸਿਨ ਵੀ ਸਾਡੀ ਅਗਲੀ ਹਾਈਡ੍ਰੋਕਾਰਬਨ ਉਮੀਦ ਬਣ ਰਿਹਾ ਹੈ।
ਸਾਥੀਓ,
ਅਸੀਂ ਖੋਜ ਖੇਤਰ ਵਿੱਚ ਕਾਫੀ ਸੁਧਾਰ ਵੀ ਕੀਤੇ ਹਨ। ਨੋ-ਗੋ ਏਰੀਆ ਬਹੁਤ ਘੱਟ ਕਰ ਦਿੱਤਾ ਗਿਆ ਹੈ। ਇੰਡੀਆ ਐਨਰਜੀ ਵੀਕ ਦੇ ਪਿਛਲੇ ਐਡੀਸ਼ਨਾਂ ਵਿੱਚ ਤੁਹਾਨੂੰ ਵੀ, ਜੋ ਵੀ ਸੁਝਾਅ ਸਨ, ਤੁਸੀਂ ਜੋ ਕੁਝ ਵੀ ਕਿਹਾ ਉਨ੍ਹਾਂ ਅਨੁਸਾਰ ਅਸੀਂ ਆਪਣੇ ਐਕਟਾਂ ਅਤੇ ਨਿਯਮਾਂ ਵਿੱਚ ਵੀ ਬਦਲਾਅ ਕੀਤੇ ਹਨ। ਜੇ ਤੁਸੀਂ ਖੋਜ ਖੇਤਰ ਵਿੱਚ ਨਿਵੇਸ਼ ਕਰਦੇ ਹੋ, ਤਾਂ ਤੁਹਾਡੀ ਕੰਪਨੀ ਦਾ ਮੁਨਾਫ਼ਾ ਵਧਣਾ ਤੈਅ ਹੈ।
ਸਾਥੀਓ,
ਭਾਰਤ ਦੀ ਇੱਕ ਹੋਰ ਵਿਸ਼ੇਸ਼ਤਾ ਹੈ, ਜੋ ਊਰਜਾ ਖੇਤਰ ਵਿੱਚ ਨਿਵੇਸ਼ ਨੂੰ ਬਹੁਤ ਫਾਇਦੇਮੰਦ ਬਣਾਉਂਦੀ ਹੈ। ਸਾਡੇ ਇੱਥੇ ਬਹੁਤ ਵੱਡੀ ਰਿਫਾਈਨਿੰਗ ਸਮਰੱਥਾ ਮੌਜੂਦ ਹੈ। ਅਸੀਂ ਰਿਫਾਈਨਿੰਗ ਸਮਰੱਥਾ ਦੇ ਮਾਮਲੇ ਵਿੱਚ ਵਿਸ਼ਵ ਵਿੱਚ ਦੂਜੇ ਸਥਾਨ 'ਤੇ ਹਾਂ। ਜਲਦੀ ਹੀ ਅਸੀਂ ਦੁਨੀਆ ਵਿੱਚ ਪਹਿਲੇ ਨੰਬਰ 'ਤੇ ਹੋਵਾਂਗੇ। ਅੱਜ ਭਾਰਤ ਦੀ ਰਿਫਾਈਨਿੰਗ ਸਮਰੱਥਾ ਕਰੀਬ 260 ਐੱਮ.ਐੱਮ.ਟੀ.ਪੀ.ਏ. ਦੀ ਹੈ। ਇਸ ਨੂੰ 300 ਐੱਮ.ਐੱਮ.ਟੀ.ਪੀ.ਏ. ਤੋਂ ਉੱਪਰ ਲੈ ਜਾਣ ਲਈ ਨਿਰੰਤਰ ਕੋਸ਼ਿਸ਼ ਹੋ ਰਹੀ ਹੈ। ਇਹ ਨਿਵੇਸ਼ਕਾਂ ਲਈ ਬਹੁਤ ਵੱਡਾ ਫਾਇਦਾ ਹੈ।
ਸਾਥੀਓ,
ਭਾਰਤ ਵਿੱਚ ਐੱਲਐੱਨਜੀ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ। ਅਸੀਂ ਆਪਣੀ ਕੁੱਲ ਊਰਜਾ ਮੰਗ ਦਾ 15% ਐੱਲਐੱਨਜੀ ਨਾਲ ਪੂਰਾ ਕਰਨ ਦਾ ਟੀਚਾ ਰੱਖਿਆ ਹੈ। ਇਸ ਲਈ ਸਾਨੂੰ ਐੱਲਐੱਨਜੀ ਦੀ ਪੂਰੀ ਮੁੱਲ ਲੜੀ 'ਤੇ ਕੰਮ ਕਰਨ ਦੀ ਲੋੜ ਹੈ। ਅੱਜ ਭਾਰਤ ਆਵਾਜਾਈ 'ਤੇ ਵੀ ਬਹੁਤ ਵੱਡੇ ਪੱਧਰ 'ਤੇ ਕੰਮ ਕਰ ਰਿਹਾ ਹੈ। ਐੱਲਐੱਨਜੀ ਆਵਾਜਾਈ ਲਈ ਜਿਨ੍ਹਾਂ ਜਹਾਜ਼ਾਂ ਦੀ ਲੋੜ ਹੈ, ਅਸੀਂ ਉਨ੍ਹਾਂ ਨੂੰ ਭਾਰਤ ਵਿੱਚ ਹੀ ਬਣਾਉਣ 'ਤੇ ਕੰਮ ਕਰ ਰਹੇ ਹਾਂ। ਹਾਲ ਹੀ ਵਿੱਚ ਭਾਰਤ ਵਿੱਚ ਜਹਾਜ਼ ਨਿਰਮਾਣ ਲਈ ਸੱਤਰ ਹਜ਼ਾਰ ਕਰੋੜ ਰੁਪਏ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਨਾਲ ਹੀ ਐੱਲਐੱਨਜੀ ਲਈ ਦੇਸ਼ ਦੀਆਂ ਬੰਦਰਗਾਹਾਂ 'ਤੇ ਟਰਮੀਨਲ ਦੇ ਨਿਰਮਾਣ ਵਿੱਚ ਵੀ ਨਿਵੇਸ਼ ਦੀਆਂ ਕਈ ਸੰਭਾਵਨਾਵਾਂ ਹਨ। ਰੀ-ਗੈਸੀਫਿਕੇਸ਼ਨ ਨਾਲ ਜੁੜੇ ਪ੍ਰੋਜੈਕਟਾਂ ਵਿੱਚ ਵੀ ਤੁਹਾਡੇ ਲਈ ਨਿਵੇਸ਼ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਬਣ ਰਹੀਆਂ ਹਨ।
ਸਾਥੀਓ,
ਐੱਲਐੱਨਜੀ ਦੀ ਆਵਾਜਾਈ ਲਈ ਭਾਰਤ ਵਿੱਚ ਬਹੁਤ ਵੱਡੀ ਪਾਈਪਲਾਈਨ ਦੀ ਵੀ ਹੁਣ ਲੋੜ ਹੈ। ਬੀਤੇ ਸਾਲਾਂ ਵਿੱਚ ਇਸ 'ਤੇ ਅਸੀਂ ਬਹੁਤ ਨਿਵੇਸ਼ ਕੀਤਾ ਹੈ। ਪਰ ਹਾਲੇ ਵੀ ਬਹੁਤ ਵੱਡੇ ਪੱਧਰ 'ਤੇ ਨਿਵੇਸ਼ ਲਈ ਸੰਭਾਵਨਾਵਾਂ ਹਨ। ਅੱਜ ਭਾਰਤ ਦੇ ਕਈ ਸ਼ਹਿਰਾਂ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਦਾ ਨੈੱਟਵਰਕ ਪਹੁੰਚ ਚੁੱਕਾ ਹੈ, ਅਤੇ ਅਸੀਂ ਤੇਜ਼ੀ ਨਾਲ ਹੋਰ ਸ਼ਹਿਰਾਂ ਵਿੱਚ ਵੀ ਇਸ ਨਾਲ ਜੋੜ ਰਹੇ ਹਾਂ। ਸਿਟੀ ਗੈਸ ਡਿਸਟ੍ਰੀਬਿਊਸ਼ਨ ਵੀ ਤੁਹਾਡੇ ਨਿਵੇਸ਼ ਲਈ ਬਹੁਤ ਹੀ ਆਕਰਸ਼ਕ ਖੇਤਰ ਹੈ।
ਸਾਥੀਓ,
ਭਾਰਤ ਦੀ ਇੰਨੀ ਵੱਡੀ ਆਬਾਦੀ ਹੈ, ਸਾਡੀ ਅਰਥ-ਵਿਵਸਥਾ ਲਗਾਤਾਰ ਵਧ ਰਹੀ ਹੈ। ਅਜਿਹੇ ਭਾਰਤ ਵਿੱਚ ਪੈਟਰੋਕੈਮੀਕਲ ਉਤਪਾਦਾਂ ਦੀ ਮੰਗ ਵੀ ਲਗਾਤਾਰ ਵਧਣ ਵਾਲੀ ਹੈ। ਇਸ ਲਈ ਸਾਨੂੰ ਬਹੁਤ ਵੱਡੇ ਊਰਜਾ ਬੁਨਿਆਦੀ ਢਾਂਚੇ ਦੀ ਲੋੜ ਹੋਵੇਗੀ ਅਤੇ ਇਸ ਵਿੱਚ ਵੀ ਤੁਹਾਡਾ ਨਿਵੇਸ਼ ਤੁਹਾਨੂੰ ਬਹੁਤ ਤਰੱਕੀ ਦੇਵੇਗਾ। ਇਨ੍ਹਾਂ ਸਭ ਤੋਂ ਇਲਾਵਾ ਭਾਰਤ ਵਿੱਚ ਡਾਊਨਸਟ੍ਰੀਮ ਗਤੀਵਿਧੀਆਂ ਵਿੱਚ ਵੀ ਤੁਹਾਡੇ ਲਈ ਨਿਵੇਸ਼ ਦੇ ਬਹੁਤ ਮੌਕੇ ਹਨ।
ਸਾਥੀਓ,
ਅੱਜ ਦਾ ਭਾਰਤ ਸੁਧਾਰਾਂ ਦੀ ਐਕਸਪ੍ਰੈੱਸ 'ਤੇ ਸਵਾਰ ਹੈ ਅਤੇ ਹਰ ਖੇਤਰ ਵਿੱਚ ਤੇਜ਼ੀ ਨਾਲ ਸੁਧਾਰ ਕਰ ਰਿਹਾ ਹੈ। ਅਸੀਂ ਘਰੇਲੂ ਹਾਈਡ੍ਰੋਕਾਰਬਨ ਨੂੰ ਮਜ਼ਬੂਤ ਕਰਨ ਲਈ ਸੁਧਾਰ ਕਰ ਰਹੇ ਹਾਂ ਅਤੇ ਗਲੋਬਲ ਸਹਿਯੋਗ ਲਈ ਪਾਰਦਰਸ਼ੀ ਅਤੇ ਨਿਵੇਸ਼ਕ ਪੱਖੀ ਮਾਹੌਲ ਬਣਾ ਰਹੇ ਹਾਂ। ਭਾਰਤ ਹੁਣ ਊਰਜਾ ਸੁਰੱਖਿਆ ਤੋਂ ਅੱਗੇ ਵਧ ਕੇ, ਊਰਜਾ ਆਜ਼ਾਦੀ ਦੇ ਮਿਸ਼ਨ 'ਤੇ ਕੰਮ ਕਰ ਰਿਹਾ ਹੈ। ਭਾਰਤ ਇੱਕ ਅਜਿਹਾ ਊਰਜਾ ਖੇਤਰ ਈਕੋਸਿਸਟਮ ਵਿਕਸਿਤ ਕਰ ਰਿਹਾ ਹੈ, ਜੋ ਭਾਰਤ ਦੀ ਸਥਾਨਕ ਮੰਗ ਨੂੰ ਪੂਰਾ ਕਰ ਸਕੇ ਅਤੇ ਕਿਫਾਇਤੀ ਰਿਫਾਈਨਿੰਗ, ਅਤੇ ਆਵਾਜਾਈ ਹੱਲ ਨਾਲ ਦੁਨੀਆ ਲਈ ਨਿਰਯਾਤ ਵੀ ਬਹੁਤ ਹੀ ਮੁਕਾਬਲੇਬਾਜ਼ ਹੋਵੇ।
ਸਾਥੀਓ,
ਸਾਡਾ ਊਰਜਾ ਖੇਤਰ ਸਾਡੀਆਂ ਇੱਛਾਵਾਂ ਦੇ ਕੇਂਦਰ ਵਿੱਚ ਹੈ। ਇਸ ਵਿੱਚ 500 ਬਿਲੀਅਨ ਡਾਲਰ ਦੇ ਨਿਵੇਸ਼ ਦੇ ਮੌਕੇ ਹਨ। ਇਸ ਲਈ ਮੇਰਾ ਸੱਦਾ ਹੈ- ਮੇਕ ਇਨ ਇੰਡੀਆ, ਇਨੋਵੇਟ ਇਨ ਇੰਡੀਆ, ਸਕੇਲ ਵਿਦ ਇੰਡੀਆ, ਇਨਵੈਸਟ ਇਨ ਇੰਡੀਆ। ਇਸੇ ਬੇਨਤੀ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਇੰਡੀਆ ਐਨਰਜੀ ਵੀਕ ਦੀਆਂ ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ।
************
ਐੱਮਜੇਪੀਐੱਸ/ਐੱਸਟੀ/ਆਰਕੇ
(रिलीज़ आईडी: 2219106)
आगंतुक पटल : 7