ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਐਂਟੀਮਾਈਕ੍ਰੋਬਾਇਲ ਪ੍ਰਤੀਰੋਧ 2.0 'ਤੇ ਰਾਸ਼ਟਰੀ ਕਾਰਜ ਯੋਜਨਾ ਦੀ ਸ਼ੁਰੂਆਤ ਕੀਤੀ
ਏਐੱਮਆਰ ਜਨਤਕ ਸਿਹਤ ਨਾਲ ਜੁੜੀ ਇੱਕ ਵੱਡੀ ਸਮੱਸਿਆ ਹੈ ਜਿਸਨੂੰ ਸਿਰਫ਼ ਸਮੂਹਿਕ ਕਾਰਵਾਈ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ: ਸ਼੍ਰੀ ਜੇਪੀ ਨੱਡਾ
“ਐਂਟੀਬਾਇਓਟਿਕਸ ਦੀ ਜ਼ਿਆਦਾ ਵਰਤੋਂ ਅਤੇ ਦੁਰਵਰਤੋਂ ਸੁਧਾਰਾਤਮਕ ਉਪਾਵਾਂ ਦੀ ਤਤਕਾਲ ਜ਼ਰੂਰਤ ਨੂੰ ਉਜਾਗਰ ਕਰਦਾ ਹੈ”
Posted On:
18 NOV 2025 2:18PM by PIB Chandigarh
“ਐਂਟੀਮਾਈਕ੍ਰੋਬਾਇਲ ਪ੍ਰਤੀਰੋਧ 2.0 ‘ਤੇ ਰਾਸ਼ਟਰੀ ਕਾਰਜ ਯੋਜਨਾ ਦੇ ਤਹਿਤ ਏਐੱਮਆਰ ਰੋਕਥਾਮ ਦੀਆਂ ਮੁੱਖ ਰਣਨੀਤੀਆਂ ਲਾਗੂ ਕੀਤੀਆਂ ਜਾਣਗੀਆਂ, ਜਿਸ ਵਿੱਚ ਜਾਗਰੂਕਤਾ, ਸਿੱਖਿਆ ਅਤੇ ਸਿਖਲਾਈ ਨੂੰ ਮਜ਼ਬੂਤ ਕਰਨਾ, ਪ੍ਰਯੋਗਸ਼ਾਲਾ ਸਮਰੱਥਾ ਨੂੰ ਵਧਾਉਣਾ ਅਤੇ ਸਿਹਤ ਸੰਭਾਲ ਸਹੂਲਤਾਂ ਵਿੱਚ ਇਨਫੈਕਸ਼ਨ ਨੂੰ ਕੰਟਰੋਲ ਕਰਨਾ ਸ਼ਾਮਲ ਹੈ”

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਇੱਥੇ ਐਂਟੀਮਾਈਕ੍ਰੋਬਾਇਲ ਪ੍ਰਤੀਰੋਧ 'ਤੇ ਰਾਸ਼ਟਰੀ ਕਾਰਜ ਯੋਜਨਾ (2025-29) ਦੇ ਦੂਜੇ ਸੰਸਕਰਣ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਡਾ. ਏ.ਕੇ. ਸੂਦ, ਪ੍ਰਮੁੱਖ ਵਿਗਿਆਨਕ ਸਲਾਹਕਾਰ; ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ, ਕੇਂਦਰੀ ਸਿਹਤ ਸਕੱਤਰ; ਡਾ. ਰਾਜੀਵ ਬਹਿਲ, ਸਕੱਤਰ, ਸਿਹਤ ਖੋਜ ਵਿਭਾਗ ਅਤੇ ਡਾ. ਸੁਨੀਤਾ ਸ਼ਰਮਾ, ਡਾਇਰੈਕਟਰ ਜਨਰਲ ਆਫ਼ ਹੈਲਥ ਸਰਵਿਸਿਜ਼ (ਡੀਜੀਐੱਚਐੱਸ) ਹਾਜ਼ਰ ਸਨ।
ਇਸ ਮੌਕੇ ਸ਼੍ਰੀ ਨੱਡਾ ਨੇ ਜ਼ੋਰ ਦੇ ਕੇ ਕਿਹਾ ਕਿ ਐਂਟੀਮਾਈਕ੍ਰੋਬਾਇਲ ਪ੍ਰਤੀਰੋਧ (ਏਐੱਮਆਰ) ਇੱਕ ਵੱਡੀ ਜਨਤਕ ਸਿਹਤ ਸਮੱਸਿਆ ਹੈ ਜਿਸਨੂੰ ਸਿਰਫ ਸਮੂਹਿਕ ਕਾਰਵਾਈ ਦੁਆਰਾ ਹੀ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਐਂਟੀਮਾਈਕ੍ਰੋਬਾਇਲ ਪ੍ਰਤੀਰੋਧ ਦੀ ਇਹ ਯਾਤਰਾ 2010 ਵਿੱਚ ਸ਼ੁਰੂਆਤੀ ਵਿਚਾਰ-ਵਟਾਂਦਰੇ ਨਾਲ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ 2017 ਵਿੱਚ ਪਹਿਲੇ ਐਨਏਪੀ-ਏਐੱਮਆਰ ਦੀ ਸ਼ੁਰੂਆਤ ਕੀਤੀ ਗਈ।
ਸ਼੍ਰੀ ਨੱਡਾ ਨੇ ਏਐੱਮਆਰ ਨਾਲ ਜੁੜੀਆਂ ਚੁਣੌਤੀਆਂ ਦੀ ਗੰਭੀਰਤਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਏਐੱਮਆਰ ਸਰਜੀਕਲ ਪ੍ਰਕਿਰਿਆਵਾਂ, ਕੈਂਸਰ ਦੇ ਇਲਾਜ ਅਤੇ ਹੋਰ ਮਹੱਤਵਪੂਰਨ ਸਿਹਤ ਸੰਭਾਲ ਦਖਲਅੰਦਾਜ਼ੀ ਵਿੱਚ ਗੰਭੀਰ ਜੋਖਮ ਪੈਦਾ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਐਂਟੀਬਾਇਓਟਿਕਸ ਦਵਾਈਆਂ ਦੀ ਜ਼ਿਆਦਾ ਵਰਤੋਂ ਅਤੇ ਦੁਰਵਰਤੋਂ ਨਾਲ ਸੁਧਾਰਾਤਮਕ ਉਪਾਵਾਂ ਦੀ ਤਤਕਾਲ ਜ਼ਰੂਰਤ ਨੂੰ ਦਰਸਾਉਂਦਾ ਹੈ। ਇਸ ਸਬੰਧ ਵਿੱਚ ਵੱਖ-ਵੱਖ ਸਬੰਧਿਤ ਮੰਤਰਾਲਿਆਂ ਦੁਆਰਾ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਗਈਆਂ ਹਨ।

ਸ਼੍ਰੀ ਨੱਡਾ ਨੇ ਇਹ ਵੀ ਦੱਸਿਆ ਕਿ ਐਨਏਪੀ-ਏਐੱਮਆਰ 2.0, ਏਐੱਮਆਰ ਨਾਲ ਸਬੰਧਤ ਯਤਨਾਂ ਦੀ ਮਾਲਕੀ ਵਧਾ ਕੇ, ਅੰਤਰ-ਖੇਤਰੀ ਤਾਲਮੇਲ ਨੂੰ ਮਜ਼ਬੂਤ ਕਰਕੇ ਅਤੇ ਨਿੱਜੀ ਖੇਤਰ ਨਾਲ ਮਜ਼ਬੂਤ ਸ਼ਮੂਲੀਅਤ ਨੂੰ ਯਕੀਨੀ ਬਣਾ ਕੇ ਦੂਰ ਕਰਦਾ ਹੈ। ਐੱਨਏਪੀ-ਏਐੱਮਆਰ 2.0 ਦੇ ਤਹਿਤ ਲਾਗੂ ਕੀਤੀਆਂ ਜਾਣ ਵਾਲੀਆਂ ਏਐੱਮਆਰ ਰੋਕਥਾਮ ਦੀਆਂ ਮੁੱਖ ਰਣਨੀਤੀਆਂ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਜਾਗਰੂਕਤਾ, ਸਿੱਖਿਆ ਅਤੇ ਸਿਖਲਾਈ ਵਧਾਉਣ ਦੀ ਮਹੱਤਤਾ ਨੂੰ ਉਜਾਗਰ ਕੀਤਾ । ਉਨ੍ਹਾਂ ਨੇ ਸਿਹਤ ਸੰਭਾਲ ਸਹੂਲਤਾਂ ਵਿੱਚ ਪ੍ਰਯੋਗਸ਼ਾਲਾ ਸਮਰੱਥਾ ਵਧਾਉਣ ਅਤੇ ਇਨਫੈਕਸ਼ਨ ਨੂੰ ਕੰਟਰੋਲ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਸ਼੍ਰੀ ਨੱਡਾ ਨੇ ਚੁਣੌਤੀਆਂ ਨੂੰ ਤੁਰੰਤ ਹੱਲ ਕਰਨ ਲਈ ਨਿਯਮਿਤ ਹਿੱਸੇਦਾਰਾਂ ਦੀਆਂ ਮੀਟਿੰਗਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਡਾ. ਏ.ਕੇ. ਸੂਦ ਨੇ ਕਿਹਾ ਕਿ ਐਨਏਪੀ-ਏਐੱਮਆਰ 2.0 ਇੱਕ ਵਧੇਰੇ ਸੁਮੇਲ ਕਾਰਜ ਯੋਜਨਾ ਤਿਆਰ ਕਰਨ ਦੀ ਦਿਸ਼ਾ ਵਿੱਚ ਇੱਕ ਸਮੇਂ ਸਿਰ ਪਹਿਲ ਹੈ ਜੋ ਵਿਸ਼ਵ ਸਿਹਤ ਸੰਗਠਨ (WHO) ਦੇ 18-24 ਨਵੰਬਰ ਤੱਕ ਆਯੋਜਿਤ ਵਿਸ਼ਵ ਏਐੱਮਆਰ ਜਾਗਰੂਕਤਾ ਹਫ਼ਤੇ ਦੇ ਪਹਿਲੇ ਦਿਨ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਪਹਿਲਕਦਮੀ ਨੂੰ ਵਿਸ਼ਵ ਪੱਧਰ 'ਤੇ ਚਲਾਉਣ ਵਾਲੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ, ਉਨ੍ਹਾਂ ਕਿਹਾ ਕਿ ਏਐੱਮਆਰ ਇੱਕ ਮਹਾਮਾਰੀ ਵਾਂਗ ਹੈ ਜੋ ਬਹੁਤ ਸਾਰੇ ਦੇਸ਼ਾਂ ਖਾਸ ਕਰਕੇ ਏਸ਼ੀਆ ਅਤੇ ਅਫਰੀਕਾ ਸਹਿਤ ਕਈ ਵਿਕਾਸਸ਼ੀਲ ਦੇਸ਼ਾਂ ਨੂੰ ਪ੍ਰਭਾਵਿਤ ਕਰ ਰਹੀ ਹੈ।
ਡਾ: ਸੂਦ ਨੇ ਏਐੱਮਆਰ ਦੇ ਖ਼ਤਰੇ ਤੋਂ ਨਿਪਟਨ ਲਈ ਭਾਰਤ ਵੱਲੋਂ ਚੁੱਕੇ ਗਏ ਕੁਝ ਕਦਮਾਂ 'ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਕੇਰਲ ਅਤੇ ਗੁਜਰਾਤ ਬਿਨਾ ਡਾਕਟਰੀ ਸਲਾਹ ਦੇ ਐਂਟੀਬਾਇਓਟਿਕਸ ਦਵਾਈਆਂ ਦੀ ਓਵਰ-ਦੀ-ਕਾਊਂਟਰ ਵਿਕਰੀ 'ਤੇ ਪਾਬੰਦੀ ਲਗਾਈ ਹੈ। ਕੁਝ ਐਂਟੀਮਾਈਕ੍ਰੋਬਾਇਲ ਅਤੇ ਕੀਟਨਾਸ਼ਕਾਂ ਨੂੰ ਫਸਲਾਂ ਵਿੱਚ ਵਰਤੋਂ ਲਈ ਵੀ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ "ਇੰਡੀਆ ਏਐੱਮਆਰ ਇਨੋਵੇਸ਼ਨ ਹੱਬ ਦੀ ਸਥਾਪਨਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਵਾਂ ਹਿੱਸੇਦਾਰਾਂ ਨੂੰ ਸ਼ਾਮਲ ਕਰਕੇ ਇੱਕ ਨਵੀਂ ਤਕਨਾਲੋਜੀ ਪਲੈਟਫਾਰਮ ਬਣਾਉਣ ਲਈ ਕੀਤੀ ਗਈ ਸੀ। ਇਸਨੇ ਸਰੋਤਾਂ ਨੂੰ ਜੁਟਾਉਣ, ਨਵੀਨਤਾ ਲਿਆਉਣ ਅਤੇ ਕਈ ਹਿੱਸੇਦਾਰਾਂ ਵਿਚਕਾਰ ਸਹਿਯੋਗ ਵਧਾਉਣ ਵਿੱਚ ਮਦਦ ਕੀਤੀ ਹੈ।"


ਪਿਛੋਕੜ:
ਐਂਟੀਮਾਈਕ੍ਰੋਬਾਇਲ ਪ੍ਰਤੀਰੋਧ (ਏਐੱਮਆਰ) ਨੂੰ ਇੱਕ ਵਿਸ਼ਵਵਿਆਪੀ ਸਿਹਤ ਖਤਰੇ ਦੇ ਰੂਪ ਵਿੱਚ ਪਛਾਣਿਆ ਗਿਆ ਹੈ ਜਿਸਦੇ ਗੰਭੀਰ ਸਹਿਤ, ਰਾਜਨੀਤਕ ਅਤੇ ਆਰਥਿਕ ਪ੍ਰਭਾਵ ਸ਼ਾਮਲ ਹੈ। ਏਐੱਮਆਰ ਦੇ ਕਾਰਨ ਇਲਾਜ ਵਿੱਚ ਦੇਰੀ ਹੁੰਦੀ ਹੈ ਜਿਸ ਨਾਲ ਰੋਧਕ ਸੂਖਮ ਜੀਵਾਣੂਆਂ ਦੇ ਫੈਲਣ ਅਤੇ ਸਿਹਤ-ਸੰਭਾਲ ਦੀ ਲਾਗਤ ਅਤੇ ਪਰਿਵਾਰਾਂ ਅਤੇ ਸਮਾਜਾਂ 'ਤੇ ਆਰਥਿਕ ਬੋਝ ਵਧਣ ਦਾ ਜੋਖਮ ਵਧਦਾ ਹੈ। ਏਐੱਮਆਰ ਸਰਜੀਕਲ ਦਖਲਅੰਦਾਜ਼ੀ, ਕੈਂਸਰ ਦੇ ਇਲਾਜ ਅਤੇ ਅੰਗ ਟ੍ਰਾਂਸਪਲਾਂਟ ਵਰਗੀਆਂ ਪ੍ਰਕਿਰਿਆਵਾਂ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਖ਼ਤਰਾ ਪੈਦਾ ਕਰਦਾ ਹੈ ਜਿਸ ਨਾਲ ਨਾ ਸਿਰਫ਼ ਆਧੁਨਿਕ ਦਵਾਈ ਵਿੱਚ, ਸਗੋਂ ਵਿਸ਼ਵ ਅਤੇ ਰਾਸ਼ਟਰੀ ਪੱਧਰ 'ਤੇ ਵਿਕਾਸ ਅਤੇ ਅਰਥਵਿਵਸਥਾ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੁੰਦੀ ਹੈ।
ਏਐੱਮਆਰ ਨੂੰ ਇੱਕ ਰਾਸ਼ਟਰੀ ਤਰਜੀਹ ਵਜੋਂ ਮਾਨਤਾ ਪ੍ਰਾਪਤ ਹੈ ਅਤੇ ਕੇਂਦਰੀ ਸਿਹਤ ਮੰਤਰਾਲੇ ਨੇ ਏਐੱਮਆਰ ਰੋਕਥਾਮ ਲਈ ਕਈ ਕਦਮ ਚੁੱਕੇ ਹਨ। 2010 ਵਿੱਚ ਏਐੱਮਆਰ ਰੋਕਥਾਮ 'ਤੇ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ ਜਿਸਦੇ ਨਤੀਜੇ ਵਜੋਂ 2011 ਦੇ ਸ਼ੁਰੂ ਵਿੱਚ ਏਐੱਮਆਰ ਰੋਕਥਾਮ 'ਤੇ ਰਾਸ਼ਟਰੀ ਨੀਤੀ ਦਾ ਵਿਕਾਸ ਹੋਇਆ। ਅਪ੍ਰੈਲ 2017 ਵਿੱਚ, ਗਲੋਬਲ ਐਕਸ਼ਨ ਪਲਾਨ (GAP) ਦੇ ਅਨੁਸਾਰ ਵਿਕਸਿਤ ਐਂਟੀਮਾਈਕ੍ਰੋਬਾਇਲ ਪ੍ਰਤੀਰੋਧ 'ਤੇ ਰਾਸ਼ਟਰੀ ਕਾਰਜ ਯੋਜਨਾ (ਐਨਏਪੀ-ਏਐੱਮਆਰ) ਸ਼ੁਰੂ ਕੀਤੀ ਗਈ ਸੀ ਜਿਸਨੂੰ ਅਗਲੇ 5 ਵਰ੍ਹਿਆਂ (2017-2021) ਵਿੱਚ ਲਾਗੂ ਕੀਤਾ ਜਾਣਾ ਸੀ।
ਜਦੋਂ ਕਿ ਏਐੱਮਆਰ ਇੱਕ ਬਹੁ-ਖੇਤਰੀ ਮੁੱਦਾ ਹੈ ਅਤੇ ਇਸਦੀ ਰੋਕਥਾਮ ਲਈ ਇੱਕ ਇੱਕ ਸਿਹਤ ਪਹੁੰਚ ਦੀ ਜ਼ਰੂਰਤ ਹੁੰਦੀ ਹੈ, ਸਿਰਫ਼ ਉਦੋਂ ਹੀ ਜਦੋਂ ਹਰੇਕ ਖੇਤਰ, ਭਾਵ, ਮਨੁੱਖੀ, ਜਾਨਵਰ, ਖੇਤੀਬਾੜੀ ਅਤੇ ਵਾਤਾਵਰਣ ਖੇਤਰ ਏਐੱਮਆਰ ਨੂੰ ਰੋਕਣ ਲਈ ਕਾਰਵਾਈ ਲਈ ਵਚਨਬੱਧ ਹੁੰਦੇ ਹਨ, ਇੱਕ ਇੱਕ ਸਿਹਤ ਪਹੁੰਚ ਸਫਲ ਹੋ ਸਕਦੀ ਹੈ। ਐਨਏਪੀ-ਏਐੱਮਆਰ 2.0 ਦਾ ਵਿਕਾਸ 2022 ਵਿੱਚ ਮਨੁੱਖੀ ਸਿਹਤ ਖੇਤਰ, ਖੋਜ ਖੇਤਰ, ਪੇਸ਼ੇਵਰ ਐਸੋਸੀਏਸ਼ਨਾਂ ਅਤੇ ਸਿਵਲ ਸੋਸਾਇਟੀ ਸੰਗਠਨਾਂ, ਵਾਤਾਵਰਣ ਅਤੇ ਪਸ਼ੂ ਪਾਲਣ ਖੇਤਰਾਂ ਲਈ ਆਯੋਜਿਤ ਹਿੱਸੇਦਾਰਾਂ ਦੇ ਸਲਾਹ-ਮਸ਼ਵਰੇ ਦੀ ਲੜੀ ਰਾਹੀਂ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਨੀਤੀ ਆਯੋਗ ਵਿਖੇ 20 ਤੋਂ ਵੱਧ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਦੇ ਭਾਗੀਦਾਰਾਂ ਨਾਲ ਉੱਚ ਪੱਧਰੀ ਮੀਟਿੰਗਾਂ ਕੀਤੀਆਂ ਗਈਆਂ। ਹਰੇਕ ਹਿੱਸੇਦਾਰ ਮੰਤਰਾਲੇ/ਵਿਭਾਗ ਨੇ ਪਰਿਭਾਸ਼ਿਤ ਟੀਚਿਆਂ ਅਤੇ ਸਮਾਂ-ਸੀਮਾਵਾਂ ਦੇ ਨਾਲ ਆਪਣੀ-ਆਪਣੀ ਕਾਰਜ ਯੋਜਨਾ ਵਿਕਸਿਤ ਕੀਤੀ।
ਅੱਪਡੇਟ ਕੀਤੇ ਐੱਨਏਪੀ-ਏਐੱਮਆਰ ਵਿੱਚ ਰਾਸ਼ਟਰੀ ਕਾਰਜ ਯੋਜਨਾ ਨੂੰ ਲਾਗੂ ਕਰਨ ਵਿੱਚ ਪ੍ਰਗਤੀ ਦੀ ਪ੍ਰਭਾਵਸ਼ਾਲੀ ਨਿਗਰਾਨੀ ਨੂੰ ਸਮਰੱਥ ਬਣਾਉਣ ਲਈ ਸਮਾਂ-ਸੀਮਾਵਾਂ ਅਤੇ ਬਜਟ ਦੇ ਨਾਲ ਹਰੇਕ ਮੁੱਖ ਹਿੱਸੇਦਾਰ ਮੰਤਰਾਲੇ/ਵਿਭਾਗ ਦੀਆਂ ਖਾਸ ਕਾਰਜ ਯੋਜਨਾਵਾਂ ਸ਼ਾਮਲ ਹਨ। ਅੱਪਡੇਟ ਕੀਤੇ ਐੱਨਏਪੀ-ਏਐੱਮਆਰ ਵਿੱਚ ਖੇਤਰਾਂ ਦੇ ਅੰਦਰ ਅਤੇ ਬਾਹਰ ਤਾਲਮੇਲ ਅਤੇ ਸਹਿਯੋਗ ਲਈ ਚੰਗੀ ਤਰ੍ਹਾਂ ਪਰਿਭਾਸ਼ਿਤ ਵਿਧੀਆਂ ਵੀ ਸ਼ਾਮਲ ਹਨ।
ਇਸਦੇ ਲਾਂਚ ਤੋਂ ਬਾਅਦ ਹਰੇਕ ਹਿੱਸੇਦਾਰ ਮੰਤਰਾਲੇ/ਵਿਭਾਗ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਨਿੱਜੀ ਖੇਤਰ, ਤਕਨੀਕੀ ਸੰਸਥਾਵਾਂ, ਪੇਸ਼ੇਵਰ ਸਮੂਹਾਂ, ਉਦਯੋਗ, ਸਹਿਕਾਰੀ, ਗੈਰ-ਸਰਕਾਰੀ ਸੰਗਠਨਾਂ, ਅੰਤਰਰਾਸ਼ਟਰੀ ਭਾਈਵਾਲਾਂ ਅਤੇ ਹੋਰ ਸੰਬੰਧਿਤ ਸੰਗਠਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਂਦੇ ਹੋਏ ਆਪਣਾ ਲਾਗੂਕਰਨ ਰੋਡਮੈਪ ਵਿਕਸਿਤ ਕਰਨਗੇ। ਪਹਿਲੇ ਵਿਸ਼ਵ ਏਐੱਮਆਰ ਜਾਗਰੂਕਤਾ ਹਫ਼ਤੇ ਦੇ ਮੌਕੇ 'ਤੇ ਲਾਂਚ ਸਮਾਗਮ ਦੌਰਾਨ, ਸਾਰੇ ਹਿੱਸੇਦਾਰਾਂ ਨੇ ਇੱਕ ਵਾਰ ਫਿਰ ਏਐੱਮਆਰ ਨੂੰ ਰੋਕਣ ਲਈ ਰਾਸ਼ਟਰੀ ਕਾਰਜ ਯੋਜਨਾ 2.0 ਨੂੰ ਲਾਗੂ ਕਰਨ ਦੇ ਆਪਣੇ ਦ੍ਰਿੜ ਇਰਾਦੇ ਦੀ ਪੁਸ਼ਟੀ ਕੀਤੀ ਹੈ।
ਇਸ ਸਮਾਗਮ ਵਿੱਚ ਕੇਂਦਰੀ ਸਿਹਤ ਮੰਤਰਾਲੇ ਅਤੇ ਮੱਛੀ ਪਾਲਣ ਮੰਤਰਾਲੇ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ (MoFAHD), ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ (MoAFW), ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (MoEFCC), ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ (MoST), ਰਸਾਇਣ ਅਤੇ ਖਾਦ ਮੰਤਰਾਲੇ, ਆਯੁਸ਼ ਮੰਤਰਾਲੇ, ਜਲ ਸ਼ਕਤੀ ਮੰਤਰਾਲੇ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MoIB) ਅਤੇ ਸਿੱਖਿਆ ਮੰਤਰਾਲੇ (MoE) ਸਮੇਤ ਹੋਰ ਹਿੱਸੇਦਾਰ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
******
ਐੱਸ.ਆਰ.
(Release ID: 2191732)
ਵਿਜ਼ੀਟਰ ਕਾਊਂਟਰ : 37