ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

‘ਫਿਟ ਇੰਡੀਆ ਸੰਡੇ ਆਨ ਸਾਈਕਲ’ ਦਾ 58ਵਾਂ ਐਡੀਸ਼ਨ: ਕਰਾਈਕਲ ਤੋਂ ਅੰਮ੍ਰਿਤਸਰ ਤੱਕ ਦੇਸ਼ ਭਰ ਵਿੱਚ ਸਮਾਗਮ


‘ਸੰਡੇ ਆਨ ਸਾਈਕਲ’ ਰਾਹੀਂ ਰਾਸ਼ਟਰੀ ਵੋਟਰ ਦਿਵਸ ਦਾ ਉਤਸਵ — #MYBharatMYVote

ਪ੍ਰਸਿੱਧ ਖਿਡਾਰੀ ਅਤੇ ਫਿਟ ਇੰਡੀਆ ਅੰਬੈਸਡਰ ਦੇਸ਼ ਭਰ ਵਿੱਚ ‘ਮਾਈ ਭਾਰਤ ਮਾਈ ਵੋਟ’ ਮੁਹਿੰਮ ਤਹਿਤ ‘ਵਿਕਸਿਤ ਭਾਰਤ ਦੇ ਨੌਜਵਾਨ ਵੋਟਰ’ ਦੇ ਉਤਸਵ ਵਿੱਚ ਹਿੱਸਾ ਲੈਣਗੇ ਅਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਨੌਜਵਾਨਾਂ ਨੂੰ ਇਸ ਸਾਈਕਲ ਰਾਈਡ ਨਾਲ ਜੁੜਨ ਦਾ ਸੱਦਾ ਦੇਣਗੇ

प्रविष्टि तिथि: 23 JAN 2026 6:13PM by PIB Chandigarh

‘ਫਿਟ ਇੰਡੀਆ ਸੰਡੇ ਆਨ ਸਾਈਕਲ’ ਦਾ 58ਵਾਂ ਐਡੀਸ਼ਨ 25 ਜਨਵਰੀ ਨੂੰ ਦੇਸ਼-ਵਿਆਪੀ ਵਿਆਪਕ ਸ਼ਮੂਲੀਅਤ ਨਾਲ ਕਰਵਾਇਆ ਜਾਵੇਗਾ, ਜੋ ਇਹ ਦਰਸਾਉਂਦਾ ਹੈ ਕਿ ਇਹ ਪਹਿਲ ਇੱਕ ਹਫ਼ਤਾਵਾਰੀ ਫਿਟਨੈੱਸ ਗਤੀਵਿਧੀ ਤੋਂ ਅੱਗੇ ਵਧ ਕੇ ਖੇਤਰਾਂ, ਸੰਸਥਾਵਾਂ ਅਤੇ ਭਾਈਚਾਰਿਆਂ ਨੂੰ ਜੋੜਨ ਵਾਲਾ ਇੱਕ ਜਨ ਅੰਦੋਲਨ ਬਣ ਚੁੱਕੀ ਹੈ। ਇਸ ਹਫ਼ਤੇ ਦੇ ਐਡੀਸ਼ਨ ਦੀ ਅਗਵਾਈ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਕਰਨਗੇ, ਜੋ ਪੁਡੂਚੇਰੀ ਦੇ ਕਰਾਈਕਲ ਵਿੱਚ ਨਾਗਰਿਕਾਂ ਨਾਲ ਸਾਈਕਲ ਚਲਾਉਣਗੇ। ਇਹ ਸਮਾਗਮ ਫਿਟਨੈੱਸ, ਸਥਿਰਤਾ ਅਤੇ ਸਰਗਰਮ ਜੀਵਨ-ਸ਼ੈਲੀ ’ਤੇ ਕੇਂਦਰ ਸਰਕਾਰ ਦੇ ਨਿਰੰਤਰ ਜ਼ੋਰ ਨੂੰ ਉਭਾਰਦਾ ਹੈ। 


ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਯੁਵਾ-ਅਗਵਾਈ ਵਾਲੇ ਰਾਸ਼ਟਰ ਨਿਰਮਾਣ ’ਤੇ ਨਿਰੰਤਰ ਜ਼ੋਰ ਨੂੰ ਅੱਗੇ ਵਧਾਉਂਦੇ ਹੋਏ, ਇਸ ਸਾਲ ਰਾਸ਼ਟਰੀ ਵੋਟਰ ਦਿਵਸ ਦੇ ਸਮਾਗਮ ਉਨ੍ਹਾਂ ਦੇ ਨੌਜਵਾਨਾਂ ਨੂੰ ਸੰਬੋਧਿਤ ਸੰਦੇਸ਼ ਤੋਂ ਪ੍ਰੇਰਿਤ ਹਨ, ਜਿਸ ਵਿੱਚ ਉਨ੍ਹਾਂ ਨੇ ਮਾਈ ਭਾਰਤ ਤੋਂ ਵੋਟਿੰਗ ਅਤੇ ਲੋਕਤੰਤਰੀ ਸ਼ਮੂਲੀਅਤ ਦੇ ਮਹੱਤਵ ਪ੍ਰਤੀ ਜਾਗਰੂਕਤਾ ਫੈਲਾਉਣ ਵਿੱਚ ਅਗਵਾਈ ਕਰਨ ਦਾ ਸੱਦਾ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਯਾਦ ਕਰਵਾਇਆ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਉਦੋਂ ਅੱਜ ਦੇ ਕਈ ਨੌਜਵਾਨ ਨਾਗਰਿਕ ਪੈਦਾ ਵੀ ਨਹੀਂ ਹੋਏ ਸਨ ਅਤੇ ਜਦੋਂ ਉਨ੍ਹਾਂ ਨੇ 2014 ਵਿੱਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ, ਉਦੋਂ ਉਨ੍ਹਾਂ ਵਿੱਚੋਂ ਬਹੁਤੇ ਅਜੇ ਬੱਚੇ ਹੀ ਸਨ। ਸਮੇਂ ਦੇ ਨਾਲ ਹਾਲਾਤ ਬਦਲਣ ਦੇ ਬਾਵਜੂਦ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨੌਜਵਾਨ ਪੀੜ੍ਹੀ ’ਤੇ ਉਨ੍ਹਾਂ ਦਾ ਵਿਸ਼ਵਾਸ ਨਿਰੰਤਰ ਅਤੇ ਅਡੋਲ ਬਣਿਆ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, ‘‘ਤੁਹਾਡੀ ਸਮਰੱਥਾ, ਤੁਹਾਡੀ ਪ੍ਰਤਿਭਾ—ਮੈਂ ਹਮੇਸ਼ਾ ਤੁਹਾਡੀ ਊਰਜਾ ਤੋਂ ਹੀ ਆਪਣੀ ਊਰਜਾ ਲਈ ਹੈ। ਅਤੇ ਅੱਜ ਦੇਖੋ, ਤੁਸੀਂ ਸਾਰੇ ਵਿਕਸਿਤ ਭਾਰਤ ਦੇ ਟੀਚੇ ਦੀ ਵਾਗਡੋਰ ਸੰਭਾਲੇ ਹੋਏ ਹੋ।’’


ਇਸੇ ਸੰਦੇਸ਼ ਨੂੰ ਅੱਗੇ ਵਧਾਉਂਦੇ ਹੋਏ, ਇਸ ਸਾਲ ਰਾਸ਼ਟਰੀ ਵੋਟਰ ਦਿਵਸ ਮੌਕੇ #MYBharatMYVote ਮੁਹਿੰਮ ਤਹਿਤ ‘ਵਿਕਸਿਤ ਭਾਰਤ ਦੇ ਨੌਜਵਾਨ ਵੋਟਰ’ ਦਾ ਉਤਸਵ ਮਨਾਇਆ ਜਾਵੇਗਾ, ਜਿਸ ਵਿੱਚ ‘ਫਿਟ ਇੰਡੀਆ ਸੰਡੇ ਆਨ ਸਾਈਕਲ’ ਦੇਸ਼ ਵਿਆਪੀ ਮੰਚ ਪ੍ਰਦਾਨ ਕਰੇਗਾ, ਤਾਂ ਜੋ ਫਿਟਨੈੱਸ, ਯੁਵਾ ਸ਼ਮੂਲੀਅਤ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਇੱਕਠੇ ਜੋੜਿਆ ਜਾ ਸਕੇ।


ਦੱਖਣੀ ਤਟ ਤੋਂ ਅੱਗੇ ਵਧਦੇ ਹੋਏ, ਇਸ ਤੋਂ ਬਾਅਦ ਧਿਆਨ ਦੇਸ਼ ਦੀ ਪੱਛਮੀ ਸਰਹੱਦ ਵੱਲ ਕੇਂਦਰਿਤ ਹੁੰਦਾ ਹੈ, ਜਿੱਥੇ ‘ਸੰਡੇ ਆਨ ਸਾਈਕਲ’ ਅੰਮ੍ਰਿਤਸਰ ਦੇ ਨੇੜੇ ਅਟਾਰੀ ਵਿੱਚ ਪ੍ਰਤੀਕਾਤਮਕ ਅਤੇ ਊਰਜਾਵਾਨ ਪੜਾਅ ਬਣਾਏਗਾ। ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ਅਤੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਕਰਵਾਏ ਜਾਣ ਵਾਲੇ ਅੰਮ੍ਰਿਤਸਰ ਐਡੀਸ਼ਨ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਨੌਜਵਾਨ ਵੋਟਰਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੇਗੀ, ਜਿੱਥੇ ਫਿਟਨੈੱਸ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਰਾਸ਼ਟਰੀ ਮਾਣ ਨਾਲ ਜੋੜਿਆ ਜਾਵੇਗਾ। ਮਾਣਯੋਗ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਨਿਖਿਲ ਖਡਸੇ, ਓਲੰਪੀਅਨ ਮੁੱਕੇਬਾਜ਼ ਨਿਖਤ ਜ਼ਰੀਨ, ਕ੍ਰਿਕਟਰ ਸਿਧਾਰਥ ਕੌਲ ਅਤੇ ਭਾਰਤੀ ਅਦਾਕਾਰ ਰਾਗਿਨੀ ਦਿਵੇਦੀ ਤੇ ਵਿਵੇਕ ਦਹੀਆ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਣਗੇ। ਖਿਡਾਰੀਆਂ, ਨੌਜਵਾਨਾਂ ਅਤੇ ਮਸ਼ਹੂਰ ਹਸਤੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਈਕਲ ਚਲਾਉਣ ਨਾਲ ਇਹ ਸੰਦੇਸ਼ ਹੋਰ ਮਜ਼ਬੂਤ ਹੁੰਦਾ ਹੈ ਕਿ ਇੱਕ ਫਿਟ ਰਾਸ਼ਟਰ ਅਤੇ ਇੱਕ ਮਜ਼ਬੂਤ ਲੋਕਤੰਤਰ ਨਾਲ-ਨਾਲ ਚੱਲਦੇ ਹਨ।


ਅੰਮ੍ਰਿਤਸਰ ਵਿੱਚ ਉਪਰੋਕਤ ਜ਼ਿਕਰ ਕੀਤੇ ਉੱਘੇ ਖਿਡਾਰੀਆਂ ਅਤੇ ਹਰਮਨ ਪਿਆਰੀਆਂ ਜਨਤਕ ਹਸਤੀਆਂ ਦੀ ਮੌਜੂਦਗੀ #MYBharatMYVote ਦੇ ਸੰਦੇਸ਼ ਨੂੰ ਹੋਰ ਵਧੇਰੇ ਵਿਆਪਕ ਬਣਾਏਗੀ। ਉਹ ਨੌਜਵਾਨਾਂ ਨੂੰ ਵੋਟ ਪਾਉਣ ਦੇ ਮਹੱਤਵ ਨੂੰ ਸਮਝਣ ਦੇ ਨਾਲ-ਨਾਲ ਤੰਦਰੁਸਤ ਅਤੇ ਸਰਗਰਮ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਦੀ ਸ਼ਮੂਲੀਅਤ ਨਾਲ ਮੁਹਿੰਮ ਨੂੰ ਵਧੇਰੇ ਦ੍ਰਿਸ਼ਟਤਾ ਅਤੇ ਗਤੀ ਮਿਲਣ ਦੀ ਉਮੀਦ ਹੈ, ਜਿਸ ਨਾਲ ਨਾ ਸਿਰਫ਼ ਜ਼ਮੀਨੀ ਪੱਧਰ ’ਤੇ ਸਗੋਂ ਡਿਜੀਟਲ ਪਲੇਟਫਾਰਮਾਂ ’ਤੇ ਵੀ ਨੌਜਵਾਨਾਂ ਦੀ ਭਾਗੀਦਾਰੀ ਨੂੰ ਹੁਲਾਰਾ ਮਿਲੇਗਾ।


58ਵੇਂ ਐਡੀਸ਼ਨ ਦੀ ਤਿਆਰੀ ਦੇ ਸਿਲਸਿਲੇ ਵਿੱਚ ਦੇਸ਼ ਭਰ ਦੇ ਫਿਟ ਇੰਡੀਆ ਅੰਬੈਸਡਰ ਵੀ ਸਰਗਰਮ ਭਾਗੀਦਾਰੀ ਰਾਹੀਂ ਇਸ ਪਹਿਲ ਦਾ ਉਤਸਵ ਮਨਾ ਰਹੇ ਹਨ ਅਤੇ ਨਾਗਰਿਕਾਂ ਨੂੰ ‘ਸੰਡੇ ਆਨ ਸਾਈਕਲ’ ਵਿੱਚ ਸ਼ਾਮਲ ਹੋ ਕੇ ਰਾਸ਼ਟਰੀ ਵੋਟਰ ਦਿਵਸ ਮਨਾਉਣ ਦੀ ਲਗਾਤਾਰ ਬੇਨਤੀ ਕਰ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਇਸ ਸਮੇਂ ਉਨ੍ਹਾਂ ਦੇ ਸੰਦੇਸ਼ਾਂ, ਵੀਡੀਓ ਅਤੇ ਸ਼ਮੂਲੀਅਤ ਦੇ ਸੱਦਿਆਂ ਨਾਲ ਭਰੇ ਹੋਏ ਹਨ, ਜੋ ਵਧਦੇ ਉਤਸ਼ਾਹ ਨੂੰ ਦਰਸਾਉਂਦੇ ਹਨ ਅਤੇ ਇਸ ਪਹਿਲ ਦੇ ਇੱਕ ਅਸਲ ਰਾਸ਼ਟਰਵਿਆਪੀ ਜਨ ਅੰਦੋਲਨ ਵਿੱਚ ਵਿਕਸਿਤ ਹੋਣ ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਦੇ ਹਨ।


ਡਾ. ਮਾਂਡਵੀਆ ਨੇ ਕਿਹਾ, ‘‘ਇੱਕ ਮਜ਼ਬੂਤ ਲੋਕਤੰਤਰ ਤੰਦਰੁਸਤ ਅਤੇ ਜਾਗਰੂਕ ਨਾਗਰਿਕਾਂ ’ਤੇ ਨਿਰਭਰ ਕਰਦਾ ਹੈ। ‘ਸੰਡੇ ਆਨ ਸਾਈਕਲ’ ਨੂੰ ਰਾਸ਼ਟਰੀ ਵੋਟਰ ਦਿਵਸ ਅਤੇ #MYBharatMYVote ਮੁਹਿੰਮ ਨਾਲ ਜੋੜ ਕੇ ਅਸੀਂ ਨੌਜਵਾਨ ਭਾਰਤੀਆਂ ਨੂੰ ਫਿਟਨੈੱਸ ਅਪਣਾਉਣ ਦੇ ਨਾਲ-ਨਾਲ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਲਈ ਪ੍ਰੇਰਿਤ ਕਰ ਰਹੇ ਹਾਂ।’’ ਉਨ੍ਹਾਂ ਅੱਗੇ ਕਿਹਾ ਕਿ ਇਸ ਐਤਵਾਰ ਜਦੋਂ ‘ਫਿਟ ਇੰਡੀਆ ਸੰਡੇ ਆਨ ਸਾਈਕਲ’ ਦੇਸ਼ ਭਰ ਵਿੱਚ ਇੱਕਠੇ ਕਰਵਾਇਆ ਜਾਵੇਗਾ, ਉਦੋਂ ਇਹ ਪਹਿਲ ਵਿਕਸਿਤ ਭਾਰਤ ਦੇ ਨੌਜਵਾਨ ਵੋਟਰਾਂ ਦੀ ਭਾਵਨਾ ਦਾ ਉਤਸਵ ਮਨਾਏਗੀ। ਡਾ. ਮਾਂਡਵੀਆ ਨੇ ਦੱਸਿਆ ਕਿ ਮਾਈ ਭਾਰਤ ਦੇ ਸਹਿਯੋਗ ਨਾਲ ਫਿਟ ਇੰਡੀਆ ਇਸ ਰਾਸ਼ਟਰਵਿਆਪੀ ਸਮਾਗਮ ਨੂੰ ਇਸ ਉਦੇਸ਼ ਨਾਲ ਮਨਾਏਗਾ ਕਿ ਨੌਜਵਾਨ ਫਿਟਨੈੱਸ ਨੂੰ ਜੀਵਨ-ਸ਼ੈਲੀ ਦੇ ਰੂਪ ਵਿੱਚ ਅਪਣਾਉਣ, ਨਾਲ ਹੀ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਸੂਚਿਤ, ਸਰਗਰਮ ਅਤੇ ਜ਼ਿੰਮੇਵਾਰ ਵੋਟਰਾਂ ਵਜੋਂ ਆਪਣੀ ਭੂਮਿਕਾ ਨੂੰ ਵੀ ਪਛਾਣਨ।


ਇਸ ਹਫ਼ਤੇ ਦੇ ਐਡੀਸ਼ਨ ਵਿੱਚ ਇੱਕ ਹੋਰ ਮਹੱਤਵਪੂਰਨ ਅਧਿਆਇ ਜੋੜਦੇ ਹੋਏ, ‘ਫਿਟ ਇੰਡੀਆ ਸੰਡੇ ਆਨ ਸਾਈਕਲ’ ਦਾ ਪ੍ਰਬੰਧ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਰੁੜਕੀ ਵਿੱਚ ਵੀ ਕੀਤਾ ਜਾਵੇਗਾ, ਜੋ ਪਹਿਲੀ ਵਾਰ ਹੋਵੇਗਾ ਜਦੋਂ ਇਹ ਪਹਿਲ ਕਿਸੇ ਆਈਆਈਟੀ ਕੈਂਪਸ ਵਿੱਚ ਕਰਵਾਈ ਜਾ ਰਹੀ ਹੈ। 1847 ਵਿੱਚ ਸਥਾਪਿਤ, ਭਾਰਤ ਦਾ ਸਭ ਤੋਂ ਪੁਰਾਣਾ ਇੰਜੀਨੀਅਰਿੰਗ ਸੰਸਥਾਨ ਆਈਆਈਟੀ ਰੁੜਕੀ, ਫਿਟ ਇੰਡੀਆ ਮੂਵਮੈਂਟ ਅਤੇ ਸੰਸਥਾਨ ਦਰਮਿਆਨ ਵਿਸ਼ੇਸ਼ ਸਹਿਯੋਗ ਤਹਿਤ ਇਸ ਸਾਈਕਲ ਮੁਹਿੰਮ ਦੀ ਮੇਜ਼ਬਾਨੀ ਕਰੇਗਾ। ਇਹ ਕੈਂਪਸ ਐਡੀਸ਼ਨ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਇਹ ਅੰਦੋਲਨ ਹੌਲੀ-ਹੌਲੀ ਸ਼ਹਿਰਾਂ ਦੀਆਂ ਸੜਕਾਂ ਤੋਂ ਅੱਗੇ ਵਧ ਕੇ ਵਿੱਦਿਅਕ ਸੰਸਥਾਵਾਂ ਤੱਕ ਫੈਲਿਆ ਹੈ ਅਤੇ ਨੌਜਵਾਨ ਦਿਮਾਗਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਫਿਟਨੈੱਸ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।


ਡਾ. ਮਾਂਡਵੀਆ ਨੇ ਅੱਗੇ ਕਿਹਾ, ‘‘ਤੱਟੀ ਨਗਰਾਂ ਅਤੇ ਸਰਹੱਦੀ ਖੇਤਰਾਂ ਤੋਂ ਲੈ ਕੇ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਤੱਕ, ‘ਸੰਡੇ ਆਨ ਸਾਈਕਲ’ ਇੱਕ ਸੱਚੇ ਜਨ ਅੰਦੋਲਨ ਵਜੋਂ ਵਿਕਸਿਤ ਹੋ ਚੁੱਕਾ ਹੈ। ਇਸ ਵਿੱਚ ਵਧਦੀ ਭਾਗੀਦਾਰੀ ਇਹ ਦਰਸਾਉਂਦੀ ਹੈ ਕਿ ਫਿਟਨੈੱਸ ਕਿਸ ਤਰ੍ਹਾਂ ਵੱਖ-ਵੱਖ ਖੇਤਰਾਂ ਅਤੇ ਪਿਛੋਕੜਾਂ ਦੇ ਨਾਗਰਿਕਾਂ ਨੂੰ ਇਕਜੁੱਟ ਕਰ ਸਕਦੀ ਹੈ ਅਤੇ ਸਰਗਰਮ ਜੀਵਨ ਸ਼ੈਲੀ ਨੂੰ ਇੱਕ ਸਾਂਝਾ ਰਾਸ਼ਟਰੀ ਸੱਭਿਆਚਾਰ ਬਣਾ ਸਕਦੀ ਹੈ।’’


ਦਸੰਬਰ, 2024 ਵਿੱਚ ਸ਼ੁਰੂ ਕੀਤਾ ਗਿਆ ‘ਸੰਡੇ ਆਨ ਸਾਈਕਲ’, ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਲਪਿਤ ਫਿਟ ਇੰਡੀਆ ਮੂਵਮੈਂਟ ਦੀ ਇੱਕ ਪ੍ਰਮੁੱਖ ਪਹਿਲ ਦੇ ਰੂਪ ਵਿੱਚ ਤੇਜ਼ੀ ਨਾਲ ਉੱਭਰ ਕੇ ਸਾਹਮਣੇ ਆਇਆ ਹੈ। ਪਿਛਲੇ ਇੱਕ ਸਾਲ ਵਿੱਚ, ਇਸ ਪਹਿਲ ਵਿੱਚ ਦੇਸ਼ ਭਰ ਦੇ ਦੋ ਲੱਖ ਤੋਂ ਵੱਧ ਸਥਾਨਾਂ ’ਤੇ 25 ਲੱਖ ਤੋਂ ਵੱਧ ਨਾਗਰਿਕਾਂ ਨੇ ਹਿੱਸਾ ਲਿਆ ਹੈ, ਜਿਸ ਵਿੱਚ ਵਿਦਿਆਰਥੀ, ਪੇਸ਼ੇਵਰ, ਖਿਡਾਰੀ, ਸੀਨੀਅਰ ਸਿਟੀਜ਼ਨ ਅਤੇ ਵਰਦੀਧਾਰੀ ਸੇਵਾਵਾਂ ਦੇ ਕਰਮਚਾਰੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਦੀ ਸ਼ਮੂਲੀਅਤ ਰਹੀ ਹੈ। ਇਹ ਸਮਾਗਮ ਸਾਈਕਲਿੰਗ ਨੂੰ ਸਰੀਰਕ ਗਤੀਵਿਧੀ ਦੇ ਇੱਕ ਸਥਿਰ, ਸਮਾਵੇਸ਼ੀ ਅਤੇ ਪਹੁੰਚਯੋਗ ਰੂਪ ਵਜੋਂ ਉਤਸ਼ਾਹਿਤ ਕਰਦਾ ਹੈ। ਦੇਸ਼ ਭਰ ਵਿੱਚ ਅਨੇਕਾਂ ਸਥਾਨਾਂ ’ਤੇ ਇੱਕਠੇ ਕਰਵਾਈ ਜਾਣ ਵਾਲੀ ਇਹ ਪਹਿਲ ਮੰਤਰੀਆਂ, ਖਿਡਾਰੀਆਂ ਅਤੇ ਆਮ ਨਾਗਰਿਕਾਂ ਨੂੰ ਸਾਂਝੇ ਮੰਚ ’ਤੇ ਲਿਆ ਕੇ ਫਿਟਨੈੱਸ ਅਤੇ ਵਾਤਾਵਰਨ ਚੇਤਨਾ ਦੇ ਸੱਭਿਆਚਾਰ ਨੂੰ ਮਜ਼ਬੂਤ ਕਰਦੀ ਹੈ।


ਫਿਟ ਇੰਡੀਆ ਮੂਵਮੈਂਟ ਦਾ ਸ਼ੁਭਾਰੰਭ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ 29 ਅਗਸਤ, 2019 ਨੂੰ ਇਸ ਉਦੇਸ਼ ਨਾਲ ਕੀਤਾ ਗਿਆ ਸੀ ਕਿ ਫਿਟਨੈੱਸ ਨੂੰ ਸਾਡੇ ਰੋਜ਼ਾਨਾ ਜੀਵਨ ਦਾ ਅਟੁੱਟ ਹਿੱਸਾ ਬਣਾਇਆ ਜਾ ਸਕੇ। ਇਸ ਅੰਦੋਲਨ ਦਾ ਟੀਚਾ ਵਿਵਹਾਰ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਅਤੇ ਲੋਕਾਂ ਨੂੰ ਵਧੇਰੇ ਸਰੀਰਕ ਤੌਰ ’ਤੇ ਸਰਗਰਮ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨਾ ਹੈ।

****

ਆਯੂਸ਼ਮਾਨ ਕੁਮਾਰ


(रिलीज़ आईडी: 2217994) आगंतुक पटल : 6
इस विज्ञप्ति को इन भाषाओं में पढ़ें: हिन्दी , Marathi , English , Urdu , Gujarati , Tamil