ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ਦੇ ਫਰੀਦਾਬਾਦ ਵਿੱਚ ਉੱਤਰੀ ਜ਼ੋਨਲ ਕੌਂਸਲ ਦੀ 32ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ
ਮੀਟਿੰਗ ਵਿੱਚ ਦਿੱਲੀ ਵਿੱਚ ਹਾਲ ਹੀ ਵਿੱਚ ਹੋਏ ਕਾਰ ਬੰਬ ਧਮਾਕੇ ਅਤੇ ਜੰਮੂ-ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ (Nowgam Police Station) ਵਿੱਚ ਹੋਏ ਧਮਾਕੇ ਵਿੱਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਅੱਤਵਾਦ ਨੂੰ ਖਤਮ ਕਰਨਾ ਸਾਡੀ ਸਾਂਝੀ ਵਚਨਬੱਧਤਾ ਹੈ
ਅਸੀਂ ਦਿੱਲੀ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਧਰਤੀ ਦੀਆਂ ਡੂੰਘਾਈਆਂ (ਪਾਤਾਲ) ‘ਚੋਂ ਵੀ ਲੱਭਾਂਗੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਯਕੀਨੀ ਦਿਲਾਵਾਂਗੇ
ਖੇਤਰੀ ਕੌਂਸਲਾਂ ਸੰਵਾਦ, ਸਹਿਯੋਗ, ਤਾਲਮੇਲ ਅਤੇ ਨੀਤੀਗਤ ਤਾਲਮੇਲ ਲਈ ਬਹੁਤ ਮਹੱਤਵਪੂਰਨ ਹਨ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਮਜ਼ਬੂਤ ਰਾਜ ਇੱਕ ਮਜ਼ਬੂਤ ਰਾਸ਼ਟਰ ਬਣਾਉਂਦੇ ਹਨ" ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਖੇਤਰੀ ਕੌਂਸਲਾਂ ਬਹੁਤ ਮਹੱਤਵਪੂਰਨ ਹਨ
ਖੇਤਰੀ ਤਾਕਤ ਨਾਲ ਰਾਸ਼ਟਰੀ ਤਰੱਕੀ ਅਤੇ ਹਰ ਖੇਤਰ ਵਿੱਚ ਭਾਰਤ ਦੀ ਗਲੋਬਲ ਲੀਡਰਸ਼ਿਪ ਸਾਡਾ ਟੀਚਾ ਹੈ
ਖੇਤਰੀ ਕੌਂਸਲ ਦੀਆਂ ਮੀਟਿੰਗਾਂ ਦੀ ਗਿਣਤੀ ਵਿੱਚ ਸਾਲ 2004-14 ਦੇ ਅਨੁਪਾਤ ਵਿੱਚ 2014-25 ਤੱਕ ਲਗਭਗ ਦੁੱਗਣਾ ਵਾਧਾ
ਹੁਣ ਤੱਕ, ਖੇਤਰੀ ਕੌਂਸਲ ਦੀਆਂ ਮੀਟਿੰਗਾਂ ਵਿੱਚ 1,600 ਮੁੱਦਿਆਂ 'ਤੇ ਚਰਚਾ ਹੋਈ, ਅਤੇ 1,303, ਯਾਨੀ 81.43%, ਮੁੱਦਿਆਂ ਦੇ ਹੱਲ ਕੀਤੇ ਗਏ ਹਨ
ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ; ਇਸ ਲਈ ਫਾਸਟ ਟ੍ਰੈਕ ਸਪੈਸ਼ਲ ਕੋਰਟਾਂ (FTSCs) ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ
ਸਹਿਕਾਰਤਾ, ਖੇਤੀਬਾੜੀ ਅਤੇ ਮੱਛੀ ਪਾਲਣ ਨਾਲ ਗ਼ਰੀਬੀ ਦੂਰ ਹੋ ਰਹੀ ਹੈ ਅਤੇ ਰੁਜ਼ਗਾਰ ਵਧ ਰਹੇ ਹਨ
Posted On:
17 NOV 2025 7:08PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ਦੇ ਫਰੀਦਾਬਾਦ ਵਿੱਚ ਉੱਤਰੀ ਖੇਤਰੀ ਕੌਂਸਲ ਦੀ 32ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ, ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸੁਖਵਿੰਦਰ ਸਿੰਘ ਸੁੱਖੂ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ, ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਸ਼੍ਰੀ ਉਮਰ ਅਬਦੁੱਲਾ, ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ, ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਸ਼੍ਰੀ ਮਨੋਜ ਸਿਨਹਾ, ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੈਨਾ ਅਤੇ ਲੱਦਾਖ ਦੇ ਉਪ ਰਾਜਪਾਲ ਸ਼੍ਰੀ ਕਵਿੰਦਰ ਗੁਪਤਾ ਸਮੇਤ ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਮੰਤਰੀ ਵੀ ਸ਼ਾਮਲ ਹੋਏ। ਮੀਟਿੰਗ ਵਿੱਚ ਕੇਂਦਰੀ ਗ੍ਰਹਿ ਸਕੱਤਰ, ਅੰਤਰ-ਰਾਜੀ ਪ੍ਰੀਸ਼ਦ ਸਕੱਤਰੇਤ ਦੇ ਸਕੱਤਰ, ਮੈਂਬਰ ਰਾਜਾਂ ਦੇ ਮੁੱਖ ਸਕੱਤਰ/ਸਲਾਹਕਾਰ, ਅਤੇ ਰਾਜ ਸਰਕਾਰਾਂ ਅਤੇ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਮੀਟਿੰਗ ਦੀ ਸ਼ੁਰੂਆਤ ਵਿੱਚ, ਦਿੱਲੀ ਵਿਖੇ ਹਾਲ ਹੀ ਵਿੱਚ ਹੋਏ ਕਾਰ ਬੰਬ ਧਮਾਕੇ ਅਤੇ ਜੰਮੂ-ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ ਵਿੱਚ ਹੋਏ ਧਮਾਕੇ ਵਿੱਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਅੱਤਵਾਦ ਨੂੰ ਜੜ੍ਹ ਤੋਂ ਖਤਮ ਕਰਨਾ ਸਾਡੀ ਸਾਂਝੀ ਵਚਨਬੱਧਤਾ ਹੈ। ਉਨ੍ਹਾਂ ਕਿਹਾ ਕਿ, ਮੋਦੀ ਸਰਕਾਰ ਦੇ ਹੁਣ ਤੱਕ ਦੇ ਟ੍ਰੈਕ ਰਿਕਾਰਡ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਦਿੱਲੀ ਬੰਬ ਧਮਾਕਿਆਂ ਦੇ ਦੋਸ਼ੀਆਂ ਨੂੰ, ਧਰਤੀ ਦੀਆਂ ਡੂੰਘਾਈਆਂ ‘ਚੋਂ ਵੀ, ਲੱਭਾਂਗੇ ਅਤੇ ਉਨ੍ਹਾਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ਦੇ ਸਾਹਮਣੇ ਖੜ੍ਹਾ ਕਰਾਂਗੇ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਲਾਵਾਂਗੇ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਦ੍ਰਿਸ਼ਟੀਕੋਣ ਇਹ ਹੈ ਕਿ ਮਜ਼ਬੂਤ ਰਾਜ ਹੀ ਇੱਕ ਮਜ਼ਬੂਤ ਰਾਸ਼ਟਰ ਦੀ ਸਿਰਜਣਾ ਕਰਦੇ ਹਨ, ਇਸ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ ਵਿੱਚ ਖੇਤਰੀ ਕੌਂਸਲਾਂ ਬਹੁਤ ਮਹੱਤਵਪੂਰਨ ਹਨ। ਖੇਤਰੀ ਕੌਂਸਲਾਂ ਸੰਵਾਦ, ਸਹਿਯੋਗ, ਤਾਲਮੇਲ ਅਤੇ ‘ਪੌਲਿਸੀ ਸਿਨਰਜੀ’ ਲਈ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਕੌਂਸਲਾਂ ਰਾਹੀਂ, ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਲੇ ਵੀ ਮਹਿਲਾਵਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਦੇ ਮਾਮਲਿਆਂ ਵਿੱਚ ਜਲਦੀ ਸਜ਼ਾ ਦੇਣ ਵਿੱਚ ਦੇਰੀ, ਕੁਪੋਸ਼ਣ ਅਤੇ ਸਟੰਟਿੰਗ ਜਿਹੀਆਂ ਕਈ ਸਮੱਸਿਆਵਾਂ ਹਨ, ਜਿਸ ਤੋਂ ਦੇਸ਼ ਨੂੰ ਮੁਕਤ ਕਰਨ ਦੀ ਜ਼ਰੂਰਤ ਹੈ। ਸ਼੍ਰੀ ਸ਼ਾਹ ਨੇ ਮਹਿਲਾਵਾਂ ਅਤੇ ਬੱਚਿਆਂ ਵਿਰੁੱਧ ਪੋਕਸੋ ਐਕਟ ਦੇ ਤਹਿਤ ਜਿਨਸੀ ਅਪਰਾਧ ਅਤੇ ਬਲਾਤਕਾਰ ਦੇ ਮਾਮਲਿਆਂ ਦੀ ਤੁਰੰਤ ਜਾਂਚ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਕੋਈ ਵੀ ਸੱਭਿਅਕ ਸਮਾਜ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ, ਅਤੇ ਫਾਸਟ ਟ੍ਰੈਕ ਸਪੈਸ਼ਲ ਅਦਾਲਤਾਂ (FTSCs) ਦੀ ਗਿਣਤੀ ਵਧਾਈ ਜਾਵੇ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਹਿਕਾਰਤਾ, ਖੇਤੀਬਾੜੀ ਅਤੇ ਮੱਛੀ ਪਾਲਣ ਗ਼ਰੀਬੀ ਨੂੰ ਦੂਰ ਕਰਨ ਅਤੇ ਰੁਜ਼ਗਾਰ ਪ੍ਰਦਾਨ ਕਰਨ ਲਈ ਮਹੱਤਵਪੂਰਨ ਜ਼ਰੀਆ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਸਹਿਕਾਰਤਾ, ਖੇਤੀਬਾੜੀ ਅਤੇ ਮੱਛੀ ਪਾਲਣ ਨਾਲ ਗ਼ਰੀਬੀ ਦੂਰ ਹੋ ਰਹੀ ਹੈ ਅਤੇ ਰੁਜ਼ਗਾਰ ਵਧ ਰਹੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ "ਸਹਿਕਾਰ ਸੇ ਸਮ੍ਰਿੱਧੀ" ਦੇ ਮੰਤਰ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਸ਼ਾਹ ਨੇ ਕਿਹਾ ਕਿ ਸਹਿਕਾਰਤਾ ਖੇਤਰ ਵਿੱਚ ਰੁਜ਼ਗਾਰ ਦੀ ਅਥਾਹ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਨਾਲ-ਨਾਲ ਰੁਜ਼ਗਾਰ, ਖਾਸ ਕਰਕੇ ਸਵੈ-ਰੁਜ਼ਗਾਰ ਵਿੱਚ ਵਾਧੇ ਨਾਲ ਹੀ ਅਸੀਂ ਇੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੀਡੀਪੀ ਸਿਰਫ਼ ਦੇਸ਼ ਦੀ ਖੁਸ਼ਹਾਲੀ ਨੂੰ ਨਹੀਂ ਦਰਸਾਉਂਦੀ; ਸਗੋਂ ਖੁਸ਼ਹਾਲੀ ਉਦੋਂ ਹੀ ਮੰਨੀ ਜਾਂਦੀ ਹੈ ਜਦੋਂ ਹਰ ਵਿਅਕਤੀ ਗ਼ਰੀਬੀ ਰੇਖਾ ਤੋਂ ਉੱਪਰ ਉੱਠਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਸਹਿਕਾਰਤਾ ਮੰਤਰਾਲੇ ਨੇ ਦੇਸ਼ ਭਰ ਵਿੱਚ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਲਈ 57 ਪਹਿਲਕਦਮੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਜ਼ (ਪੀਏਸੀਐਸ) ਦਾ ਕੰਪਿਊਟਰੀਕਰਣ, ਤਿੰਨ ਨਵੀਆਂ ਰਾਸ਼ਟਰੀ ਸਹਿਕਾਰੀ ਸੋਸਾਇਟੀਜ਼ ਦੀ ਸਥਾਪਨਾ ਅਤੇ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਦੀ ਸਥਾਪਨਾ ਸ਼ਾਮਲ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਖੇਤਰੀ ਕੌਂਸਲਾਂ ਦੀ ਮੂਲ ਭਾਵਨਾ ਅਤੇ ਭੂਮਿਕਾ ਸਲਾਹਕਾਰੀ ਹੈ, ਪਰ ਪਿਛਲੇ ਦਹਾਕੇ ਦੌਰਾਨ ਇਸ ਨੂੰ ਇੱਕ ਕਾਰਜ-ਮੁਖੀ ਪਲੈਟਫਾਰਮ ਦੇ ਰੂਪ ਵਿੱਚ ਸਵੀਕਾਰਿਆ ਗਿਆ ਹੈ ਅਤੇ ਇਸ ਦੇ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਰਾਜਾਂ ਦਰਮਿਆਨ, ਖੇਤਰਾਂ ਅਤੇ ਰਾਜਾਂ ਵਿਚਕਾਰ, ਅਤੇ ਕੇਂਦਰ ਅਤੇ ਰਾਜ ਸਰਕਾਰਾਂ ਨਾਲ ਫਾਲੋ-ਅੱਪ ਰਾਹੀਂ ਅਸੀਂ ਮੁੱਦਿਆਂ ਨੂੰ ਸਵੀਕਾਰ ਵੀ ਕੀਤਾ ਹੈ ਅਤੇ ਉਨ੍ਹਾਂ ਨੂੰ ਸਮਾਧਾਨ ਪ੍ਰਾਪਤ ਕਰਨ ਲਈ ਠੋਸ ਰਸਤਾ ਵੀ ਬਣਾਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡਾ ਟੀਚਾ ਸਪਸ਼ਟ ਹੈ: ਖੇਤਰੀ ਤਾਕਤ ਦੇ ਨਾਲ ਰਾਸ਼ਟਰੀ ਤਰੱਕੀ ਅਤੇ ਹਰ ਖੇਤਰ ਵਿੱਚ ਭਾਰਤ ਦੀ ਗਲੋਬਲ ਲੀਡਰਸ਼ਿਪ, ਜੋ ਸਾਨੂੰ ਇੱਕ ਮਹਾਨ ਭਾਰਤ ਦੇ ਨਿਰਮਾਣ ਵੱਲ ਲੈ ਜਾਂਦੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਸਾਰੇ ਰਾਜ ਜਲ ਸਰੋਤਾਂ ਦੇ ਪ੍ਰਬੰਧਨ ਅਤੇ ਪਾਣੀ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 2004 ਤੋਂ 2014 ਦੇ ਅਨੁਪਾਤ ਵਿੱਚ 2014 ਤੋਂ 2025 ਤੱਕ ਖੇਤਰੀ ਕੌਂਸਲਾਂ ਦੀਆਂ ਮੀਟਿੰਗਾਂ ਦੀ ਗਿਣਤੀ ਲਗਭਗ ਢਾਈ ਗੁਣਾ ਵਧੀ ਹੈ, ਅਤੇ ਅਸੀਂ ਇਨ੍ਹਾਂ ਮੀਟਿੰਗਾਂ ਨੂੰ ਸਾਰਥਕ ਵੀ ਬਣਾਇਆ ਹੈ। ਉਨ੍ਹਾਂ ਕਿਹਾ ਕਿ 2004 ਤੋਂ 2014 ਦੇ ਵਿਚਕਾਰ ਖੇਤਰੀ ਕੌਂਸਲ ਅਤੇ ਸਥਾਈ ਕਮੇਟੀ ਦੀਆਂ ਕੁੱਲ 25 ਮੀਟਿੰਗਾਂ ਹੋਈਆਂ ਸਨ, ਜਦਕਿ 2014 ਤੋਂ 2025 ਦੌਰਾਨ ਹੁਣ ਤੱਕ 64 ਮੀਟਿੰਗਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਮੀਟਿੰਗਾਂ ਦੀ ਗਿਣਤੀ ਦੁੱਗਣੀ ਤੋਂ ਵੱਧ ਹੋਣ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਟੀਮ ਭਾਰਤ (TEAM Bharat) ਦੀ ਧਾਰਨਾ ਨੂੰ ਦਰਸਾਉਂਦੀ ਹੈ। ਇਨ੍ਹਾਂ ਮੀਟਿੰਗਾਂ ਵਿੱਚ 1,600 ਮੁੱਦਿਆਂ 'ਤੇ ਚਰਚਾ ਹੋਈ, ਅਤੇ ਉਨ੍ਹਾਂ ਵਿੱਚੋਂ 1,303 ਮਾਮਲਿਆਂ (81.43%) ਦਾ ਹੱਲ ਹੋਇਆ। ਇਹ ਸਾਰੀਆਂ ਰਾਜ ਸਰਕਾਰਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਹਿਯੋਗ ਨਾਲ ਹੋ ਸਕਿਆ ਹੈ ਅਤੇ ਅੰਤਰ-ਰਾਜੀ ਪ੍ਰੀਸ਼ਦ ਸਕੱਤਰੇਤ ਇਸ ਵਿੱਚ ਸਰਗਰਮ ਭੂਮਿਕਾ ਨਿਭਾ ਰਹੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਸਾਲ ਵੰਦੇ ਮਾਤਰਮ ਦੀ ਰਚਨਾ ਦੀ 150ਵੀਂ ਵਰ੍ਹੇਗੰਢ ਹੈ। ਇੱਕ ਜ਼ਮਾਨੇ ਵਿੱਚ ਬੰਕਿਮ ਚੰਦ੍ਰ ਚੈਟਰਜੀ ਦੀ ਮਹਾਨ ਰਚਨਾ, ਵੰਦੇ ਮਾਤਰਮ, ਸਾਡੇ ਦੇਸ਼ ਦੀ ਆਜ਼ਾਦੀ ਦਾ ਨਾਅਰਾ ਬਣੀ ਸੀ। ਅੱਜ, ਭਾਰਤ ਸਰਕਾਰ ਅਤੇ ਸਾਰੇ ਰਾਜ ਮਿਲ ਕੇ ਇੱਕ ਵਾਰ ਫਿਰ ਇਸ ਨੂੰ ਇੱਕ ਮਹਾਨ ਭਾਰਤ ਦੀ ਸਿਰਜਣਾ ਦਾ ਨਾਅਰਾ ਬਣਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦੀਆਂ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਦਾ ਇੱਕ ਯਤਨ ਹੈ। ਸ਼੍ਰੀ ਸ਼ਾਹ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੰਦੇ ਮਾਤਰਮ ਗੀਤ ਰਾਹੀਂ ਦੇਸ਼ ਦੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਮੁੜ ਤੋਂ ਜਗਾਉਣ ਦਾ ਸੱਦਾ ਦਿੱਤਾ।
ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂਕਰਨ ਦਾ ਜ਼ਿਕਰ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਨ੍ਹਾਂ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਨਾਲ ਕਾਫੀ ਸਕਾਰਾਤਮਕ ਨਤੀਜੇ ਮਿਲੇ ਹਨ। ਨਵੇਂ ਕਾਨੂੰਨਾਂ ਦੇ ਤਹਿਤ ਦੋਸ਼-ਸਿੱਧੀ ਦੀ ਦਰ ਵਿੱਚ ਲਗਭਗ 25 ਤੋਂ 40 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਦੋਸ਼ੀਆਂ ਨੂੰ ਸਮੇਂ ਸਿਰ ਸਜ਼ਾ ਵੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਪ੍ਰਭਾਸ਼ਾਲੀ ਅਮਲ ਲਈ ਰਾਜ ਸਰਕਾਰਾਂ ਨੂੰ ਹੋਰ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਾਲ ਹੀ, ਗ੍ਰਹਿ ਮੰਤਰੀ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਜਾਂਚ ਅਤੇ ਫੌਰੈਂਸਿਕ ਐਨਾਲਿਸਿਸ ਤੋਂ ਲੈ ਕੇ ਕੋਰਟਾਂ ਨੂੰ ਔਨਲਾਈਨ ਜੋੜਨ ਤੱਕ ਤਕਨੀਕ ਨੂੰ ਅਪਗ੍ਰੇਡ ਕਰਨ ਦੀ ਅਪੀਲ ਕੀਤੀ।

ਸ਼੍ਰੀ ਅਮਿਤ ਸ਼ਾਹ ਨੇ ਮਿਲਟਸ ਨੂੰ ਉਤਸ਼ਾਹਿਤ ਕਰਨ ਲਈ ਅਭਿਆਨ ਵਿੱਚ ਰਾਜਸਥਾਨ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਰੇ ਰਾਜਾਂ ਨੂੰ ਮਿਲਟਸ ਦੇ ਉਤਪਾਦਨ ਅਤੇ ਵਰਤੋਂ ਨੂੰ ਵਧਾਉਣਾ ਚਾਹੀਦਾ ਹੈ। ਉਨ੍ਹਾਂ ਨੇ ਰਾਜ ਸਰਕਾਰਾਂ ਤੋਂ ਮਿਲਟਸ ਨੂੰ ਗ਼ਰੀਬਾਂ ਨੂੰ ਹਰ ਮਹੀਨੇ 5 ਕਿਲੋ ਮੁਫ਼ਤ ਅਨਾਜ ਦਿੱਤੇ ਜਾਣ ਦੀ ਯੋਜਨਾ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਨਾਲ ਮਿਲਟਸ ਦਾ ਉਤਪਾਦਨ ਵਧੇਗਾ, ਨਾਲ ਹੀ ਨਵੀਂ ਪੀੜ੍ਹੀ ਨੂੰ ਮਿਲਟਸ ਖਾਣ ਦੀ ਆਦਤ ਪਵੇਗੀ ਅਤੇ ਲੋਕਾਂ ਦੀ ਸਿਹਤ ਵੀ ਵਧੀਆ ਰਹੇਗੀ।
ਅੱਜ ਦੀ ਮੀਟਿੰਗ ਵਿੱਚ ਮੈਂਬਰ ਦੇਸ਼ਾਂ ਦੇ ਨਾਲ-ਨਾਲ ਦੇਸ਼ ਦੇ ਕਈ ਮਹੱਤਵਪੂਰਨ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ, ਜਿਸ ਵਿੱਚ ਮਹਿਲਾਵਾਂ ਅਤੇ ਬੱਚਿਆਂ ਵਿਰੁੱਧ ਬਲਾਤਕਾਰ ਦੇ ਮਾਮਲਿਆਂ ਦੀ ਤੇਜ਼ ਜਾਂਚ ਅਤੇ ਇਸ ਦੇ ਤੇਜ਼ੀ ਨਾਲ ਨਿਪਟਾਰੇ ਲਈ ਫਾਸਟ ਟ੍ਰੈਕ ਸਪੈਸ਼ਲ ਅਦਾਲਤਾਂ (FTSC) ਨੂੰ ਲਾਗੂ ਕਰਨਾ, ਹਰੇਕ ਪਿੰਡ ਦੇ ਨਿਰਧਾਰਿਤ ਦਾਇਰੇ ਵਿੱਚ ਬ੍ਰਿਕ-ਐਂਡ-ਮੋਰਟਾਰ ਬੈਂਕਿੰਗ ਦੀ ਉਪਲਬਧਤਾ, ਪਾਣੀ ਦੀ ਵੰਡ, ਵਾਤਾਵਰਣ, ਉੱਚ ਸਿੱਖਿਆ ਆਦਿ ਨਾਲ ਸਬੰਧਿਤ ਮੁੱਦੇ, ਐਮਰਜੈਂਸੀ ਸਹਾਇਤਾ ਪ੍ਰਣਾਲੀ (ERSS-112) ਅਤੇ ਖੇਤਰੀ ਪੱਧਰ 'ਤੇ ਸਾਂਝੇ ਹਿਤ ਦੇ ਹੋਰ ਮੁੱਦੇ ਸ਼ਾਮਲ ਸਨ।
ਇਨ੍ਹਾਂ ਤੋਂ ਇਲਾਵਾ, ਰਾਸ਼ਟਰੀ ਮਹੱਤਵ ਦੇ 6 ਮੁੱਦੇ ਵੀ ਏਜੰਡੇ ਵਿੱਚ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚ - ਸ਼ਹਿਰੀ ਮਾਸਟਰ ਪਲਾਨਿੰਗ, ਬਿਜਲੀ ਸਪਲਾਈ ਪ੍ਰਣਾਲੀ, ਪ੍ਰਾਇਮਰੀ ਖੇਤੀਬਾੜੀ ਕ੍ਰੈਡਿਟ ਸੋਸਾਇਟੀਆਂ (PACS) ਨੂੰ ਮਜ਼ਬੂਤ ਕਰਨਾ, 'ਪੋਸ਼ਣ ਅਭਿਆਨ' ਰਾਹੀਂ ਬੱਚਿਆਂ ਵਿੱਚੋਂ ਕੁਪੋਸ਼ਣ ਨੂੰ ਖਤਮ ਕਰਨਾ, ਸਕੂਲ ਛੱਡਣ ਦੀ ਦਰ ਨੂੰ ਘਟਾਉਣਾ, ਅਤੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਵਿੱਚ ਸਰਕਾਰੀ ਹਸਪਤਾਲਾਂ ਦੀ ਭਾਗੀਦਾਰੀ ਸ਼ਾਮਲ ਹਨ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸੂਰਜਕੁੰਡ ਦੀ ਜੀਵੰਤ ਧਰਤੀ ਨਾ ਸਿਰਫ਼ ਇਤਿਹਾਸਕ ਹੈ, ਸਗੋਂ ਇਸ ਦੀ ਸਮ੍ਰਿੱਧ ਸੱਭਿਆਚਾਰਕ ਅਤੇ ਕਲਾਤਮਕ ਵਿਰਾਸਤ ਅਤੇ ਆਰਥਿਕ ਚੇਤਨਾ ਦਾ ਜੀਉਂਦਾ ਜਾਗਦਾ ਪ੍ਰਮਾਣ ਵੀ ਹੈ। ਸੂਰਜਕੁੰਡ ਦੀ ਧਰਤੀ ਅਤੇ ਭਗਵਾਨ ਸੂਰਯ ਨਾਰਾਇਣ ਦੇ ਭਾਗੀਰਥ ਕਾਰਜ ਦੀ ਉਦਾਹਰਣ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ। ਇੱਥੇ ਹੀ ਸਭ ਤੋਂ ਪਹਿਲਾਂ ਸ਼੍ਰੀਮਦ ਭਗਵਦ ਗੀਤਾ ਨੂੰ ਖੁਦ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆਪਣੇ ਸ਼੍ਰੀਮੁਖ ਤੋਂ ਕਿਹਾ ਸੀ, ਸਿੰਧੂ ਘਾਟੀ ਦੀ ਪ੍ਰਾਚੀਨ ਸੱਭਿਅਤਾ ਦੇ ਸਬੂਤ ਵੀ ਇੱਥੋਂ ਹੀ ਮਿਲੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਮਹਾਨ ਸਿੱਖ ਗੁਰੂਆਂ ਦੀ ਧਰਤੀ ਹੈ ਜਿਨ੍ਹਾਂ ਦਾ ਨਾ ਸਿਰਫ਼ ਦੇਸ਼ ਦੀ ਅਧਿਆਤਮਿਕ ਚੇਤਨਾ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਰਿਹਾ ਹੈ, ਸਗੋਂ ਦੇਸ਼ ਦੇ ਸਨਮਾਨ ਅਤੇ ਆਜ਼ਾਦੀ ਲਈ ਵੀ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਅੱਜ, ਸਾਡਾ ਦੇਸ਼ ਆਪਣੀਆਂ ਮੂਲ ਪਰੰਪਰਾਵਾਂ ਦੇ ਅਧਾਰ 'ਤੇ ਚੱਲ ਰਿਹਾ ਹੈ, ਪਰ ਜੇਕਰ ਗੁਰੂ ਤੇਗ ਬਹਾਦਰ ਜੀ ਨਾ ਹੁੰਦੇ, ਤਾਂ ਦੇਸ਼ ਅੱਜ ਆਪਣੀਆਂ ਮੂਲ ਪਰੰਪਰਾਵਾਂ ਦੇ ਅਧਾਰ 'ਤੇ ਚੱਲ ਨਹੀਂ ਰਿਹਾ ਹੁੰਦਾ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਬਲੀਦਾਨ ਅਤੇ ਦਸਵੇਂ ਗੁਰੂ ਜੀ ਦੇ ਪੂਰਨ ਬਲੀਦਾਨ ਨੇ ਰਾਸ਼ਟਰ ਨੂੰ ਵੱਡੀ ਤਾਕਤ ਪ੍ਰਦਾਨ ਕੀਤੀ ਅਤੇ ਸੰਘਰਸ਼ ਦਾ ਰਸਤਾ ਦਿਖਾਇਆ।
****
ਆਰਕੇ/ਪੀਆਰ/ਪਾਐੱਸ/ਏਕੇ
(Release ID: 2191049)
Visitor Counter : 5