ਕਿਰਤ ਤੇ ਰੋਜ਼ਗਾਰ ਮੰਤਰਾਲਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਆਰਥਿਕ ਪ੍ਰਗਤੀ ਨੂੰ ਸਮਾਜਿਕ ਵਿਕਾਸ ਦੇ ਨਾਲ ਜੋੜ ਰਿਹਾ ਹੈ –ਡਾ. ਮਾਂਡਵੀਆ
ਭਾਰਤ ਨੇ ਸਾਬਤ ਕਰ ਦਿੱਤਾ ਹੈ ਕਿ ਕੋਈ ਵੀ ਦੇਸ਼ ਡਿਜੀਟਲ ਇਨੋਵੇਸ਼ਨ ਨੂੰ ਵਿੱਤੀ ਸਮਾਵੇਸ਼ ਦੇ ਨਾਲ ਜੋੜ ਕੇ ਲੱਖਾਂ ਲੋਕਾਂ ਨੂੰ ਸਸ਼ਕਤ ਬਣਾ ਸਕਦਾ ਹੈ- ਡਾ. ਮਨਸੁਖ ਮਾਂਡਵੀਆ
ਕੇਂਦਰੀ ਕਿਰਤ ਮੰਤਰੀ ਨੇ ਕਿਹਾ ਕਿ ਭਾਰਤ ਦੇ ਡਿਜੀਟਲ ਇਨਫ੍ਰਾਸਟ੍ਰਕਚਰ ਨੇ 1 ਅਰਬ 40 ਲੱਖ ਤੋਂ ਵੱਧ ਲੋਕਾਂ ਤੱਕ ਭਲਾਈ ਲਾਭਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਹੈ
ਡਾ. ਮਨਸੁਖ ਮਾਂਡਵੀਆ ਨੇ ਕਤਰ ਦੇ ਦੋਹਾ ਵਿੱਚ ਸਮਾਜਿਕ ਵਿਕਾਸ ਲਈ ਦੂਜੇ ਵਰਲਡ ਸਮਿਟ ਦੇ ਪਹਿਲੇ ਦਿਨ ਉੱਚ-ਪੱਧਰੀ ਰਾਉਂਡ ਟੇਬਲ ਨੂੰ ਸੰਬੋਧਨ ਕੀਤਾ
ਭਾਰਤ ਨੇ ਦੋਹਾ ਵਿੱਚ ਮੌਰੀਸ਼ਸ ਅਤੇ ਯੂਐੱਨਈਐੱਸਸੀਏਪੀ ਦੇ ਨਾਲ ਦੁਵੱਲੀਆਂ ਬੈਠਕਾਂ ਰਾਹੀਂ ਆਲਮੀ ਸਾਂਝੇਦਾਰੀ ਨੂੰ ਮਜ਼ਬੂਤ ਕੀਤਾ
प्रविष्टि तिथि:
04 NOV 2025 6:59PM by PIB Chandigarh
ਕੇਂਦਰੀ ਕਿਰਤ ਅਤੇ ਰੁਜ਼ਗਾਰ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਦੋਹਾ, ਕਤਰ ਵਿੱਚ ਸਮਾਜਿਕ ਵਿਕਾਸ ਲਈ ਦੂਜੇ ਵਰਲਡ ਸਮਿਟ ਦੇ ਪਲੇਨਰੀ ਸੈਸ਼ਨ ਵਿੱਚ ਵੱਖ-ਵੱਖ ਦੇਸ਼ਾਂ ਦੇ 180 ਤੋਂ ਵੱਧ ਪਤਵੰਤਿਆਂ ਨਾਲ ਸ਼ਾਮਲ ਹੋਏ। ਇਸ ਦੌਰਾਨ ਕਿਰਤ ਸਹਿਯੋਗ ਨੂੰ ਵਧਾਉਣ, ਸਮਾਜਿਕ ਸੁਰੱਖਿਆ ਸੰਵਾਦਾਂ ਨੂੰ ਅੱਗੇ ਵਧਾਉਣ ਅਤੇ ਭਾਰਤ ਦੀ ਡਿਜੀਟਲ ਅਤੇ ਮਨੁੱਖ ਪੂੰਜੀ ਉਪਲਬਧੀਆਂ ਨੂੰ ਆਲਮੀ ਪੱਧਰ ‘ਤੇ ਸਥਾਪਿਤ ਕਰਨ ਦੇ ਉਦੇਸ਼ ਨਾਲ ਮਹੱਤਵਪੂਰਨ ਦੁਵੱਲੀ ਅਤੇ ਬਹੁ-ਪੱਖੀ ਗੱਲਬਾਤ ਵੀ ਹੋਈ।

“ਸਮਾਜਿਕ ਵਿਕਾਸ ਦੇ ਤਿੰਨ ਥੰਮ੍ਹਾਂ –ਗ਼ਰੀਬੀ ਦਾ ਖ਼ਾਤਮਾ, ਪੂਰਨ ਅਤੇ ਉਤਪਾਦਕ ਰੁਜ਼ਗਾਰ ਅਤੇ ਸਾਰਿਆਂ ਲਈ ਉਚਿਤ ਕੰਮ, ਅਤੇ ਸਮਾਜਿਕ ਸਮਾਵੇਸ਼’ ਨੂੰ ਮਜ਼ਬੂਤ ਕਰਨ ਬਾਰੇ ਆਯੋਜਿਤ ਉੱਚ-ਪੱਧਰੀ ਰਾਉਂਡ ਟੇਬਲ ਵਿੱਚ ਕੇਂਦਰੀ ਕਿਰਤ ਮੰਤਰੀ ਨੇ ਕਿਹਾ ਕਿ ਭਾਰਤ ਦਾ ਮਾਡਲ ਉੱਚ ਵਿਕਾਸ ਨੂੰ ਉੱਚ ਸਮਾਵੇਸ਼ਨ ਨਾਲ ਏਕੀਕ੍ਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ‘ਭਾਰਤ ਨੇ ਇਹ ਪ੍ਰਦਰਸ਼ਿਤ ਕੀਤਾ ਹੈ ਕਿ ਕੋਈ ਵੀ ਦੇਸ਼ ਡਿਜੀਟਲ ਇਨੋਵੇਸ਼ਨ ਨੂੰ ਵਿੱਤੀ ਸਮਾਵੇਸ਼ ਦੇ ਨਾਲ ਜੋੜ ਕੇ ਅਤੇ ਇਹ ਯਕੀਨੀ ਬਣਾ ਕੇ ਕਿ ਆਰਥਿਕ ਵਿਕਾਸ ਸਮਾਜਿਕ ਸਮਾਵੇਸ਼ ਵੱਲ ਲੈ ਜਾਵੇ, ਲੱਖਾਂ ਲੋਕਾਂ ਨੂੰ ਸਸ਼ਕਤ ਬਣਾ ਸਕਦਾ ਹੈ।’

ਡਾ. ਮਨਸੁਖ ਮਾਂਡਵੀਆ ਨੇ ਸਮਾਜਿਕ ਵਿਕਾਸ ਦੇ ਤਿੰਨੋਂ ਥੰਮ੍ਹਾਂ ‘ਤੇ ਭਾਰਤ ਸਰਕਾਰ ਦੁਆਰਾ ਕੀਤੀਆਂ ਗਈਆਂ ਨਿਰਣਾਇਕ ਕਾਰਵਾਈਆਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ 2016-17 ਅਤੇ 2023-24 ਦੇ ਦਰਮਿਆਨ 17 ਕਰੋੜ ਤੋਂ ਵੱਧ ਨਵੇਂ ਰੁਜ਼ਗਾਰ ਸਿਰਜੇ ਗਏ, ਮਹਿਲਾਵਾਂ ਦੀ ਰੁਜ਼ਗਾਰ ਵਿੱਚ ਭਾਗੀਦਾਰੀ ਦੁੱਗਣੀ ਹੋਈ ਅਤੇ ਬੇਰੁਜ਼ਗਾਰੀ 6 ਫੀਸਦੀ ਤੋਂ ਘਟ ਕੇ 3.2 ਫੀਸਦੀ ਹੋ ਗਈ। ਉਨ੍ਹਾਂ ਕਿਹਾ ਕਿ ਕਿਰਤ ਕਾਨੂੰਨਾਂ ਨੂੰ ਚਾਰ ਸਰਲ ਕਿਰਤ ਕੋਡਸ (ਲੇਬਰ ਕੋਡਸ) ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਭਾਰਤ ਯੂਨੀਵਰਸ ਪੈਨਸ਼ਨ ਕਵਰੇਜ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਭਾਰਤ ਦੇ ਡਿਜੀਟਲ ਇਨਫ੍ਰਾਸਟ੍ਰਕਚਰ ਨੇ 1 ਅਰਬ 40 ਲੱਖ ਤੋਂ ਵੱਧ ਲੋਕਾਂ ਨੂੰ ਭਲਾਈ ਲਾਭਾਂ ਦੀ ਨਿਰਵਿਘਨ ਵੰਡ ਯਕੀਨੀ ਬਣਾਈ ਹੈ।’
ਡਾ. ਮਾਂਡਵੀਆ ਨੇ ਕਿਹਾ ਕਿ ‘ਇਨ੍ਹਾਂ ਯਤਨਾਂ ਦੇ ਸਿੱਟੇ ਵਜੋਂ ਭਾਰਤ ਦੀ ਸਮਾਜਿਕ ਸੁਰੱਖਿਆ ਕਵਰੇਜ 2015 ਵਿੱਚ 19 ਫੀਸਦੀ ਤੋਂ ਵਧ ਕੇ 2025 ਵਿੱਚ 64.3 ਫੀਸਦੀ ਹੋ ਗਈ ਹੈ। ਇਸੇ ਨੂੰ ਸਵੀਕਾਰਦੇ ਹੋਏ ਅੰਤਰਰਾਸ਼ਟਰੀ ਸਮਾਜਿਕ ਸੁਰੱਖਿਆ ਸੰਘ ਨੇ ਇਸ ਵਰ੍ਹੇ ਭਾਰਤ ਨੂੰ ਸਮਾਜਿਕ ਸੁਰੱਖਿਆ ਵਿੱਚ ਸ਼ਾਨਦਾਰ ਉਪਲਬਧੀ ਦੇ ਲਈ ਪੁਰਸਕਾਰ ਪ੍ਰਦਾਨ ਕੀਤਾ ਹੈ।’ ਉਨ੍ਹਾਂ ਕਿਹਾ ਕਿ ‘ਭਾਰਤ ਨੇ ਦਿਖਾਇਆ ਹੈ ਕਿ ਤੇਜ਼ ਅਤੇ ਸਮਾਵੇਸ਼ੀ ਵਿਕਾਸ ਸਮਾਜਿਕ ਪਰਿਵਰਤਨ ਨੂੰ ਰਫ਼ਤਾਰ ਦਿੰਦਾ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਸਰਕਾਰ ਇਸ ਵਿਰਾਸਤ ਨੂੰ ਜਾਰੀ ਰੱਖ ਰਹੀ ਹੈ ਅਤੇ ਆਰਥਿਕ ਵਿਕਾਸ ਨੂੰ ਸਮਾਜਿਕ ਵਿਕਾਸ ਨਾਲ ਜੋੜ ਰਹੀ ਹੈ।’
ਡਾ. ਮਾਂਡਵੀਆ ਨੇ ਮੌਰੀਸ਼ਸ ਦੇ ਕਿਰਤ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਹੁਨਰ ਵਿਕਾਸ, ਕਿਰਤ ਗਤੀਸ਼ੀਲਤਾ, ਡਿਜੀਟਲ ਕਿਰਤ ਮੰਚ ਅਤੇ ਸਮਾਜਿਕ ਸੁਰੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ 'ਤੇ ਵਿਆਪਕ ਚਰਚਾ ਕੀਤੀ। ਭਾਰਤ ਨੇ ਮੌਰੀਸ਼ਸ ਦੇ ਨਾਲ ਆਪਣੇ ਵਿਸ਼ੇਸ਼ ਇਤਿਹਾਸਿਕ ਸਬੰਧਾਂ ਨੂੰ ਉਜਾਗਰ ਕੀਤਾ ਅਤੇ ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ (TVET) ਵਿੱਚ ਸਮਰੱਥਾ ਨਿਰਮਾਣ ਵਿੱਚ ਸਹਿਯੋਗ ਦੇਣ ਦੀ ਆਪਣੀ ਇੱਛਾ ਪ੍ਰਗਟ ਕੀਤੀ। ਡਾ. ਮਾਂਡਵੀਆ ਨੇ ਕਿਰਤ ਵਾਤਾਵਰਣ ਪ੍ਰਣਾਲੀ ਵਿੱਚ ਡਿਜੀਟਲ ਜਨਤਕ ਵਸਤੂਆਂ ਦੇ ਨਿਰਮਾਣ ਵਿੱਚ ਭਾਰਤ ਦੀ ਸਫਲਤਾ ਬਾਰੇ ਦੱਸਿਆ।
ਇਸ ਵਿੱਚ ਨੈਸ਼ਨਲ ਕਰੀਅਰ ਸਰਵਿਸ (NCS) ਪੋਰਟਲ ਅਤੇ ਈ-ਸ਼੍ਰਮ (e-SHRAM) ਡੇਟਾਬੇਸ ਸ਼ਾਮਲ ਹਨ- ਅਸੰਗਠਿਤ ਕਾਮਿਆਂ ਦੀ ਦੁਨੀਆ ਦੀ ਸਭ ਤੋਂ ਵੱਡੀ ਆਧਾਰ-ਪ੍ਰਮਾਣਿਤ ਰਜਿਸਟਰੀ ਹੈ। ਕੇਂਦਰੀ ਮੰਤਰੀ ਨੇ ਮੌਰੀਸ਼ਸ ਨੂੰ ਪ੍ਰਤਿਭਾ ਖੋਜ ਅਤੇ ਸਹਿਯੋਗ ਲਈ ਇਨ੍ਹਾਂ ਪਲੈਟਫਾਰਮਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਮੀਟਿੰਗ ਦੇ ਦੌਰਾਨ ਸਮਾਜਿਕ ਸੁਰੱਖਿਆ ਕਵਰੇਜ ਨੂੰ 2015 ਦੇ 19 ਫੀਸਦੀ ਤੋਂ ਵਧਾ ਕੇ 2025 ਵਿੱਚ 64.3 ਫੀਸਦੀ ਤੱਕ ਕਰਨ ਦੀ ਭਾਰਤ ਦੀ ਉਪਲਬਧੀ ਦੀ ਵੀ ਸ਼ਲਾਘਾ ਕੀਤੀ ਗਈ।

ਡਾ. ਮਾਂਡਵੀਆ ਨੇ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੇ ਲਈ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਕਮਿਸ਼ਨ (UNESCAP) ਦੀ ਕਾਰਜਕਾਰੀ ਸਕੱਤਰ ਸ਼੍ਰੀਮਤੀ ਅਰਮਿਦਾ ਸਲਸੀਆ ਅਲੀਸਜਾਹਬਾਨਾ ਦੇ ਨਾਲ ਇੱਕ ਦੁਵੱਲੀ ਮੀਟਿੰਗ ਵਿੱਚ ਇੱਕ ਸੰਸਥਾਪਕ ਮੈਂਬਰ ਵਜੋਂ ESCAP ਨਾਲ ਭਾਰਤ ਦੇ ਲੰਬੇ ਸਮੇਂ ਤੋਂ ਚੱਲ ਰਹੇ ਸਬੰਧਾਂ ਨੂੰ ਰੇਖਾਂਕਿਤ ਕਰਦੇ ਹੋਏ ਆਫ਼ਤ ਪ੍ਰਬੰਧਨ, ਹੁਨਰ ਪਛਾਣ ਅਤੇ ਡਿਜੀਟਲ ਭਲਾਈ ਡਿਲੀਵਰੀ ਵਿੱਚ ਖੇਤਰੀ ਸਹਿਯੋਗ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਕੇਂਦਰੀ ਮੰਤਰੀ ਨੇ ਪਿਛਲੇ ਦਹਾਕੇ ਦੌਰਾਨ ਡਿਜੀਟਲ ਸ਼ਾਸਨ ਸੁਧਾਰਾਂ, ਡਾਇਰੈਕਟ ਬੈਨੀਫਿਟ ਟ੍ਰਾਂਸਫਰ ਪ੍ਰਣਾਲੀਆਂ ਅਤੇ ਵੱਡੇ ਪੱਧਰ 'ਤੇ ਸਮਾਜਿਕ ਖੇਤਰ ਦੇ ਨਿਵੇਸ਼ਾਂ ਦੇ ਜ਼ੋਰ ‘ਤੇ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਵਿੱਚ ਭਾਰਤ ਦੁਆਰਾ ਕੀਤੀ ਗਈ ਮਜ਼ਬੂਤ ਪ੍ਰਗਤੀ ਨੂੰ ਉਜਾਗਰ ਕੀਤਾ। ਈਐੱਸਸੀਏਪੀ (ESCAP) ਨੇ ਸਮਾਜਿਕ ਸੁਰੱਖਿਆ ਅਤੇ ਡਿਜੀਟਲ ਸ਼ਾਸਨ ਦੇ ਖੇਤਰਾਂ ਵਿੱਚ ਭਾਰਤ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ। ਭਾਰਤ ਨੇ ਗ੍ਰੀਨ, ਡਿਜੀਟਲ ਅਤੇ ਦੇਖਭਾਲ ਅਰਥਵਿਵਸਥਾ ਖੇਤਰਾਂ ਲਈ ਸਰਹੱਦ ਪਾਰ ਹੁਨਰ ਮਿਆਰਾਂ 'ਤੇ ESCAP ਨਾਲ ਤਕਨੀਕੀ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀ ਇੱਛਾ ਪ੍ਰਗਟਾਈ।
ਪੂਰਾ ਦਿਨ ਭਾਰਤ ਦੀਆਂ ਗਤੀਵਿਧੀਆਂ ਨੇ ਦੁਵੱਲੀਆਂ ਸਾਂਝੇਦਾਰੀਆਂ ਨੂੰ ਹੋਰ ਮਜ਼ਬੂਤ ਕੀਤਾ, ਯੂਐੱਨਈਐੱਸਸੀਏਪੀ ਦੇ ਨਾਲ ਸਹਿਯੋਗ ਵਧਾਇਆ ਅਤੇ ਆਲਮੀ ਪੱਧਰ ‘ਤੇ ਡਿਜੀਟਲ ਸਮਾਜਿਕ ਸੁਰੱਖਿਆ, ਕੌਸ਼ਲ ਅਤੇ ਸਮਾਵੇਸ਼ੀ ਕਿਰਤ ਬਜ਼ਾਰਾਂ ‘ਤੇ ਭਾਰਤ ਦੀ ਅਗਵਾਈ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ।

ਪਿਛੋਕੜ
ਸੰਯੁਕਤ ਰਾਸ਼ਟਰ ਮਹਾਸਭਾ ਨੇ ਆਪਣੇ ਮਤੇ 78/261 ਅਤੇ 78/318 ਰਾਹੀਂ, 2025 ਵਿੱਚ "ਸਮਾਜਿਕ ਵਿਕਾਸ ਲਈ ਦੂਜੇ ਵਰਲਡ ਸਮਿਟ" ਸਿਰਲੇਖ ਹੇਠ ਇੱਕ "ਵਰਲਡ ਸੋਸ਼ਲ ਸਮਿਟ" ਆਯੋਜਿਤ ਕਰਨ ਦਾ ਫੈਸਲਾ ਕੀਤਾ। ਰਾਜਾਂ ਜਾਂ ਸਰਕਾਰ ਦੇ ਮੁਖੀਆਂ ਦੇ ਪੱਧਰ 'ਤੇ ਆਯੋਜਿਤ, ਇਸ ਸਮਿਟ ਦਾ ਉਦੇਸ਼ ਸਮਾਜਿਕ ਵਿਕਾਸ 'ਤੇ ਕੋਪਨਹੇਗਨ ਡੈਕਲੇਰੇਸ਼ਨ ਅਤੇ ਕਾਰਜ ਪ੍ਰੋਗਰਾਮ ਅਤੇ ਉਸ ਦੇ ਲਾਗੂਕਰਨ ਪ੍ਰਤੀ ਵਚਨਬੱਧਤਾ ਨੂੰ ਮੁੜ ਸਥਾਪਿਤ ਕਰਨਾ ਅਤੇ 2030 ਦੇ ਏਜੰਡਾ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣਾ ਹੈ। ਇਹ ਸਮਿਟ 4-6 ਨਵੰਬਰ ਤੱਕ ਦੋਹਾ, ਕਤਰ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।
ਸਮਾਜਿਕ ਵਿਕਾਸ ਦੇ ਲਈ ਦੂਜੀ ਵਰਲਡ ਸਮਿਟ ਵਿੱਚ ਉੱਚ-ਪੱਧਰੀ ਰਾਉਂਡ ਟੇਬਲ ਇੱਕ ਖੁੱਲ੍ਹਾ, ਬਹੁ-ਹਿਤਧਾਰਕ ਅਦਾਨ-ਪ੍ਰਦਾਨ ਦਾ ਰੂਪ ਲੈਂਦਾ ਹੈ। ਇਹ ਆਲਮੀ ਪ੍ਰਣਾਲੀਗਤ ਰੁਝਾਨਾਂ ਅਤੇ ਕੋਪਨਹੇਗਨ ਡੈਕਲੇਰੇਸ਼ਨ (Copenhagen Declaration) ਦੀਆਂ ਤਿੰਨ ਮੁੱਖ ਵਚਨਬੱਧਤਾਵਾਂ 'ਤੇ ਉਨ੍ਹਾਂ ਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ, ਸਮਾਜਿਕ ਵਿਕਾਸ ਦੀ ਪ੍ਰਗਤੀ ਨੂੰ ਤੇਜ਼ ਕਰਨ ਵਾਲੀਆਂ ਏਕੀਕ੍ਰਿਤ ਕਾਰਵਾਈਆਂ ਲਈ ਤਰਜੀਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਦਾ ਹੈ।
************
ਰਿਣੀ ਚੌਧਰੀ/ਏਕੇ
(रिलीज़ आईडी: 2187055)
आगंतुक पटल : 8