ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੇਵਾਂ ਰਾਮਨਾਥ ਗੋਇਨਕਾ ਭਾਸ਼ਣ ਦਿੱਤਾ


ਭਾਰਤ ਵਿਕਸਿਤ ਬਣਨ ਲਈ ਉਤਸੁਕ ਹੈ, ਭਾਰਤ ਆਤਮ-ਨਿਰਭਰ ਬਣਨ ਲਈ ਉਤਸੁਕ ਹੈ: ਪ੍ਰਧਾਨ ਮੰਤਰੀ

ਭਾਰਤ ਸਿਰਫ਼ ਇੱਕ ਉੱਭਰਦਾ ਬਾਜ਼ਾਰ ਨਹੀਂ ਹੈ, ਸਗੋਂ ਇੱਕ ਉੱਭਰਦਾ ਮਾਡਲ ਵੀ ਹੈ: ਪ੍ਰਧਾਨ ਮੰਤਰੀ

ਅੱਜ, ਦੁਨੀਆ ਭਾਰਤ ਦੇ ਵਿਕਾਸ ਮਾਡਲ ਨੂੰ ਉਮੀਦ ਦੇ ਮਾਡਲ ਵਜੋਂ ਦੇਖ ਰਹੀ ਹੈ: ਪ੍ਰਧਾਨ ਮੰਤਰੀ

ਅਸੀਂ ਸੰਪੂਰਨਤਾ ਦੇ ਮਿਸ਼ਨ 'ਤੇ ਲਗਾਤਾਰ ਕੰਮ ਕਰ ਰਹੇ ਹਾਂ; ਇੱਕ ਵੀ ਲਾਭਪਾਤਰੀ ਕਿਸੇ ਵੀ ਯੋਜਨਾ ਦੇ ਲਾਭਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ: ਪ੍ਰਧਾਨ ਮੰਤਰੀ

ਸਾਡੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ, ਅਸੀਂ ਸਥਾਨਕ ਭਾਸ਼ਾਵਾਂ ਵਿੱਚ ਸਿੱਖਿਆ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ: ਪ੍ਰਧਾਨ ਮੰਤਰੀ

Posted On: 17 NOV 2025 9:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਇੰਡੀਅਨ ਐਕਸਪ੍ਰੈੱਸ ਵੱਲੋਂ ਆਯੋਜਿਤ ਛੇਵਾਂ ਰਾਮਨਾਥ ਗੋਇਨਕਾ ਭਾਸ਼ਣ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, "ਅੱਜ ਅਸੀਂ ਇੱਕ ਅਜਿਹੇ ਵਿਲੱਖਣ ਸ਼ਖ਼ਸੀਅਤ ਦਾ ਸਨਮਾਨ ਕਰਨ ਲਈ ਇਕੱਠੇ ਹੋਏ ਹਾਂ ਜਿਨ੍ਹਾਂ ਨੇ ਭਾਰਤ ਵਿੱਚ ਲੋਕਤੰਤਰ, ਪੱਤਰਕਾਰੀ, ਪ੍ਰਗਟਾਵੇ ਅਤੇ ਜਨ ਅੰਦੋਲਨਾਂ ਦੀ ਸ਼ਕਤੀ ਨੂੰ ਵਧਾਇਆ।" ਉਨ੍ਹਾਂ ਨੇ ਕਿਹਾ ਕਿ ਇੱਕ ਦੂਰ-ਦਰਸ਼ੀ, ਸੰਸਥਾ ਨਿਰਮਾਤਾ, ਰਾਸ਼ਟਰਵਾਦੀ ਅਤੇ ਮੀਡੀਆ ਨੇਤਾ ਦੇ ਰੂਪ ਵਿੱਚ, ਸ਼੍ਰੀ ਰਾਮਨਾਥ ਗੋਇਨਕਾ ਨੇ ਇੰਡੀਅਨ ਐਕਸਪ੍ਰੈੱਸ ਸਮੂਹ ਨੂੰ ਸਿਰਫ਼ ਇੱਕ ਅਖ਼ਬਾਰ ਵਜੋਂ ਹੀ ਨਹੀਂ, ਸਗੋਂ ਭਾਰਤ ਦੇ ਲੋਕਾਂ ਵਿੱਚ ਇੱਕ ਮਿਸ਼ਨ ਵਜੋਂ ਸਥਾਪਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ, ਸਮੂਹ ਭਾਰਤ ਦੇ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਰਾਸ਼ਟਰੀ ਹਿੱਤਾਂ ਦੀ ਆਵਾਜ਼ ਬਣ ਗਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ 21ਵੀਂ ਸਦੀ ਦੇ ਇਸ ਯੁੱਗ ਵਿੱਚ, ਜਦੋਂ ਭਾਰਤ ਵਿਕਾਸ ਦੇ ਇਰਾਦੇ ਨਾਲ ਅੱਗੇ ਵਧ ਰਿਹਾ ਹੈ, ਸ਼੍ਰੀ ਰਾਮਨਾਥ ਗੋਇਨਕਾ ਦੀ ਵਚਨਬੱਧਤਾ, ਯਤਨ ਅਤੇ ਦ੍ਰਿਸ਼ਟੀ ਪ੍ਰੇਰਨਾ ਦਾ ਇੱਕ ਵੱਡਾ ਸਰੋਤ ਹੈ। ਪ੍ਰਧਾਨ ਮੰਤਰੀ ਨੇ ਇੰਡੀਅਨ ਐਕਸਪ੍ਰੈੱਸ ਸਮੂਹ ਦਾ ਇਸ ਭਾਸ਼ਣ ਵਿੱਚ ਸੱਦਾ ਦੇਣ ਲਈ ਧੰਨਵਾਦ ਕੀਤਾ ਅਤੇ ਮੌਜੂਦ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਸ਼੍ਰੀ ਰਾਮਨਾਥ ਗੋਇਨਕਾ ਨੂੰ ਭਗਵਤ ਗੀਤਾ ਦੇ ਇੱਕ ਸ਼ਬਦ ਤੋਂ ਮਿਲੀ ਡੂੰਘੀ ਪ੍ਰੇਰਨਾ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਸਮਝਾਇਆ ਕਿ ਖ਼ੁਸ਼ੀ ਅਤੇ ਦੁੱਖ, ਲਾਭ ਅਤੇ ਨੁਕਸਾਨ, ਜਿੱਤ ਅਤੇ ਹਾਰ ਦੇ ਸਾਹਮਣੇ ਆਪਣੇ ਫ਼ਰਜ਼ ਨੂੰ ਸਮਾਨਤਾ ਨਾਲ ਨਿਭਾਉਣ ਦੀ ਇਹ ਸਿੱਖਿਆ ਰਾਮਨਾਥ ਜੀ ਦੇ ਜੀਵਨ ਅਤੇ ਕਾਰਜ ਵਿੱਚ ਡੂੰਘੀ ਤਰ੍ਹਾਂ ਰਚੀ ਹੋਈ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਰਾਮਨਾਥ ਗੋਇਨਕਾ ਨੇ ਆਪਣੀ ਸਾਰੀ ਜ਼ਿੰਦਗੀ ਇਸ ਸਿਧਾਂਤ ਦੀ ਪਾਲਣਾ ਕੀਤੀ, ਫ਼ਰਜ਼ ਨੂੰ ਸਭ ਤੋਂ ਉੱਪਰ ਰੱਖਿਆ। ਉਨ੍ਹਾਂ ਨੇ ਕਿਹਾ ਕਿ ਰਾਮਨਾਥ ਜੀ ਨੇ ਆਜ਼ਾਦੀ ਅੰਦੋਲਨ ਦੌਰਾਨ ਭਾਰਤੀ ਰਾਸ਼ਟਰੀ ਕਾਂਗਰਸ ਦਾ ਸਮਰਥਨ ਕੀਤਾ, ਬਾਅਦ ਵਿੱਚ ਜਨਤਾ ਪਾਰਟੀ ਦਾ ਸਮਰਥਨ ਕੀਤਾ, ਅਤੇ ਜਨ ਸੰਘ ਦੀ ਟਿਕਟ 'ਤੇ ਚੋਣਾਂ ਵੀ ਲੜੀਆਂ। ਵਿਚਾਰਧਾਰਾ ਤੋਂ ਪਰੇ, ਉਨ੍ਹਾਂ ਨੇ ਹਮੇਸ਼ਾ ਰਾਸ਼ਟਰੀ ਹਿਤ ਨੂੰ ਤਰਜੀਹ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਲਾਂ ਤੋਂ ਰਾਮਨਾਥ ਜੀ ਨਾਲ ਕੰਮ ਕੀਤਾ ਉਹ ਅਕਸਰ ਉਨ੍ਹਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਬਹੁਤ ਸਾਰੀਆਂ ਕਹਾਣੀਆਂ ਸੁਣਾਉਂਦੇ ਹਨ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਆਜ਼ਾਦੀ ਤੋਂ ਬਾਅਦ, ਜਦੋਂ ਹੈਦਰਾਬਾਦ ਵਿੱਚ ਰਜ਼ਾਕਾਰਾਂ ਵੱਲੋਂ ਕੀਤੇ ਗਏ ਅੱਤਿਆਚਾਰਾਂ ਦਾ ਮੁੱਦਾ ਉੱਠਿਆ, ਤਾਂ ਰਾਮਨਾਥ ਜੀ ਨੇ ਸਰਦਾਰ ਪਟੇਲ ਦੀ ਸਹਾਇਤਾ ਕੀਤੀ। 1970 ਦੇ ਦਹਾਕੇ ਵਿੱਚ, ਜਦੋਂ ਬਿਹਾਰ ਵਿੱਚ ਵਿਦਿਆਰਥੀ ਅੰਦੋਲਨ ਨੂੰ ਲੀਡਰਸ਼ਿਪ ਦੀ ਜ਼ਰੂਰਤ ਸੀ, ਤਾਂ ਰਾਮਨਾਥ ਜੀ ਨੇ ਨਾਨਾਜੀ ਦੇਸ਼ਮੁਖ ਦੇ ਨਾਲ ਮਿਲ ਕੇ ਸ਼੍ਰੀ ਜੈਪ੍ਰਕਾਸ਼ ਨਾਰਾਇਣ ਨੂੰ ਅੰਦੋਲਨ ਦੀ ਅਗਵਾਈ ਕਰਨ ਲਈ ਮਨਾ ਲਿਆ। ਐਮਰਜੈਂਸੀ ਦੌਰਾਨ, ਜਦੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਦੇ ਕਰੀਬੀ ਇੱਕ ਮੰਤਰੀ ਨੇ ਰਾਮਨਾਥ ਜੀ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਜੇਲ੍ਹ ਦੀ ਧਮਕੀ ਦਿੱਤੀ, ਤਾਂ ਉਨ੍ਹਾਂ ਦਾ ਦਲੇਰਾਨਾ ਜਵਾਬ ਇਤਿਹਾਸ ਦੇ ਗੁਪਤ ਰਿਕਾਰਡਾਂ ਦਾ ਹਿੱਸਾ ਬਣ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕਿ ਇਨ੍ਹਾਂ ਵਿੱਚੋਂ ਕੁਝ ਵੇਰਵੇ ਜਨਤਕ ਹਨ ਅਤੇ ਕੁਝ ਗੁਪਤ ਰਹਿੰਦੇ ਹਨ, ਇਹ ਸਾਰੇ ਰਾਮਨਾਥ ਜੀ ਦੀ ਸਚਾਈ ਪ੍ਰਤੀ ਅਟੁੱਟ ਵਚਨਬੱਧਤਾ ਅਤੇ ਫ਼ਰਜ਼ ਪ੍ਰਤੀ ਉਨ੍ਹਾਂ ਦੀ ਅਟੁੱਟ ਸਮਰਪਣ ਨੂੰ ਦਰਸਾਉਂਦੇ ਹਨ, ਭਾਵੇਂ ਉਨ੍ਹਾਂ ਨੂੰ ਕਿੰਨੀਆਂ ਵੀ ਵੱਡੀਆਂ ਤਾਕਤਾਂ ਦਾ ਸਾਹਮਣਾ ਕਰਨਾ ਪਿਆ ਹੋਵੇ।

ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਰਾਮਨਾਥ ਗੋਇਨਕਾ ਨੂੰ ਅਕਸਰ - ਨਕਾਰਾਤਮਕ ਅਰਥਾਂ ਵਿੱਚ ਨਹੀਂ, ਸਗੋਂ ਸਕਾਰਾਤਮਕ ਅਰਥਾਂ ਵਿੱਚ - ਬੇਸਬਰਾ ਕਿਹਾ ਜਾਂਦਾ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬੇਸਬਰੀ ਤਬਦੀਲੀ ਲਈ ਉੱਚ ਪੱਧਰੀ ਯਤਨਾਂ ਨੂੰ ਪ੍ਰੇਰਿਤ ਕਰਦੀ ਹੈ, ਅਤੇ ਇਹੀ ਬੇਸਬਰਾਪਣ ਹੈ ਜੋ ਰੁਕੇ ਹੋਏ ਪਾਣੀਆਂ ਨੂੰ ਵੀ ਗਤੀ ਦਿੰਦਾ ਹੈ। ਇੱਕ ਸਮਾਨਤਾ ਸਥਾਪਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਦਾ ਭਾਰਤ ਵੀ ਬੇਸਬਰਾ ਹੈ - ਵਧਣ ਲਈ ਬੇਸਬਰਾ, ਆਤਮ-ਨਿਰਭਰ ਬਣਨ ਲਈ ਬੇਸਬਰਾ।" ਉਨ੍ਹਾਂ ਨੇ ਕਿਹਾ ਕਿ 21ਵੀਂ ਸਦੀ ਦੇ ਪਹਿਲੇ ਪੱਚੀ ਸਾਲ ਤੇਜ਼ੀ ਨਾਲ ਬੀਤ ਗਏ, ਇੱਕ ਤੋਂ ਬਾਅਦ ਇੱਕ ਚੁਣੌਤੀਆਂ ਦੇ ਨਾਲ, ਫਿਰ ਵੀ ਕੁਝ ਵੀ ਭਾਰਤ ਦੀ ਗਤੀ ਨੂੰ ਨਹੀਂ ਰੋਕ ਸਕਿਆ।

 

ਪਿਛਲੇ ਚਾਰ ਤੋਂ ਪੰਜ ਸਾਲਾਂ ਨੂੰ ਵਿਸ਼ਵ-ਵਿਆਪੀ ਚੁਣੌਤੀਆਂ ਨਾਲ ਭਰਿਆ ਦੱਸਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ 2020 ਵਿੱਚ, ਕੋਵਿਡ-19 ਮਹਾਮਾਰੀ ਨੇ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਨੂੰ ਵਿਗਾੜ ਦਿੱਤਾ ਅਤੇ ਵਿਆਪਕ ਅਨਿਸ਼ਚਿਤਤਾ ਪੈਦਾ ਕਰ ਦਿੱਤੀ। ਵਿਸ਼ਵ-ਵਿਆਪੀ ਸਪਲਾਈ ਲੜੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ, ਅਤੇ ਦੁਨੀਆ ਨਿਰਾਸ਼ਾ ਵਿੱਚ ਡੁੱਬਣ ਲੱਗੀ। ਜਿਵੇਂ ਹੀ ਸਥਿਤੀ ਸਥਿਰ ਹੋਣ ਲੱਗੀ, ਗੁਆਂਢੀ ਦੇਸ਼ਾਂ ਵਿੱਚ ਉਥੱਲ-ਪਥੱਲ ਸ਼ੁਰੂ ਹੋ ਗਈ। ਇਨ੍ਹਾਂ ਸੰਕਟਾਂ ਦੇ ਦਰਮਿਆਨ, ਭਾਰਤ ਦੀ ਅਰਥਵਿਵਸਥਾ ਨੇ ਉੱਚ ਵਿਕਾਸ ਦਰ ਪ੍ਰਾਪਤ ਕਰਕੇ ਲਚਕੀਲੇਪਣ ਦਾ ਪ੍ਰਦਰਸ਼ਨ ਕੀਤਾ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 2022 ਵਿੱਚ, ਯੂਰਪੀਅਨ ਸੰਕਟ ਨੇ ਵਿਸ਼ਵ-ਵਿਆਪੀ ਸਪਲਾਈ ਲੜੀਆਂ ਅਤੇ ਊਰਜਾ ਬਾਜ਼ਾਰਾਂ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੋਈ। ਇਸ ਦੇ ਬਾਵਜੂਦ, ਭਾਰਤ ਦੀ ਆਰਥਿਕ ਵਿਕਾਸ 2022-23 ਤੱਕ ਮਜ਼ਬੂਤੀ ਨਾਲ ਜਾਰੀ ਰਹੀ। 2023 ਵਿੱਚ, ਪੱਛਮੀ ਏਸ਼ੀਆ ਵਿੱਚ ਵਿਗੜਦੀ ਸਥਿਤੀ ਦੇ ਬਾਵਜੂਦ, ਭਾਰਤ ਦੀ ਵਿਕਾਸ ਦਰ ਮਜ਼ਬੂਤ ​​ਰਹੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਾਲ ਵੀ, ਵਿਸ਼ਵ-ਵਿਆਪੀ ਅਸਥਿਰਤਾ ਦੇ ਬਾਵਜੂਦ, ਭਾਰਤ ਦੀ ਵਿਕਾਸ ਦਰ ਸੱਤ ਪ੍ਰਤੀਸ਼ਤ ਦੇ ਆਸ-ਪਾਸ ਰਹੀ।

 

ਪ੍ਰਧਾਨ ਮੰਤਰੀ ਨੇ ਕਿਹਾ, "ਇੱਕ ਅਜਿਹੇ ਸਮੇਂ ਵਿੱਚ ਜਦੋਂ ਦੁਨੀਆ ਵਿਘਨਾਂ ਤੋਂ ਡਰੀ ਹੋਈ ਹੈ, ਭਾਰਤ ਵਿਸ਼ਵਾਸ ਨਾਲ ਇੱਕ ਉੱਜਵਲ ਭਵਿੱਖ ਵੱਲ ਵਧ ਰਿਹਾ ਹੈ।" ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, "ਭਾਰਤ ਨਾ ਸਿਰਫ਼ ਇੱਕ ਉੱਭਰਦਾ ਬਾਜ਼ਾਰ ਹੈ, ਸਗੋਂ ਇੱਕ ਉੱਭਰਦਾ ਮਾਡਲ ਵੀ ਹੈ।" ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੁਨੀਆ ਭਾਰਤੀ ਵਿਕਾਸ ਮਾਡਲ ਨੂੰ ਉਮੀਦ ਦੇ ਮਾਡਲ ਵਜੋਂ ਦੇਖ ਰਹੀ ਹੈ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇੱਕ ਮਜ਼ਬੂਤ ​​ਲੋਕਤੰਤਰ ਦਾ ਮੁਲਾਂਕਣ ਕਈ ਮਾਪਦੰਡਾਂ ਵੱਲੋਂ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚੋਂ ਇੱਕ ਸਭ ਤੋਂ ਮਹੱਤਵਪੂਰਨ ਜਨਤਕ ਭਾਗੀਦਾਰੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਚੋਣਾਂ ਦੌਰਾਨ ਲੋਕਤੰਤਰ ਵਿੱਚ ਲੋਕਾਂ ਦਾ ਵਿਸ਼ਵਾਸ ਅਤੇ ਆਸ਼ਾਵਾਦ ਸਭ ਤੋਂ ਵੱਧ ਦਿਖਾਈ ਦਿੰਦਾ ਹੈ। 14 ਨਵੰਬਰ ਨੂੰ ਐਲਾਨੇ ਗਏ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਹ ਇਤਿਹਾਸਕ ਸਨ, ਅਤੇ ਇਨ੍ਹਾਂ ਦੇ ਨਾਲ ਇੱਕ ਮਹੱਤਵਪੂਰਨ ਪਹਿਲੂ ਉੱਭਰਿਆ - ਕੋਈ ਵੀ ਲੋਕਤੰਤਰ ਆਪਣੇ ਨਾਗਰਿਕਾਂ ਦੀ ਵੱਧ ਰਹੀ ਭਾਗੀਦਾਰੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਉਨ੍ਹਾਂ ਨੇ ਦੱਸਿਆ ਕਿ ਬਿਹਾਰ ਵਿੱਚ ਇਤਿਹਾਸ ਵਿੱਚ ਸਭ ਤੋਂ ਵੱਧ ਵੋਟਰ ਮਤਦਾਨ ਹੋਇਆ, ਮਹਿਲਾਵਾਂ ਨੇ ਮਰਦਾਂ ਨਾਲੋਂ ਲਗਭਗ ਨੌਂ ਪ੍ਰਤੀਸ਼ਤ ਵੱਧ ਵੋਟ ਪਾਈ। ਉਨ੍ਹਾਂ ਨੇ ਕਿਹਾ ਕਿ ਇਹ ਵੀ ਲੋਕਤੰਤਰ ਦੀ ਜਿੱਤ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਬਿਹਾਰ ਦੇ ਨਤੀਜੇ ਇੱਕ ਵਾਰ ਫਿਰ ਭਾਰਤ ਦੇ ਲੋਕਾਂ ਦੀਆਂ ਉੱਚ ਇੱਛਾਵਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ, ਨਾਗਰਿਕ ਉਨ੍ਹਾਂ ਰਾਜਨੀਤਿਕ ਪਾਰਟੀਆਂ 'ਤੇ ਭਰੋਸਾ ਕਰਦੇ ਹਨ ਜੋ ਉਨ੍ਹਾਂ ਇੱਛਾਵਾਂ ਨੂੰ ਪੂਰਾ ਕਰਨ ਲਈ ਇਮਾਨਦਾਰੀ ਨਾਲ ਕੰਮ ਕਰਦੀਆਂ ਹਨ ਅਤੇ ਵਿਕਾਸ ਨੂੰ ਤਰਜੀਹ ਦਿੰਦੀਆਂ ਹਨ। ਪ੍ਰਧਾਨ ਮੰਤਰੀ ਨੇ ਸਤਿਕਾਰ ਨਾਲ ਹਰੇਕ ਸੂਬਾ ਸਰਕਾਰ ਨੂੰ ਬਿਹਾਰ ਦੇ ਨਤੀਜਿਆਂ ਤੋਂ ਸਿੱਖਣ ਦੀ ਅਪੀਲ ਕੀਤੀ - ਭਾਵੇਂ ਉਸ ਦੀ ਵਿਚਾਰਧਾਰਾ ਕੋਈ ਵੀ ਹੋਵੇ, ਖੱਬੇ, ਸੱਜੇ, ਜਾਂ ਕੇਂਦਰੀ - ਇਹ ਕਹਿੰਦੇ ਹੋਏ ਕਿ ਅੱਜ ਦਿੱਤਾ ਗਿਆ ਸ਼ਾਸਨ ਆਉਣ ਵਾਲੇ ਸਾਲਾਂ ਵਿੱਚ ਰਾਜਨੀਤਿਕ ਪਾਰਟੀਆਂ ਦਾ ਭਵਿੱਖ ਨਿਰਧਾਰਤ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਬਿਹਾਰ ਦੇ ਲੋਕਾਂ ਨੇ ਵਿਰੋਧੀ ਧਿਰ ਨੂੰ 15 ਸਾਲ ਦਿੱਤੇ ਸਨ, ਅਤੇ ਜਦੋਂ ਕਿ ਉਨ੍ਹਾਂ ਨੂੰ ਸੂਬੇ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਦਾ ਮੌਕਾ ਮਿਲਿਆ, ਉਨ੍ਹਾਂ ਨੇ ਜੰਗਲ ਰਾਜ ਦਾ ਰਸਤਾ ਚੁਣਿਆ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਦੇ ਲੋਕ ਇਸ ਵਿਸ਼ਵਾਸਘਾਤ (ਧੋਖੇ) ਨੂੰ ਕਦੇ ਨਹੀਂ ਭੁੱਲਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਇਹ ਕੇਂਦਰ ਸਰਕਾਰ ਹੋਵੇ ਜਾਂ ਰਾਜਾਂ ਵਿੱਚ ਵੱਖ-ਵੱਖ ਪਾਰਟੀਆਂ ਦੀ ਅਗਵਾਈ ਵਾਲੀਆਂ ਸਰਕਾਰਾਂ, ਸਭ ਤੋਂ ਵੱਡੀ ਤਰਜੀਹ ਵਿਕਾਸ ਹੋਣੀ ਚਾਹੀਦੀ ਹੈ, ਯਾਨੀ ਵਿਕਾਸ ਅਤੇ ਸਿਰਫ਼ ਵਿਕਾਸ। ਸ਼੍ਰੀ ਮੋਦੀ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਇੱਕ ਬਿਹਤਰ ਨਿਵੇਸ਼ ਮਾਹੌਲ ਬਣਾਉਣ, ਕਾਰੋਬਾਰ ਕਰਨ ਦੀ ਸੌਖ ਵਿੱਚ ਸੁਧਾਰ ਕਰਨ ਅਤੇ ਵਿਕਾਸ ਦੇ ਮਿਆਰਾਂ ਨੂੰ ਅੱਗੇ ਵਧਾਉਣ ਲਈ ਮੁਕਾਬਲਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਯਤਨ ਲੋਕਾਂ ਦਾ ਵਿਸ਼ਵਾਸ ਹਾਸਲ ਕਰਨਗੇ।

 

ਸ਼੍ਰੀ ਮੋਦੀ ਨੇ ਕਿਹਾ ਕਿ ਬਿਹਾਰ ਚੋਣਾਂ ਦੀ ਜਿੱਤ ਤੋਂ ਬਾਅਦ, ਕੁਝ ਲੋਕਾਂ ਨੇ - ਜਿਨ੍ਹਾਂ ਵਿੱਚ ਉਨ੍ਹਾਂ ਦੇ ਪ੍ਰਤੀ ਹਮਦਰਦੀ ਰੱਖਣ ਵਾਲੀਆਂ ਮੀਡੀਆ ਹਸਤੀਆਂ ਵੀ ਸ਼ਾਮਲ ਹਨ - ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਅਤੇ ਉਹ ਖ਼ੁਦ ਚੌਵੀ ਘੰਟੇ ਚੋਣ ਮੋਡ ਵਿੱਚ ਹਨ। ਉਨ੍ਹਾਂ ਨੇ ਇਸ ਦਾ ਜਵਾਬ ਇਹ ਕਹਿ ਕੇ ਦਿੱਤਾ ਕਿ ਚੋਣਾਂ ਜਿੱਤਣ ਲਈ ਚੋਣ ਮੋਡ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈ, ਸਗੋਂ ਚੌਵੀ ਘੰਟੇ ਭਾਵਨਾਤਮਕ ਮੋਡ ਵਿੱਚ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਨੇ  ਜ਼ੋਰ ਦੇ ਕੇ ਕਿਹਾ ਕਿ ਜਦੋਂ ਇੱਕ ਮਿੰਟ ਵੀ ਬਰਬਾਦ ਨਾ ਕਰਨ, ਗ਼ਰੀਬਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ, ਰੁਜ਼ਗਾਰ ਪ੍ਰਦਾਨ ਕਰਨ, ਸਿਹਤ ਸੰਭਾਲ ਯਕੀਨੀ ਬਣਾਉਣ ਅਤੇ ਮੱਧ ਵਰਗ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਅੰਦਰੂਨੀ ਇੱਛਾ ਹੁੰਦੀ ਹੈ, ਤਾਂ ਨਿਰੰਤਰ ਸਖ਼ਤ ਮਿਹਨਤ ਪ੍ਰੇਰਕ ਸ਼ਕਤੀ ਬਣ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਸ਼ਾਸਨ ਇਸ ਭਾਵਨਾ ਅਤੇ ਵਚਨਬੱਧਤਾ ਨਾਲ ਚਲਾਇਆ ਜਾਂਦਾ ਹੈ, ਤਾਂ ਨਤੀਜੇ ਚੋਣਾਂ ਵਾਲੇ ਦਿਨ ਦਿਖਾਈ ਦਿੰਦੇ ਹਨ - ਜਿਵੇਂ ਕਿ ਹਾਲ ਹੀ ਵਿੱਚ ਬਿਹਾਰ ਵਿੱਚ ਦੇਖਿਆ ਗਿਆ ਸੀ।

 

ਸ਼੍ਰੀ ਰਾਮਨਾਥ ਗੋਇਨਕਾ ਨੂੰ ਵਿਦਿਸ਼ਾ ਤੋਂ ਜਨ ਸੰਘ ਦੀ ਟਿਕਟ ਮਿਲਣ ਦੀ ਕਹਾਣੀ ਸੁਣਾਉਂਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਸ ਸਮੇਂ ਰਾਮਨਾਥ ਜੀ ਅਤੇ ਨਾਨਾਜੀ ਦੇਸ਼ਮੁਖ ਨੇ ਇਸ ਬਾਰੇ ਚਰਚਾ ਕੀਤੀ ਸੀ ਕਿ ਸੰਗਠਨ ਜ਼ਿਆਦਾ ਮਹੱਤਵਪੂਰਨ ਹੈ ਜਾਂ ਚਿਹਰਾ। ਨਾਨਾਜੀ ਦੇਸ਼ਮੁਖ ਨੇ ਰਾਮਨਾਥ ਜੀ ਨੂੰ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਆਪਣੀ ਨਾਮਜ਼ਦਗੀ ਦਾਖਲ ਕਰਨੀ ਪਵੇਗੀ ਅਤੇ ਬਾਅਦ ਵਿੱਚ ਜਿੱਤ ਸਰਟੀਫਿਕੇਟ ਲੈਣ ਲਈ ਆਉਣਾ ਪਵੇਗਾ। ਫਿਰ ਨਾਨਾਜੀ ਨੇ ਪਾਰਟੀ ਵਰਕਰਾਂ ਰਾਹੀਂ ਮੁਹਿੰਮ ਦੀ ਅਗਵਾਈ ਕੀਤੀ ਅਤੇ ਰਾਮਨਾਥ ਜੀ ਦੀ ਜਿੱਤ ਯਕੀਨੀ ਬਣਾਈ। ਸ਼੍ਰੀ ਮੋਦੀ ਨੇ ਸਪੱਸ਼ਟ ਕੀਤਾ ਕਿ ਇਸ ਕਹਾਣੀ ਨੂੰ ਸਾਂਝਾ ਕਰਨ ਦਾ ਉਨ੍ਹਾਂ ਦਾ ਉਦੇਸ਼ ਉਮੀਦਵਾਰਾਂ ਨੂੰ ਸਿਰਫ਼ ਨਾਮਜ਼ਦਗੀਆਂ ਦਾਖਲ ਕਰਨ ਲਈ ਉਤਸ਼ਾਹਿਤ ਕਰਨਾ ਨਹੀਂ ਸੀ, ਸਗੋਂ ਅਣਗਿਣਤ ਪਾਰਟੀ ਵਰਕਰਾਂ ਦੇ ਸਮਰਪਣ ਨੂੰ ਉਜਾਗਰ ਕਰਨਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੱਖਾਂ ਵਰਕਰਾਂ ਨੇ ਆਪਣੇ ਪਸੀਨੇ ਨਾਲ ਪਾਰਟੀ ਦੀਆਂ ਜੜ੍ਹਾਂ ਨੂੰ ਪਾਲਿਆ ਹੈ ਅਤੇ ਅਜਿਹਾ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਕੇਰਲ, ਪੱਛਮ ਬੰਗਾਲ ਅਤੇ ਜੰਮੂ-ਕਸ਼ਮੀਰ ਵਰਗੇ ਰਾਜਾਂ ਵਿੱਚ ਸੈਂਕੜੇ ਵਰਕਰਾਂ ਨੇ ਪਾਰਟੀ ਲਈ ਆਪਣਾ ਖ਼ੂਨ ਵੀ ਵਹਾਇਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੇ ਸਮਰਪਿਤ ਵਰਕਰਾਂ ਵਾਲੀ ਪਾਰਟੀ ਦਾ ਉਦੇਸ਼ ਸਿਰਫ਼ ਚੋਣਾਂ ਜਿੱਤਣਾ ਨਹੀਂ, ਸਗੋਂ ਨਿਰੰਤਰ ਸੇਵਾ ਰਾਹੀਂ ਲੋਕਾਂ ਦੇ ਦਿਲ ਜਿੱਤਣਾ ਹੁੰਦਾ ਹੈ।

 

ਰਾਸ਼ਟਰੀ ਵਿਕਾਸ ਲਈ ਇਸ ਦਾ ਲਾਭ ਸਾਰਿਆਂ ਤੱਕ ਪਹੁੰਚਣ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸਰਕਾਰੀ ਯੋਜਨਾਵਾਂ ਦਲਿਤਾਂ, ਦੱਬੇ-ਕੁਚਲੇ, ਸ਼ੋਸ਼ਿਤ ਅਤੇ ਪਛੜੇ ਲੋਕਾਂ ਤੱਕ ਪਹੁੰਚਦੀਆਂ ਹਨ ਤਾਂ ਸੱਚਾ ਸਮਾਜਿਕ ਨਿਆਂ ਯਕੀਨੀ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕਿਆਂ ਵਿੱਚ, ਕੁਝ ਪਾਰਟੀਆਂ ਅਤੇ ਪਰਿਵਾਰਾਂ ਨੇ ਸਮਾਜਿਕ ਨਿਆਂ ਦੀ ਆੜ ਵਿੱਚ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਕੀਤੀ।

 

ਸ਼੍ਰੀ ਮੋਦੀ ਨੇ ਇਸ ਗੱਲ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਅੱਜ ਦੇਸ਼ ਸਮਾਜਿਕ ਨਿਆਂ ਨੂੰ ਹਕੀਕਤ ਬਣਦਾ ਦੇਖ ਰਿਹਾ ਹੈ। ਉਨ੍ਹਾਂ ਨੇ ਸੱਚੇ ਸਮਾਜਿਕ ਨਿਆਂ ਦੇ ਅਰਥ ਬਾਰੇ ਵਿਸਥਾਰ ਨਾਲ ਦੱਸਿਆ ਅਤੇ 12 ਕਰੋੜ ਪਖਾਨਿਆਂ ਦੇ ਨਿਰਮਾਣ ਦੀ ਉਦਾਹਰਣ ਦਿੱਤੀ, ਜਿਸ ਨੇ ਖੁੱਲ੍ਹੇ ਵਿੱਚ ਸ਼ੌਚ ਕਰਨ ਲਈ ਮਜਬੂਰ ਲੋਕਾਂ ਨੂੰ ਸਨਮਾਨ ਦਿੱਤਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 57 ਕਰੋੜ ਜਨ ਧਨ ਬੈਂਕ ਖਾਤਿਆਂ ਨੇ ਉਨ੍ਹਾਂ ਲੋਕਾਂ ਲਈ ਵਿੱਤੀ ਸਮਾਵੇਸ਼ ਨੂੰ ਸਮਰੱਥ ਬਣਾਇਆ ਹੈ ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਬੈਂਕ ਖਾਤੇ ਦੇ ਯੋਗ ਵੀ ਨਹੀਂ ਸਮਝਦੀਆਂ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ 4 ਕਰੋੜ ਪੱਕੇ ਘਰਾਂ ਨੇ ਗ਼ਰੀਬਾਂ ਨੂੰ ਨਵੇਂ ਸੁਪਨੇ ਦੇਖਣ ਦਾ ਅਧਿਕਾਰ ਦਿੱਤਾ ਹੈ ਅਤੇ ਉਨ੍ਹਾਂ ਦੀ ਜੋਖ਼ਮ ਲੈਣ ਦੀ ਸਮਰੱਥਾ ਨੂੰ ਵਧਾਇਆ ਹੈ।

ਪਿਛਲੇ 11 ਸਾਲਾਂ ਵਿੱਚ ਸਮਾਜਿਕ ਸੁਰੱਖਿਆ 'ਤੇ ਕੀਤੇ ਗਏ ਸ਼ਾਨਦਾਰ ਕੰਮ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਲਗਭਗ 94 ਕਰੋੜ ਭਾਰਤੀ ਸਮਾਜਿਕ ਸੁਰੱਖਿਆ ਦੇ ਘੇਰੇ ਵਿੱਚ ਹਨ, ਜਦੋਂ ਕਿ ਇੱਕ ਦਹਾਕੇ ਪਹਿਲਾਂ ਇਹ ਗਿਣਤੀ ਸਿਰਫ਼ 25 ਕਰੋੜ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਹਿਲਾਂ ਸਿਰਫ਼ 25 ਕਰੋੜ ਲੋਕਾਂ ਨੂੰ ਸਰਕਾਰੀ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਮਿਲਦਾ ਸੀ, ਜਦੋਂ ਕਿ ਹੁਣ ਇਹ ਗਿਣਤੀ ਵੱਧ ਕੇ 94 ਕਰੋੜ ਹੋ ਗਈ ਹੈ - ਉਨ੍ਹਾਂ ਨੇ ਕਿਹਾ, ਇਹ ਸੱਚਾ ਸਮਾਜਿਕ ਨਿਆਂ ਹੈ। ਸ੍ਰੀ ਮੋਦੀ ਨੇ ਅੱਗੇ ਕਿਹਾ ਕਿ ਸਰਕਾਰ ਨੇ ਨਾ ਸਿਰਫ਼ ਸਮਾਜਿਕ ਸੁਰੱਖਿਆ ਦੇ ਦਾਇਰੇ ਦਾ ਵਿਸਥਾਰ ਕੀਤਾ ਹੈ ਸਗੋਂ ਇਹ ਯਕੀਨੀ ਬਣਾਉਣ ਲਈ ਇੱਕ ਪੂਰੇ ਮਿਸ਼ਨ ਨਾਲ ਵੀ ਕੰਮ ਕਰ ਰਹੀ ਹੈ ਕਿ ਕੋਈ ਵੀ ਯੋਗ ਲਾਭਪਾਤਰੀ ਇਸ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਸਰਕਾਰ ਹਰੇਕ ਲਾਭਪਾਤਰੀ ਤੱਕ ਪਹੁੰਚਣ ਦੇ ਟੀਚੇ ਨਾਲ ਕੰਮ ਕਰਦੀ ਹੈ, ਤਾਂ ਇਹ ਵਿਤਕਰੇ ਦੀ ਕਿਸੇ ਵੀ ਗੁੰਜਾਇਸ਼ ਨੂੰ ਖ਼ਤਮ ਕਰਦੀ ਹੈ। ਅਜਿਹੇ ਯਤਨਾਂ ਦੇ ਨਤੀਜੇ ਵਜੋਂ, ਪਿਛਲੇ 11 ਸਾਲਾਂ ਵਿੱਚ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਲਈ ਅੱਜ ਦੁਨੀਆ ਮੰਨਦੀ ਹੈ ਕਿ 'ਲੋਕਤੰਤਰ ਨਤੀਜੇ ਦਿੰਦਾ ਹੈ।'

 

ਪ੍ਰਧਾਨ ਮੰਤਰੀ ਨੇ ਐਸਪੀਰੇਸ਼ਨਲ ਡਿਸਟ੍ਰਿਕਟਸ ਪ੍ਰੋਗਰਾਮ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਇਸ ਪਹਿਲਕਦਮੀ ਦਾ ਅਧਿਐਨ ਕਰਨ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਦੇਸ਼ ਦੇ 100 ਤੋਂ ਵੱਧ ਜ਼ਿਲ੍ਹਿਆਂ ਨੂੰ ਸ਼ੁਰੂ ਵਿੱਚ ਪਛੜਿਆ ਐਲਾਨ ਕੀਤਾ ਗਿਆ ਸੀ ਅਤੇ ਫਿਰ ਪਿਛਲੀਆਂ ਸਰਕਾਰਾਂ ਵੱਲੋਂ ਅਣਗੌਲ਼ਿਆ ਕੀਤਾ ਗਿਆ ਸੀ। ਇਨ੍ਹਾਂ ਜ਼ਿਲ੍ਹਿਆਂ ਦਾ ਵਿਕਾਸ ਕਰਨਾ ਬਹੁਤ ਮੁਸ਼ਕਲ ਮੰਨਿਆ ਜਾਂਦਾ ਸੀ, ਅਤੇ ਉੱਥੇ ਸਜ਼ਾ ਦੇ ਤੌਰ ‘ਤੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾਂਦਾ ਸੀ। ਉਨ੍ਹਾਂ ਨੇ ਦੱਸਿਆ ਕਿ 25 ਕਰੋੜ ਤੋਂ ਵੱਧ ਨਾਗਰਿਕ ਇਨ੍ਹਾਂ ਪਛੜੇ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ, ਜੋ ਸਮਾਵੇਸ਼ੀ ਵਿਕਾਸ ਦੇ ਪੈਮਾਨੇ ਅਤੇ ਮਹੱਤਵ ਨੂੰ ਉਜਾਗਰ ਕਰਦੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਜੇਕਰ ਇਹ ਪਛੜੇ ਜ਼ਿਲ੍ਹੇ ਪਛੜੇ ਰਹੇ, ਤਾਂ ਭਾਰਤ ਅਗਲੇ ਸੌ ਸਾਲਾਂ ਵਿੱਚ ਵੀ ਵਿਕਾਸ ਨਹੀਂ ਕਰ ਸਕੇਗਾ। ਉਨ੍ਹਾਂ ਨੇ ਕਿਹਾ ਕਿ ਇਸੇ ਲਈ ਸਰਕਾਰ ਨੇ ਇੱਕ ਨਵੀਂ ਰਣਨੀਤੀ ਅਪਣਾਈ, ਜਿਸ ਵਿੱਚ ਸੂਬਾ ਸਰਕਾਰਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਵਿਸਤ੍ਰਿਤ ਅਧਿਐਨ ਕੀਤੇ ਗਏ ਤਾਂ ਜੋ ਇਹ ਪਛਾਣਿਆ ਜਾ ਸਕੇ ਕਿ ਹਰੇਕ ਜ਼ਿਲ੍ਹਾ ਖ਼ਾਸ ਵਿਕਾਸ ਮਾਪਦੰਡਾਂ 'ਤੇ ਕਿੰਨਾ ਪਛੜਿਆ ਹੋਇਆ ਹੈ। ਇਸ ਜਾਣਕਾਰੀ ਦੇ ਅਧਾਰ 'ਤੇ, ਹਰੇਕ ਜ਼ਿਲ੍ਹੇ ਲਈ ਖ਼ਾਸ ਰਣਨੀਤੀਆਂ ਤਿਆਰ ਕੀਤੀਆਂ ਗਈਆਂ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੇ ਸਭ ਤੋਂ ਵਧੀਆ ਅਧਿਕਾਰੀ - ਚਮਕਦਾਰ ਅਤੇ ਨਵੀਨਤਾਕਾਰੀ ਦਿਮਾਗ਼ - ਨੂੰ ਇਨ੍ਹਾਂ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਸੀ। ਇਨ੍ਹਾਂ ਜ਼ਿਲ੍ਹਿਆਂ ਨੂੰ ਹੁਣ ਪਛੜਿਆ ਨਹੀਂ ਮੰਨਿਆ ਜਾਂਦਾ ਸੀ ਸਗੋਂ ਉਨ੍ਹਾਂ ਨੂੰ ਇੱਛਾਵਾਨ ਜ਼ਿਲ੍ਹਿਆਂ ਵਜੋਂ ਮੁੜ ਪਰਿਭਾਸ਼ਿਤ ਕੀਤਾ ਜਾਂਦਾ ਸੀ। ਅੱਜ, ਇਨ੍ਹਾਂ ਵਿੱਚੋਂ ਬਹੁਤ ਸਾਰੇ ਜ਼ਿਲ੍ਹੇ ਕਈ ਵਿਕਾਸ ਮਾਪਦੰਡਾਂ 'ਤੇ ਆਪਣੇ-ਆਪਣੇ ਰਾਜਾਂ ਵਿੱਚ ਦੂਜੇ ਜ਼ਿਲ੍ਹਿਆਂ ਨੂੰ ਪਛਾੜ ਰਹੇ ਹਨ।

ਛੱਤੀਸਗੜ੍ਹ ਦੇ ਬਸਤਰ ਦੀ ਸ਼ਾਨਦਾਰ ਉਦਾਹਰਣ ਦਿੰਦੇ ਹੋਏ, ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਕਿਵੇਂ ਪੱਤਰਕਾਰਾਂ ਨੂੰ ਇੱਕ ਵਾਰ ਉਸ ਖੇਤਰ ਦਾ ਦੌਰਾ ਕਰਨ ਲਈ ਪ੍ਰਸ਼ਾਸਨ ਦੀ ਬਜਾਏ ਗੈਰ-ਸਰਕਾਰੀ ਸੰਗਠਨਾਂ ਤੋਂ ਇਜਾਜ਼ਤ ਲੈਣੀ ਪੈਂਦੀ ਸੀ। ਅੱਜ, ਉਹੀ ਬਸਤਰ ਵਿਕਾਸ ਦੇ ਰਾਹ 'ਤੇ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਨਹੀਂ ਪਤਾ ਕਿ ਇੰਡੀਅਨ ਐਕਸਪ੍ਰੈੱਸ ਨੇ ਬਸਤਰ ਓਲੰਪਿਕ ਨੂੰ ਕਿੰਨੀ ਕਵਰੇਜ ਦਿੱਤੀ, ਪਰ ਉਨ੍ਹਾਂ ਨੇ ਅੱਗੇ ਕਿਹਾ ਕਿ ਸ਼੍ਰੀ ਰਾਮਨਾਥ ਗੋਇਨਕਾ ਇਹ ਦੇਖ ਕੇ ਬਹੁਤ ਖ਼ੁਸ਼ ਹੋਣਗੇ ਕਿ ਬਸਤਰ ਦੇ ਨੌਜਵਾਨ ਹੁਣ ਬਸਤਰ ਓਲੰਪਿਕ ਵਰਗੇ ਸਮਾਗਮਾਂ ਦਾ ਆਯੋਜਨ ਕਿਵੇਂ ਕਰ ਰਹੇ ਹਨ।

ਬਸਤਰ 'ਤੇ ਚਰਚਾ ਕਰਦੇ ਹੋਏ, ਨਕਸਲਵਾਦ ਜਾਂ ਮਾਓਵਾਦੀ ਅੱਤਵਾਦ ਦੇ ਮੁੱਦੇ 'ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਕਿ ਦੇਸ਼ ਭਰ ਵਿੱਚ ਨਕਸਲਵਾਦ ਦਾ ਪ੍ਰਭਾਵ ਘੱਟ ਰਿਹਾ ਹੈ, ਵਿਰੋਧੀ ਪਾਰਟੀਆਂ ਦੇ ਅੰਦਰ ਇਸ ਦੀ ਸਰਗਰਮੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਪੰਜ ਦਹਾਕਿਆਂ ਤੋਂ, ਭਾਰਤ ਦਾ ਲਗਭਗ ਹਰ ਵੱਡਾ ਸੂਬਾ ਮਾਓਵਾਦੀ ਵਿਦਰੋਹ ਤੋਂ ਪ੍ਰਭਾਵਿਤ ਹੋਇਆ ਹੈ। ਪ੍ਰਧਾਨ ਮੰਤਰੀ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਵਿਰੋਧੀ ਧਿਰ ਮਾਓਵਾਦੀ ਅੱਤਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ, ਜੋ ਕਿ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਰੋਧੀ ਧਿਰ ਨੇ ਨਾ ਸਿਰਫ਼ ਦੂਰ-ਦੁਰਾਡੇ ਜੰਗਲੀ ਖੇਤਰਾਂ ਵਿੱਚ ਨਕਸਲਵਾਦ ਦਾ ਸਮਰਥਨ ਕੀਤਾ, ਸਗੋਂ ਸ਼ਹਿਰੀ ਕੇਂਦਰਾਂ ਵਿੱਚ, ਇੱਥੋਂ ਤੱਕ ਕਿ ਮੁੱਖ ਸੰਸਥਾਵਾਂ ਵਿੱਚ ਵੀ ਇਸ ਨੂੰ ਜੜ੍ਹਾਂ ਫੜਨ ਵਿੱਚ ਮਦਦ ਕੀਤੀ।

 

ਉਨ੍ਹਾਂ ਨੇ ਕਿਹਾ ਕਿ 10-15 ਸਾਲ ਪਹਿਲਾਂ, ਸ਼ਹਿਰੀ ਨਕਸਲੀਆਂ ਨੇ ਵਿਰੋਧੀ ਧਿਰ ਦੇ ਅੰਦਰ ਜੜ੍ਹਾਂ ਸਥਾਪਿਤ ਕਰ ਲਈਆਂ ਸਨ, ਅਤੇ ਅੱਜ, ਉਨ੍ਹਾਂ ਨੇ ਪਾਰਟੀ ਨੂੰ "ਮੁਸਲਿਮ ਲੀਗ-ਮਾਓਵਾਦੀ ਕਾਂਗਰਸ" (ਐੱਮਐੱਮਸੀ) ਵਿੱਚ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਐੱਮਐੱਮਸੀ ਨੇ ਆਪਣੇ ਸਵਾਰਥੀ ਹਿੱਤਾਂ ਲਈ ਰਾਸ਼ਟਰੀ ਹਿੱਤਾਂ ਦੀ ਬਲੀ ਦੇ ਦਿੱਤੀ ਹੈ ਅਤੇ ਦੇਸ਼ ਦੀ ਏਕਤਾ ਲਈ ਲਗਾਤਾਰ ਖ਼ਤਰਾ ਬਣ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਜਿਵੇਂ ਭਾਰਤ ਇੱਕ ਵਿਕਸਿਤ ਰਾਸ਼ਟਰ ਬਣਨ ਵੱਲ ਇੱਕ ਨਵੀਂ ਯਾਤਰਾ ਸ਼ੁਰੂ ਕਰਦਾ ਹੈ, ਸ਼੍ਰੀ ਰਾਮਨਾਥ ਗੋਇਨਕਾ ਦੀ ਵਿਰਾਸਤ ਹੋਰ ਵੀ ਪ੍ਰਸੰਗਿਕ ਹੋ ਜਾਂਦੀ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਰਾਮਨਾਥ ਜੀ ਨੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਦਾ ਸਖ਼ਤ ਵਿਰੋਧ ਕੀਤਾ ਸੀ, ਅਤੇ ਉਨ੍ਹਾਂ ਦੇ ਸੰਪਾਦਕੀ ਬਿਆਨ ਦਾ ਹਵਾਲਾ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ: "ਮੈਂ ਬ੍ਰਿਟਿਸ਼ ਹੁਕਮਾਂ ਦੀ ਪਾਲਣਾ ਕਰਨ ਨਾਲੋਂ ਅਖ਼ਬਾਰ ਬੰਦ ਕਰਨਾ ਪਸੰਦ ਕਰਾਂਗਾ।" ਸ਼੍ਰੀ ਮੋਦੀ ਨੇ ਕਿਹਾ ਕਿ ਐਮਰਜੈਂਸੀ ਦੌਰਾਨ, ਜਦੋਂ ਦੇਸ਼ ਨੂੰ ਗ਼ੁਲਾਮ ਬਣਾਉਣ ਦੀ ਇੱਕ ਹੋਰ ਕੋਸ਼ਿਸ਼ ਕੀਤੀ ਗਈ ਸੀ, ਤਾਂ ਰਾਮਨਾਥ ਜੀ ਇੱਕ ਵਾਰ ਫਿਰ ਦ੍ਰਿੜ੍ਹਤਾ ਨਾਲ ਖੜ੍ਹੇ ਰਹੇ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਸਾਲ ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ਹੈ, ਅਤੇ ਦ ਇੰਡੀਅਨ ਐਕਸਪ੍ਰੈੱਸ ਨੇ ਉਦੋਂ ਦਿਖਾਇਆ ਸੀ ਕਿ ਇੱਕ ਧੁੰਦਲਾ ਸੰਪਾਦਕੀ ਵੀ ਲੋਕਾਂ ਨੂੰ ਗ਼ੁਲਾਮ ਬਣਾਉਣ ਦੀ ਕੋਸ਼ਿਸ਼ ਕਰਨ ਵਾਲੀ ਮਾਨਸਿਕਤਾ ਨੂੰ ਚੁਣੌਤੀ ਦੇ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਉਹ ਭਾਰਤ ਨੂੰ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਕਰਨ ਦੇ ਵਿਸ਼ੇ 'ਤੇ ਵਿਆਪਕ ਤੌਰ 'ਤੇ ਗੱਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਲਈ 190 ਸਾਲ ਪਿੱਛੇ ਜਾਣ ਦੀ ਜ਼ਰੂਰਤ ਹੋਵੇਗੀ, 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਵੀ ਪਹਿਲਾਂ, 1835 ਤੱਕ, ਜਦੋਂ ਬ੍ਰਿਟਿਸ਼ ਸੰਸਦ ਮੈਂਬਰ ਥਾਮਸ ਬੈਬਿੰਗਟਨ ਮੈਕਾਲੇ ਨੇ ਭਾਰਤ ਨੂੰ ਉਸ ਦੀਆਂ ਸਭਿਆਚਾਰਕ ਜੜ੍ਹਾਂ ਤੋਂ ਉਖਾੜਨ ਲਈ ਇੱਕ ਵੱਡੀ ਮੁਹਿੰਮ ਚਲਾਈ ਸੀ। ਮੈਕਾਲੇ ਨੇ ਅਜਿਹੇ ਭਾਰਤੀ ਪੈਦਾ ਕਰਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਜੋ ਭਾਰਤੀ ਦਿਖਾਈ ਦਿੰਦੇ ਸਨ ਪਰ ਅੰਗਰੇਜ਼ਾਂ ਵਾਂਗ ਸੋਚਦੇ ਸਨ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ, ਉਨ੍ਹਾਂ ਨੇ ਨਾ ਸਿਰਫ਼ ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕੀਤਾ ਸਗੋਂ ਇਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦਾ ਹਵਾਲਾ ਦਿੱਤਾ, ਜਿਨ੍ਹਾਂ ਨੇ ਕਿਹਾ ਸੀ ਕਿ ਭਾਰਤ ਦੀ ਪ੍ਰਾਚੀਨ ਸਿੱਖਿਆ ਪ੍ਰਣਾਲੀ ਇੱਕ ਸੁੰਦਰ ਰੁੱਖ ਸੀ ਜਿਸ ਨੂੰ ਪੁੱਟ ਕੇ ਤਬਾਹ ਕਰ ਦਿੱਤਾ ਗਿਆ ਸੀ।

 

ਭਾਰਤ ਦੀ ਪਰੰਪਰਾਗਤ ਸਿੱਖਿਆ ਪ੍ਰਣਾਲੀ ਦੇ ਆਪਣੇ ਸਭਿਆਚਾਰ ਵਿੱਚ ਮਾਣ ਪੈਦਾ ਕਰਨ ਅਤੇ ਸਿੱਖਣ ਅਤੇ ਹੁਨਰ ਵਿਕਾਸ 'ਤੇ ਬਰਾਬਰ ਜ਼ੋਰ ਦੇਣ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹੀ ਕਾਰਨ ਸੀ ਕਿ ਮੈਕਾਲੇ ਨੇ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਵਿੱਚ ਸਫਲ ਹੋਏ। ਮੈਕਾਲੇ ਨੇ ਇਹ ਯਕੀਨੀ ਬਣਾਇਆ ਕਿ ਬ੍ਰਿਟਿਸ਼ ਭਾਸ਼ਾ ਅਤੇ ਵਿਚਾਰਾਂ ਨੂੰ ਉਨ੍ਹਾਂ ਦੇ ਸਮੇਂ ਦੌਰਾਨ ਵਧੇਰੇ ਮਾਨਤਾ ਮਿਲੇ, ਅਤੇ ਭਾਰਤ ਨੇ ਆਉਣ ਵਾਲੀਆਂ ਸਦੀਆਂ ਤੱਕ ਇਸ ਦੀ ਕੀਮਤ ਚੁਕਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਕਾਲੇ ਨੇ ਭਾਰਤ ਦੇ ਆਤਮਵਿਸ਼ਵਾਸ ਨੂੰ ਤੋੜ ਦਿੱਤਾ ਅਤੇ ਹੀਣਤਾ ਦੀ ਭਾਵਨਾ ਪੈਦਾ ਕੀਤੀ। ਇੱਕ ਹੀ ਝਟਕੇ ਵਿੱਚ, ਉਸ ਨੇ ਹਜ਼ਾਰਾਂ ਸਾਲਾਂ ਦੇ ਭਾਰਤੀ ਗਿਆਨ, ਵਿਗਿਆਨ, ਕਲਾ, ਸੱਭਿਆਚਾਰ ਅਤੇ ਇਸ ਦੇ ਪੂਰੇ ਜੀਵਨ ਢੰਗ ਨੂੰ ਨਕਾਰ ਦਿੱਤਾ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇਹ ਉਹ ਪਲ ਸੀ ਜਦੋਂ ਇਸ ਵਿਸ਼ਵਾਸ ਦੇ ਬੀਜ ਬੀਜੇ ਗਏ ਸਨ ਕਿ ਤਰੱਕੀ ਅਤੇ ਮਹਾਨਤਾ ਸਿਰਫ਼ ਵਿਦੇਸ਼ੀ ਤਰੀਕਿਆਂ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਮਾਨਸਿਕਤਾ ਹੋਰ ਵੀ ਮਜ਼ਬੂਤ ​​ਹੋ ਗਈ। ਭਾਰਤ ਦੀ ਸਿੱਖਿਆ, ਅਰਥਵਿਵਸਥਾ ਅਤੇ ਸਮਾਜਿਕ ਇੱਛਾਵਾਂ ਵਿਦੇਸ਼ੀ ਮਾਡਲਾਂ ਨਾਲ ਤੇਜ਼ੀ ਨਾਲ ਜੁੜੀਆਂ ਹੋਈਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਦੇਸ਼ੀ ਪ੍ਰਣਾਲੀਆਂ ਵਿੱਚ ਮਾਣ ਘੱਟ ਹੁੰਦਾ ਗਿਆ, ਅਤੇ ਮਹਾਤਮਾ ਗਾਂਧੀ ਵੱਲੋਂ ਰੱਖੀ ਗਈ ਸਵਦੇਸ਼ੀ ਨੀਂਹ ਨੂੰ ਬਹੁਤ ਹੱਦ ਤੱਕ ਭੁਲਾ ਦਿੱਤਾ ਗਿਆ। ਸ਼ਾਸਨ ਦੇ ਮਾਡਲ ਵਿਦੇਸ਼ਾਂ ਵਿੱਚ ਭਾਲੇ ਜਾਣ ਲੱਗੇ, ਅਤੇ ਵਿਦੇਸ਼ੀ ਧਰਤੀ 'ਤੇ ਨਵੀਨਤਾ ਦੀ ਭਾਲ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਸ ਮਾਨਸਿਕਤਾ ਨੇ ਆਯਾਤ ਕੀਤੇ ਵਿਚਾਰਾਂ, ਵਸਤੂਆਂ ਅਤੇ ਸੇਵਾਵਾਂ ਨੂੰ ਉੱਤਮ ਸਮਝਣ ਦੀ ਸਮਾਜਿਕ ਪ੍ਰਵਿਰਤੀ ਦੇ ਵਿਕਾਸ ਵੱਲ ਅਗਵਾਈ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਰਾਸ਼ਟਰ ਆਪਣੇ ਆਪ ਦਾ ਸਤਿਕਾਰ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਉਹ ਆਪਣੇ ਸਵਦੇਸ਼ੀ ਵਾਤਾਵਰਣ ਪ੍ਰਣਾਲੀ ਨੂੰ ਰੱਦ ਕਰ ਦਿੰਦਾ ਹੈ, ਜਿਸ ਵਿੱਚ ਇਸ ਦਾ ਮੇਡ ਇਨ੍ਹਾਂ ਇੰਡੀਆ ਨਿਰਮਾਣ ਬੁਨਿਆਦੀ ਢਾਂਚਾ ਵੀ ਸ਼ਾਮਲ ਹੈ। ਟੂਰਿਜ਼ਮ ਦੀ ਉਦਾਹਰਣ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਵਿੱਚ ਟੂਰਿਜ਼ਮ ਵਧ ਰਿਹਾ ਹੈ, ਲੋਕ ਆਪਣੀ ਇਤਿਹਾਸਕ ਵਿਰਾਸਤ 'ਤੇ ਮਾਣ ਕਰਦੇ ਹਨ। ਇਸ ਦੇ ਉਲਟ, ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ, ਭਾਰਤ ਵਿੱਚ ਆਪਣੀ ਵਿਰਾਸਤ ਨੂੰ ਨਕਾਰਨ ਦੇ ਯਤਨ ਹੋਏ। ਵਿਰਾਸਤ 'ਤੇ ਮਾਣ ਕੀਤੇ ਬਿਨਾਂ, ਇਸ ਨੂੰ ਸੰਭਾਲਣ ਦੀ ਕੋਈ ਪ੍ਰੇਰਣਾ ਨਹੀਂ ਹੈ, ਅਤੇ ਸੰਭਾਲ ਤੋਂ ਬਿਨਾਂ, ਅਜਿਹੀ ਵਿਰਾਸਤ ਸਿਰਫ਼ ਇੱਟਾਂ ਅਤੇ ਗਾਰੇ ਦੇ ਖੰਡਰ ਬਣ ਕੇ ਰਹਿ ਜਾਂਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਪਣੀ ਵਿਰਾਸਤ 'ਤੇ ਮਾਣ ਟੂਰਿਜ਼ਮ ਦੇ ਵਿਕਾਸ ਲਈ ਇੱਕ ਪੂਰਵ ਸ਼ਰਤ ਹੈ।

 

ਸਥਾਨਕ ਭਾਸ਼ਾਵਾਂ ਦੇ ਮੁੱਦੇ 'ਤੇ ਅੱਗੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਸਵਾਲ ਕੀਤਾ ਕਿ ਕਿਹੜਾ ਦੇਸ਼ ਆਪਣੀਆਂ ਭਾਸ਼ਾਵਾਂ ਦਾ ਨਿਰਾਦਰ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਾਪਾਨ, ਚੀਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਨੇ ਬਹੁਤ ਸਾਰੇ ਪੱਛਮੀ ਅਭਿਆਸ ਅਪਣਾਏ ਪਰ ਆਪਣੀਆਂ ਮੂਲ ਭਾਸ਼ਾਵਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸੇ ਲਈ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਸਥਾਨਕ ਭਾਸ਼ਾਵਾਂ ਵਿੱਚ ਸਿੱਖਿਆ 'ਤੇ ਵਿਸ਼ੇਸ਼ ਜ਼ੋਰ ਦਿੰਦੀ ਹੈ। ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਸਰਕਾਰ ਅੰਗਰੇਜ਼ੀ ਭਾਸ਼ਾ ਦੇ ਵਿਰੁੱਧ ਨਹੀਂ ਹੈ, ਪਰ ਭਾਰਤੀ ਭਾਸ਼ਾਵਾਂ ਦਾ ਜ਼ੋਰਦਾਰ ਸਮਰਥਨ ਕਰਦੀ ਹੈ।

 

ਇਹ ਨੋਟ ਕਰਦੇ ਹੋਏ ਕਿ ਮੈਕਾਲੇ ਦੇ ਭਾਰਤ ਦੀਆਂ ਸਭਿਆਚਾਰਕ ਅਤੇ ਵਿੱਦਿਅਕ ਨੀਂਹਾਂ ਵਿਰੁੱਧ ਅਪਰਾਧ ਨੂੰ 2035 ਵਿੱਚ 200 ਸਾਲ ਪੂਰੇ ਹੋ ਜਾਣਗੇ, ਸ਼੍ਰੀ ਮੋਦੀ ਨੇ ਰਾਸ਼ਟਰੀ ਕਾਰਵਾਈ ਦਾ ਸੱਦਾ ਦਿੱਤਾ ਅਤੇ ਨਾਗਰਿਕਾਂ ਨੂੰ ਅਗਲੇ ਦਸ ਸਾਲਾਂ ਦੇ ਅੰਦਰ ਮੈਕਾਲੇ ਵੱਲੋਂ ਸਥਾਪਿਤ ਗ਼ੁਲਾਮ ਮਾਨਸਿਕਤਾ ਤੋਂ ਛੁਟਕਾਰਾ ਪਾਉਣ ਦਾ ਸੰਕਲਪ ਲੈਣ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੇ ਦਹਾਕੇ ਵਿੱਚ ਮੈਕਾਲੇ ਵੱਲੋਂ ਸ਼ੁਰੂ ਕੀਤੀਆਂ ਗਈਆਂ ਬੁਰਾਈਆਂ ਅਤੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੌਕੇ 'ਤੇ ਕਈ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਨੇ ਦਰਸ਼ਕਾਂ ਨੂੰ ਭਰੋਸਾ ਦਿੱਤਾ ਕਿ ਉਹ ਦਰਸ਼ਕਾਂ ਦਾ ਜ਼ਿਆਦਾ ਸਮਾਂ ਨਹੀਂ ਲੈਣਗੇ। ਉਨ੍ਹਾਂ ਨੇ ਇੰਡੀਅਨ ਐਕਸਪ੍ਰੈੱਸ ਗਰੁੱਪ ਨੂੰ ਦੇਸ਼ ਵਿੱਚ ਬਦਲਾਅ ਅਤੇ ਵਿਕਾਸ ਦੀ ਹਰ ਕਹਾਣੀ ਦਾ ਗਵਾਹ ਦੱਸਿਆ। ਜਿਵੇਂ ਕਿ ਭਾਰਤ ਇੱਕ ਵਿਕਸਿਤ ਰਾਸ਼ਟਰ ਬਣਨ ਵੱਲ ਵਧ ਰਿਹਾ ਹੈ, ਉਨ੍ਹਾਂ ਨੇ ਇਸ ਯਾਤਰਾ ਵਿੱਚ ਸਮੂਹ ਦੀ ਨਿਰੰਤਰ ਭਾਗੀਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸ਼੍ਰੀ ਰਾਮਨਾਥ ਗੋਇਨਕਾ ਦੇ ਆਦਰਸ਼ਾਂ ਨੂੰ ਸੁਰੱਖਿਅਤ ਰੱਖਣ ਵਿੱਚ ਸਮਰਪਿਤ ਯਤਨਾਂ ਲਈ ਇੰਡੀਅਨ ਐਕਸਪ੍ਰੈੱਸ ਟੀਮ ਨੂੰ ਵਧਾਈ ਦਿੱਤੀ ਅਤੇ ਸਮਾਗਮ ਦੀ ਸਫਲਤਾ ਦੀ ਕਾਮਨਾ ਕਰਦੇ ਹੋਏ ਸਮਾਪਤ ਕੀਤਾ।

 

 https://x.com/narendramodi/status/1990431778256154679 

https://x.com/PMOIndia/status/1990433385492226559 

https://x.com/PMOIndia/status/1990434051623178259 

https://x.com/PMOIndia/status/1990434339012943963 

https://x.com/PMOIndia/status/1990437054119858301 

https://x.com/PMOIndia/status/1990439950635200968 

https://youtu.be/Tti5QfIMsBA 

 

************

MJPS/SR

ਐੱਮਜੇਪੀਐੱਸ/ਐੱਸਆਰ


(Release ID: 2191644) Visitor Counter : 3