ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਸਰਕਾਰ ਨੇ ਇਲੈਕਟ੍ਰੌਨਿਕਸ ਕੰਪੋਨੈਂਟ ਮੈਨੂਫੈਕਚਰਿੰਗ ਸਕੀਮ (ਈਸੀਐੱਮਐੱਸ) ਦੇ ਤੀਜੇ ਪੜਾਅ ਤਹਿਤ 22 ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ


41,863 ਕਰੋੜ ਰੁਪਏ ਦੇ ਅਨੁਮਾਨਿਤ ਨਿਵੇਸ਼ ਨਾਲ 33,791 ਪ੍ਰਤੱਖ ਨੌਕਰੀਆਂ ਪੈਦਾ ਹੋਣ ਦੀ ਉਮੀਦ

ਇਸ ਪ੍ਰੋਗਰਾਮ ਨੇ ਭਾਰਤ ਦੇ ਇਲੈਕਟ੍ਰੌਨਿਕਸ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ​​ਕੀਤਾ ਹੈ, ਜਿਸ ਨਾਲ ਘਰੇਲੂ ਮੰਗ ਦੇ ਇੱਕ ਵੱਡੇ ਹਿੱਸੇ ਨੂੰ ਸਵਦੇਸ਼ੀ ਤੌਰ 'ਤੇ ਪੂਰਾ ਕਰਨਾ ਸੰਭਵ ਹੋਇਆ ਹੈ: ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ

प्रविष्टि तिथि: 02 JAN 2026 6:04PM by PIB Chandigarh

ਪਹਿਲਾਂ ਐਲਾਨੇ ਗਏ 12,704 ਕਰੋੜ ਰੁਪਏ ਦੀਆਂ 24 ਅਰਜ਼ੀਆਂ ਦੀ ਪ੍ਰਵਾਨਗੀ ਨੂੰ ਜਾਰੀ ਰੱਖਦੇ ਹੋਏ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐੱਮਈਆਈਟੀਵਾਈ) ਨੇ ਇਲੈਕਟ੍ਰੌਨਿਕਸ ਕੰਪੋਨੈਂਟਸ ਮੈਨੂਫੈਕਚਰਿੰਗ ਸਕੀਮ (ਈਸੀਐੱਮਐੱਸ) ਦੇ ਤਹਿਤ 22 ਹੋਰ ਪ੍ਰਸਤਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਵਿੱਚ 41,863 ਕਰੋੜ ਰੁਪਏ ਦੇ ਨਿਵੇਸ਼ ਦਾ ਅਨੁਮਾਨ ਹੈ, ਜਿਸ ਵਿੱਚ 2,58,152 ਕਰੋੜ ਰੁਪਏ ਦਾ ਉਤਪਾਦਨ ਹੋਣ ਦਾ ਅਨੁਮਾਨ ਹੈ। ਇਨ੍ਹਾਂ ਪ੍ਰਵਾਨਗੀਆਂ ਨਾਲ 33,791 ਪ੍ਰਤੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ।

ਇਨ੍ਹਾਂ ਪ੍ਰਵਾਨਗੀਆਂ ਵਿੱਚ 11 ਟੀਚਾਬੱਧ ਸੈੱਗਮੈਂਟ ਉਤਪਾਦਾਂ ਦਾ ਨਿਰਮਾਣ ਸ਼ਾਮਲ ਹੈ, ਜਿਨ੍ਹਾਂ ਦਾ ਉਪਯੋਗ ਮੋਬਾਈਲ ਨਿਰਮਾਣ, ਦੂਰਸੰਚਾਰ, ਉਪਭੋਗਤਾ ਇਲੈਕਟ੍ਰੌਨਿਕਸ, ਰਣਨੀਤਕ ਇਲੈਕਟ੍ਰੌਨਿਕਸ, ਮੋਟਰ ਵਾਹਨ ਅਤੇ ਆਈਟੀ ਹਾਰਡਵੇਅਰ ਉਤਪਾਦਾਂ ਵਰਗੇ ਵੱਖ-ਵੱਖ ਖੇਤਰਾਂ ਵਿੱਚ ਹੁੰਦਾ ਹੈ। ਇਹ 11 ਉਤਪਾਦ ਹਨ:

 

  • ਪੰਜ ਮੁੱਖ ਹਿੱਸੇ, ਜਿਵੇਂ ਕਿ ਪੀਸੀਬੀ, ਕੈਪੇਸੀਟਰ, ਕਨੈਕਟਰ, ਐਨਕਲੋਜ਼ਰ ਅਤੇ ਲਿਥੀਅਮ-ਆਇਨ ਸੈੱਲ।

 

  • ਤਿੰਨ ਸਬ-ਅਸੈਂਬਲੀਆਂ, ਜਿਵੇਂ ਕਿ ਕੈਮਰਾ ਮੌਡਿਊਲ, ਡਿਸਪਲੇਅ ਮੌਡਿਊਲ ਅਤੇ ਓਪਟੀਕਲ ਟ੍ਰਾਂਸਸੀਵਰ

 

  • ਤਿੰਨ ਸਪਲਾਈ ਚੇਨ ਆਈਟਮਾਂ, ਜਿਵੇਂ ਕਿ ਐਲੂਮੀਨੀਅਮ ਐਕਸਟਰੂਸ਼ਨ, ਐਨੋਡ ਸਮੱਗਰੀ ਅਤੇ ਲੈਮੀਨੇਟ (ਤਾਂਬੇ ਨਾਲ ਕੋਟਿਡ) 

ਨੌਂ ਬਿਨੈਕਾਰਾਂ ਨੂੰ ਪੀਸੀਬੀ (ਐੱਚਡੀਆਈਸਮੇਤ) ਦੇ ਨਿਰਮਾਣ ਲਈ ਪ੍ਰਵਾਨਗੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਇੰਡੀਆ ਸਰਕਟ ਪ੍ਰਾਈਵੇਟ ਲਿਮਿਟੇਡ, ਵਾਈਟਲ ਇਲੈਕਟ੍ਰੌਨਿਕਸ ਪ੍ਰਾਈਵੇਟ ਲਿਮਿਟੇਡ, ਸਿਗਨਮ ਇਲੈਕਟ੍ਰੌਨਿਕਸ ਲਿਮਿਟੇਡ, ਓਪੀਟੌਮ ਕੰਪੋਨੈਂਟਸ ਪ੍ਰਾਈਵੇਟ ਲਿਮਿਟੇਡ, ਬੀਪੀਐੱਲ ਲਿਮਿਟੇਡ, ਏਟੀਐਂਡਐੱਸ ਇੰਡੀਆ ਪ੍ਰਾਈਵੇਟ ਲਿਮਿਟੇਡ, Ascent-K ਸਰਕਟ ਪ੍ਰਾਈਵੇਟ ਲਿਮਿਟੇਡ, ਸੀਆਈਪੀਐੱਸਏ ਟੈੱਕ ਇੰਡੀਆ ਪ੍ਰਾਈਵੇਟ ਲਿਮਿਟੇਡ ਅਤੇ ਸ਼ੋਗਿਨੀ ਟੈਕਨੋ-ਆਰਟਸ ਪ੍ਰਾਈਵੇਟ ਲਿਮਿਟੇਡ ਸ਼ਾਮਲ ਹਨ। ਇਸ ਤੋਂ ਇਲਾਵਾ, ਇਲੈਕਟ੍ਰੌਨਿਕ ਸਰਕਟਾਂ ਵਿੱਚ ਊਰਜਾ ਸਟੋਰੇਜ ਅਤੇ ਪਾਵਰ ਕੰਡੀਸ਼ਨਿੰਗ ਲਈ ਲੋੜੀਂਦੇ ਕੈਪੇਸੀਟਰਾਂ ਦੇ ਨਿਰਮਾਣ ਲਈ ਪ੍ਰਵਾਨਗੀ ਡੇਕੀ ਇਲੈਕਟ੍ਰੌਨਿਕਸ  ਲਿਮਿਟੇਡ ਅਤੇ ਟੀਡੀਕੇ ਇੰਡੀਆ ਪ੍ਰਾਈਵੇਟ ਲਿਮਿਟੇਡ ਨੂੰ ਦਿੱਤੀ ਗਈ ਹੈ, ਜੋ ਕਿ ਇਲੈਕਟ੍ਰੌਨਿਕ ਕੰਪੋਨੈਂਟਸ ਅਤੇ ਸਿਸਟਮਾਂ ਦੇ ਇੱਕ ਪ੍ਰਮੁੱਖ ਗਲੋਬਲ ਨਿਰਮਾਤਾ ਹਨ। ਹਾਈ-ਸਪੀਡ ਕਨੈਕਟਰਾਂ ਦੇ ਨਿਰਮਾਣ ਲਈ ਪ੍ਰਵਾਨਗੀ ਐੱਮਫੇਨੋਲ ਹਾਈ ਸਪੀਡ ਟੈਕਨੋਲੋਜੀ ਇੰਡੀਆ ਪ੍ਰਾਈਵੇਟ ਲਿਮਿਟੇਡ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਯੂਜ਼ਾਨ ਟੈਕਨੋਲੋਜੀ (ਇੰਡੀਆ) ਪ੍ਰਾਈਵੇਟ ਲਿਮਿਟੇਡ (ਇਲੈਕਟ੍ਰੌਨਿਕ ਕੰਪੋਨੈਂਟਸ ਦਾ ਇੱਕ ਗਲੋਬਲ ਨਿਰਮਾਤਾ), ਮਦਰਸਨ ਇਲੈਕਟ੍ਰੌਨਿਕ ਕੰਪੋਨੈਂਟਸ ਪ੍ਰਾਈਵੇਟ ਲਿਮਿਟੇਡ (ਇਲੈਕਟ੍ਰੌਨਿਕ ਕੰਪੋਨੈਂਟਸ ਅਤੇ ਸਿਸਟਮਾਂ ਦਾ ਇੱਕ ਪ੍ਰਮੁੱਖ ਭਾਰਤੀ ਨਿਰਮਾਤਾ) ਅਤੇ ਟਾਟਾ ਇਲੈਕਟ੍ਰੌਨਿਕਸ ਪ੍ਰਾਈਵੇਟ ਲਿਮਿਟੇਡ (ਇੱਕ ਪ੍ਰਮੁੱਖ ਭਾਰਤੀ ਇਲੈਕਟ੍ਰੌਨਿਕ ਨਿਰਮਾਤਾ ਅਤੇ ਇੱਕ ਭਰੋਸੇਯੋਗ ਗਲੋਬਲ ਬ੍ਰਾਂਡ) ਨੂੰ ਮੋਬਾਈਲ ਫੋਨਾਂ, ਆਈਟੀ ਹਾਰਡਵੇਅਰ ਉਤਪਾਦਾਂ ਅਤੇ ਸਬੰਧਿਤ ਡਿਵਾਈਸਾਂ ਲਈ ਐਨਕਲੋਜ਼ਰ ਬਣਾਉਣ ਲਈ ਪ੍ਰਵਾਨਗੀ ਦਿੱਤੀ ਗਈ ਹੈ। ਡਿਜੀਟਲ ਐਪਲੀਕੇਸ਼ਨਾਂ ਲਈ ਲਿਥੀਅਮ-ਆਇਨ ਸੈੱਲ ਬਣਾਉਣ ਲਈ ਅਰਜ਼ੀਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਸੈੱਲ ਖਪਤਕਾਰਾਂ ਅਤੇ ਉਦਯੋਗਿਕ ਇਲੈਕਟ੍ਰੌਨਿਕਸ ਲਈ ਰੀਚਾਰਜ ਯੋਗ ਊਰਜਾ ਸਟੋਰੇਜ ਯੂਨਿਟਾਂ ਵਜੋਂ ਕੰਮ ਕਰਦੇ ਹਨ। ਏਟੀਐੱਲ ਬੈਟਰੀ ਟੈਕਨੋਲੋਜੀ (ਇੰਡੀਆ) ਪ੍ਰਾਈਵੇਟ ਲਿਮਿਟੇਡ, ਜੋ ਕਿ ਲਿਥੀਅਮ-ਆਇਨ ਸੈੱਲ ਨਿਰਮਾਣ ਵਿੱਚ ਮੋਹਰੀ ਵਿਸ਼ਵ ਕੰਪਨੀਆਂ ਵਿੱਚੋਂ ਇੱਕ ਹੈ, ਨੂੰ ਇਹ ਪ੍ਰਵਾਨਗੀ ਮਿਲੀ ਹੈ।

 

ਸਬ-ਅਸੈਂਬਲੀ ਸ਼੍ਰੇਣੀ ਵਿੱਚ, ਡਿਕਸਨ ਇਲੈਕਟ੍ਰੋ-ਕਨੈਕਟ ਪ੍ਰਾਈਵੇਟ ਲਿਮਿਟੇਡ ਨੂੰ ਓਪਟੀਕਲ ਟ੍ਰਾਂਸਸੀਵਰ (ਐੱਸਐੱਫਪੀ) ਦੇ ਨਿਰਮਾਣ ਲਈ; ਕੁਨਸ਼ਾਨ ਕਿਊ-ਟੈੱਕ ਮਾਈਕ੍ਰੋ ਇਲੈਕਟ੍ਰੌਨਿਕਸ (ਇੰਡੀਆ) ਪ੍ਰਾਈਵੇਟ ਲਿਮਿਟੇਡ ਨੂੰ ਕੈਮਰਾ ਮੌਡਿਊਲ ਸਬ-ਅਸੈਂਬਲੀਆਂ ਦੇ ਨਿਰਮਾਣ ਲਈ; ਅਤੇ ਸੈਮਸੰਗ ਡਿਸਪਲੇਅ ਨੋਇਡਾ ਪ੍ਰਾਈਵੇਟ ਲਿਮਿਟੇਡ, ਜੋ ਕਿ ਵਿਸ਼ਵ ਪੱਧਰ 'ਤੇ ਚੋਟੀ ਦੇ ਇਲੈਕਟ੍ਰੌਨਿਕਸ ਬ੍ਰਾਂਡਾਂ ਵਿੱਚੋਂ ਇੱਕ ਹੈ, ਨੂੰ ਡਿਸਪਲੇਅ ਮੌਡਿਊਲ ਸਬ-ਅਸੈਂਬਲੀਆਂ ਦੇ ਨਿਰਮਾਣ ਲਈ ਪ੍ਰਵਾਨਗੀ ਦਿੱਤੀ ਗਈ ਹੈ।

ਇਸ ਤੋਂ ਇਲਾਵਾ, ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਸਪਲਾਈ ਚੇਨ ਨੂੰ ਮਜ਼ਬੂਤ ​​ਕਰਨ ਲਈ, ਐੱਨਪੀਐੱਸਪੀਐੱਲ ਐਡਵਾਂਸਡ ਮੈਟੀਰੀਅਲਜ਼ ਪ੍ਰਾਈਵੇਟ ਲਿਮਿਟੇਡ ਨੂੰ ਐਨੋਡ ਮਟੀਰੀਅਲ ਬਣਾਉਣ ਲਈ ਮਨਜ਼ੂਰੀ ਦਿੱਤੀ ਗਈ ਹੈ, ਜੋ ਕਿ ਲਿਥੀਅਮ-ਆਇਨ ਸੈੱਲ ਨਿਰਮਾਣ ਲਈ ਇੱਕ ਮਹੱਤਵਪੂਰਨ ਵਸਤੂ ਹੈ ਅਤੇ ਲਿਥੀਅਮ-ਆਇਨ ਸੈੱਲਾਂ ਦੀ ਊਰਜਾ ਘਣਤਾ ਅਤੇ ਜੀਵਨ-ਚੱਕਰ ਨੂੰ ਨਿਰਧਾਰਿਤ ਕਰਦੀ ਹੈ; ਵਿਪਰੋ ਗਲੋਬਲ ਇੰਜੀਨੀਅਰਿੰਗ ਅਤੇ ਇਲੈਕਟ੍ਰੌਨਿਕ ਮੈਟੀਰੀਅਲਜ਼ ਪ੍ਰਾਈਵੇਟ ਲਿਮਿਟੇਡ ਨੂੰ ਲੈਮੀਨੇਟ (ਕੌਪਰ ਕਲੈਡ) ਬਣਾਉਣ ਲਈ ਮਨਜ਼ੂਰੀ ਦਿੱਤੀ ਗਈ ਹੈ, ਜੋ ਕਿ ਪੀਸੀਬੀ ਨਿਰਮਾਣ ਲਈ ਅਧਾਰ ਸਮੱਗਰੀ ਹੈ ਅਤੇ ਪੀਸੀਬੀ ਨਿਰਮਾਣ ਲਈ ਸਮੱਗਰੀ ਦੀ ਵਸਤੂ ਸੂਚੀ ਦਾ ਇੱਕ ਮਹੱਤਵਪੂਰਨ ਹਿੱਸਾ (~30 ਪ੍ਰਤੀਸ਼ਤ) ਹੈ; ਅਤੇ ਹਿੰਡਾਲਕੋ ਇੰਡਸਟਰੀਜ਼ ਲਿਮਿਟੇਡ ਨੂੰ ਮੋਬਾਈਲ ਫੋਨ ਐਨਕਲੋਜ਼ਰ ਲਈ ਐਲੂਮੀਨੀਅਮ ਐਕਸਟਰੂਜ਼ਨ ਬਣਾਉਣ ਲਈ ਮਨਜ਼ੂਰੀ ਦਿੱਤੀ ਗਈ ਹੈ, ਜੋ ਕਿ ਵਰਤਮਾਨ ਵਿੱਚ 100 ਪ੍ਰਤੀਸ਼ਤ ਆਯਾਤ ਕੀਤਾ ਜਾ ਰਿਹਾ ਹੈ।

ਮਨਜ਼ੂਰ ਕੀਤੀਆਂ ਗਈਆਂ ਇਕਾਈਆਂ ਅੱਠ ਰਾਜਾਂ ਵਿੱਚ ਫੈਲੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਆਂਧਰ ਪ੍ਰਦੇਸ਼, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਮਿਲ ਨਾਡੂ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸ਼ਾਮਲ ਹਨ, ਜੋ ਭੂਗੋਲਿਕ ਤੌਰ 'ਤੇ ਸੰਤੁਲਿਤ ਉਦਯੋਗਿਕ ਵਿਕਾਸ ਅਤੇ ਦੇਸ਼ ਭਰ ਵਿੱਚ ਇਲੈਕਟ੍ਰੌਨਿਕਸ ਨਿਰਮਾਣ ਦੇ ਵਿਸਥਾਰ 'ਤੇ ਸਰਕਾਰ ਦੇ ਧਿਆਨ ਨੂੰ ਮਜ਼ਬੂਤ ​​ਕਰਦੀਆਂ ਹਨ। ਪ੍ਰਵਾਨਗੀਆਂ ਦੇ ਨਵੀਨਤਮ ਪੜਾਅ ਦੇ ਨਾਲ, 11 ਰਾਜਾਂ ਵਿੱਚ ਈਸੀਐੱਮਐੱਸ ਅਧੀਨ ਹੁਣ ਤੱਕ ਕੁੱਲ 46 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿੱਚ ਕੁੱਲ 54,567 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ। ਇਸ ਨਾਲ ਲਗਭਗ 51,000 ਲੋਕਾਂ ਲਈ ਪ੍ਰਤੱਖ ਰੁਜ਼ਗਾਰ ਪੈਦਾ ਹੋਵੇਗਾ।

ਇਸ ਮੌਕੇ 'ਤੇ ਬੋਲਦਿਆਂ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਭਾਰਤ ਦੇ ਇਲੈਕਟ੍ਰੌਨਿਕਸ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ​​ਕੀਤਾ ਹੈ, ਜਿਸ ਨਾਲ ਘਰੇਲੂ ਮੰਗ ਦੇ ਵੱਡੇ ਹਿੱਸੇ ਨੂੰ ਸਵਦੇਸ਼ੀ ਤੌਰ 'ਤੇ ਪੂਰਾ ਕਰਨਾ ਸੰਭਵ ਹੋ ਗਿਆ ਹੈ। ਇਲੈਕਟ੍ਰੌਨਿਕਸ ਖੇਤਰ ਲਈ ਆਪਣੇ ਦ੍ਰਿਸ਼ਟੀਕੋਣ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਕਿਹਾ ਕਿ 2047 ਵਿੱਚ ਵੀ, ਭਾਰਤ ਵਿੱਚ ਇੱਕ ਵੱਡੀ ਨੌਜਵਾਨ ਆਬਾਦੀ ਹੋਵੇਗੀ, ਜਦਕਿ ਉਸ ਸਮੇਂ ਤੱਕ ਕਈ ਹੋਰ ਅਰਥਵਿਵਸਥਾਵਾਂ ਵਿੱਚ ਵਿਕਾਸ ਰੁਕ ਗਿਆ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਇਕਲੌਤੀ ਅਰਥਵਿਵਸਥਾ ਹੋਵੇਗੀ ਜੋ 2100 ਤੱਕ ਨਿਰੰਤਰ ਵਧਦੀ ਰਹੇਗੀ, ਅਤੇ ਇਸ ਲਈ, ਵਿਕਾਸ ਨੂੰ ਕਾਇਮ ਰੱਖਣ ਲਈ ਸਾਰੀਆਂ ਢਾਂਚਾਗਤ ਨੀਂਹਾਂ ਸਥਾਪਿਤ ਕਰਨਾ ਮਹੱਤਵਪੂਰਨ ਹੈ।

ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ, ਸ਼੍ਰੀ ਜਿਤਿਨ ਪ੍ਰਸਾਦ ਨੇ ਕਿਹਾ ਕਿ ਭਾਰਤ ਨੂੰ ਇਲੈਕਟ੍ਰੌਨਿਕਸ  ਨਿਰਮਾਣ ਲਈ ਅਗਲੇ ਵੱਡੇ ਸਥਾਨ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਵਿਸ਼ਵ ਭੂ-ਰਾਜਨੀਤਿਕ ਅਨਿਸ਼ਚਿਤਤਾ ਦੇ ਦਰਮਿਆਨ ਇੱਕ ਭਰੋਸੇਯੋਗ ਭਾਈਵਾਲ ਵਜੋਂ ਉੱਭਰ ਰਿਹਾ ਹੈ।

ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਸਕੱਤਰ ਸ਼੍ਰੀ ਐੱਸ. ਕ੍ਰਿਸ਼ਨਨ ਨੇ ਕਿਹਾ ਕਿ ਮੌਜੂਦਾ ਪੜਾਅ ਵਿੱਚ ਪ੍ਰਵਾਨਿਤ ਅਰਜ਼ੀਆਂ ਦੇਸ਼ ਦੇ ਇਲੈਕਟ੍ਰੌਨਿਕ ਨਿਰਮਾਣ ਈਕੋਸਿਸਟਮ ਲਈ ਮਹੱਤਵਪੂਰਨ ਹਨ ਅਤੇ ਈਸੀਐੱਮਐੱਸ ਦੇ ਇੱਕ ਮਹੱਤਵਪੂਰਨ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦੀਆਂ ਹਨ।

ਇਹ ਪ੍ਰਵਾਨਗੀਆਂ ਘਰੇਲੂ ਸਪਲਾਈ ਚੇਨਾਂ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ​​ਕਰਨਗੀਆਂ, ਮਹੱਤਵਪੂਰਨ ਇਲੈਕਟ੍ਰੌਨਿਕ ਹਿੱਸਿਆਂ ਲਈ ਆਯਾਤ 'ਤੇ ਨਿਰਭਰਤਾ ਨੂੰ ਘਟਾਉਣਗੀਆਂ ਅਤੇ ਭਾਰਤ ਵਿੱਚ ਉੱਚ-ਵੈਲਿਊ ਵਾਲੀਆਂ ਨਿਰਮਾਣ ਸਮਰੱਥਾਵਾਂ ਦੇ ਵਿਕਾਸ ਦਾ ਸਮਰਥਨ ਕਰਨਗੀਆਂ।

ਇਲੈਕਟ੍ਰੌਨਿਕਸ ਕੰਪੋਨੈਂਟ ਮੈਨੂਫੈਕਚਰਿੰਗ ਸਕੀਮ ਦੇ ਤਹਿਤ ਇਹ ਪ੍ਰਵਾਨਗੀਆਂ ਇਲੈਕਟ੍ਰੌਨਿਕਸ ਨਿਰਮਾਣ ਖੇਤਰ ਵਿੱਚ ਇੱਕ ਦਲੇਰ ਅਤੇ ਦੂਰਦਰਸ਼ੀ ਕਦਮ ਨੂੰ ਦਰਸਾਉਂਦੀਆਂ ਹਨ, ਜੋ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਾਰਤ ਨੂੰ ਇਲੈਕਟ੍ਰੌਨਿਕਸ  ਨਿਰਮਾਣ ਲਈ ਇੱਕ ਗਲੋਬਲ ਹੱਬ ਬਣਾਉਣ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।

************

ਐੱਮਐੱਸਜ਼ੈੱਡ/ਏਕੇ


(रिलीज़ आईडी: 2211194) आगंतुक पटल : 6
इस विज्ञप्ति को इन भाषाओं में पढ़ें: English , Urdu , Marathi , हिन्दी , Odia , Kannada