ਪ੍ਰਧਾਨ ਮੰਤਰੀ ਦਫਤਰ
azadi ka amrit mahotsav

‘ਮਨ ਕੀ ਬਾਤ’ ਦੇ 128ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ (30.11.2025)


प्रविष्टि तिथि: 30 NOV 2025 11:52AM by PIB Chandigarh

ਮੇਰੇ ਪਿਆਰੇ ਦੇਸਵਾਸੀਓ, ਨਮਸਕਾਰ। 

‘ਮਨ ਕੀ ਬਾਤ’ ਵਿੱਚ ਤੁਹਾਡਾ ਇਕ ਵਾਰ ਫਿਰ ਸਵਾਗਤ ਹੈ। ਨਵੰਬਰ ਦਾ ਮਹੀਨਾ ਬਹੁਤ ਸਾਰੀਆਂ ਪ੍ਰੇਰਨਾਵਾਂ ਲੈ ਕੇ ਆਇਆ। ਕੁਝ ਦਿਨ ਪਹਿਲਾਂ ਹੀ 26 ਨਵੰਬਰ ਨੂੰ ਸੰਵਿਧਾਨ ਦਿਵਸ ’ਤੇ ਸੈਂਟਰਲ ਹਾਲ ਵਿੱਚ ਖ਼ਾਸ ਪ੍ਰੋਗਰਾਮ ਦਾ ਆਯੋਜਨ ਹੋਇਆ। ਵੰਦੇ ਮਾਤਰਮ ਦੇ 150 ਸਾਲ ਹੋਣ ’ਤੇ ਪੂਰੇ ਦੇਸ਼ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦੀ ਸ਼ਾਨਦਾਰ ਸ਼ੁਰੂਆਤ ਹੋਈ। 25 ਨਵੰਬਰ ਅਯੁੱਧਿਆ ਵਿੱਚ ਰਾਮ ਮੰਦਿਰ ’ਤੇ ਧਰਮ ਧਵਜਾ ਚੜ੍ਹਾਇਆ ਗਿਆ। ਇਸੇ ਦਿਨ ਕੁਰੂਕਸ਼ੇਤਰ ਦੇ ਜਯੋਤੀਸਰ ਪਾਂਚਜਨਯ ਸਮਾਰਕ ਦਾ ਲੋਕ-ਅਰਪਣ ਹੋਇਆ।

ਸਾਥੀਓ, 

ਕੁਝ ਦਿਨ ਪਹਿਲਾਂ ਹੀ ਮੈਂ ਹੈਦਰਾਬਾਦ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਲੀਪ ਇੰਜਣ ਐੱਮਆਰਓ ਫੈਸਿਲਟੀ ਦਾ ਉਦਘਾਟਨ ਕੀਤਾ ਹੈ। ਏਅਰਕ੍ਰਾਫਟ ਦੀ ਸੰਭਾਲ, ਮੁਰੰਮਤ ਅਤੇ ਓਵਰਹਾਲ ਦੇ ਖੇਤਰ ਵਿੱਚ ਭਾਰਤ ਨੇ ਬਹੁਤ ਵੱਡਾ ਕਦਮ ਚੁੱਕਿਆ ਹੈ। ਪਿਛਲੇ ਹਫਤੇ ਮੁੰਬਈ ਵਿੱਚ ਇਕ ਪ੍ਰੋਗਰਾਮ ਦੇ ਦੌਰਾਨ ਆਈਐੱਨਐੱਸ ‘ਮਾਹੇ’  ਨੂੰ ਭਾਰਤੀ ਜਲ-ਸੈਨਾ ਵਿੱਚ ਸ਼ਾਮਿਲ ਕੀਤਾ ਗਿਆ। ਪਿਛਲੇ ਹੀ ਹਫਤੇ ਭਾਰਤ ਦੇ ਸਪੇਸ ਈਕੋ ਸਿਸਟਮ ਸਕਾਈਰੂਟ ਦੇ ਇਨਫਿਨਿਟੀ ਕੈਂਪਸ ਨੇ ਨਵੀਂ ਉਡਾਨ ਦਿੱਤੀ ਹੈ। ਇਹ ਭਾਰਤ ਦੀ ਨਵੀਂ ਸੋਚ, ਇਨੋਵੇਸ਼ਨ ਅਤੇ ਯੂਥ ਪਾਵਰ ਦਾ ਪ੍ਰਤੀਬਿੰਬ ਬਣਿਆ ਹੈ।

ਸਾਥੀਓ, 

ਖੇਤੀ ਖੇਤਰ ਵਿੱਚ ਵੀ ਦੇਸ਼ ਨੇ ਵੱਡੀ ਪ੍ਰਾਪਤੀ ਹਾਸਿਲ ਕੀਤੀ। ਭਾਰਤ ਨੇ 357 ਮਿਲੀਅਨ ਟਨ ਦੇ ਖਾਧ-ਅੰਨ ਉਤਪਾਦਨ ਦੇ ਨਾਲ ਇਕ ਇਤਿਹਾਸਕ ਰਿਕਾਰਡ ਬਣਾਇਆ ਹੈ। hree hundred and fifty seven million ton!  10 ਸਾਲ ਪਹਿਲਾਂ ਦੀ ਤੁਲਨਾ ਵਿੱਚ ਭਾਰਤ ਦਾ ਖਾਧ-ਅੰਨ ਉਤਪਾਦਨ 100 ਮਿਲੀਅਨ ਟਨ ਹੋਰ ਵਧ ਗਿਆ ਹੈ। ਖੇਡਾਂ ਦੀ ਦੁਨੀਆ ਵਿੱਚ ਵੀ ਭਾਰਤ ਦਾ ਝੰਡਾ ਲਹਿਰਾਇਆ ਹੈ। ਕੁਝ ਦਿਨ ਪਹਿਲਾਂ ਹੀ ਭਾਰਤ ਨੂੰ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਦਾ ਵੀ ਐਲਾਨ ਹੋਇਆ। ਇਹ ਪ੍ਰਾਪਤੀਆਂ ਦੇਸ਼ ਦੀਆਂ ਹਨ, ਦੇਸ਼-ਵਾਸੀਆਂ ਦੀਆਂ ਹਨ ਅਤੇ ਮਨ ਕੀ ਬਾਤ ਦੇਸ਼ ਦੇ ਲੋਕਾਂ ਦੀਆਂ ਅਜਿਹੀਆਂ ਪ੍ਰਾਪਤੀਆਂ ਨੂੰ, ਲੋਕਾਂ ਦੇ ਸਮੂਹਿਕ ਯਤਨਾਂ ਨੂੰ ਆਮ ਲੋਕਾਂ ਦੇ ਸਾਹਮਣੇ ਲਿਆਉਣ ਦਾ ਇਕ ਬਿਹਤਰੀਨ ਮੰਚ ਹੈ।

ਸਾਥੀਓ, 

ਜੇਕਰ ਮਨ ਵਿੱਚ ਲਗਨ ਹੋਵੇ, ਸਮੂਹਿਕ ਸ਼ਕਤੀ ਅਤੇ ਟੀਮ ਦੇ ਵਾਂਗ ਕੰਮ ਕਰਨ ’ਤੇ ਵਿਸ਼ਵਾਸ ਹੋਵੇ, ਡਿੱਗ ਕੇ ਫਿਰ ਤੋਂ ਉਠ ਖੜ੍ਹੇ ਹੋਣ ਦਾ ਹੌਸਲਾ ਹੋਵੇ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਵਿੱਚ ਵੀ ਸਫਲਤਾ ਨਿਸ਼ਚਿਤ ਹੋ ਜਾਂਦੀ ਹੈ। ਤੁਸੀਂ ਉਸ ਦੌਰ ਦੀ ਕਲਪਨਾ ਕਰੋ, ਜਦੋਂ ਸੈਟੇਲਾਈਟ ਨਹੀਂ ਸੀ। ਜੀਪੀਐੱਸ ਸਿਸਟਮ ਨਹੀਂ ਸੀ, ਨੈਵੀਗੇਸ਼ਨ ਦੀ ਕੋਈ ਸਹੂਲਤ ਨਹੀਂ ਹੁੰਦੀ ਸੀ ਤਾਂ ਹੀ ਸਾਡੇ ਮਲਾਹ ਵੱਡੇ-ਵੱਡੇ ਜਹਾਜ਼ ਲੈ ਕੇ ਸਮੁੰਦਰ ਵਿੱਚ ਨਿਕਲ ਜਾਂਦੇ ਸਨ ਅਤੇ ਤੈਅ ਸਥਾਨਾਂ ’ਤੇ ਪਹੁੰਚਦੇ ਸਨ। ਹੁਣ ਸਮੁੰਦਰ ਤੋਂ ਅੱਗੇ ਵਧ ਕੇ ਦੁਨੀਆ ਦੇ ਦੇਸ਼ ਪੁਲਾੜ ਦੀ ਅਨੰਤ ਉਚਾਈ ਨੂੰ ਨਾਪ ਰਹੇ ਹਨ। ਚੁਣੌਤੀ ਉੱਥੇ ਵੀ ਉਹੀ ਹੈ, ਨਾ ਜੀਪੀਐੱਸ ਸਿਸਟਮ ਹੈ, ਨਾ ਸੰਚਾਰ ਦੀਆਂ ਉਹੋ ਜਿਹੀਆਂ ਵਿਵਸਥਾਵਾਂ ਹਨ। ਫਿਰ ਅਸੀਂ ਕਿਵੇਂ ਅੱਗੇ ਵਧਾਂਗੇ?

ਸਾਥੀਓ, 

ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਨੇ ਮੇਰਾ ਧਿਆਨ ਖਿੱਚਿਆ। ਇਹ ਵੀਡੀਓ ਇਸਰੋ ਦੇ ਇਕ ਅਨੋਖੇ ਡਰੋਨ ਮੁਕਾਬਲੇ ਦਾ ਸੀ। ਇਸ ਵੀਡੀਓ ਵਿੱਚ ਸਾਡੇ ਦੇਸ਼ ਦੇ ਨੌਜਵਾਨ ਅਤੇ ਖ਼ਾਸ ਕਰਕੇ ਸਾਡੇ Gen-Z ਮੰਗਲ ਗ੍ਰਹਿ ਵਰਗੀਆਂ ਪ੍ਰਸਥਿਤੀਆਂ ਵਿੱਚ ਡਰੋਨ ਉਡਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਡਰੋਨ ਉਡਦੇ ਸਨ, ਕੁਝ ਪਲ ਸੰਤੁਲਨ ਵਿੱਚ ਰਹਿੰਦੇ ਸਨ, ਫਿਰ ਅਚਾਨਕ ਜ਼ਮੀਨ ’ਤੇ ਡਿੱਗ ਪੈਂਦੇ ਸਨ। ਜਾਣਦੇ ਹੋ ਕਿਉਂ, ਕਿਉਂਕਿ ਉੱਥੇ ਜੋ ਡਰੋਨ ਉੱਡ ਰਹੇ ਸਨ, ਉਨ੍ਹਾਂ ਵਿੱਚ ਜੀਪੀਐੱਸ ਦਾ ਸਪੋਰਟ ਬਿਲਕੁਲ ਨਹੀਂ ਸੀ। ਮੰਗਲ ਗ੍ਰਹਿ ’ਤੇ ਜੀਪੀਐੱਸ ਸੰਭਵ ਨਹੀਂ। ਇਸ ਲਈ ਡਰੋਨ ਨੂੰ ਕੋਈ ਬਾਹਰੀ ਸੰਕੇਤ ਜਾਂ ਮਾਰਗ-ਦਰਸ਼ਨ ਨਹੀਂ ਮਿਲ ਸਕਦਾ। ਡਰੋਨ ਨੇ ਆਪਣੇ ਕੈਮਰੇ ਅਤੇ ਇਨਬਿਲਟ ਸੌਫਟਵੇਅਰ ਦੇ ਸਹਾਰੇ ਉੱਡਣਾ ਸੀ। ਉਸ ਛੋਟੇ ਜਿਹੇ ਡਰੋਨ ਨੇ ਜ਼ਮੀਨ ਦੇ ਪੈਟਰਨ ਪਛਾਣਨੇ ਸਨ, ਉਚਾਈ ਨਾਪਣੀ ਸੀ, ਰੁਕਾਵਟਾਂ ਸਮਝਣੀਆਂ ਸਨ ਅਤੇ ਖ਼ੁਦ ਹੀ ਸੁਰੱਖਿਅਤ ਉਤਰਨ ਦਾ ਰਾਹ ਲੱਭਣਾ ਸੀ। ਇਸ ਲਈ ਡਰੋਨ ਵੀ ਇਕ ਤੋਂ ਬਾਅਦ ਇੱਕ ਡਿੱਗਦੇ ਜਾ ਰਹੇ ਸਨ।

ਸਾਥੀਓ, 

ਇਸ ਮੁਕਾਬਲੇ ਵਿੱਚ ਪੁਣੇ ਦੇ ਨੌਜਵਾਨ ਦੀ ਇਕ ਟੀਮ ਨੇ ਕੁਝ ਹੱਦ ਤੱਕ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਦਾ ਡਰੋਨ ਵੀ ਕਈ ਵਾਰ ਡਿੱਗਿਆ, ਕ੍ਰੈਸ਼ ਹੋਇਆ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਕਈ ਵਾਰ ਯਤਨ ਕਰਨ ਤੋਂ ਬਾਅਦ ਇਸ ਟੀਮ ਦਾ ਡਰੋਨ ਮੰਗਲ ਗ੍ਰਹਿ ਦੀ ਪ੍ਰਸਥਿਤੀ ਵਿੱਚ ਕੁਝ ਦੇਰ ਉੱਡਣ ਵਿੱਚ ਸਫਲ ਰਿਹਾ।

ਸਾਥੀਓ, 

ਇਹ ਵੀਡੀਓ ਵੇਖਦੇ ਹੋਏ ਮੇਰੇ ਮਨ ਵਿੱਚ ਇਕ ਹੋਰ ਦ੍ਰਿਸ਼ ਉੱਭਰ ਆਇਆ, ਉਹ ਦਿਨ ਜਦੋਂ ਚੰਦਰਯਾਨ-2 ਸੰਪਰਕ ਤੋਂ ਬਾਹਰ ਹੋ ਗਿਆ ਸੀ। ਉਸ ਦਿਨ ਪੂਰਾ ਦੇਸ਼ ਅਤੇ ਖਾਸ ਕਰਕੇ ਵਿਗਿਆਨੀ ਕੁਝ ਪਲ ਲਈ ਨਿਰਾਸ਼ ਹੋਏ ਸਨ, ਪਰ ਸਾਥੀਓ, ਅਸਫਲਤਾ ਨੇ ਉਨ੍ਹਾਂ ਨੂੰ ਰੋਕਿਆ ਨਹੀਂ। ਉਸੇ ਹੀ ਦਿਨ ਉਨ੍ਹਾਂ ਨੇ ਚੰਦਰਯਾਨ-3 ਦੀ ਸਫਲਤਾ ਦੀ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ। ਇਹੀ ਕਾਰਨ ਹੈ ਕਿ ਜਦੋਂ ਚੰਦਰਯਾਨ-3 ਨੇ ਸਫਲ ਲੈਂਡਿੰਗ ਕੀਤੀ ਤਾਂ ਉਹ ਸਿਰਫ ਇਕ ਮਿਸ਼ਨ ਦੀ ਸਫਲਤਾ ਨਹੀਂ ਸੀ, ਉਹ ਤਾਂ ਅਸਫਲਤਾ ਤੋਂ ਨਿਕਲ ਕੇ ਬਣਾਏ ਗਏ ਵਿਸ਼ਵਾਸ ਦੀ ਸਫਲਤਾ ਸੀ। ਇਸ ਵੀਡੀਓ ਵਿੱਚ ਜੋ ਨੌਜਵਾਨ ਦਿਖਾਈ ਦੇ ਰਹੇ ਹਨ, ਉਨ੍ਹਾਂ ਦੀਆਂ ਅੱਖਾਂ ਵਿੱਚ ਮੈਨੂੰ ਉਹੀ ਚਮਕ ਦਿਖਾਈ ਦਿੱਤੀ। ਹਰ ਵਾਰ ਜਦੋਂ ਮੈਂ ਸਾਡੇ ਨੌਜਵਾਨਾਂ ਦੀ ਲਗਨ ਅਤੇ ਵਿਗਿਆਨੀਆਂ ਦੇ ਸਮਰਪਣ ਨੂੰ ਵੇਖਦਾ ਹਾਂ ਤਾਂ ਮੇਰਾ ਮਨ ਉਤਸ਼ਾਹ ਨਾਲ ਭਰ ਜਾਂਦਾ ਹੈ। ਨੌਜਵਾਨਾਂ ਦੀ ਇਹੀ ਲਗਨ ਵਿਕਸਿਤ ਭਾਰਤ ਦੀ ਬਹੁਤ ਵੱਡੀ ਸ਼ਕਤੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ, 

ਤੁਸੀਂ ਸਾਰੇ ਸ਼ਹਿਦ ਦੀ ਮਿਠਾਸ ਨਾਲ ਜ਼ਰੂਰ ਵਾਕਫ ਹੋਵੋਗੇ। ਪਰ ਅਕਸਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਸ ਦੇ ਪਿੱਛੇ ਕਿੰਨੇ ਲੋਕਾਂ ਦੀ ਮਿਹਨਤ ਹੈ, ਕਿੰਨੀਆਂ ਪ੍ਰੰਪਰਾਵਾਂ ਹਨ ਅਤੇ ਕੁਦਰਤ ਦੇ ਨਾਲ ਕਿੰਨਾ ਸੁੰਦਰ ਤਾਲਮੇਲ ਹੈ। 

ਸਾਥੀਓ, 

ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਵਨ ਤੁਲਸੀ, ਯਾਨੀ ਸੁਲਾਈ, ਸੁਲਾਈ ਦੇ ਫੁੱਲਾਂ ਨਾਲ ਇੱਥੋਂ ਦੀਆਂ ਮਧੂ-ਮੱਖੀਆਂ ਬੇਹੱਦ ਅਨੋਖਾ ਸ਼ਹਿਦ ਬਣਾਉਂਦੀਆਂ ਹਨ। ਇਹ ਸਫੈਦ ਰੰਗ ਦਾ ਸ਼ਹਿਦ ਹੁੰਦਾ ਹੈ, ਜਿਸ ਨੂੰ ਰਾਮਬਨ ਸੁਲਾਈ ਸ਼ਹਿਦ ਕਿਹਾ ਜਾਂਦਾ ਹੈ। ਕੁਝ ਸਾਲ ਪਹਿਲਾਂ ਹੀ ਰਾਮਬਨ ਸੁਲਾਈ ਸ਼ਹਿਦ ਨੂੰ GI Tag ਮਿਲਿਆ ਹੈ। ਇਸ ਤੋਂ ਬਾਅਦ ਇਸ ਸ਼ਹਿਦ ਦੀ ਪਛਾਣ ਪੂਰੇ ਦੇਸ਼ ਵਿੱਚ ਬਣ ਗਈ ਹੈ।

ਸਾਥੀਓ,

 ਦੱਖਣ ਕੰਨੜਾ ਜ਼ਿਲ੍ਹੇ ਦੇ ਪੁੱਤੁਰ ਵਿੱਚ ਉੱਥੋਂ ਦੀਆਂ ਬਨਸਪਤੀਆਂ ਸ਼ਹਿਦ ਉਤਪਾਦਨ ਦੇ ਲਈ ਉੱਤਮ ਮੰਨੀਆਂ ਜਾਂਦੀਆਂ ਹਨ। ਇੱਥੇ ‘ਗ੍ਰਾਮਜਨਯ’ ਨਾਮ ਦੀ ਕਿਸਾਨ ਸੰਸਥਾ ਇਸ ਕੁਦਰਤੀ ਤੋਹਫੇ ਨੂੰ ਨਵੀਂ ਦਿਸ਼ਾ ਦੇ ਰਹੀ ਹੈ। ‘ਗ੍ਰਾਮਜਨਯ’ ਨੇ ਇੱਥੇ ਇਕ ਆਧੁਨਿਕ ਪ੍ਰੋਸੈਸਿੰਗ ਯੂਨਿਟ ਬਣਾਇਆ। ਲੈਬ, ਬੋਟਲਿੰਗ, ਸਟੋਰੇਜ ਅਤੇ ਡਿਜੀਟਲ ਟਰੈਕਿੰਗ ਵਰਗੀਆਂ ਸਹੂਲਤਾਂ ਜੋੜੀਆਂ ਗਈਆਂ। ਹੁਣ ਇਹ ਸ਼ਹਿਦ ਬ੍ਰਾਂਡਿਡ ਉਤਪਾਦ ਬਣ ਕੇ ਪਿੰਡਾਂ ਤੋਂ ਸ਼ਹਿਰਾਂ ਤੱਕ ਪਹੁੰਚ ਰਿਹਾ ਹੈ। ਇਸ ਯਤਨ ਦਾ ਲਾਭ ਢਾਈ ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਨੂੰ ਮਿਲਿਆ ਹੈ। 

ਸਾਥੀਓ, 

ਕਰਨਾਟਕਾ ਦੇ ਹੀ ਤੁਮਕਰੁ ਜ਼ਿਲ੍ਹੇ ਵਿੱਚ ‘ਸ਼ਿਵਗੰਗਾ ਕਾਲੰਜੀਆ’ ਨਾਂ ਦੀ ਸੰਸਥਾ ਦਾ ਯਤਨ ਵੀ ਬਹੁਤ ਸ਼ਲਾਘਾਯੋਗ ਹੈ। ਇਸ ਵੱਲੋਂ ਇੱਥੇ ਹਰ ਮੈਂਬਰ ਨੂੰ ਸ਼ੁਰੂਆਤ ਵਿੱਚ ਦੋ ਸ਼ਹਿਦ ਦੀਆਂ ਮੱਖੀਆਂ ਦੇ ਬਾਕਸ ਦਿੱਤੇ ਜਾਂਦੇ ਹਨ, ਅਜਿਹਾ ਕਰਕੇ ਇਸ ਸੰਸਥਾ ਨੇ ਅਨੇਕਾਂ ਕਿਸਾਨਾਂ ਨੂੰ ਆਪਣੀ ਮੁਹਿੰਮ ਨਾਲ ਜੋੜ ਦਿੱਤਾ ਹੈ। ਹੁਣ ਇਸ ਸੰਸਥਾ ਨਾਲ ਜੁੜੇ ਕਿਸਾਨ ਮਿਲ ਕੇ ਸ਼ਹਿਦ ਕੱਢਦੇ ਹਨ, ਬਿਹਤਰੀਨ ਪੈਕਿੰਗ ਕਰਦੇ ਹਨ ਅਤੇ ਸਥਾਨਕ ਬਾਜ਼ਾਰ ਤੱਕ ਪਹੁੰਚਾਉਂਦੇ ਹਨ। ਇਸ ਨਾਲ ਉਨ੍ਹਾਂ ਨੂੰ ਲੱਖਾਂ ਦੀ ਕਮਾਈ ਵੀ ਹੋ ਰਹੀ ਹੈ। ਅਜਿਹਾ ਹੀ ਇਕ ਉਦਾਹਰਣ ਨਾਗਾਲੈਂਡ ਦੇ ਕਲਿੱਫ ਹਨੀ ਹੰਟਿੰਗ ਦਾ ਹੈ। ਨਾਗਾਲੈਂਡ ਦੇ ਚੋਕਲਾਂਗਨ ਪਿੰਡ ਵਿੱਚ ਖਿਆਮਨੀ-ਯਾਂਗਨ ਜਨਜਾਤੀ ਸਦੀਆਂ ਤੋਂ ਸ਼ਹਿਦ ਕੱਢਣ ਦਾ ਕੰਮ ਕਰਦੀ ਆਈ ਹੈ। ਇੱਥੇ ਮਧੂ-ਮੱਖੀਆਂ ਦਰੱਖਤਾਂ ’ਤੇ ਨਹੀਂ, ਸਗੋਂ ਉੱਚੀਆਂ ਚਟਾਨਾਂ ’ਤੇ ਆਪਣੇ ਘਰ ਬਣਾਉਂਦੀਆਂ ਹਨ, ਇਸ ਲਈ ਸ਼ਹਿਦ ਕੱਢਣ ਦਾ ਕੰਮ ਵੀ ਬਹੁਤ ਜੋਖਮ ਭਰਿਆ ਹੁੰਦਾ ਹੈ, ਇਸ ਲਈ ਇੱਥੋਂ ਦੇ ਲੋਕ ਮਧੂ-ਮੱਖੀਆਂ ਨਾਲ ਪਹਿਲਾਂ ਨਰਮੀ ਨਾਲ ਗੱਲ ਕਰਦੇ ਹਨ, ਉਨ੍ਹਾਂ ਤੋਂ ਆਗਿਆ ਲੈਂਦੇ ਹਨ। ਉਨ੍ਹਾਂ ਨੂੰ ਦੱਸਦੇ ਹਨ ਕਿ ਅੱਜ ਉਹ ਸ਼ਹਿਦ ਲੈਣ ਆਏ ਹਨ, ਇਸ ਤੋਂ ਬਾਅਦ ਸ਼ਹਿਦ ਕੱਢਦੇ ਹਨ। 

ਸਾਥੀਓ, 

ਅੱਜ ਭਾਰਤ ਸ਼ਹਿਦ ਦੇ ਉਤਪਾਦਨ ਵਿੱਚ ਨਵੇਂ ਰਿਕਾਰਡ ਬਣਾ ਰਿਹਾ ਹੈ। 11 ਸਾਲ ਪਹਿਲਾਂ ਦੇਸ਼ ਵਿੱਚ ਸ਼ਹਿਦ ਦਾ ਉਤਪਾਦਨ 76 ਹਜ਼ਾਰ ਮੀਟਰਿਕ ਟਨ ਸੀ, ਹੁਣ ਇਹ ਵਧ ਕੇ ਡੇਢ ਲੱਖ ਮਿਟਰਿਕ ਟਨ ਤੋਂ ਵੀ ਜ਼ਿਆਦਾ ਹੋ ਗਿਆ ਹੈ। ਬੀਤੇ ਕੁਝ ਸਾਲਾਂ ਵਿੱਚ ਸ਼ਹਿਦ ਦਾ ਨਿਰਯਾਤ ਵੀ ਤਿੰਨ ਗੁਣਾ ਤੋਂ ਜ਼ਿਆਦਾ ਵਧ ਗਿਆ ਹੈ। ਹਨੀ ਮਿਸ਼ਨ ਪ੍ਰੋਗਰਾਮ ਦੇ ਤਹਿਤ ਖਾਦੀ ਗ੍ਰਾਮ ਉਦਯੋਗ ਨੇ ਵੀ ਸਵਾ ਦੋ ਲੱਖ ਤੋਂ ਜ਼ਿਆਦਾ ਬੀ-ਬਾਕਸਿਸ ਲੋਕਾਂ ਵਿੱਚ ਵੰਡੇ ਹਨ, ਇਸ ਨਾਲ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮਿਲੇ ਹਨ, ਯਾਨੀ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਸ਼ਹਿਦ ਦੀ ਮਿਠਾਸ ਵੀ ਵਧ ਰਹੀ ਹੈ ਅਤੇ ਇਹ ਮਿਠਾਸ ਕਿਸਾਨਾਂ ਦੀ ਆਮਦਨੀ ਵੀ ਵਧਾ ਰਹੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ, 

ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਮਹਾਭਾਰਤ ਦਾ ਯੁੱਧ ਹੋਇਆ ਸੀ, ਇਹ ਅਸੀਂ ਸਾਰੇ ਜਾਣਦੇ ਹਾਂ, ਪਰ ਯੁੱਧ ਦੇ ਇਸ ਅਨੁਭਵ ਨੂੰ ਹੁਣ ਤੁਸੀਂ ਉੱਥੇ ਮਹਾਭਾਰਤ ਅਨੁਭਵ ਕੇਂਦਰ ਵਿੱਚ ਵਿਅਕਤੀਗਤ ਰੂਪ ਵਿੱਚ ਮਹਿਸੂਸ ਕਰ ਸਕਦੇ ਹੋ। ਇਸ ਅਨੁਭਵ ਕੇਂਦਰ ਵਿੱਚ ਮਹਾਭਾਰਤ ਦੀ ਗਾਥਾ ਨੂੰ 3ਡੀ ਲਾਈਟ ਐਂਡ ਸਾਊਂਡ ਸ਼ੋਅ ਅਤੇ ਡਿਜੀਟਲ ਤਕਨੀਕ ਨਾਲ ਵਿਖਾਇਆ ਜਾ ਰਿਹਾ ਹੈ। 25 ਨਵੰਬਰ ਨੂੰ ਜਦੋਂ ਮੈਂ ਕੁਰੂਕਸ਼ੇਤਰ ਗਿਆ ਸੀ ਤਾਂ ਇਸ ਅਨੁਭਵ ਕੇਂਦਰ ਦੇ ਅਨੁਭਵ ਨੇ ਮੈਨੂੰ ਆਨੰਦ ਨਾਲ ਭਰ ਦਿੱਤਾ ਸੀ।

ਸਾਥੀਓ, 

ਕੁਰੂਕਸ਼ੇਤਰ ਵਿੱਚ ਬ੍ਰਹਮ ਸਰੋਵਰ ’ਤੇ ਆਯੋਜਿਤ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਵਿੱਚ ਸ਼ਾਮਿਲ ਹੋਣਾ ਵੀ ਮੇਰੇ ਲਈ ਬਹੁਤ ਖਾਸ ਰਿਹਾ। ਮੈਂ ਇਹ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ ਕਿ ਕਿਵੇਂ ਦੁਨੀਆ ਭਰ ਦੇ ਲੋਕ ਦੈਵੀ ਗ੍ਰੰਥ ਗੀਤਾ ਤੋਂ ਪ੍ਰੇਰਿਤ ਹੋ ਰਹੇ ਹਨ। ਇਸ ਮਹਾਉਤਸਵ ਵਿੱਚ ਯੂਰਪ ਅਤੇ ਸੈਂਟਰਲ ਏਸ਼ੀਆ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਦੇ ਲੋਕਾਂ ਦੀ ਭਾਗੀਦਾਰੀ ਰਹੀ ਹੈ। 

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਾਊਦੀ ਅਰਬ ਵਿੱਚ ਪਹਿਲੀ ਵਾਰ ਕਿਸੇ ਜਨਤਕ ਮੰਚ ’ਤੇ ਗੀਤਾ ਦੀ ਪੇਸ਼ਕਾਰੀ ਕੀਤੀ ਗਈ ਹੈ। ਯੂਰਪ ਦੇ ਲਾਤਵੀਆ ਵਿੱਚ ਵੀ ਇੱਕ ਯਾਦਗਾਰ ਗੀਤਾ ਮਹਾਉਤਸਵ ਆਯੋਜਿਤ ਕੀਤਾ ਗਿਆ ਹੈ। ਇਸ ਮਹਾਉਤਸਵ ਵਿੱਚ ਲਾਤਵੀਆ, ਐਸਟੋਨੀਆ, ਲਿਥੁਆਨੀਆ ਅਤੇ ਅਲਜੀਰੀਆ ਦੇ ਕਲਾਕਾਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। 

ਸਾਥੀਓ, 

ਭਾਰਤ ਦੇ ਮਹਾਨ ਸਭਿਆਚਾਰ ਵਿੱਚ ਸ਼ਾਂਤੀ ਅਤੇ ਕਰੁਣਾ ਦਾ ਭਾਵ ਸਭ ਤੋਂ ਉੱਪਰ ਰਿਹਾ ਹੈ। ਤੁਸੀਂ ਦੂਸਰੇ ਵਿਸ਼ਵ ਯੁੱਧ ਦੀ ਕਲਪਨਾ ਕਰੋ, ਜਦੋਂ ਚਾਰ-ਚੁਫੇਰੇ ਵਿਨਾਸ਼ ਦਾ ਡਰਾਵਣਾ ਮਾਹੌਲ ਬਣਿਆ ਹੋਇਆ ਸੀ, ਅਜਿਹੇ ਮੁਸ਼ਕਿਲ ਸਮੇਂ ਵਿੱਚ ਗੁਜਰਾਤ ਦੇ ਨਵਾਂ ਨਗਰ ਦੇ ਜਾਮ ਸਾਹਿਬ, ਮਹਾਰਾਜਾ ਦਿਗਵਿਜੇ ਸਿੰਘ ਜੀ ਨੇ ਜੋ ਮਹਾਨ ਕੰਮ ਕੀਤਾ, ਉਹ ਅੱਜ ਵੀ ਸਾਨੂੰ ਪ੍ਰੇਰਨਾ ਦਿੰਦਾ ਹੈ। ਉਸ ਸਮੇਂ ਜਾਮ ਸਾਹਿਬ ਕਿਸੇ ਯੁੱਧ ਗਠਬੰਧਨ ਜਾਂ ਯੁੱਧ ਦੀ ਰਣਨੀਤੀ ਨੂੰ ਲੈ ਕੇ ਨਹੀਂ ਸੋਚ ਰਹੇ ਸਨ, ਬਲਕਿ ਉਨ੍ਹਾਂ ਦੀ ਚਿੰਤਾ ਇਹ ਸੀ ਕਿ ਕਿਵੇਂ ਵਿਸ਼ਵ ਯੁੱਧ ਦੇ ਦੌਰਾਨ ਪੋਲਿਸ਼ ਯਹੂਦੀ ਬੱਚਿਆਂ ਦੀ ਰੱਖਿਆ ਹੋਈ। ਉਨ੍ਹਾਂ ਨੇ ਗੁਜਰਾਤ ਵਿੱਚ ਉਦੋਂ ਹਜ਼ਾਰਾਂ ਬੱਚਿਆਂ ਨੂੰ ਸ਼ਰਨ ਦੇ ਕੇ ਉਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਜੋ ਅੱਜ ਵੀ ਇਕ ਮਿਸਾਲ ਹੈ। ਕੁਝ ਦਿਨ ਪਹਿਲਾਂ ਦੱਖਣੀ ਇਜ਼ਰਾਇਲ ਦੇ ਮੋਸ਼ਾਵ ਨੇਵਾਤਿਮ ਵਿੱਚ ਜਾਮ ਸਾਹਿਬ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ। ਇਹ ਬਹੁਤ ਹੀ ਖਾਸ ਸਨਮਾਨ ਸੀ। ਪਿਛਲੇ ਸਾਲ ਪੋਲੈਂਡ ਦੇ ਵਾਰਿਸਾਂ ਵਿੱਚ ਮੈਨੂੰ ਜਾਮ ਸਾਹਿਬ ਦੇ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਸੁਭਾਗ ਮਿਲਿਆ ਸੀ। ਮੇਰੇ ਲਈ ਉਹ ਪਲ ਨਾ ਭੁੱਲਣਯੋਗ ਰਹੇਗਾ। 

ਮੇਰੇ ਪਿਆਰ ਦੇਸ਼ਵਾਸੀਓ, 

ਕੁਝ ਦਿਨ ਪਹਿਲਾਂ ਮੈਂ ਨੈਚੂਰਲ ਫਾਰਮਿੰਗ ਦੇ ਇਕ ਵਿਸ਼ਾਲ ਸਮਾਗਮ ਵਿੱਚ ਹਿੱਸਾ ਲੈਣ ਕੋਇੰਬਟੂਰ ਗਿਆ ਸੀ। ਦੱਖਣ ਭਾਰਤ ਵਿੱਚ ਨੈਚੂਰਲ ਫਾਰਮਿੰਗ ਨੂੰ ਲੈ ਕੇ ਹੋ ਰਹੇ ਯਤਨਾਂ ਨੂੰ ਵੇਖ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ, ਕਿੰਨੇ ਹੀ ਨੌਜਵਾਨ Highly Qualified Professional  ਹੁਣ ਨੈਚੂਰਲ ਫਾਰਮਿੰਗ ਫੀਲਡ ਨੂੰ ਅਪਣਾ ਰਹੇ ਹਨ। ਮੈਂ ਉੱਥੇ ਕਿਸਾਨਾਂ ਨਾਲ ਗੱਲ ਕੀਤੀ, ਉਨ੍ਹਾਂ ਦੇ ਅਨੁਭਵ ਜਾਣੇ। ਨੈਚੂਰਲ ਫਾਰਮਿੰਗ ਭਾਰਤ ਦੀਆਂ ਪ੍ਰਾਚੀਨ ਪ੍ਰੰਪਰਾਵਾਂ ਦਾ ਹਿੱਸਾ ਰਹੀਆਂ ਹਨ ਅਤੇ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਧਰਤੀ ਮਾਂ ਦੀ ਰੱਖਿਆ ਦੇ ਲਈ ਇਸ ਨੂੰ ਨਿਰੰਤਰ ਹੁਲਾਰਾ ਦਈਏ। 

ਸਾਥੀਓ, 

ਵਿਸ਼ਵ ਦੀ ਸਭ ਤੋਂ ਪੁਰਾਣੀ ਭਾਸ਼ਾ ਅਤੇ ਵਿਸ਼ਵ ਦੇ ਸਭ ਤੋਂ ਪ੍ਰਾਚੀਨ ਸ਼ਹਿਰਾਂ ਵਿੱਚੋਂ ਇਕ ਸ਼ਹਿਰ, ਇਨ੍ਹਾਂ ਦੋਵਾਂ ਦਾ ਸੰਗਮ ਹਮੇਸ਼ਾ ਅਨੋਖਾ ਹੁੰਦਾ ਹੈ, ਮੈਂ ਗੱਲ ਕਰ ਰਿਹਾ ਹਾਂ ‘ਕਾਸ਼ੀ-ਤਾਮਿਲ ਸੰਗਮਮ’ ਦੀ। 2 ਦਸੰਬਰ ਤੋਂ ਕਾਸ਼ੀ ਦੇ ਨਮੋ ਘਾਟ ’ਤੇ ਚੌਥਾ ਕਾਸ਼ੀ ਸੰਗਮਮ ਸ਼ੁਰੂ ਹੋ ਰਿਹਾ ਹੈ। ਇਸ ਵਾਰ ਦੇ ਕਾਸ਼ੀ-ਤਾਮਿਲ ਸੰਗਮਮ ਦੀ ਥੀਮ ਬਹੁਤ ਹੀ ਰੋਚਕ ਹੈ -  Learn Tamil  - ਤਾਮਿਲ ਕਰਕਲਮ। ਕਾਸ਼ੀ-ਤਾਮਿਲ ਸੰਗਮਮ ਉਨ੍ਹਾਂ ਸਾਰੇ ਲੋਕਾਂ ਦਾ ਵੀ ਮਹੱਤਵਪੂਰਨ ਮੰਚ ਬਣ ਗਿਆ ਹੈ, ਜਿਨ੍ਹਾਂ ਨੂੰ ਤਾਮਿਲ ਭਾਸ਼ਾ ਨਾਲ ਲਗਾਓ ਹੈ। ਕਾਸ਼ੀ ਦੇ ਲੋਕਾਂ ਨਾਲ ਜਦੋਂ ਵੀ ਗੱਲ ਹੁੰਦੀ ਹੈ ਤਾਂ ਉਹ ਹਮੇਸ਼ਾ ਦੱਸਦੇ ਹਨ ਕਿ ਕਾਸ਼ੀ-ਤਾਮਿਲ ਸੰਗਮਮ ਦਾ ਹਿੱਸਾ ਬਣਨਾ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ। ਇੱਥੇ ਉਨ੍ਹਾਂ ਨੂੰ ਕੁਝ ਨਵਾਂ ਸਿੱਖਣ ਅਤੇ ਨਵੇਂ-ਨਵੇਂ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ। ਇਸ ਵਾਰ ਵੀ ਕਾਸ਼ੀ ਵਾਸੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਤਾਮਿਲਨਾਡੂ ਤੋਂ ਆਉਣ ਵਾਲੇ ਆਪਣੇ ਭੈਣ-ਭਰਾਵਾਂ ਦਾ ਸਵਾਗਤ ਕਰਨ ਲਈ ਬਹੁਤ ਉਤਸੁਕ ਹਨ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਕਾਸ਼ੀ-ਤਾਮਿਲ ਸੰਗਮਮ ਦਾ ਹਿੱਸਾ ਜ਼ਰੂਰ ਬਣੋ। ਇਸ ਦੇ ਨਾਲ ਹੀ ਅਜਿਹੇ ਹੋਰ ਵੀ ਮੰਚਾਂ ਦੇ ਬਾਰੇ ਸੋਚੋ, ਜਿਨ੍ਹਾਂ ਨਾਲ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਮਜ਼ਬੂਤ ਹੋਵੇ। ਇੱਥੇ ਮੈਂ ਇਕ ਵਾਰ ਫਿਰ ਕਹਿਣਾ ਚਾਹਾਂਗਾ :

ਤਾਮਿਲ ਕਲਾਚਾਰਮ ਓਅਰਵਾਨਦ,

ਤਾਮਿਲ ਮੋਲੀ ਓਅਰਵਾਨਦ

ਤਾਮਿਲ ਇੰਦਦਿਆਵਨ ਪੇਰੁਮਿਦਮ।

(English Translation)

Tamil culture is great.

Tamil language is great.

Tamil is the pride of India

 

 ਮੇਰੇ ਪਿਆਰੇ ਦੇਸ਼ਵਾਸੀਓ,

 ਜਦੋਂ ਭਾਰਤ ਦੇ ਸੁਰੱਖਿਆ ਤੰਤਰ ਨੂੰ ਮਜ਼ਬੂਤੀ ਮਿਲਦੀ ਹੈ ਤਾਂ ਹਰ ਭਾਰਤੀ ਨੂੰ ਮਾਣ ਹੁੰਦਾ ਹੈ। ਪਿਛਲੇ ਹਫਤੇ ਮੁੰਬਈ ਵਿੱਚ ਆਈਐੱਨਐੱਸ ‘ਮਾਹੇ’ ਨੂੰ ਭਾਰਤੀ ਜਲ-ਸੈਨਾ ਵਿੱਚ ਸ਼ਾਮਿਲ ਕੀਤਾ ਗਿਆ। ਕੁਝ ਲੋਕਾਂ ਦੇ ਵਿਚਕਾਰ ਇਸ ਦੇ ਸਵਦੇਸ਼ੀ ਡਿਜ਼ਾਈਨ ਨੂੰ ਲੈ ਕੇ ਖੂਬ ਚਰਚਾ ਰਹੀ, ਉੱਥੇ ਹੀ ਪੁੱਡੂਚੇਰੀ ਅਤੇ ਮਾਲਾਬਾਰ ਕੋਸਟ ਦੇ ਲੋਕ ਇਸ ਦੇ ਨਾਮ ਨਾਲ ਹੀ ਖੁਸ਼ ਹੋ ਗਏ। ਦਰਅਸਲ ਇਸ ਦਾ ‘ਮਾਹੇ’ ਨਾਮ ਉਸ ਸਥਾਨ ਮਾਹੇ ਦੇ ਨਾਮ ’ਤੇ ਰੱਖਿਆ ਗਿਆ ਹੈ, ਜਿਸ ਦੀ ਇੱਕ ਖ਼ੁਸ਼ਹਾਲ ਇਤਿਹਾਸਕ ਵਿਰਾਸਤ ਰਹੀ ਹੈ। ਕੇਰਲਾ ਅਤੇ ਤਾਮਿਲਨਾਡੂ ਦੇ ਕਈ ਲੋਕਾਂ ਨੇ ਇਸ ਗੱਲ ’ਤੇ ਗੌਰ ਕੀਤਾ ਕਿ ਇਸ ਲੜਾਕੂ ਜਹਾਜ਼ ਦਾ ਕਰੈਸਟ ਉਰੁਮੀ ਅਤੇ ਕਲਾਰਿਪਯੁਡੂ ਦੀ ਰਵਾਇਤੀ ਲਚਕੀਲੀ ਤਲਵਾਰ ਦੇ ਵਾਂਗ ਦਿਖਾਈ ਦਿੰਦਾ ਹੈ। ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਸਾਡੀ ਜਲ-ਸੈਨਾ ਬਹੁਤ ਹੀ ਤੇਜ਼ੀ ਨਾਲ ਆਤਮ-ਨਿਰਭਰਤਾ ਵੱਲ ਕਦਮ ਵਧਾ ਰਹੀ ਹੈ। 4 ਦਸੰਬਰ ਨੂੰ ਅਸੀਂ ਜਲ-ਸੈਨਾ ਦਿਵਸ ਵੀ ਮਨਾਉਣ ਵਾਲੇ ਹਾਂ, ਇਹ ਮੌਕਾ ਸਾਡੇ ਸੈਨਿਕਾਂ ਦੇ ਅਨੋਖੇ ਸਾਹਸ ਅਤੇ ਬਹਾਦਰੀ ਨੂੰ ਸਨਮਾਨ ਦੇਣ ਦਾ ਇਕ ਖਾਸ ਦਿਨ ਹੈ। 

ਸਾਥੀਓ,

 ਜੋ ਲੋਕ ਨੇਵੀ ਨਾਲ ਜੁੜੇ ਟੂਰਿਜ਼ਮ ਵਿੱਚ ਰੁਚੀ ਰੱਖਦੇ ਹਨ, ਉਨ੍ਹਾਂ ਦੇ ਲਈ ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਥਾਵਾਂ ਹਨ, ਜਿੱਥੇ ਜਾ ਕੇ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਦੇਸ਼ ਦੇ ਪੱਛਮੀ ਤਟ ’ਤੇ ਗੁਜਰਾਤ ਦੇ ਸੋਮਨਾਥ ਦੇ ਨੇੜੇ ਇਕ ਜ਼ਿਲ੍ਹਾ ਹੈ - ਦੀਵ। ਦੀਵ ਵਿੱਚ ‘ਆਈਐੱਨਐੱਸ ਖੁਖਰੀ’ ਨੂੰ ਸਮਰਪਿਤ ਖੁਖਰੀ ਮੈਮੋਰੀਅਲ ਐਂਡ ਮਿਊਜ਼ੀਅਮ ਹੈ। ਉੱਥੇ ਹੀ ਗੋਆ ਵਿੱਚ ‘ਨੇਵਲ ਐਵੀਏਸ਼ਨ ਮਿਊਜ਼ੀਅਮ’ ਹੈ ਜੋ ਏਸ਼ੀਆ ਵਿੱਚ ਆਪਣੀ ਤਰ੍ਹਾਂ ਦਾ ਅਨੋਖਾ ਅਜਾਇਬ ਘਰ ਹੈ। ਫੋਰਟ ਕੋਚੀ ਦੇ ਆਈਐੱਨਐੱਸ ਦਰੋਣਾਚਾਰਿਆ ਵਿੱਚ ‘Indian Naval Maritime Museum’  ਹੈ। ਇੱਥੇ ਸਾਡੇ ਦੇਸ਼ ਦੀ  Maritime history ਅਤੇ ਇੰਡੀਅਨ ਨੇਵੀ ਦੇ ਐਵੋਲੂਸ਼ਨ ਨੂੰ ਵੇਖਿਆ ਜਾ ਸਕਦਾ ਹੈ। ਸ਼੍ਰੀਵਿਜਯਾਪੁਰਮ ਜਿਸ ਨੂੰ ਪਹਿਲਾਂ ਪੋਰਟ ਬਲੇਅਰ ਕਿਹਾ ਜਾਂਦਾ ਸੀ, ਉੱਥੇ ‘ਸਮੁੰਦ੍ਰਿਕਾ - Naval Marine Museum’   ਉਸ ਖੇਤਰ ਦੇ ਖ਼ੁਸ਼ਹਾਲ ਇਤਿਹਾਸ ਨੂੰ ਸਾਹਮਣੇ ਲਿਆਉਣ ਲਈ ਜਾਣਿਆ ਜਾਂਦਾ ਹੈ। ਕਾਰਵਾਰ ਦੇ ਰਵਿੰਦਰਨਾਥ ਟੈਗੋਰ ਬੀਚ ’ਤੇ ਵਾਰਸ਼ਿਪ ਮਿਊਜ਼ੀਅਮ ਵਿੱਚ ਮਿਜ਼ਾਈਲਾਂ ਅਤੇ ਹਥਿਆਰਾਂ ਦੇ ਪ੍ਰਤੀਰੂਪ ਰੱਖੇ ਗਏ ਹਨ। ਵਿਸ਼ਾਖਾਪਟਨਮ ਵਿੱਚ ਵੀ ਇਕ ਸਬਮੈਰੀਨ, ਹੈਲੀਕਾਪਟਰ ਅਤੇ ਏਅਰਕਰਾਫਟ ਮਿਊਜ਼ੀਅਮ ਹੈ, ਜੋ ਇੰਡੀਅਨ ਨੇਵੀ ਨਾਲ ਸਬੰਧਤ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਖਾਸ ਕਰਕੇ ਮਿਲਟਰੀ ਹਿਸਟਰੀ ਵਿੱਚ ਰੁਚੀ ਰੱਖਣ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਨ੍ਹਾਂ ਮਿਊਜ਼ੀਅਮਜ਼ ਨੂੰ ਜ਼ਰੂਰ ਵੇਖਣ ਜਾਓ। 

ਮੇਰੇ ਪਿਆਰੇ ਦੇਸ਼ਵਾਸੀਓ, 

ਸਰਦੀਆਂ ਆ ਗਈਆਂ ਹਨ ਅਤੇ ਨਾਲ ਹੀ ਸਰਦੀਆਂ ਨਾਲ ਜੁੜੇ ਸੈਰ-ਸਪਾਟੇ ਦਾ ਵੀ ਸਮਾਂ ਆ ਗਿਆ ਹੈ। ਦੁਨੀਆਂ ਦੇ ਕਈ ਦੇਸ਼ਾਂ ਨੇ ਸਰਦੀਆਂ ਵਿੱਚ ਹੋਣ ਵਾਲੇ ਟੂਰਿਜ਼ਮ ਨੂੰ, ਵਿੰਟਰ ਟੂਰਿਜ਼ਮ ਨੂੰ ਆਪਣੀ ਅਰਥ-ਵਿਵਸਥਾ ਦਾ ਬਹੁਤ ਵੱਡਾ ਅਧਾਰ ਬਣਾ ਦਿੱਤਾ ਹੈ। ਅਨੇਕਾਂ ਦੇਸ਼ਾਂ ਵਿੱਚ ਦੁਨੀਆ ਦੇ ਸਭ ਤੋਂ ਸਫਲ ਵਿੰਟਰ ਫੈਸਟੀਵਲ ਅਤੇ ਵਿੰਟਰ ਸਪੋਰਟਸ ਮਾਡਲ ਹਨ। ਇਨ੍ਹਾਂ ਦੇਸ਼ਾਂ ਨੇ Skiing, Snow-boarding, Snow Trekking, Ice Climbing ਅਤੇ Family Snow Parks  ਵਰਗੇ ਅਨੁਭਵਾਂ ਨੂੰ ਆਪਣੀ ਪਛਾਣ ਬਣਾਇਆ ਹੈ। ਇਨ੍ਹਾਂ ਨੇ ਆਪਣੇ  winter festivals  ਨੂੰ ਵੀ ਵਿਸ਼ਵ-ਵਿਆਪੀ ਆਕਰਸ਼ਣ ਵਿੱਚ ਬਦਲਿਆ ਹੈ। 

ਸਾਥੀਓ, 

ਸਾਡੇ ਦੇਸ਼ ਵਿੱਚ ਵੀ ਵਿੰਟਰ ਟੂਰਿਜ਼ਮ ਦੀ ਹਰ ਸਮਰੱਥਾ ਮੌਜੂਦ ਹੈ। ਸਾਡੇ ਕੋਲ ਪਹਾੜ ਵੀ ਹਨ, ਸੰਸਕ੍ਰਿਤੀ ਵੀ ਹੈ ਅਤੇ ਐਡਵੈਂਚਰ ਦੀਆਂ ਬੇਹੱਦ ਸੰਭਾਵਨਾਵਾਂ ਵੀ ਹਨ। ਮੈਨੂੰ ਖੁਸ਼ੀ ਹੈ। ਇਨ੍ਹੀਂ ਦਿਨੀਂ ਉੱਤਰਾਖੰਡ ਵਿੰਟਰ ਟੂਰਿਜ਼ਮ ਲੋਕਾਂ ਨੂੰ ਬਹੁਤ ਆਕਰਸ਼ਿਤ ਕਰ ਰਿਹਾ ਹੈ। ਸਰਦੀਆਂ ਦੇ ਮੌਸਮ ਵਿੱਚ ਔਲੀ, ਮੁਨਸਿਆਰੀ, ਚੋਪਟਾ ਅਤੇ ਦਿਆਰਾ ਵਰਗੀਆਂ ਥਾਵਾਂ ਖੂਬ ਹਰਮਨ-ਪਿਆਰੀਆਂ ਹੋ ਰਹੀਆਂ ਹਨ। ਅਜੇ ਕੁਝ ਹਫਤੇ ਪਹਿਲਾਂ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਸਾਢੇ 14 ਹਜ਼ਾਰ ਫੁੱਟ ਤੋਂ ਜ਼ਿਆਦਾ ਦੀ ਉਚਾਈ ’ਤੇ ਆਦਿ ਕੈਲਾਸ਼ ਵਿੱਚ ਰਾਜ ਦੀ ਪਹਿਲੀ High Altitude Ultra Run Marathon ਦਾ ਆਯੋਜਨ ਕੀਤਾ ਗਿਆ ਸੀ। ਇਸ ਵਿੱਚ ਦੇਸ਼ ਭਰ ਦੇ 18 ਰਾਜਾਂ ਤੋਂ 750 ਤੋਂ ਜ਼ਿਆਦਾ ਐਥਲੀਟਾਂ ਨੇ ਹਿੱਸਾ ਲਿਆ ਸੀ। 60 ਕਿੱਲੋਮੀਟਰ ਲੰਬੀ ‘ਆਦਿ ਕੈਲਾਸ਼ ਪਰਿਕਰਮਾ ਰਨ’ ਦੀ ਸ਼ੁਰੂਆਤ ਬੇਹੱਦ ਸਰਦੀ ਵਿੱਚ ਸਵੇਰੇ 5 ਵਜੇ ਹੋਈ ਸੀ। ਇੰਨੀ ਠੰਡ ਦੇ ਬਾਵਜੂਦ ਵੀ ਲੋਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ। ਆਦਿ ਕੈਲਾਸ਼ ਦੀ ਯਾਤਰਾ ’ਤੇ ਜਿੱਥੇ ਤਿੰਨ ਸਾਲ ਪਹਿਲਾਂ ਤੱਕ ਸਿਰਫ ਦੋ ਹਜ਼ਾਰ ਤੋਂ ਘੱਟ ਸੈਲਾਨੀ ਆਉਦੇ ਸਨ, ਹੁਣ ਇਹ ਗਿਣਤੀ ਵੀ ਵਧ ਕੇ 30 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। 

ਸਾਥੀਓ, 

ਕੁਝ ਹੀ ਹਫ਼ਤਿਆਂ ਵਿੱਚ ਉੱਤਰਾਖੰਡ ’ਚ ਵਿੰਟਰ ਗੇਮਜ਼ ਦਾ ਆਯੋਜਨ ਵੀ ਹੋਣਾ ਹੈ। ਦੇਸ਼ ਭਰ ਦੇ ਖਿਡਾਰੀ, ਐਡਵੈਂਚਰ ਪ੍ਰੇਮੀ ਅਤੇ ਖੇਡਾਂ ਨਾਲ ਜੁੜੇ ਲੋਕ ਇਸ ਆਯੋਜਨ ਨੂੰ ਲੈ ਕੇ ਉਤਸ਼ਾਹਿਤ ਹਨ। ਸਕਿੰਗ ਹੋਵੇ ਜਾਂ ਸਨੋਅ ਬੋਰਡਿੰਗ ਬਰਫ ’ਤੇ ਹੋਣ ਵਾਲੀਆਂ ਕਈ ਖੇਡਾਂ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਉੱਤਰਾਖੰਡ ਨੇ ਵਿੰਟਰ ਟੂਰਿਜ਼ਮ ਵਧਾਉਣ ਲਈ ਕਨੈਕਟੀਵਿਟੀ ਅਤੇ infrastructure ’ਤੇ ਵੀ ਫੋਕਸ ਕੀਤਾ ਹੈ। ਹੋਮਸਟੇਅ ਨੂੰ ਲੈ ਕੇ ਨਵੀਂ ਪਾਲਿਸੀ ਬਣਾਈ ਗਈ ਹੈ। 

ਸਾਥੀਓ, 

ਸਰਦੀਆਂ ਵਿੱਚ ਵੈਡ ਇਨ ਇੰਡੀਆ ਮੁਹਿੰਮ ਦੀ ਵੀ ਆਪਣੀ ਧੂਮ ਹੁੰਦੀ ਹੈ। ਸਰਦੀਆਂ ਦੀ ਸੁਨਹਿਰੀ ਧੁੱਪ ਹੋਵੇ, ਪਹਾੜ ਤੋਂ ਉਤਰਦੀ ਧੁੰਦ ਦੀ ਚਾਦਰ ਹੋਵੇ, Destination Wedding ਦੇ ਲਈ ਪਹਾੜ ਵੀ ਹੁਣ ਖੂਬ ਹਰਮਨ-ਪਿਆਰੇ ਹੋ ਰਹੇ ਹਨ। ਕਈ ਵਿਆਹ ਤਾਂ ਹੁਣ ਖਾਸ ਤੌਰ ’ਤੇ ਗੰਗਾ ਜੀ ਦੇ ਕਿਨਾਰੇ ਹੋ ਰਹੇ ਹਨ।

ਸਾਥੀਓ, 

ਸਰਦੀਆਂ ਦੇ ਇਨ੍ਹਾਂ ਦਿਨਾਂ ਵਿੱਚ ਹਿਮਾਲਿਆ ਦੀਆਂ ਵਾਦੀਆਂ ਇਕ ਅਜਿਹੇ ਅਨੁਭਵ ਦਾ ਹਿੱਸਾ ਬਣ ਜਾਂਦੀਆਂ ਹਨ, ਜੋ ਜੀਵਨ ਭਰ ਨਾਲ ਰਹਿੰਦਾ ਹੈ। ਜੇਕਰ ਤੁਸੀਂ ਸਰਦੀ ਵਿੱਚ ਕਿਤੇ ਜਾਣ ਦਾ ਵਿਚਾਰ ਕਰ ਰਹੇ ਹੋ ਤਾਂ ਹਿਮਾਲਿਆ ਦੀਆਂ ਵਾਦੀਆਂ ਦਾ ਵਿਕਲਪ ਜ਼ਰੂਰ ਰੱਖਣਾ।

ਸਾਥੀਓ, 

ਕੁਝ ਹਫ਼ਤੇ ਪਹਿਲਾਂ ਮੈਂ ਭੂਟਾਨ ਗਿਆ ਸੀ, ਅਜਿਹੇ ਦੌਰਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਸੰਵਾਦ ਅਤੇ ਚਰਚਾਵਾਂ ਦਾ ਮੌਕਾ ਮਿਲਦਾ ਹੈ, ਆਪਣੀ ਇਸ ਯਾਤਰਾ ਵਿੱਚ ਮੈਂ ਭੂਟਾਨ ਦੇ ਰਾਜੇ, ਮੌਜੂਦਾ ਰਾਜੇ ਦੇ ਪਿਤਾ ਜੀ ਨੂੰ ਜੋ ਖੁਦ ਵੀ ਪਹਿਲਾਂ ਰਾਜਾ ਰਹਿ ਚੁੱਕੇ ਹਨ, ਉੱਥੋਂ ਦੇ ਪ੍ਰਧਾਨ ਮੰਤਰੀ ਅਤੇ ਹੋਰ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ। ਇਸ ਦੌਰਾਨ ਹਰ ਕਿਸੇ ਤੋਂ ਇਕ ਗੱਲ ਜ਼ਰੂਰ ਸੁਣਨ ਨੂੰ ਮਿਲੀ, ਸਾਰੇ ਲੋਕ ਉੱਥੇ Buddhist relics  ਯਾਨੀ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ ਭੇਜੇ ਜਾਣ ਨੂੰ ਲੈ ਕੇ ਭਾਰਤ ਵਾਸੀਆਂ ਦਾ ਧੰਨਵਾਦ ਪ੍ਰਗਟਾ ਰਹੇ ਸਨ। ਮੈਂ ਜਦੋਂ ਵੀ ਇਹ ਸੁਣਿਆ ਤਾਂ ਮੇਰਾ ਦਿਲ ਮਾਣ ਨਾਲ ਭਰ ਉੱਠਿਆ। 

ਸਾਥੀਓ, 

ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਨੂੰ ਲੈ ਕੇ ਕਈ ਹੋਰ ਦੇਸ਼ਾਂ ਵਿੱਚ ਵੀ ਅਜਿਹਾ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਪਿਛਲੇ ਮਹੀਨੇ ਹੀ ਨੈਸ਼ਨਲ ਮਿਊਜ਼ੀਅਮ ਤੋਂ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਰੂਸ ਦੇ ਕਲਮੀਕਿਆ ਲਿਜਾਇਆ ਗਿਆ ਸੀ। ਇੱਥੇ ਬੌਧ ਧਰਮ ਦਾ ਵਿਸ਼ੇਸ਼ ਮਹੱਤਵ ਹੈ। ਮੈਨੂੰ ਦੱਸਿਆ ਗਿਆ ਕਿ ਇਨ੍ਹਾਂ ਦੇ ਦਰਸ਼ਨ ਦੇ ਲਈ ਰੂਸ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਵੀ ਬਹੁਤ ਵੱਡੀ ਗਿਣਤੀ ਵਿੱਚ ਲੋਕ ਉੱਥੇ ਪਹੁੰਚੇ। ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਮੰਗੋਲੀਆ, ਵਿਅਤਨਾਮ ਅਤੇ ਥਾਈਲੈਂਡ ਵੀ ਲਿਜਾਇਆ ਜਾ ਚੁੱਕਾ ਹੈ। ਹਰ ਜਗ੍ਹਾ ਲੋਕਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਇਨ੍ਹਾਂ ਦੇ ਦਰਸ਼ਨ ਦੇ ਲਈ ਥਾਈਲੈਂਡ ਦਾ ਰਾਜਾ ਵੀ ਪਹੁੰਚਿਆ ਸੀ। ਪੂਰੇ ਵਿਸ਼ਵ ਵਿੱਚ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਪ੍ਰਤੀ ਇਸ ਤਰ੍ਹਾਂ ਦਾ ਡੂੰਘਾ ਜੁੜਾਓ ਵੇਖ ਕੇ ਮਨ ਭਾਵੁਕ ਹੋ ਜਾਂਦਾ ਹੈ। ਇਹ ਸੁਣ ਕੇ ਬਹੁਤ ਚੰਗਾ ਲੱਗਦਾ ਹੈ ਕਿ ਕਿਵੇਂ ਇਸ ਤਰ੍ਹਾਂ ਦੀ ਕੋਈ ਪਹਿਲ ਦੁਨੀਆ ਭਰ ਦੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਮਾਧਿਅਮ ਬਣ ਜਾਂਦੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ, 

ਮੈਂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ‘ਵੋਕਲ ਫਾਰ ਲੋਕਲ’ ਦੇ ਮੰਤਰ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦਾ ਹਾਂ। ਅਜੇ ਕੁਝ ਦਿਨ ਪਹਿਲਾਂ ਜੀ-20 ਸਿਖਰ ਸੰਮੇਲਨ ਦੇ ਦੌਰਾਨ ਜਦੋਂ ਵਿਸ਼ਵ ਦੇ ਕਈ ਨੇਤਾਵਾਂ ਨੂੰ ਤੋਹਫਾ ਦੇਣ ਦੀ ਗੱਲ ਆਈ ਤਾਂ ਮੈਂ ਫਿਰ ਕਿਹਾ - ‘ਵੋਕਲ ਫਾਰ ਲੋਕਲ’। ਮੈਂ ਦੇਸ਼ ਵਾਸੀਆਂ ਵੱਲੋਂ ਵਿਸ਼ਵ ਦੇ ਨੇਤਾਵਾਂ ਨੂੰ ਜੋ ਤੋਹਫੇ ਭੇਂਟ ਕੀਤੇ, ਉਸ ਵਿੱਚ ਇਸ ਭਾਵਨਾ ਦਾ ਖਾਸ ਧਿਆਨ ਰੱਖਿਆ ਗਿਆ। ਜੀ-20 ਦੇ ਦੌਰਾਨ ਮੈਂ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨੂੰ ਨਟਰਾਜ ਦੀ ਕਾਂਸੀ ਦੀ ਮੂਰਤੀ ਭੇਂਟ ਕੀਤੀ। ਇਹ ਤਾਮਿਲਨਾਡੂ ਦੇ ਤੰਜਾਵੁਰ ਦੀ ਸਭਿਆਚਾਰਕ ਵਿਰਾਸਤ ਨਾਲ ਜੁੜੀ ਚੋਲ ਕਾਲ ਦੀ ਸ਼ਿਲਪ ਕਲਾ ਦਾ ਅਨੋਖਾ ਉਦਾਹਰਣ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਚਾਂਦੀ ਦੇ ਘੋੜੇ ਦਾ ਪ੍ਰਤੀਰੂਪ ਦਿੱਤਾ ਗਿਆ। ਇਹ ਰਾਜਸਥਾਨ ਦੇ ਉਦੈਪੁਰ ਦੀ ਬਿਹਤਰੀਨ ਸ਼ਿਲਪ ਕਲਾ ਨੂੰ ਦਰਸਾਉਂਦੀ ਹੈ। ਜਪਾਨ ਦੇ ਪ੍ਰਧਾਨ ਮੰਤਰੀ ਨੂੰ ਚਾਂਦੀ ਦੀ ਬੁੱਧ ਦਾ ਪ੍ਰਤੀਰੂਪ ਭੇਟ ਕੀਤਾ ਗਿਆ। ਇਸ ਵਿੱਚ ਤੇਲੰਗਾਨਾ ਅਤੇ ਕਰੀਮ ਨਗਰ ਦੀ ਪ੍ਰਸਿੱਧ ਸਿਲਵਰ ਕਰਾਫਟ ਦੀ ਬਰੀਕੀ ਦਾ ਪਤਾ ਚੱਲਦਾ ਹੈ। ਇਟਲੀ ਦੀ ਪ੍ਰਧਾਨ ਮੰਤਰੀ ਨੂੰ ਫੁੱਲਾਂ ਦੀਆਂ ਆਕਰਿਤੀਆਂ ਵਾਲਾ ਸਿਲਵਰ ਮਿਰਰ ਭੇਟ ਕੀਤਾ ਗਿਆ। ਇਹ ਵੀ ਕਰੀਮ ਨਗਰ ਦੀ ਹੀ ਰਵਾਇਤੀ ਧਾਤੂ ਸ਼ਿਲਪ ਕਲਾ ਨੂੰ ਪ੍ਰਦਰਸ਼ਿਤ ਕਰਦਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਮੈਂ ਪਿੱਤਲ ਦੀ ਉਰਲੀ ਭੇਟ ਕੀਤੀ। ਇਹ ਕੇਰਲਾ ਦਾ ਮੁੱਨਾਰ ਦਾ ਇਕ ਬਿਹਤਰੀਨ ਸ਼ਿਲਪ ਹੈ। ਮੇਰਾ ਉਦੇਸ਼ ਸੀ ਕਿ ਦੁਨੀਆ ਭਾਰਤੀ ਸ਼ਿਲਪ, ਕਲਾ ਅਤੇ ਪ੍ਰੰਪਰਾ ਦੇ ਬਾਰੇ ਜਾਣੇ ਅਤੇ ਸਾਡੇ ਕਾਰੀਗਰਾਂ ਦੀ ਪ੍ਰਤਿਭਾ ਨੂੰ ਗਲੋਬਲ ਮੰਚ ਮਿਲੇ।

ਦੋਸਤੋ, 

ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਕਰੋੜਾਂ ਲੋਕਾਂ ਨੇ ’ਵੋਕਲ ਫਾਰ ਲੋਕਲ’ ਦੀ ਭਾਵਨਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੈ। ਇਸ ਸਾਲ, ਜਦੋਂ ਤੁਸੀਂ ਤਿਉਹਾਰਾਂ ਲਈ ਖਰੀਦਦਾਰੀ ਕਰਨ ਗਏ ਸੀ, ਤਾਂ ਤੁਸੀਂ ਇੱਕ ਗੱਲ ਜ਼ਰੂਰ ਨੋਟ ਕੀਤੀ ਹੋਵੇਗੀ। ਲੋਕਾਂ ਦੀਆਂ ਪਸੰਦ ਅਤੇ ਘਰਾਂ ਵਿੱਚ ਪਹੁੰਚੀਆਂ ਚੀਜ਼ਾਂ, ਸਪਸ਼ਟ ਤੌਰ ’ਤੇ ਦਰਸਾਉਂਦੀਆਂ ਸਨ ਕਿ ਦੇਸ਼ ਸਵਦੇਸ਼ੀ ਵੱਲ ਵਾਪਸ ਆ ਰਿਹਾ ਹੈ। ਲੋਕ ਆਪਣੀ ਮਰਜ਼ੀ ਨਾਲ ਭਾਰਤੀ ਉਤਪਾਦਾਂ ਦੀ ਚੋਣ ਕਰ ਰਹੇ ਸਨ। ਛੋਟੇ ਤੋਂ ਛੋਟੇ ਦੁਕਾਨਦਾਰਾਂ ਨੇ ਵੀ ਇਸ ਤਬਦੀਲੀ ਨੂੰ ਮਹਿਸੂਸ ਕੀਤਾ। ਇਸ ਵਾਰ, ਨੌਜਵਾਨਾਂ ਨੇ ’ਵੋਕਲ ਫਾਰ ਲੋਕਲ’ ਮੁਹਿੰਮ ਨੂੰ ਵੀ ਹੁਲਾਰਾ ਦਿੱਤਾ। ਆਉਣ ਵਾਲੇ ਦਿਨਾਂ ਵਿੱਚ, ਕ੍ਰਿਸਮਸ ਅਤੇ ਨਵੇਂ ਸਾਲ ਲਈ ਖਰੀਦਦਾਰੀ ਦਾ ਇੱਕ ਨਵਾਂ ਦੌਰ ਸ਼ੁਰੂ ਹੋਣ ਵਾਲਾ ਹੈ। ਮੈਂ ਤੁਹਾਨੂੰ ਮੁੜ ਯਾਦ ਦਿਵਾਵਾਂਗਾ, ’ਵੋਕਲ ਫਾਰ ਲੋਕਲ’ ਦੇ ਮੰਤਰ ਨੂੰ ਯਾਦ ਰੱਖੋ, ਸਿਰਫ਼ ਉਹੀ ਖਰੀਦੋ ਜੋ ਦੇਸ਼ ਵਿੱਚ ਬਣਿਆ ਹੋਵੇ, ਸਿਰਫ਼ ਉਹੀ ਵੇਚੋ ਜਿਸ ਵਿੱਚ ਕਿਸੇ ਦੇਸ਼ਵਾਸੀ ਦੀ ਮਿਹਨਤ ਲੱਗੀ ਹੋਵੇ।

ਮੇਰੇ ਪਿਆਰੇ ਦੇਸ਼ ਵਾਸੀਓ,

 ਇਹ ਮਹੀਨਾ ਭਾਰਤੀ ਖੇਡਾਂ ਦੇ ਮਾਮਲੇ ਵਿੱਚ ਬਹੁਤ ਵਧੀਆ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ਭਾਰਤੀ ਮਹਿਲਾ ਟੀਮ ਦੇ ਆਈਸੀਸੀ ਮਹਿਲਾ ਵਿਸ਼ਵ ਕੱਪ ਜਿੱਤਣ ਨਾਲ ਹੋਈ। ਪਰ ਉਸ ਤੋਂ ਬਾਅਦ ਵੀ, ਮੈਦਾਨ ’ਤੇ ਹੋਰ ਵੀ ਐਕਸ਼ਨ ਦੇਖਣ ਨੂੰ ਮਿਲਿਆ ਹੈ। ਕੁਝ ਦਿਨ ਪਹਿਲਾਂ, ਟੋਕੀਓ ਵਿੱਚ ਡੈਫ਼ ਓਲੰਪਿਕਜ਼ ਹੋਏ, ਜਿੱਥੇ ਭਾਰਤ ਨੇ 20 ਤਗਮੇ ਜਿੱਤ ਕੇ ਆਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਸਾਡੀਆਂ ਮਹਿਲਾ ਖਿਡਾਰਣਾਂ ਨੇ ਵੀ ਕਬੱਡੀ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ। ਉਨ੍ਹਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਰੇਕ ਭਾਰਤੀ ਦਾ ਦਿਲ ਜਿੱਤ ਲਿਆ। ਸਾਡੇ ਖਿਡਾਰੀਆਂ ਨੇ ਵਿਸ਼ਵ ਮੁੱਕੇਬਾਜ਼ੀ ਕੱਪ ਫਾਈਨਲ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿੱਥੇ ਉਨ੍ਹਾਂ ਨੇ 20 ਤਗਮੇ ਜਿੱਤੇ।

ਦੋਸਤੋ, 

ਜਿਸ ਚੀਜ਼ ’ਤੇ ਹੋਰ ਵੀ ਜ਼ਿਆਦਾ ਚਰਚਾ ਹੋ ਰਹੀ ਹੈ, ਉਹ ਹੈ ਸਾਡੀ ਮਹਿਲਾ ਟੀਮ ਦਾ ਬਲਾਈਂਡ ਕ੍ਰਿਕਟ ਵਿਸ਼ਵ ਕੱਪ ਜਿੱਤਣਾ। ਵੱਡੀ ਗੱਲ ਇਹ ਹੈ ਕਿ ਸਾਡੀ ਟੀਮ ਨੇ ਇਹ ਟੂਰਨਾਮੈਂਟ ਇੱਕ ਵੀ ਮੈਚ ਹਾਰੇ ਬਿਨਾਂ ਜਿੱਤਿਆ। ਦੇਸ਼ ਵਾਸੀਆਂ ਨੂੰ ਇਸ ਟੀਮ ਦੇ ਹਰ ਖਿਡਾਰੀ ’ਤੇ ਬਹੁਤ ਮਾਣ ਹੈ। ਮੈਂ ਇਸ ਟੀਮ ਨੂੰ ਪ੍ਰਧਾਨ ਮੰਤਰੀ ਦੇ ਨਿਵਾਸ ’ਤੇ ਮਿਲਿਆ ਸੀ। ਸੱਚਮੁੱਚ, ਇਸ ਟੀਮ ਦੀ ਹਿੰਮਤ ਅਤੇ ਜਨੂਨ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ। ਇਹ ਜਿੱਤ ਸਾਡੇ ਖੇਡ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਜਿੱਤਾਂ ਵਿੱਚੋਂ ਇੱਕ ਹੈ, ਅਤੇ ਇਹ ਹਰ ਭਾਰਤੀ ਨੂੰ ਪ੍ਰੇਰਿਤ ਕਰਦੀ ਰਹੇਗੀ।

ਦੋਸਤੋ, 

ਅੱਜ-ਕੱਲ੍ਹ ਸਾਡੇ ਦੇਸ਼ ਵਿੱਚ ਐਂਡੂਰੈਂਸ ਸਪੋਰਟਸ ਦਾ ਇੱਕ ਨਵਾਂ ਖੇਡ ਸਭਿਆਚਾਰ ਤੇਜ਼ੀ ਨਾਲ ਉੱਭਰ ਰਿਹਾ ਹੈ। ਐਂਡੂਰੈਂਸ ਸਪੋਰਟਸ ਤੋਂ ਮੇਰਾ ਮਤਲਬ ਉਹ ਖੇਡ ਗਤੀਵਿਧੀਆਂ ਹਨ, ਜੋ ਤੁਹਾਡੀਆਂ ਹੱਦਾਂ ਦੀ ਪਰਖ ਕਰਦੀਆਂ ਹਨ। ਕੁਝ ਸਾਲ ਪਹਿਲਾਂ ਤੱਕ, ਮੈਰਾਥਨ ਅਤੇ ਬਾਈਕਥੌਨ ਵਰਗੇ ਵਿਸ਼ੇਸ਼ ਪ੍ਰੋਗਰਾਮ ਕੁਝ ਚੋਣਵੇਂ ਲੋਕਾਂ ਤੱਕ ਸੀਮਤ ਸਨ। ਪਰ ਹੁਣ ਬਹੁਤ ਕੁਝ ਬਦਲ ਗਿਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਹਰ ਮਹੀਨੇ ਦੇਸ਼ ਭਰ ਵਿੱਚ 1,500 ਤੋਂ ਵੱਧ ਸਹਿਣਸ਼ੀਲਤਾ ਖੇਡ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਖਿਡਾਰੀ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ athletes ਦੂਰ-ਦੂਰ ਤੱਕ ਯਾਤਰਾ ਕਰਦੇ ਹਨ।

ਦੋਸਤੋ, 

ਆਇਰਨਮੈਨ ਟਰਾਈਥਲੋਨ ਐਂਡੂਰੈਂਸ ਸਪੋਰਟਸ ਦੀ ਇੱਕ ਉਦਾਹਰਣ ਹੈ। ਕਲਪਨਾ ਕਰੋ ਕਿ ਤੁਹਾਨੂੰ ਦੱਸਿਆ ਜਾਵੇ ਕਿ ਤੁਹਾਡੇ ਕੋਲ ਇੱਕ ਦਿਨ ਤੋਂ ਵੀ ਘੱਟ ਸਮਾਂ ਹੈ ਅਤੇ ਤੁਹਾਨੂੰ ਇਹ ਤਿੰਨ ਚੀਜ਼ਾਂ ਕਰਨੀਆਂ ਪੈਣਗੀਆਂ। ਸਮੁੰਦਰ ਵਿੱਚ 4 ਕਿੱਲੋਮੀਟਰ ਤੈਰਾਕੀ, 180 ਕਿੱਲੋਮੀਟਰ ਸਾਈਕਲ ਚਲਾਉਣਾ ਅਤੇ ਲਗਭਗ 42 ਕਿੱਲੋਮੀਟਰ ਦੀ ਮੈਰਾਥਨ ਦੌੜਨਾ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਸੰਭਵ ਹੈ। ਪਰ ਦ੍ਰਿੜ੍ਹ ਹਿੰਮਤ ਵਾਲੇ ਲੋਕ ਇਸਨੂੰ ਵੀ ਸਫਲਤਾਪੂਰਵਕ ਪੂਰਾ ਕਰ ਸਕਦੇ ਹਨ। ਇਸੇ ਲਈ ਇਸ ਨੂੰ ਆਇਰਨਮੈਨ ਟਰਾਈਥਲੋਨ ਕਿਹਾ ਜਾਂਦਾ ਹੈ।

ਹਾਲ ਹੀ ਵਿੱਚ ਗੋਆ ’ਚ ਵੀ ਅਜਿਹਾ ਹੀ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਅੱਜ-ਕੱਲ੍ਹ, ਲੋਕ ਅਜਿਹੇ ਸਮਾਗਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਅਜਿਹੇ ਹੋਰ ਵੀ ਬਹੁਤ ਸਾਰੇ ਮੁਕਾਬਲੇ ਹਨ, ਜੋ ਸਾਡੇ ਨੌਜਵਾਨ ਦੋਸਤਾਂ ਵਿੱਚ ਬਹੁਤ ਮਸ਼ਹੂਰ ਹੋ ਰਹੇ ਹਨ। ਅੱਜ-ਕੱਲ੍ਹ, ਬਹੁਤ ਸਾਰੇ ਲੋਕ ਸਾਈਕਲ ’ਤੇ ਫਿੱਟ ਇੰਡੀਆ ਐਤਵਾਰ ਵਰਗੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਇਕੱਠੇ ਹੋ ਰਹੇ ਹਨ। ਇਹ ਸਾਰੀਆਂ ਚੀਜ਼ਾਂ ਹਨ, ਜੋ ਤੰਦਰੁਸਤੀ ਨੂੰ ਉਤਸ਼ਾਹਿਤ ਕਰ ਰਹੀਆਂ ਹਨ।

ਦੋਸਤੋ, 

ਤੁਹਾਨੂੰ ਹਰ ਮਹੀਨੇ ਮਿਲਣਾ ਮੇਰੇ ਲਈ ਹਮੇਸ਼ਾ ਇੱਕ ਨਵਾਂ ਅਨੁਭਵ ਹੁੰਦਾ ਹੈ। ਤੁਹਾਡੀਆਂ ਕਹਾਣੀਆਂ, ਤੁਹਾਡੇ ਯਤਨ, ਮੈਨੂੰ ਨਵੇਂ ਸਿਰਿਓਂ ਪ੍ਰੇਰਿਤ ਕਰਦੇ ਹਨ। ਤੁਹਾਡੇ ਵੱਲੋਂ ਆਪਣੇ ਸੁਨੇਹਿਆਂ ਵਿੱਚ ਭੇਜੇ ਗਏ ਸੁਝਾਅ, ਤੁਹਾਡੇ ਵੱਲੋਂ ਸਾਂਝੇ ਕੀਤੇ ਗਏ ਅਨੁਭਵ, ਸਾਨੂੰ ਇਸ ਪ੍ਰੋਗਰਾਮ ਵਿੱਚ ਭਾਰਤ ਦੀ ਵਿਭਿੰਨਤਾ ਨੂੰ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ। ਜਦੋਂ ਅਸੀਂ ਅਗਲੇ ਮਹੀਨੇ ਮਿਲਾਂਗੇ, ਤਾਂ 2025 ਖ਼ਤਮ ਹੋਣ ਵਾਲਾ ਹੋਵੇਗਾ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੰਡ ਵਧਦੀ ਜਾ ਰਹੀ ਹੈ। ਕਿਰਪਾ ਕਰਕੇ ਸਰਦੀਆਂ ਦੇ ਮੌਸਮ ਦੌਰਾਨ ਆਪਣਾ ਅਤੇ ਆਪਣੇ ਪਰਿਵਾਰ ਦਾ ਖਾਸ ਧਿਆਨ ਰੱਖੋ। ਅਗਲੇ ਮਹੀਨੇ, ਅਸੀਂ ਕੁਝ ਨਵੇਂ ਵਿਸ਼ਿਆਂ ਅਤੇ ਨਵੀਆਂ ਸ਼ਖ਼ਸੀਅਤਾਂ ’ਤੇ ਜ਼ਰੂਰ ਚਰਚਾ ਕਰਾਂਗੇ। ਤੁਹਾਡਾ ਬਹੁਤ ਧੰਨਵਾਦ। 

ਨਮਸਕਾਰ।

 

************

ਐੱਮਜੇਪੀਐੱਸ/ਵੀਜੇ/ਵੀਕੇ


(रिलीज़ आईडी: 2196567) आगंतुक पटल : 6
इस विज्ञप्ति को इन भाषाओं में पढ़ें: Telugu , Manipuri , Assamese , English , Urdu , Marathi , हिन्दी , Bengali , Bengali-TR , Gujarati , Odia , Tamil , Kannada , Malayalam