ਵਿੱਤ ਮੰਤਰਾਲਾ
ਓਪਰੇਸ਼ਨ ਵੀਡ ਆਊਟ: ਡੀਆਰਆਈ ਮੁੰਬਈ ਨੇ ਮੁੰਬਈ ਹਵਾਈ ਅੱਡੇ 'ਤੇ ₹42 ਕਰੋੜ ਦੀ ਕੀਮਤ ਵਾਲੀ 42 ਕਿਲੋਗ੍ਰਾਮ ਤੋਂ ਵੱਧ ਉੱਚ-ਗੁਣਵੱਤਾ ਵਾਲੀ ਹਾਈਡ੍ਰੋਪੋਨਿਕ ਵੀਡ ਜ਼ਬਤ ਕੀਤੀ; ਦੋ ਗ੍ਰਿਫਤਾਰ
ਡੀਆਰਆਈ ਨੇ 3 ਦਿਨਾਂ ਵਿੱਚ 100 ਕਰੋੜ ਰੁਪਏ ਤੋਂ ਵੱਧ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਹਨ
Posted On:
04 NOV 2025 7:26PM by PIB Chandigarh
ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਵਰਤਮਾਨ ਵਿੱਚ ਜਾਰੀ "ਆਪ੍ਰੇਸ਼ਨ ਵੀਡ ਆਊਟ" ਦੇ ਤਹਿਤ ਇੱਕ ਵੱਡੀ ਸਫਲਤਾ ਵਿੱਚ, ਐਤਵਾਰ ਨੂੰ ਬੈਂਕਾਕ ਤੋਂ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (ਸੀਐੱਸਅੱਮਆਈਏ) 'ਤੇ ਪਹੁੰਚਣ ਵਾਲੇ ਦੋ ਯਾਤਰੀਆਂ ਤੋਂ 42.34 ਕਿਲੋਗ੍ਰਾਮ ਹਾਈ-ਗ੍ਰੇਡ ਹਾਈਡ੍ਰੋਪੋਨਿਕ ਵੀਡ ਜ਼ਬਤ ਕੀਤੀ, ਜਿਸਦੀ ਕੀਮਤ ਗੈਰ-ਕਾਨੂੰਨੀ ਬਜ਼ਾਰ ਵਿੱਚ ਲਗਭਗ 42 ਕਰੋੜ ਰੁਪਏ ਹੈ।
ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ, ਡੀਆਰਆਈ ਅਧਿਕਾਰੀਆਂ ਨੇ ਆਗਮਨ ਦੇ ਤੁਰੰਤ ਬਾਅਦ ਦੋਵਾਂ ਯਾਤਰੀਆਂ ਨੂੰ ਰੋਕਿਆ ਅਤੇ ਉਨ੍ਹਾਂ ਦੇ ਸਾਮਾਨ ਦੀ ਵਿਸਤ੍ਰਿਤ ਤਲਾਸ਼ੀ ਲਈ। ਤਲਾਸ਼ੀ ਦੌਰਾਨ 21 ਫੂਡ ਪੈਕੇਟ ਬਰਾਮਦ ਹੋਏ – ਜਿਨ੍ਹਾਂ ਵਿੱਚ ਨੂਡਲਜ਼ ਅਤੇ ਬਿਸਕੁਟ ਸ਼ਾਮਲ ਸਨ । ਇਨ੍ਹਾਂ ਵਿੱਚ ਨਿਯਮਿਤ ਫੂਡ ਪੈਕਿੰਗ ਵਿੱਚ ਚਲਾਕੀ ਨਾਲ ਛੁਪਾਇਆ ਹਾਈਡ੍ਰੋਪੋਨਿਕ ਵੀਡ ਪਾਇਆ ਗਿਆ । ਐੱਨਡੀਪੀਐੱਸ ਕਿੱਟਾਂ ਦੀ ਵਰਤੋਂ ਕਰਕੇ ਕੀਤੇ ਗਏ ਫੀਲਡ ਟੈਸਟਾਂ ਨੇ ਡਰੱਗ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ।
42.34 ਕਿਲੋਗ੍ਰਾਮ ਵਜ਼ਨ ਵਾਲਾ ਇਹ ਨਸ਼ੀਲਾ ਪਦਾਰਥ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਪਦਾਰਥ(ਐੱਨਡੀਪੀਐੱਸ) ਐਕਟ, 1985 ਦੇ ਤਹਿਤ ਜ਼ਬਤ ਕੀਤਾ ਗਿਆ ਸੀ ਅਤੇ ਦੋਵਾਂ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ।
ਇਹ ਸਿਰਫ਼ ਤਿੰਨ ਦਿਨਾਂ ਵਿੱਚ ਡੀਆਰਆਈ ਵੱਲੋਂ ਕੀਤਾ ਗਿਆ ਦੂਜਾ ਵੱਡਾ ਨਸ਼ੀਲੇ ਪਦਾਰਥਾਂ ਦਾ ਪਰਦਾਫਾਸ਼ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ (31.10.2025) ਨੂੰ 47 ਕਰੋੜ ਰੁਪਏ ਦੀ 4.7 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ ਸੀ ਅਤੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਕੈਰੀਅਰ, ਫਾਈਨੈਂਸਰ, ਹੈਂਡਲਰ ਅਤੇ ਡਿਸਟ੍ਰੀਬਿਊਟਰਸ ਸ਼ਾਮਲ ਸਨ। ਇਨ੍ਹਾਂ ਸਾਰੀਆਂ ਕਾਰਵਾਈਆਂ ਨਾਲ ਪਿਛਲੇ ਤਿੰਨ ਦਿਨਾਂ ਵਿੱਚ 100 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋਈ ਹੈ, ਜਿਸ ਨਾਲ ਭਾਰਤ ਦੇ ਪੱਛਮੀ ਗੇਟਵੇ ਤੋਂ ਕੰਮ ਕਰ ਰਹੇ ਸੰਗਠਿਤ ਡਰੱਗ-ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਲੱਗਿਆ ਹੈ।
ਇਸ ਤੋਂ ਇਲਾਵਾ, ਡੀਆਰਆਈ ਨੇ ਆਪ੍ਰੇਸ਼ਨ ਵੀਡ ਆਉਟ ਦੇ ਤਹਿਤ ਭਾਰਤ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ 292.9 ਕਿਲੋਗ੍ਰਾਮ ਹਾਈਡ੍ਰੋਪੋਨਿਕ ਵੀਡ ਜ਼ਬਤ ਕੀਤੀ ਹੈ।
ਡੀਆਰਆਈ ਤਸਕਰੀ ਦੇ ਵਧਦੇ ਰੁਝਾਨਾਂ, ਖਾਸ ਕਰਕੇ ਨਸ਼ੀਲੇ ਪਦਾਰਥਾਂ ਨੂੰ ਛੁਪਾਉਣ ਲਈ ਭੋਜਨ ਪੈਕੇਟਾਂ ਅਤੇ ਖਪਤਯੋਗ ਵਸਤੂਆਂ ਦੀ ਵੱਧ ਰਹੀ ਵਰਤੋਂ ਅਤੇ ਭਾਰਤੀ ਨਾਗਰਿਕਾਂ ਨੂੰ ਵਾਹਕ ਵਜੋਂ ਵਰਤਣ ਦੇ ਪ੍ਰਤੀ ਲਗਾਤਾਰ ਚੌਕਸ ਹੈ।
ਡੀਆਰਆਈ ਲਗਾਤਾਰ ਨਸ਼ੀਲੇ ਪਦਾਰਥਾਂ ਦੀ ਰੋਕਥਾਮ, ਅੰਤਰਰਾਸ਼ਟਰੀ ਤਸਕਰੀ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਨਾਗਰਿਕਾਂ ਦੀ ਸਿਹਤ, ਤੰਦਰੁਸਤੀ ਅਤੇ ਸੁਰੱਖਿਆ ਦੀ ਰੱਖਿਆ ਕਰਕੇ ਇੱਕ ਨਸ਼ਾ ਮੁਕਤ ਭਾਰਤ ਦੇ ਨਿਰਮਾਣ ਪ੍ਰਤੀ ਆਪਣੀ ਵਚਨਬੱਧਤਾ 'ਤੇ ਦ੍ਰਿੜ ਹੈ।



****************
ਐੱਨਬੀ/ਕੇਐੱਮਐੱਨ
(Release ID: 2186933)
Visitor Counter : 2