ਰੱਖਿਆ ਮੰਤਰਾਲਾ
ਆਪ੍ਰੇਸ਼ਨ ਸਿੰਦੂਰ ਨੇ ਦਿੱਤਾ ਇੱਕ ਵਿਸ਼ਵਵਿਆਪੀ ਸੰਦੇਸ਼ ਕਿ ਭਾਰਤ ਹਰ ਚੁਣੌਤੀ ਦਾ ਜਵਾਬ ਦੇਣ ਲਈ ਹਮੇਸ਼ਾ ਤਿਆਰ ਹੈ: ਜਲ ਸੈਨਾ ਕਮਾਂਡਰਾਂ ਦੀ ਕਾਨਫਰੰਸ ਵਿੱਚ ਰਕਸ਼ਾ ਮੰਤਰੀ
ਭਾਰਤੀ ਜਲ ਸੈਨਾ ਨੇ ਇੱਕ ਅਜਿਹਾ ਰੋਕਥਾਮ ਵਾਲਾ ਰੁਖ ਅਪਣਾਇਆ ਜਿਸ ਨੇ ਪਾਕਿਸਤਾਨ ਨੂੰ ਆਪਣੇ ਤੱਟਰੇਖਾ ਦੇ ਨੇੜੇ ਰਹਿਣ ਲਈ ਮਜਬੂਰ ਕਰ ਦਿੱਤਾ, ਦੁਨੀਆ ਨੇ ਭਾਰਤ ਦੀ ਜਲ ਸੈਨਾ ਦੀ ਕਾਰਜਸ਼ੀਲ ਤਿਆਰੀ, ਪੇਸ਼ੇਵਰ ਸਮਰੱਥਾ ਅਤੇ ਤਾਕਤ ਦੇਖੀ : ਸ਼੍ਰੀ ਰਾਜਨਾਥ ਸਿੰਘ
“ਆਈਓਆਰ ਵਿੱਚ ਭਾਰਤੀ ਜਲ ਸੈਨਾ ਦੀ ਮੌਜੂਦਗੀ ਮਿੱਤਰ ਦੇਸ਼ਾਂ ਲਈ ਸੁਕੂਨ ਅਤੇ ਖੇਤਰ ਨੂੰ ਅਸਥਿਰ ਕਰਨ ਵਾਲਿਆਂ ਲਈ ਬੇਚੈਨੀ ਦਾ ਕਾਰਨ ਹੈ”
“ਸਾਡੀ ਜਲ ਸੈਨਾ ਭਾਰਤ ਦੀ ਸਵੈ-ਨਿਰਭਰਤਾ, ਨਵੀਨਤਾ ਅਤੇ ਉਦਯੋਗਿਕ ਵਿਕਾਸ ਵਿੱਚ ਮੋਹਰੀ ਬਣ ਗਈ ਹੈ”
“ਮੌਜੂਦਾ ਸਮੇਂ ਵਿੱਚ ਯੁੱਧਾਂ ਨਾਲ ਲੜਨ ਲਈ ਰਣਨੀਤੀ ਬਣਾਉਣ ਅਤੇ ਅਤਿ-ਆਧੁਨਿਕ ਉਪਕਰਣ ਪ੍ਰਾਪਤ ਕਰਨ 'ਤੇ ਬਰਾਬਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ”
Posted On:
23 OCT 2025 5:42PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 23 ਅਕਤੂਬਰ, 2025 ਨੂੰ ਨਵੀਂ ਦਿੱਲੀ ਵਿੱਚ ਜਲ ਸੈਨਾ ਕਮਾਂਡਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ “ਆਪ੍ਰੇਸ਼ਨ ਸਿੰਦੂਰ ਭਾਰਤ ਦੀ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਸਮਰੱਥਾ ਦਾ ਪ੍ਰਤੀਕ ਸੀ, ਅਤੇ ਦੁਨੀਆ ਨੂੰ ਇੱਕ ਸੰਦੇਸ਼ ਸੀ ਕਿ ਅਸੀਂ ਹਰ ਚੁਣੌਤੀ ਦਾ ਜਵਾਬ ਦੇਣ ਲਈ ਹਮੇਸ਼ਾ ਤਿਆਰ ਹਾਂ,” ਰਕਸ਼ਾ ਮੰਤਰੀ ਨੇ ਭਾਰਤੀ ਜਲ ਸੈਨਾ ਦੀ ਇੱਕ ਰੋਕਥਾਮ ਵਾਲੀ ਸਥਿਤੀ ਬਣਾਉਣ ਲਈ ਪ੍ਰਸ਼ੰਸਾ ਕੀਤੀ ਜਿਸ ਨੇ ਪਾਕਿਸਤਾਨ ਨੂੰ ਬੰਦਰਗਾਹ ਵਿੱਚ ਜਾਂ ਆਪਣੇ ਤੱਟਰੇਖਾ ਦੇ ਨੇੜੇ ਰਹਿਣ ਲਈ ਮਜਬੂਰ ਕੀਤਾ। ਉਨ੍ਹਾਂ ਨੇ ਇਹ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਨੇ ਆਪ੍ਰੇਸ਼ਨ ਦੌਰਾਨ ਨੇਵੀ ਦੀ ਸੰਚਾਲਨ ਤਿਆਰੀ, ਪੇਸ਼ੇਵਰ ਸਮਰੱਥਾ ਅਤੇ ਤਾਕਤ ਦੇਖੀ। ਉਨ੍ਹਾਂ ਨੇ ਹਿੰਦ ਮਹਾਸਾਗਰ ਖੇਤਰ (ਆਈਓਆਰ) ਵਿੱਚ ਭਾਰਤੀ ਜਲ ਸੈਨਾ ਦੀ ਮੌਜੂਦਗੀ ਨੂੰ "ਮਿੱਤਰ ਦੇਸ਼ਾਂ ਲਈ ਸੁਕੂਨ" ਅਤੇ "ਖੇਤਰ ਨੂੰ ਅਸਥਿਰ ਕਰਨ ਵਾਲਿਆਂ ਲਈ ਬੇਚੈਨੀ " ਦਾ ਵਿਸ਼ਾ ਦੱਸਿਆ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ "ਆਈਓਆਰ ਸਮਕਾਲੀ ਭੂ-ਰਾਜਨੀਤੀ ਦਾ ਕੇਂਦਰ ਬਣ ਗਿਆ ਹੈ। ਇਹ ਹੁਣ ਨਿਸ਼ਕਿਰਿਆ ਨਹੀਂ ਰਿਹਾ; ਇਹ ਮੁਕਾਬਲੇ ਅਤੇ ਸਹਿਯੋਗ ਦਾ ਖੇਤਰ ਬਣ ਗਿਆ ਹੈ। ਭਾਰਤੀ ਜਲ ਸੈਨਾ ਨੇ ਆਪਣੀਆਂ ਬਹੁ-ਆਯਾਮੀ ਸਮਰੱਥਾਵਾਂ ਰਾਹੀਂ, ਇਸ ਖੇਤਰ ਵਿੱਚ ਇੱਕ ਲੀਡਰਸ਼ਿਪ ਭੂਮਿਕਾ ਨਿਭਾਈ ਹੈ। ਪਿਛਲੇ ਛੇ ਮਹੀਨਿਆਂ ਵਿੱਚ, ਸਾਡੇ ਜਹਾਜ਼, ਪਣਡੁੱਬੀਆਂ ਅਤੇ ਜਲ ਸੈਨਾ ਦੇ ਜਹਾਜ਼ਾਂ ਨੂੰ ਬੇਮਿਸਾਲ ਪੱਧਰ 'ਤੇ ਤੈਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸਾਡੀ ਜਲ ਸੈਨਾ ਨੇ ਲਗਭਗ 335 ਵਪਾਰੀ ਜਹਾਜ਼ਾਂ ਨੂੰ ਸੁਰੱਖਿਅਤ ਰਸਤਾ ਪ੍ਰਦਾਨ ਕੀਤਾ ਹੈ, ਜੋ ਕਿ ਲਗਭਗ 1.2 ਮਿਲੀਅਨ ਮੀਟ੍ਰਿਕ ਟਨ ਮਾਲ ਅਤੇ $5.6 ਬਿਲੀਅਨ ਦੇ ਵਪਾਰਕ ਮੁੱਲ ਦੇ ਬਰਾਬਰ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਹੁਣ ਵਿਸ਼ਵ ਸਮੁੰਦਰੀ ਅਰਥਵਿਵਸਥਾ ਵਿੱਚ ਇੱਕ ਭਰੋਸੇਮੰਦ ਅਤੇ ਸਮਰੱਥ ਭਾਈਵਾਲ ਬਣ ਗਿਆ ਹੈ।"
ਇੱਕ ਆਤਮ-ਨਿਰਭਰ ਜਲ ਸੈਨਾ ਨੂੰ ਇੱਕ ਆਤਮਵਿਸ਼ਵਾਸੀ ਅਤੇ ਸ਼ਕਤੀਸ਼ਾਲੀ ਰਾਸ਼ਟਰ ਦੀ ਨੀਂਹ ਦੱਸਦੇ ਹੋਏ, ਰੱਖਿਆ ਮੰਤਰੀ ਨੇ ਭਾਰਤੀ ਜਲ ਸੈਨਾ ਨੂੰ ਸਵਦੇਸ਼ੀ ਉਪਕਰਣਾਂ ਰਾਹੀਂ ਆਪਣੀਆਂ ਸਮਰੱਥਾਵਾਂ ਨੂੰ ਵਧਾਉਣ ਅਤੇ ਆਤਮਨਿਰਭਰ ਭਾਰਤ ਦੇ ਝੰਡੇਬਾਦਾਰ ਵਜੋਂ ਉਭਰਨ ਲਈ ਸ਼ਲਾਘਾ ਦਿੱਤੀ । ਉਨ੍ਹਾਂ ਨੇ ਕਿਹਾ, "ਪਿਛਲੇ 10 ਸਾਲਾਂ ਵਿੱਚ, ਜਲ ਸੈਨਾ ਦੇ ਲਗਭਗ 67 ਪ੍ਰਤੀਸ਼ਤ ਪੂੰਜੀ ਪ੍ਰਾਪਤੀ ਇਕਰਾਰਨਾਮੇ ਭਾਰਤੀ ਉਦਯੋਗਾਂ ਨਾਲ ਹੋਏ ਹਨ। ਜੋ ਇਹ ਸਾਬਤ ਕਰਦੇ ਹਨ ਕਿ ਅਸੀਂ ਹੁਣ ਸਿਰਫ਼ ਆਯਾਤ 'ਤੇ ਨਿਰਭਰ ਨਹੀਂ ਹਾਂ। ਅਸੀਂ ਆਪਣੀ ਪ੍ਰਤਿਭਾ ਅਤੇ ਐੱਮਐੱਸਐੱਮਈ (MSMEs) ਅਤੇ ਸਟਾਰਟ-ਅੱਪਸ ਦੀਆਂ ਸਮਰੱਥਾਵਾਂ 'ਤੇ ਨਿਰਭਰ ਕਰਦੇ ਹਾਂ। ਵਰਤਮਾਨ ਵਿੱਚ, ਭਾਰਤੀ ਜਲ ਸੈਨਾ ਆਈਡੀਈਐਕਸ (iDEX), ਟੀਡੀਐੱਫ (TDF), SPRINT, ਅਤੇ ਮੇਕ-ਇਨ-ਇੰਡੀਆ ਦੇ ਤਹਿਤ 194 ਨਵੀਨਤਾ ਅਤੇ ਸਵਦੇਸ਼ੀਕਰਣ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ। ਇਨ੍ਹਾਂ ਪਹਿਲਕਦਮੀਆਂ ਨੇ ਨਾ ਸਿਰਫ਼ ਜਲ ਸੈਨਾ ਨੂੰ ਤਕਨੀਕੀ ਤੌਰ 'ਤੇ ਸਵੈ-ਨਿਰਭਰ ਬਣਾਇਆ ਹੈ, ਸਗੋਂ ਨਿਜੀ ਉਦਯੋਗਾਂ ਅਤੇ ਨੌਜਵਾਨ ਨਵੀਨਤਾਕਾਰਾਂ ਨੂੰ ਵੀ ਇਸ ਮਿਸ਼ਨ ਦਾ ਹਿੱਸਾ ਬਣਾਇਆ ਹੈ।"
ਮੌਜੂਦਾ ਸਮੇਂ ਦੇ ਯੁੱਧ ਨੂੰ ਤਕਨਾਲੋਜੀ ਅਤੇ ਖੁਫੀਆ ਜਾਣਕਾਰੀ 'ਤੇ ਅਧਾਰਿਤ ਦੱਸਦੇ ਹੋਏ, ਰਕਸ਼ਾ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਰੱਖਿਆ, ਸਵਦੇਸ਼ੀ ਨਵੀਨਤਾ ਅਤੇ ਅਤਿ-ਆਧੁਨਿਕ ਤਕਨਾਲੋਜੀਆਂ ਵਿੱਚ ਆਤਮਨਿਰਭਰਤਾ ਵੱਲ ਵਧੇਰੇ ਧਿਆਨ ਦੇ ਰਹੀ ਹੈ। ਉਨ੍ਹਾਂ ਨੇ ਕਿਹਾ "ਸਮੁੰਦਰੀ ਤਿਆਰੀ ਹੁਣ ਸਿਰਫ਼ ਜਹਾਜ਼ਾਂ ਜਾਂ ਪਣਡੁੱਬੀਆਂ ਬਾਰੇ ਨਹੀਂ ਹੈ, ਇਹ ਤਕਨਾਲੋਜੀ-ਸੰਚਾਲਿਤ, ਨੈੱਟਵਰਕ-ਕੇਂਦ੍ਰਿਤ ਅਤੇ ਖੁਦਮੁਖਤਿਆਰ ਪ੍ਰਣਾਲੀਆਂ 'ਤੇ ਅਧਾਰਿਤ ਹੈ। ਸਾਨੂੰ ਇਨ੍ਹਾਂ ਖੇਤਰਾਂ ਵਿੱਚ ਆਪਣੀਆਂ ਸਮਰੱਥਾਵਾਂ ਨੂੰ ਵਧਾਉਂਦੇ ਹੋਏ, ਆਪਣੇ ਵਿਰੋਧੀਆਂ ਦੀਆਂ ਆਧੁਨਿਕ ਤਕਨਾਲੋਜੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੀ ਜ਼ਰੂਰਤ ਹੈ। ਸਾਡੇ ਕੋਲ ਸਮਰੱਥਾ ਅਤੇ ਸਮਰੱਥਾਵਾਂ ਹਨ। ਅਸੀਂ ਆਪਣੀ ਧਰਤੀ 'ਤੇ ਆਪਣੇ ਉਪਕਰਣਾਂ ਦਾ ਨਿਰਮਾਣ ਕਰ ਰਹੇ ਹਾਂ।"
ਰਕਸ਼ਾ ਮੰਤਰੀ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਆਤਮਨਿਰਭਰ ਭਾਰਤ ਦੇ ਤਹਿਤ, ਭਾਰਤੀ ਜਲ ਸੈਨਾ ਨਾ ਸਿਰਫ਼ ਰੱਖਿਆ ਉਤਪਾਦਨ ਵਿੱਚ ਰੁੱਝੀ ਹੋਈ ਹੈ, ਸਗੋਂ ਰਾਸ਼ਟਰ ਨਿਰਮਾਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਉਨ੍ਹਾਂ ਨੇ ਕਿਹਾ "ਅੱਜ, ਸਾਡੀ ਜਲ ਸੈਨਾ ਦੇਸ਼ ਦੀ ਸਵੈ-ਨਿਰਭਰਤਾ, ਨਵੀਨਤਾ ਅਤੇ ਉਦਯੋਗਿਕ ਵਿਕਾਸ ਵਿੱਚ ਮੋਹਰੀ ਬਣ ਗਈ ਹੈ। ਹਰ ਜਹਾਜ਼ ਅਤੇ ਪਣਡੁੱਬੀ ਦੇ ਨਿਰਮਾਣ ਨਾਲ, ਇੱਕ ਨਵੀਂ ਨੌਕਰੀ ਪੈਦਾ ਹੁੰਦੀ ਹੈ; ਹਰ ਇੰਜਣ ਦੇ ਨਾਲ, ਇੱਕ ਨਵਾਂ ਹੁਨਰ ਪੈਦਾ ਹੁੰਦਾ ਹੈ, ਅਤੇ ਹਰ ਸਵਦੇਸ਼ੀ ਪ੍ਰਣਾਲੀ ਦੇ ਨਾਲ, ਭਾਰਤ ਦੀ ਨਿਰਭਰਤਾ ਘੱਟ ਰਹੀ ਹੈ। ਪ੍ਰੋਜੈਕਟ 17A ਜਹਾਜ਼, ਜਿਨ੍ਹਾਂ ਵਿੱਚ 75 ਪ੍ਰਤੀਸ਼ਤ ਤੋਂ ਵੱਧ ਸਵਦੇਸ਼ੀ ਸਮੱਗਰੀ ਹੈ, ਨੇ ਐੱਮਡੀਐਲ (MDL) ਅਤੇ ਜੀਆਰਐੱਸਈ (GRSE) ਵਰਗੇ ਸ਼ਿਪਯਾਰਡਾਂ ਵਿੱਚ ਲਗਭਗ 1.27 ਲੱਖ ਨੌਕਰੀਆਂ ਪੈਦਾ ਕੀਤੀਆਂ ਹਨ। ਇਹ ਸਬੂਤ ਹੈ ਕਿ ਹਰ ਜਲ ਸੈਨਾ ਪ੍ਰੋਜੈਕਟ ਸੁਰੱਖਿਆ ਦੇ ਨਾਲ-ਨਾਲ ਅਰਥਵਿਵਸਥਾ ਅਤੇ ਨੌਜਵਾਨਾਂ ਦੇ ਰੁਜ਼ਗਾਰ ਨਾਲ ਜੁੜਿਆ ਹੋਇਆ ਹੈ।"
ਭਾਰਤੀ ਜਲ ਸੈਨਾ ਦੇ ਐੱਮਐੱਸਐੱਮਈ (MSMEs) ਅਤੇ ਛੋਟੇ ਸ਼ਿਪਯਾਰਡਾਂ ਨਾਲ ਸਹਿਯੋਗ ਵਿੱਚ ਮਹੱਤਵਪੂਰਨ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ, ਰਕਸ਼ਾ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ, ਹਾਲ ਹੀ ਵਿੱਚ, ਯਾਰਡ ਕਰਾਫਟਸ ਦੇ ਨਿਰਮਾਣ ਲਈ ਲਗਭਗ 315 ਕਰੋੜ ਰੁਪਏ ਦੇ ਠੇਕੇ ਦਿੱਤੇ ਗਏ ਹਨ, ਜੋ ਕਿ ਵੋਕਲ ਫਾਰ ਲੋਕਲ ਵਿਜ਼ਨ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਨੇ ਕਿਹਾ "ਜਲ ਸੈਨਾ ਨੇ ਆਪਣੇ ਹਵਾਬਾਜ਼ੀ ਖੇਤਰ ਵਿੱਚ ਸਵੈ-ਨਿਰਭਰਤਾ ਵੱਲ ਕਈ ਨਵੀਨਤਾਵਾਂ ਕੀਤੀਆਂ ਹਨ। ਮਲਟੀ-ਰੋਲ ਮੈਰੀਟਾਈਮ ਰਿਕੋਨਾਈਸੈਂਸ ਏਅਰਕ੍ਰਾਫਟ, ਯੂਟੀਲਿਟੀ ਹੈਲੀਕਾਪਟਰ, ਟਵਿਨ-ਇੰਜਣ ਡੈੱਕ ਫਾਈਟਰ, ਅਤੇ ਨੇਵਲ ਸ਼ਿਪਬੋਰਨ ਅਨਮੈਨਡ ਏਰੀਅਲ ਸਿਸਟਮ ਵਰਗੇ ਪ੍ਰੋਜੈਕਟ ਸਾਡੇ ਘਰੇਲੂ ਹਵਾਬਾਜ਼ੀ ਉਦਯੋਗ ਨੂੰ ਇੱਕ ਨਵੀਂ ਦਿਸ਼ਾ ਦੇ ਰਹੇ ਹਨ। ਇਹ ਨਾ ਸਿਰਫ਼ ਮਹੱਤਵਪੂਰਨ ਸਮਰੱਥਾ ਦੇ ਪਾੜੇ ਨੂੰ ਪੂਰਾ ਕਰ ਰਿਹਾ ਹੈ ਬਲਕਿ ਸਵੈ-ਨਿਰਭਰਤਾ ਨੂੰ ਵੀ ਮਜ਼ਬੂਤ ਕਰ ਰਿਹਾ ਹੈ।"
ਰਕਸ਼ਾ ਮੰਤਰੀ ਨੇ ਮੌਜੂਦਾ ਸਮੇਂ ਵਿੱਚ ਯੁੱਧਾਂ ਨਾਲ ਲੜਨ ਲਈ ਰਣਨੀਤੀ ਬਣਾਉਣ ਅਤੇ ਅਤਿ-ਆਧੁਨਿਕ ਉਪਕਰਣਾਂ ਨੂੰ ਪ੍ਰਾਪਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ "ਕੋਈ ਵੀ ਦੇਸ਼ ਸਿਰਫ਼ ਸਾਜ਼ੋ-ਸਾਮਾਨ ਅਤੇ ਜੰਗੀ ਜਹਾਜ਼ਾਂ ਨਾਲ ਜੰਗ ਨਹੀਂ ਜਿੱਤ ਸਕਦਾ। ਤਕਨਾਲੋਜੀ ਸਾਨੂੰ ਇੱਕ ਹੁਲਾਰਾ ਦਿੰਦੀ ਹੈ, ਪਰ ਭੂਗੋਲ, ਧੋਖਾ, ਸਮਾਂ ਅਤੇ ਮਨੁੱਖੀ ਨਿਰਣੇ ਨੂੰ ਹਮੇਸ਼ਾ ਰਣਨੀਤਕ ਢਾਂਚੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਬੇੜੇ ਦਾ ਆਕਾਰ ਅਤੇ ਆਧੁਨਿਕੀਕਰਣ ਮਹੱਤਵਪੂਰਨ ਹੈ, ਪਰ ਰਣਨੀਤਕ ਤੌਰ 'ਤੇ ਪਲੈਟਫਾਰਮਾਂ ਦੀ ਵਰਤੋਂ ਕਰਨਾ ਵੀ ਉਨਾ ਹੀ ਮਹੱਤਵਪੂਰਨ ਹੈ। ਯੋਜਨਾਬੰਦੀ ਵਿੱਚ ਚੁਸਤੀ ਅਤੇ ਅਨੁਕੂਲਤਾ ਜ਼ਰੂਰੀ ਹੈ।"
ਰਕਸ਼ਾ ਮੰਤਰੀ ਨੇ ਤੇਜ਼ੀ ਨਾਲ ਵਿਕਸਿਤ ਹੋ ਰਹੀ ਦੁਨੀਆ ਦੇ ਨਾਲ ਤਾਲਮੇਲ ਬਣਾ ਕੇ ਜਲ ਸੈਨਾ ਦੀ ਰਣਨੀਤੀ ਅਤੇ ਸੋਚ ਨੂੰ ਅੱਗੇ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ "ਸਾਨੂੰ ਤਿੰਨ ਖੇਤਰਾਂ ਵਿੱਚ ਇਕੱਠੇ ਕੰਮ ਕਰਨਾ ਚਾਹੀਦਾ ਹੈ: ਸਮਰੱਥਾ, ਲੋਕ ਅਤੇ ਭਾਈਵਾਲੀ। ਸਮਰੱਥਾ ਦਾ ਅਰਥ ਹੈ ਤਕਨਾਲੋਜੀ ਅਤੇ ਤਾਕਤ; ਲੋਕਾਂ ਦਾ ਅਰਥ ਹੈ ਮਲਾਹ ਅਤੇ ਉਨ੍ਹਾਂ ਦੇ ਪਰਿਵਾਰ; ਅਤੇ ਭਾਈਵਾਲੀ ਦਾ ਅਰਥ ਹੈ ਉਦਯੋਗ, ਸਿੱਖਿਆ ਜਗਤ ਅਤੇ ਅੰਤਰਰਾਸ਼ਟਰੀ ਸਹਿਯੋਗ। ਜਦੋਂ ਇਹ ਤਿੰਨੋਂ ਇਕੱਠੇ ਹੋਣਗੇ, ਤਾਂ ਸਾਡੀ ਜਲ ਸੈਨਾ ਇੱਕ ਹੋਰ ਵੀ ਭਰੋਸੇਮੰਦ ਅਤੇ ਸ਼ਕਤੀਸ਼ਾਲੀ ਸ਼ਕਤੀ ਵਜੋਂ ਉਭਰੇਗੀ।"
ਇਸ ਮੌਕੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਚੀਫ਼ ਆਫ਼ ਨੇਵਲ ਸਟਾਫ਼ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ, ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ, ਸਕੱਤਰ ਡੀਡੀਆਰ ਐਂਡ ਡੀ ਅਤੇ ਚੇਅਰਮੈਨ ਡੀਆਰਡੀਓ ਡਾ. ਸਮੀਰ ਵੀ. ਕਾਮਤ ਅਤੇ ਜਲ ਸੈਨਾ ਕਮਾਂਡਰ ਮੌਜੂਦ ਸਨ।
ਇਹ ਕਾਨਫਰੰਸ ਰਾਸ਼ਟਰੀ ਲੀਡਰਸ਼ਿਪ ਅਤੇ ਨੌਕਰਸ਼ਾਹਾਂ ਨਾਲ ਨਜ਼ਦੀਕੀ ਸੰਵਾਦ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਦੀ ਹੈ, ਅਤੇ ਮੌਜੂਦਾ ਭੂ-ਰਣਨੀਤਕ ਵਾਤਾਵਰਣ ਵਿੱਚ ਬਹੁ-ਆਯਾਮੀ ਚੁਣੌਤੀਆਂ ਨੂੰ ਘਟਾਉਣ ਲਈ ਭਾਰਤੀ ਜਲ ਸੈਨਾ ਦੇ ਦ੍ਰਿਸ਼ਟੀਕੋਣ ਨੂੰ ਬਿਹਤਰ ਬਣਾਉਂਦੀ ਹੈ। ਜਲ ਸੈਨਾ ਦੀ ਸਿਖਰਲੀ ਲੀਡਰਸ਼ਿਪ ਪੱਛਮੀ ਅਤੇ ਪੂਰਬੀ ਸਮੁੰਦਰੀ ਤੱਟਾਂ 'ਤੇ ਆਪਣੀ ਸੰਚਾਲਨ ਤਿਆਰੀ ਦੀ ਸਮੀਖਿਆ ਕਰ ਰਹੀ ਹੈ, ਮੇਕ-ਇਨ-ਇੰਡੀਆ ਯੋਜਨਾ ਦੇ ਤਹਿਤ ਸਵਦੇਸ਼ੀਕਰਣ ਅਤੇ ਨਵੀਨਤਾ ਨੂੰ ਹੁਲਾਰਾ ਦੇ ਰਹੀ ਹੈ, ਸਰਕਾਰ ਦੇ ਮਹਾਸਾਗਰ (ਸਾਰੇ ਖੇਤਰਾਂ ਵਿੱਚ ਸੁਰੱਖਿਆ ਲਈ ਆਪਸੀ ਅਤੇ ਸੰਪੂਰਨ ਤਰੱਕੀ) ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾ ਰਹੀ ਹੈ ਅਤੇ ਭਾਰਤੀ ਜਲ ਸੈਨਾ ਨੂੰ IOR ਅਤੇ ਇੰਡੋ-ਪੈਸੀਫਿਕ ਵਿੱਚ ਪਸੰਦੀਦਾ ਸੁਰੱਖਿਆ ਭਾਈਵਾਲ ਵਜੋਂ ਉਤਸ਼ਾਹਿਤ ਕਰ ਰਹੀ ਹੈ।
*******
ਐੱਸਆਰ/ਵੀਐੱਮ/ਸੈਵੀ
(Release ID: 2182091)
Visitor Counter : 5