ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ ₹13,430 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ


ਮੇਰੀ ਖ਼ੁਸ਼ਨਸੀਬੀ ਹੈ ਕਿ ਮੇਰਾ ਜਨਮ ਦਾਦਾ ਸੋਮਨਾਥ ਦੀ ਧਰਤੀ ਗੁਜਰਾਤ ’ਤੇ ਹੋਇਆ, ਬਾਬਾ ਵਿਸ਼ਵਨਾਥ ਦੀ ਧਰਤੀ ਕਾਸ਼ੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਅੱਜ ਸ਼੍ਰੀਸ਼ੈਲਮ ਦਾ ਆਸ਼ੀਰਵਾਦ ਮਿਲ ਰਿਹਾ ਹੈ: ਪ੍ਰਧਾਨ ਮੰਤਰੀ

ਮੈਨੂੰ ਸ਼੍ਰੀ ਸ਼ਿਵਾਜੀ ਸਪੂਰਤੀ ਕੇਂਦਰ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਮੌਕਾ ਮਿਲਿਆ, ਮੈਂ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਸਿਜਦਾ ਕਰਦਾ ਹਾਂ: ਪ੍ਰਧਾਨ ਮੰਤਰੀ

ਆਂਧਰਾ ਪ੍ਰਦੇਸ਼ ‘ਸਵਾਭੀਮਾਨ’ ਅਤੇ ‘ਸੰਸਕ੍ਰਿਤੀ’ ਦੀ ਧਰਤੀ ਹੈ, ਨਾਲ ਹੀ ਇਹ ਵਿਗਿਆਨ ਅਤੇ ਨਵੀਨਤਾ ਦਾ ਕੇਂਦਰ ਵੀ ਹੈ: ਪ੍ਰਧਾਨ ਮੰਤਰੀ

ਅੱਜ ਸਾਫ਼ ਊਰਜਾ ਤੋਂ ਲੈ ਕੇ ਦੇਸ਼ ਦੇ ਕੁੱਲ ਊਰਜਾ ਉਤਪਾਦਨ ਤੱਕ, ਭਾਰਤ ਹਰ ਖੇਤਰ ਵਿੱਚ ਨਵੇਂ ਰਿਕਾਰਡ ਬਣਾ ਰਿਹਾ ਹੈ: ਪ੍ਰਧਾਨ ਮੰਤਰੀ

ਅੱਜ ਦੇਸ਼ ਵਿੱਚ ਮਲਟੀ-ਮਾਡਲ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਅਸੀਂ ਪਿੰਡਾਂ ਤੋਂ ਸ਼ਹਿਰਾਂ ਅਤੇ ਸ਼ਹਿਰਾਂ ਤੋਂ ਬੰਦਰਗਾਹਾਂ ਤੱਕ ਸੰਪਰਕ 'ਤੇ ਜ਼ੋਰ ਦੇ ਰਹੇ ਹਾਂ: ਪ੍ਰਧਾਨ ਮੰਤਰੀ

ਅੱਜ ਭਾਰਤ ਦੀ ਅਤੇ ਆਂਧਰਾ ਪ੍ਰਦੇਸ਼ ਦੀ ਗਤੀਸ਼ੀਲਤਾ ਅਤੇ ਸੰਭਾਵਨਾ ਨੂੰ ਪੂਰੀ ਦੁਨੀਆ ਦੇਖ ਰਹੀ ਹੈ, ਗੂਗਲ ਆਂਧਰਾ ਪ੍ਰਦੇਸ਼ ਵਿੱਚ ਭਾਰਤ ਦਾ ਪਹਿਲਾ ਆਰਟੀਫਿਸ਼ੀਅਲ ਇੰਟੈਲੀਜੈਂਸ ਹੱਬ ਬਣਾਉਣ ਜਾ ਰਿਹਾ ਹੈ: ਪ੍ਰਧਾਨ ਮੰਤਰੀ

ਅੱਜ ਦੁਨੀਆ ਭਾਰਤ ਨੂੰ 21ਵੀਂ ਸਦੀ ਦੇ ਨਵੇਂ ਨਿਰਮਾਣ ਕੇਂਦਰ ਵਜੋਂ ਦੇਖ ਰਹੀ ਹੈ: ਪ੍ਰਧਾਨ ਮੰਤਰੀ

ਸਾਡੀ ਸਰਕਾਰ ਦਾ ਦ੍ਰਿਸ਼ਟੀਕੋਣ ਹੈ- ਨਾਗਰਿਕ ਕੇਂਦ੍ਰਿਤ ਵਿਕਾਸ, ਅਸੀਂ ਨਵੇਂ ਸੁਧਾਰਾਂ ਰਾਹੀਂ ਨਾਗਰਿਕਾਂ ਦੇ ਜੀਵਨ ਨੂੰ ਲਗਾਤਾਰ ਸੁਖੱਲਾ ਬਣਾ ਰਹੇ ਹਾਂ: ਪ੍ਰਧਾਨ ਮੰਤਰੀ

प्रविष्टि तिथि: 16 OCT 2025 5:11PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ ਲਗਭਗ ₹13,430 ਕਰੋੜ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਅਹੋਬਿਲਮ ਦੇ ਭਗਵਾਨ ਨਰਸਿਮਹਾ ਸਵਾਮੀ ਅਤੇ ਮਹਾਨੰਦੀ ਦੇ ਸ਼੍ਰੀ ਮਹਾਨੰਦੀਸ਼ਵਰ ਸਵਾਮੀ ਦੀ ਪੂਜਾ ਕੀਤੀ। ਉਨ੍ਹਾਂ ਨੇ ਮੰਤਰਾਲਯਮ ਦੇ ਗੁਰੂ ਸ਼੍ਰੀ ਰਾਘਵੇਂਦਰ ਸਵਾਮੀ ਤੋਂ ਸਾਰਿਆਂ ਦੀ ਭਲਾਈ ਲਈ ਆਸ਼ੀਰਵਾਦ ਵੀ ਮੰਗਿਆ।

ਦਵਾਦਸ਼ ਜਯੋਤਿਰਲਿੰਗ ਸਤੋਤ੍ਰਮ - "ਸੌਰਾਸ਼ਟ੍ਰੇ ਸੋਮਨਾਥਮ ਚ ਸ਼੍ਰੀਸ਼ੈਲਮ ਮਲਿਕਾਰਜੁਨਮ" ਦੇ ਇੱਕ ਸਲੋਕ ਦਾ ਜਾਪ ਕਰਦੇ ਹੋਏ ਸ਼੍ਰੀ ਮੋਦੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ 12 ਜਯੋਤਿਰਲਿੰਗਾਂ ਵਿੱਚੋਂ, ਭਗਵਾਨ ਸੋਮਨਾਥ ਅਤੇ ਭਗਵਾਨ ਮਲਿਕਾਰਜੁਨ ਦਾ ਨਾਂ ਸ਼ੁਰੂ ਵਿੱਚ ਇਕੱਠੇ ਆਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ, "ਇਹ ਮੇਰੀ  ਖ਼ੁਸ਼ਨਸੀਬੀ ਹੈ ਕਿ ਮੇਰਾ ਜਨਮ ਦਾਦਾ ਸੋਮਨਾਥ ਦੀ ਪਵਿੱਤਰ ਧਰਤੀ ਗੁਜਰਾਤ ’ਤੇ ਹੋਇਆ, ਬਾਬਾ ਵਿਸ਼ਵਨਾਥ ਦੀ ਧਰਤੀ ਕਾਸ਼ੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਹੁਣ ਸ਼੍ਰੀਸ਼ੈਲਮ ਦਾ ਆਸ਼ੀਰਵਾਦ ਮਿਲ ਰਿਹਾ ਹੈ।" ਸ਼੍ਰੀਸ਼ੈਲਮ ਦੀ ਆਪਣੀ ਫੇਰੀ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਸ਼ਿਵਾਜੀ ਸਪੂਰਤੀ ਕੇਂਦਰ ਵਿੱਚ ਸ਼ਰਧਾਂਜਲੀ ਭੇਟ ਕੀਤੀ ਅਤੇ ਸਟੇਜ ਤੋਂ ਛਤਰਪਤੀ ਮਹਾਰਾਜ ਨੂੰ ਸਿਜਦਾ ਕੀਤਾ। ਉਨ੍ਹਾਂ ਨੇ ਅੱਲਾਮਾ ਪ੍ਰਭੂ ਅਤੇ ਅੱਕਮਹਾਦੇਵੀ ਵਰਗੇ ਸਤਿਕਾਰਯੋਗ ਸ਼ਾਇਵ ਸੰਤਾਂ ਨੂੰ ਸਿਜਦਾ ਕੀਤਾ। ਉਨ੍ਹਾਂ ਨੇ ਸ਼੍ਰੀ ਉਇਲਵਾੜਾ ਨਰਸਿਮਹਾ ਰੈਡੀ ਗਾਰੂ ਅਤੇ ਸ਼੍ਰੀ ਹਰੀ ਸਰਵੋਤਮ ਰਾਓ ਸਮੇਤ ਮਹਾਨ ਸੁਤੰਤਰਤਾ ਸੈਨਾਨੀਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।

ਪ੍ਰਧਾਨ ਮੰਤਰੀ ਨੇ ਰਾਜ ਦੀ ਅਥਾਹ ਸਮਰੱਥਾ ਅਤੇ ਇਸ ਦੇ ਨੌਜਵਾਨਾਂ ਦੀਆਂ ਅਥਾਹ ਸਮਰੱਥਾਵਾਂ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਆਂਧਰਾ ਪ੍ਰਦੇਸ਼ ਸਵੈ-ਮਾਣ ਅਤੇ ਅਮੀਰ ਸੱਭਿਆਚਾਰ ਦੀ ਧਰਤੀ ਹੋਣ ਦੇ ਨਾਲ-ਨਾਲ ਵਿਗਿਆਨ ਅਤੇ ਨਵੀਨਤਾ ਦਾ ਕੇਂਦਰ ਵੀ ਹੈ।" ਉਨ੍ਹਾਂ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਨੂੰ ਸਹੀ ਦ੍ਰਿਸ਼ਟੀ ਅਤੇ ਅਗਵਾਈ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸ਼੍ਰੀ ਚੰਦਰਬਾਬੂ ਨਾਇਡੂ ਗਾਰੂ ਅਤੇ ਸ਼੍ਰੀ ਪਵਨ ਕਲਿਆਣ ਗਾਰੂ ਵਰਗੇ ਨੇਤਾਵਾਂ ਦੇ ਨਾਲ ਆਂਧਰਾ ਪ੍ਰਦੇਸ਼ ਦੇ ਕੋਲ ਕੇਂਦਰ ਸਰਕਾਰ ਦੇ ਪੂਰੇ ਸਮਰਥਨ ਦੇ ਨਾਲ-ਨਾਲ ਦੂਰਦਰਸ਼ੀ ਅਗਵਾਈ ਵੀ ਹੈ।

 

ਪਿਛਲੇ 16 ਮਹੀਨਿਆਂ ਦੌਰਾਨ ਆਂਧਰਾ ਪ੍ਰਦੇਸ਼ ਵਿੱਚ ਹੋਏ ਤੇਜ਼ ਵਿਕਾਸ ਨੂੰ ਉਜਾਗਰ ਕਰਦੇ ਹੋਏ, ਕੇਂਦਰ ਅਤੇ ਰਾਜ ਸਰਕਾਰਾਂ ਦੇ ਅਧੀਨ ਹੋਈ ਬੇਮਿਸਾਲ ਤਰੱਕੀ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਦਿੱਲੀ ਅਤੇ ਅਮਰਾਵਤੀ ਵਿਕਾਸ ਨੂੰ ਤੇਜ਼ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ। ਸ਼੍ਰੀ ਮੋਦੀ ਨੇ ਦੁਹਰਾਇਆ ਕਿ ਭਾਰਤ 2047 ਤੱਕ ਯਕੀਨੀ ਤੌਰ 'ਤੇ ਇੱਕ ਵਿਕਸਿਤ ਰਾਸ਼ਟਰ ਹੋਵੇਗਾ ਅਤੇ 21ਵੀਂ ਸਦੀ ਭਾਰਤ ਅਤੇ ਇਸ ਦੇ 140 ਕਰੋੜ ਨਾਗਰਿਕਾਂ ਦੀ ਹੈ। ਉਨ੍ਹਾਂ ਨੇ ਸੜਕਾਂ, ਬਿਜਲੀ, ਰੇਲਵੇ, ਰਾਜਮਾਰਗਾਂ ਅਤੇ ਵਪਾਰ ਨਾਲ ਸਬੰਧਤ ਕਈ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦਾ ਐਲਾਨ ਕੀਤਾ। ਇਹ ਪਹਿਲਕਦਮੀਆਂ ਰਾਜ ਭਰ ਵਿੱਚ ਸੰਪਰਕ ਨੂੰ ਮਜ਼ਬੂਤ ​​ਕਰਨਗੀਆਂ, ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣਗੀਆਂ ਅਤੇ ਨਾਗਰਿਕਾਂ ਦੇ ਜੀਵਨ ਨੂੰ ਸੁਖੱਲਾ ਬਣਾਉਣਗੀਆਂ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਕੁਰਨੂਲ ਅਤੇ ਆਲੇ-ਦੁਆਲੇ ਦੇ ਖੇਤਰਾਂ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਨੇ ਇਸ ਲਈ ਰਾਜ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

 

ਕਿਸੇ ਵੀ ਦੇਸ਼ ਜਾਂ ਰਾਜ ਦੇ ਵਿਕਾਸ ਲਈ ਊਰਜਾ ਸੁਰੱਖਿਆ ਨੂੰ ਜ਼ਰੂਰੀ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਬਿਜਲੀ ਖੇਤਰ ਵਿੱਚ ਲਗਭਗ 3,000 ਕਰੋੜ ਰੁਪਏ ਦੀ ਲਾਗਤ ਵਾਲੇ ਇੱਕ ਟ੍ਰਾਂਸਮਿਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜੋ ਦੇਸ਼ ਦੀ ਊਰਜਾ ਸਮਰੱਥਾ ਨੂੰ ਹੋਰ ਵਧਾਏਗਾ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਤੇਜ਼ ਵਿਕਾਸ ਦਰਮਿਆਨ ਪਿਛਲੇ ਹਾਲਾਤ ਨੂੰ ਨਾ ਭੁੱਲਣ। ਸ੍ਰੀ ਮੋਦੀ ਨੇ ਕਿਹਾ ਕਿ 11 ਸਾਲ ਪਹਿਲਾਂ, ਵਿਰੋਧੀ ਧਿਰ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਧੀਨ, ਪ੍ਰਤੀ ਵਿਅਕਤੀ ਬਿਜਲੀ ਦੀ ਖਪਤ 1,000 ਯੂਨਿਟ ਤੋਂ ਘੱਟ ਸੀ ਅਤੇ ਦੇਸ਼ ਨੂੰ ਬਲੈਕ-ਆਊਟ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ਹਜ਼ਾਰਾਂ ਪਿੰਡਾਂ ਵਿੱਚ ਬਿਜਲੀ ਦੇ ਖੰਭੇ ਵੀ ਨਹੀਂ ਸਨ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਅੱਜ, ਸਾਫ਼ ਊਰਜਾ ਤੋਂ ਲੈ ਕੇ ਕੁੱਲ ਊਰਜਾ ਉਤਪਾਦਨ ਤੱਕ, ਭਾਰਤ ਸਾਰੇ ਖੇਤਰਾਂ ਵਿੱਚ ਨਵੇਂ ਰਿਕਾਰਡ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਪਿੰਡ ਤੱਕ ਬਿਜਲੀ ਪਹੁੰਚ ਗਈ ਹੈ ਅਤੇ ਪ੍ਰਤੀ ਵਿਅਕਤੀ ਖਪਤ ਵਧ ਕੇ 1,400 ਯੂਨਿਟਾਂ ਹੋ ਗਈਆਂ ਹਨ। ਉਦਯੋਗਾਂ ਅਤੇ ਘਰਾਂ ਦੋਵਾਂ ਨੂੰ ਲੋੜੀਂਦੀ ਬਿਜਲੀ ਮਿਲ ਰਹੀ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਆਂਧਰਾ ਪ੍ਰਦੇਸ਼ ਭਾਰਤ ਦੀ ਊਰਜਾ ਕ੍ਰਾਂਤੀ ਦਾ ਇੱਕ ਮੁੱਖ ਕੇਂਦਰ ਹੈ। ਉਨ੍ਹਾਂ ਨੇ ਸ਼੍ਰੀਕਾਕੁਲਮ ਤੋਂ ਅੰਗੁਲ ਤੱਕ ਕੁਦਰਤੀ ਗੈਸ ਪਾਈਪਲਾਈਨ ਪ੍ਰੋਜੈਕਟ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸ ਨਾਲ ਲਗਭਗ 15 ਲੱਖ ਘਰਾਂ ਨੂੰ ਗੈਸ ਦੀ ਸਪਲਾਈ ਹੋਵੇਗੀ। ਉਨ੍ਹਾਂ ਨੇ ਚਿੱਤੂਰ ਵਿੱਚ ਇੱਕ ਐੱਲਪੀਜੀ ਬੋਟਲਿੰਗ ਪਲਾਂਟ ਦਾ ਵੀ ਉਦਘਾਟਨ ਕੀਤਾ, ਜਿਸ ਦੀ ਸਮਰੱਥਾ ਪ੍ਰਤੀ ਦਿਨ 20 ਹਜ਼ਾਰ ਸਿਲੰਡਰ ਭਰਨ ਦੀ ਹੋਵੇਗੀ। ਇਸ ਸਹੂਲਤ ਨਾਲ ਸਥਾਨਕ ਆਵਾਜਾਈ ਅਤੇ ਸਟੋਰੇਜ ਖੇਤਰਾਂ ਵਿੱਚ ਰੁਜ਼ਗਾਰ ਪੈਦਾ ਹੋਣ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਹੋਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਦੇਸ਼ ਭਰ ਵਿੱਚ ਮਲਟੀ-ਮਾਡਲ ਬੁਨਿਆਦੀ ਢਾਂਚਾ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ ਅਤੇ ਅਸੀਂ ਪਿੰਡਾਂ ਤੋਂ ਸ਼ਹਿਰਾਂ ਅਤੇ ਸ਼ਹਿਰਾਂ ਤੋਂ ਬੰਦਰਗਾਹਾਂ ਤੱਕ ਸੰਪਰਕ 'ਤੇ ਜ਼ੋਰ ਦੇ ਰਹੇ ਹਾਂ।" ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਸੱਬਾਵਰਮ ਅਤੇ ਸ਼ੀਲਾਨਗਰ ਦਰਮਿਆਨ ਨਵਾਂ ਬਣਿਆ ਹਾਈਵੇਅ ਸੰਪਰਕ ਨੂੰ ਹੋਰ ਬਿਹਤਰ ਬਣਾਏਗਾ। ਉਨ੍ਹਾਂ ਨੇ ਕਿਹਾ ਕਿ ਨਵੀਆਂ ਰੇਲ ਲਾਈਨਾਂ ਦੀ ਸ਼ੁਰੂਆਤ ਅਤੇ ਰੇਲ ਫਲਾਈਓਵਰਾਂ ਦੇ ਨਿਰਮਾਣ ਨਾਲ ਇਸ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ, ਜਿਸ ਨਾਲ ਯਾਤਰੀਆਂ ਦੀ ਸਹੂਲਤ ਵਧੇਗੀ ਅਤੇ ਖੇਤਰ ਵਿੱਚ ਉਦਯੋਗਾਂ ਨੂੰ ਨਵੀਂ ਪ੍ਰੇਰਨਾ ਮਿਲੇਗੀ।

 

ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਦੇਸ਼ 2047 ਤੱਕ ਇੱਕ ਵਿਕਸਿਤ ਭਾਰਤ ਦੇ ਟੀਚੇ ਪ੍ਰਤੀ ਵਚਨਬੱਧ ਹੈ ਅਤੇ ਇਸ ਸੰਕਲਪ ਨੂੰ ਸੁਨਹਿਰੇ ਆਂਧਰਾ ਦੇ ਦ੍ਰਿਸ਼ਟੀਕੋਣ ਤੋਂ ਊਰਜਾ ਮਿਲ ਰਹੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਅਤੇ ਇਸ ਦੇ ਨੌਜਵਾਨ ਹਮੇਸ਼ਾ ਤਕਨਾਲੋਜੀ ਦੇ ਖੇਤਰ ਵਿੱਚ ਸਭ ਤੋਂ ਅੱਗੇ ਰਹੇ ਹਨ ਅਤੇ ਕੇਂਦਰ ਅਤੇ ਰਾਜ ਵਿੱਚ ਉਨ੍ਹਾਂ ਦੀਆਂ ਸਰਕਾਰਾਂ ਅਧੀਨ ਇਸ ਸਮਰੱਥਾ ਨੂੰ ਹੋਰ ਵਧਾਇਆ ਅਤੇ ਵਿਸਤਾਰ ਕੀਤਾ ਜਾ ਰਿਹਾ ਹੈ।

ਸ਼੍ਰੀ ਮੋਦੀ ਨੇ ਕਿਹਾ, "ਅੱਜ, ਭਾਰਤ ਦੀ ਅਤੇ ਆਂਧਰਾ ਪ੍ਰਦੇਸ਼ ਦੀ ਤਰੱਕੀ ਦੀ ਗਤੀ ਅਤੇ ਸੰਭਾਵਨਾ ਨੂੰ ਪੂਰੀ ਦੁਨੀਆ ਦੇਖ ਰਹੀ ਹੈ।" ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸਿਰਫ਼ ਦੋ ਦਿਨ ਪਹਿਲਾਂ ਹੀ ਗੂਗਲ ਨੇ ਆਂਧਰਾ ਪ੍ਰਦੇਸ਼ ਵਿੱਚ ਇੱਕ ਵੱਡੇ ਨਿਵੇਸ਼ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਗੂਗਲ ਰਾਜ ਵਿੱਚ ਭਾਰਤ ਦਾ ਪਹਿਲਾ ਆਰਟੀਫਿਸ਼ੀਅਲ ਇੰਟੈਲੀਜੈਂਸ ਹੱਬ ਬਣਾਉਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਵੇਂ ਏਆਈ ਹੱਬ ਵਿੱਚ ਸ਼ਕਤੀਸ਼ਾਲੀ ਏਆਈ ਬੁਨਿਆਦੀ ਢਾਂਚਾ, ਡੇਟਾ ਸੈਂਟਰ ਸਮਰੱਥਾ, ਵੱਡੇ ਪੈਮਾਨੇ ’ਤੇ ਊਰਜਾ ਸਰੋਤ ਅਤੇ ਇੱਕ ਵਿਸਤ੍ਰਿਤ ਫਾਈਬਰ-ਔਪਟਿਕ ਨੈੱਟਵਰਕ ਹੋਵੇਗਾ।

ਪ੍ਰਧਾਨ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਗੂਗਲ ਦੇ ਏਆਈ ਹੱਬ ਨਿਵੇਸ਼ ਵਿੱਚ ਇੱਕ ਨਵੇਂ ਇੰਟਰਨੈਸ਼ਨਲ ਸਬਸੀ ਗੇਟਵੇ ਦਾ ਵਿਕਾਸ ਸ਼ਾਮਿਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਗੇਟਵੇ ਵਿੱਚ ਭਾਰਤ ਦੇ ਪੂਰਬੀ ਤਟ ਵਿਸ਼ਾਖਾਪਟਨਮ ਤੱਕ ਪਹੁੰਚਣ ਵਾਲੀਆਂ ਕਈ ਅੰਤਰਰਾਸ਼ਟਰੀ ਸਬਸੀ ਕੇਬਲ ਸ਼ਾਮਿਲ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਵਿਸ਼ਾਖਾਪਟਨਮ ਨੂੰ ਏਆਈ ਅਤੇ ਗਲੋਬਲ ਕਨੈਕਟੀਵਿਟੀ ਲਈ ਇੱਕ ਪ੍ਰਮੁੱਖ ਹੱਬ ਵਜੋਂ ਸਥਾਪਿਤ ਕਰੇਗਾ, ਜੋ ਨਾ ਸਿਰਫ਼ ਭਾਰਤ ਬਲਕਿ ਪੂਰੀ ਦੁਨੀਆ ਦੀ ਸੇਵਾ ਕਰੇਗਾ। ਉਨ੍ਹਾਂ ਨੇ ਇਸ ਪ੍ਰਾਪਤੀ ਲਈ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ਵਿਸ਼ੇਸ਼ ਵਧਾਈਆਂ ਦਿੱਤੀਆਂ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦੀ ਤਰੱਕੀ ਦੇ ਲਈ ਆਂਧਰਾ ਪ੍ਰਦੇਸ਼ ਦਾ ਵਿਕਾਸ ਜ਼ਰੂਰੀ ਹੈ ਅਤੇ ਆਂਧਰਾ ਦੀ ਤਰੱਕੀ ਦੇ ਲਈ ਰਾਇਲਸੀਮਾ ਦਾ ਵਿਕਾਸ ਮਹੱਤਵਪੂਰਨ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਕੁਰਨੂਲ ਦੀ ਧਰਤੀ ’ਤੇ ਸ਼ੁਰੂ ਕੀਤੇ ਗਏ ਪ੍ਰੋਜੈਕਟ ਰਾਇਲਸੀਮਾ ਦੇ ਹਰ ਜ਼ਿਲ੍ਹੇ ਵਿੱਚ ਰੁਜ਼ਗਾਰ ਅਤੇ ਖੁਸ਼ਹਾਲੀ ਦੇ ਨਵੇਂ ਦਰਵਾਜ਼ੇ ਖੋਲ੍ਹਣਗੇ ਅਤੇ ਖੇਤਰ ਵਿੱਚ ਉਦਯੋਗਿਕ ਵਿਕਾਸ ਨੂੰ ਤੇਜ਼ ਕਰਨਗੇ।

ਪ੍ਰਧਾਨ ਮੰਤਰੀ ਨੇ ਆਂਧਰਾ ਪ੍ਰਦੇਸ਼ ਦੇ ਵਿਕਾਸ ਨੂੰ ਤੇਜ਼ ਕਰਨ ਲਈ ਨਵੇਂ ਉਦਯੋਗਿਕ ਗਲਿਆਰੇ ਅਤੇ ਹੱਬ ਸਥਾਪਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਓਰਵਾਕਲ ਅਤੇ ਕੋਪਰਥੀ ਨੂੰ ਰਾਜ ਦੇ ਨਵੇਂ ਉਦਯੋਗਿਕ ਹੱਬਾਂ ਵਜੋਂ ਵਿਕਸਿਤ ਕਰ ਰਹੀ ਹੈ। ਇਨ੍ਹਾਂ ਖੇਤਰਾਂ ਵਿੱਚ ਵੱਧ ਰਹੇ ਨਿਵੇਸ਼ ਨਾਲ ਲਗਾਤਾਰ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ, "ਅੱਜ, ਦੁਨੀਆ ਭਾਰਤ ਨੂੰ 21ਵੀਂ ਸਦੀ ਦੇ ਨਵੇਂ ਨਿਰਮਾਣ ਕੇਂਦਰ ਵਜੋਂ ਦੇਖ ਰਹੀ ਹੈ ਅਤੇ ਆਤਮ-ਨਿਰਭਰ ਭਾਰਤ ਦਾ ਦ੍ਰਿਸ਼ਟੀਕੋਣ ਇਸ ਸਫਲਤਾ ਦੀ ਨੀਂਹ ਹੈ।" ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਂਧਰਾ ਪ੍ਰਦੇਸ਼ ਆਤਮ-ਨਿਰਭਰ ਭਾਰਤ ਦੀ ਸਫਲਤਾ ਵਿੱਚ ਇੱਕ ਮੁੱਖ ਯੋਗਦਾਨ ਪਾਉਣ ਵਾਲੇ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਂਧਰਾ ਪ੍ਰਦੇਸ਼ ਦੀ ਸਮਰੱਥਾ ਨੂੰ ਨਜ਼ਰ-ਅੰਦਾਜ਼ ਕੀਤਾ, ਜਿਸ ਨਾਲ ਪੂਰੇ ਦੇਸ਼ ਨੂੰ ਝਟਕਾ ਲੱਗਿਆ। ਇੱਕ ਅਜਿਹਾ ਰਾਜ ਜੋ ਰਾਸ਼ਟਰੀ ਤਰੱਕੀ ਨੂੰ ਤੇਜ਼ ਕਰ ਸਕਦਾ ਸੀ, ਉਸ ਨੂੰ ਆਪਣੇ ਵਿਕਾਸ ਲਈ ਸੰਘਰਸ਼ ਕਰਨ ਲਈ ਛੱਡ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਉਨ੍ਹਾਂ ਦੀ ਸਰਕਾਰ ਦੇ ਅਧੀਨ, ਨਿਰਮਾਣ ਖੇਤਰ ਵਿੱਚ ਤੇਜ਼ੀ ਨਾਲ, ਆਂਧਰਾ ਪ੍ਰਦੇਸ਼ ਦੀ ਤਰੱਕੀ ਦੀ ਦਿਸ਼ਾ ਬਦਲ ਰਹੀ ਹੈ। ਉਨ੍ਹਾਂ ਨੇ ਨਿੰਮਲੁਰੂ ਵਿੱਚ ਇੱਕ ਉੱਨਤ ਨਾਈਟ ਵਿਜ਼ਨ ਫੈਕਟਰੀ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜੋ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਹੂਲਤ ਨਾਈਟ ਵਿਜ਼ਨ ਉਪਕਰਨ, ਮਿਜ਼ਾਈਲ ਸੈਂਸਰ ਅਤੇ ਡਰੋਨ ਗਾਰਡ ਸਿਸਟਮ ਦੇ ਉਤਪਾਦਨ ਵਿੱਚ ਭਾਰਤ ਦੀ ਸਮਰੱਥਾ ਨੂੰ ਵਧਾਏਗੀ ਅਤੇ ਦੇਸ਼ ਦੇ ਰੱਖਿਆ ਨਿਰਯਾਤ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੂਰੀ ਦੁਨੀਆ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਸਵਦੇਸ਼ੀ ਹਥਿਆਰ ਪ੍ਰਣਾਲੀਆਂ ਦੀ ਸਫਲਤਾ ਦੇਖੀ ਹੈ।

 

ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਕੁਰਨੂਲ ਨੂੰ ਭਾਰਤ ਦੇ ਡਰੋਨ ਹੱਬ ਵਜੋਂ ਵਿਕਸਿਤ ਕਰਨ ਦੇ ਸੰਕਲਪ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਰੋਨ ਉਦਯੋਗ ਰਾਹੀਂ, ਕੁਰਨੂਲ ਅਤੇ ਪੂਰੇ ਆਂਧਰਾ ਪ੍ਰਦੇਸ਼ ਵਿੱਚ ਭਵਿੱਖ ਦੀਆਂ ਤਕਨਾਲੋਜੀਆਂ ਨਾਲ ਸਬੰਧਤ ਕਈ ਨਵੇਂ ਖੇਤਰ ਉੱਭਰਨਗੇ। ਉਨ੍ਹਾਂ ਨੇ ਆਪ੍ਰੇਸ਼ਨ ਸਿੰਧੂਰ ਵਿੱਚ ਡਰੋਨਾਂ ਦੀ ਸਫਲਤਾ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਕੁਰਨੂਲ ਡਰੋਨ ਖੇਤਰ ਵਿੱਚ ਇੱਕ ਰਾਸ਼ਟਰੀ ਸ਼ਕਤੀ ਬਣ ਜਾਵੇਗਾ। ਸ਼੍ਰੀ ਮੋਦੀ ਨੇ ਨਾਗਰਿਕ-ਕੇਂਦ੍ਰਿਤ ਵਿਕਾਸ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਇਆ ਅਤੇ ਨਾਗਰਿਕਾਂ ਦੇ ਜੀਵਨ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ਚੱਲ ਰਹੇ ਸੁਧਾਰਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ 12 ਲੱਖ ਰੁਪਏ ਤੱਕ ਦੀ ਆਮਦਨ ਹੁਣ ਪੂਰੀ ਤਰ੍ਹਾਂ ਟੈਕਸ-ਮੁਕਤ ਹੈ ਅਤੇ ਕਿਫਾਇਤੀ ਦਵਾਈਆਂ, ਘੱਟ ਲਾਗਤ ਵਾਲੀ ਸਿਹਤ ਸੰਭਾਲ ਅਤੇ ਸੀਨੀਅਰ ਨਾਗਰਿਕਾਂ ਲਈ ਆਯੁਸ਼ਮਾਨ ਕਾਰਡ ਵਰਗੀਆਂ ਪਹਿਲਕਦਮੀਆਂ ਨੇ ਜੀਵਨ ਨੂੰ ਆਸਾਨ ਬਣਾਉਣ ਵਿੱਚ ਇੱਕ ਨਵਾਂ ਅਧਿਆਇ ਜੋੜਿਆ ਹੈ।

 

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਨਰਾਤਿਆਂ ਦੇ ਪਹਿਲੇ ਦਿਨ ਤੋਂ ਹੀ ਜੀਐੱਸਟੀ ਵਿੱਚ ਮਹੱਤਵਪੂਰਨ ਕਟੌਤੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਨਾਰਾ ਲੋਕੇਸ਼ ਗਾਰੂ ਦੀ ਅਗਵਾਈ ਹੇਠ ਜੀਐੱਸਟੀ ਬੱਚਤ ਉਤਸਵ ਦੇ ਆਯੋਜਨ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ "ਸੁਪਰ ਜੀਐੱਸਟੀ - ਸੁਪਰ ਬੱਚਤ" ਮੁਹਿੰਮ ਦੇ ਸਫਲ ਲਾਗੂਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ ਨਾਲ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ₹8,000 ਕਰੋੜ ਤੋਂ ਵੱਧ ਦੀ ਬੱਚਤ ਹੋਣ ਦੀ ਉਮੀਦ ਹੈ, ਜਿਸ ਨਾਲ ਤਿਉਹਾਰ ਦਾ ਉਤਸ਼ਾਹ ਹੋਰ ਵਧੇਗਾ। ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਕਿ ਜੀਐੱਸਟੀ ਬੱਚਤ ਉਤਸਵ ਨੂੰ "ਵੋਕਲ ਫਾਰ ਲੋਕਲ" ਸੰਕਲਪ ਦੇ ਅਨੁਰੂਪ ਮਨਾਇਆ ਜਾਵੇ। ਉਨ੍ਹਾਂ ਨੇ ਇਹ ਕਹਿ ਕੇ ਸਮਾਪਤੀ ਕੀਤੀ ਕਿ ਵਿਕਸਿਤ ਭਾਰਤ ਦਾ ਸੁਪਨਾ ਵਿਕਸਿਤ ਆਂਧਰਾ ਪ੍ਰਦੇਸ਼ ਰਾਹੀਂ ਹੀ ਸਾਕਾਰ ਹੋਵੇਗਾ। ਉਨ੍ਹਾਂ ਨੇ ਇੱਕ ਵਾਰ ਫਿਰ ਰਾਜ ਦੇ ਲੋਕਾਂ ਨੂੰ ਨਵੇਂ ਪ੍ਰੋਜੈਕਟਾਂ ਲਈ ਵਧਾਈਆਂ ਦਿੱਤੀਆਂ।

 

ਇਸ ਪ੍ਰੋਗਰਾਮ ਵਿੱਚ ਆਂਧਰਾ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਸਈਦ ਅਬਦੁਲ ਨਜ਼ੀਰ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਐੱਨ. ਚੰਦਰਬਾਬੂ ਨਾਇਡੂ, ਕੇਂਦਰੀ ਕੈਬਨਿਟ ਮੰਤਰੀ ਸ਼੍ਰੀ ਰਾਮਮੋਹਨ ਨਾਇਡੂ ਕਿੰਜਰਪੂ, ਡਾ. ਚੰਦਰ ਸ਼ੇਖਰ ਪੇਮਾਸਾਨੀ, ਸ਼੍ਰੀ ਭੂਪਤੀ ਰਾਜੂ ਸ੍ਰੀਨਿਵਾਸ ਵਰਮਾ ਅਤੇ ਹੋਰ ਪਤਵੰਤੇ ਮੌਜੂਦ ਸਨ।

 

ਪਿਛੋਕੜ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਗਭਗ ₹13,430 ਕਰੋੜ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਦੇਸ਼ ਨੂੰ ਸਮਰਪਿਤ ਕੀਤੇ। ਇਹ ਪ੍ਰੋਜੈਕਟ ਉਦਯੋਗ, ਬਿਜਲੀ ਸੰਚਾਰ, ਸੜਕਾਂ, ਰੇਲਵੇ, ਡਿਫੈਂਸ ਮੈਨੁਫੈਕਚਰਿੰਗ, ਪੈਟਰੋਲੀਅਮ ਅਤੇ ਕੁਦਰਤੀ ਗੈਸ ਸਮੇਤ ਪ੍ਰਮੁੱਖ ਖੇਤਰਾਂ ਨਾਲ ਜੁੜੇ ਹਨ, ਜੋ ਖੇਤਰੀ ਬੁਨਿਆਦੀ ਢਾਂਚੇ ਨੂੰ ਵਧਾਉਣ, ਉਦਯੋਗੀਕਰਨ ਵਿੱਚ ਤੇਜ਼ੀ ਲਿਆਉਣ ਅਤੇ ਸੂਬੇ ਵਿੱਚ ਸਮਾਵੇਸ਼ੀ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।

ਪ੍ਰਧਾਨ ਮੰਤਰੀ ਨੇ ₹2,880 ਕਰੋੜ ਤੋਂ ਵੱਧ ਦੀ ਲਾਗਤ ਨਾਲ ਕੁਰਨੂਲ-III ਪੂਲਿੰਗ ਸਟੇਸ਼ਨ 'ਤੇ ਟ੍ਰਾਂਸਮਿਸ਼ਨ ਸਿਸਟਮ ਮਜ਼ਬੂਤੀਕਰਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਵਿੱਚ 765 ਕੇਵੀ ਡਬਲ-ਸਰਕਟ ਕੁਰਨੂਲ-III ਪੂਲਿੰਗ ਸਟੇਸ਼ਨ-ਚਿਲਕਾਲੂਰੀਪੇਟਾ ਟ੍ਰਾਂਸਮਿਸ਼ਨ ਲਾਈਨ ਦਾ ਨਿਰਮਾਣ ਸ਼ਾਮਿਲ ਹੈ, ਜਿਸ ਨਾਲ ਪਰਿਵਰਤਨ ਸਮਰੱਥਾ ਵਿੱਚ 6,000 ਐੱਮਵੀਏ ਦਾ ਵਾਧਾ ਹੋਵੇਗਾ, ਨਵਿਆਉਣਯੋਗ ਊਰਜਾ ਦਾ ਵੱਡੇ ਪੱਧਰ 'ਤੇ ਸੰਚਾਰ ਸੰਭਵ ਹੋਵੇਗਾ ਅਤੇ ਦੇਸ਼ ਦੇ ਵਿਕਾਸ ਨੂੰ ਰਫ਼ਤਾਰ ਮਿਲੇਗੀ।

ਪ੍ਰਧਾਨ ਮੰਤਰੀ ਨੇ ਕੁਰਨੂਲ ਵਿੱਚ ਓਰਵਾਕਲ ਉਦਯੋਗਿਕ ਖੇਤਰ ਅਤੇ ਕਡੱਪਾ ਵਿੱਚ ਕੋਪਰਥੀ ਉਦਯੋਗਿਕ ਖੇਤਰ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ’ਤੇ ਕੁੱਲ ₹4,920 ਕਰੋੜ ਤੋਂ ਵੱਧ ਦਾ ਨਿਵੇਸ਼ ਹੋਵੇਗਾ। ਰਾਸ਼ਟਰੀ ਉਦਯੋਗਿਕ ਗਲਿਆਰਾ ਵਿਕਾਸ ਅਤੇ ਲਾਗੂਕਰਨ ਟਰੱਸਟ (ਐੱਨਆਈਸੀਡੀਆਈਟੀ) ਅਤੇ ਆਂਧਰਾ ਪ੍ਰਦੇਸ਼ ਇੰਡਸਟਰੀਅਲ ਇਨਫ੍ਰਾਸਟ੍ਰਕਚਰ ਕਾਰਪੋਰੇਸ਼ਨ ਲਿਮਟਿਡ (ਏਪੀਆਈਆਈਸੀ) ਵੱਲੋਂ ਸਾਂਝੇ ਤੌਰ 'ਤੇ ਵਿਕਸਿਤ, ਇਹ ਆਧੁਨਿਕ, ਬਹੁ-ਖੇਤਰੀ ਉਦਯੋਗਿਕ ਕੇਂਦਰ ਪਲੱਗ-ਐਂਡ-ਪਲੇ (ਤੁਰੰਤ ਸ਼ੁਰੂ ਕਰਨ ਯੋਗ) ਬੁਨਿਆਦੀ ਢਾਂਚਾ ਅਤੇ ਵਾਕ-ਟੁ-ਵਰਕ ਧਾਰਨਾ ਦੀ ਵਿਸ਼ੇਸ਼ਤਾ ਰੱਖਦੇ ਹਨ। ਇਨ੍ਹਾਂ ਤੋਂ ₹21,000 ਕਰੋੜ ਦਾ ਨਿਵੇਸ਼ ਆਕਰਸ਼ਿਤ ਹੋਣ ਅਤੇ ਲਗਭਗ ਇੱਕ ਲੱਖ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਆਂਧਰਾ ਪ੍ਰਦੇਸ਼ ਦੇ ਰਾਇਲਸੀਮਾ ਖੇਤਰ ਵਿੱਚ ਉਦਯੋਗਿਕ ਵਿਕਾਸ ਅਤੇ ਵਿਸ਼ਵ-ਵਿਆਪੀ ਮੁਕਾਬਲੇਬਾਜ਼ੀ ਨੂੰ ਹੁਲਾਰਾ ਮਿਲੇਗਾ।

 

ਸੜਕੀ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ, ਪ੍ਰਧਾਨ ਮੰਤਰੀ ਨੇ ਸੱਬਾਵਰਮ ਤੋਂ ਸ਼ੀਲਾਨਗਰ ਤੱਕ ਛੇ ਲੇਨ ਵਾਲੇ ਗ੍ਰੀਨਫੀਲਡ ਹਾਈਵੇਅ ਦਾ ਨੀਂਹ ਪੱਥਰ ਰੱਖਿਆ, ਜਿਸ ਦੀ ਲਾਗਤ ₹960 ਕਰੋੜ ਤੋਂ ਵੱਧ ਹੈ ਅਤੇ ਜਿਸ ਦਾ ਮੰਤਵ ਵਿਸ਼ਾਖਾਪਟਨਮ ਵਿੱਚ ਭੀੜ-ਭੜੱਕਾ ਘੱਟ ਕਰਨਾ ਅਤੇ ਵਪਾਰ ਅਤੇ ਰੁਜ਼ਗਾਰ ਨੂੰ ਸੁਵਿਧਾਜਨਕ ਬਣਾਉਣਾ ਹੈ। ਇਸ ਤੋਂ ਇਲਾਵਾ, ਲਗਭਗ ₹1,140 ਕਰੋੜ ਦੇ ਛੇ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਜਿਨ੍ਹਾਂ ਵਿੱਚ ਪਿੱਲੇਰੂ-ਕਲੂਰ ਸੈਕਸ਼ਨ ਦਾ ਚਾਰ ਲੇਨ ਦਾ ਨਿਰਮਾਣ, ਕਡੱਪਾ/ ਨੈਲੋਰ ਸਰਹੱਦ ਤੋਂ ਸੀਐੱਸ ਪੁਰਮ ਤੱਕ ਸੜਕ ਨੂੰ ਚੌੜਾ ਕਰਨਾ, ਰਾਸ਼ਟਰੀ ਰਾਜਮਾਰਗ-165 'ਤੇ ਗੁਡੀਵਾੜਾ ਅਤੇ ਨੁਜੇਲਾ ਰੇਲਵੇ ਸਟੇਸ਼ਨਾਂ ਵਿਚਕਾਰ ਚਾਰ ਲੇਨ ਰੇਲ ਓਵਰਬ੍ਰਿਜ (ਆਰਓਬੀ), ਰਾਸ਼ਟਰੀ ਰਾਜਮਾਰਗ-716 'ਤੇ ਪਾਪਾਗਨੀ ਨਦੀ 'ਤੇ ਪ੍ਰਮੁੱਖ ਪੁਲ਼, ਰਾਸ਼ਟਰੀ ਰਾਜਮਾਰਗ-565 'ਤੇ ਕਨਿਗਿਰੀ ਬਾਈਪਾਸ ਅਤੇ ਰਾਸ਼ਟਰੀ ਰਾਜਮਾਰਗ-544ਡੀਡੀ 'ਤੇ ਐੱਨ ਗੁੰਡਲਾਪੱਲੀ ਸ਼ਹਿਰ ਵਿੱਚ ਬਾਈਪਾਸ ਸੈਕਸ਼ਨ ਦਾ ਸੁਧਾਰ ਸ਼ਾਮਿਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਸੁਰੱਖਿਆ ਵਿੱਚ ਸੁਧਾਰ ਹੋਵੇਗਾ, ਯਾਤਰਾ ਦੇ ਸਮੇਂ ਵਿੱਚ ਕਮੀ ਆਵੇਗੀ ਅਤੇ ਆਂਧਰਾ ਪ੍ਰਦੇਸ਼ ਵਿੱਚ ਖੇਤਰੀ ਆਵਾਜਾਈ-ਸੰਪਰਕ ਮਜ਼ਬੂਤ ਹੋਵੇਗਾ।

 

ਪ੍ਰਧਾਨ ਮੰਤਰੀ ਨੇ ₹1,200 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਪ੍ਰਮੁੱਖ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਦੇਸ਼ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਕੋਟਾਵਲਸਾ-ਵਿਜਿਆਨਗਰਮ ਚੌਥੀ ਰੇਲਵੇ ਲਾਈਨ ਅਤੇ ਪੇਂਡੂਰਥੀ ਅਤੇ ਸਿੰਹਾਚਲਮ ਉੱਤਰ ਦੇ ਵਿੱਚ ਰੇਲ ਫਲਾਈਓਵਰ ਦਾ ਨੀਂਹ ਪੱਥਰ ਅਤੇ ਕੋਟਾਵਲਸਾ-ਬੋਦਾਵਾਰਾ ਸੈਕਸ਼ਨ ਅਤੇ ਸ਼ਿਮਿਲਿਗੁਡਾ-ਗੋਰਾਪੁਰ ਸੈਕਸ਼ਨ ਦੀ ਡਬਲਿੰਗ ਨੂੰ ਦੇਸ਼ ਨੂੰ ਸਮਰਪਿਤ ਕਰਨਾ ਸ਼ਾਮਿਲ ਹਨ। ਇਹ ਪ੍ਰੋਜੈਕਟ ਭੀੜ ਨੂੰ ਘੱਟ ਕਰਨਗੇ, ਤੇਜ਼ ਅਤੇ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣਗੇ, ਯਾਤਰੀਆਂ ਅਤੇ ਮਾਲ ਦੀ ਸੁਚਾਰੂ ਆਵਾਜਾਈ ਨੂੰ ਸੁਵਿਧਾਜਨਕ ਬਣਾਉਣਗੇ ਅਤੇ ਪੂਰੇ ਖੇਤਰ ਵਿੱਚ ਉਦਯੋਗਿਕ, ਵਪਾਰਕ ਅਤੇ ਸੈਰ-ਸਪਾਟਾ ਵਿਕਾਸ ਨੂੰ ਹੁਲਾਰਾ ਦੇਣਗੇ, ਨਾਲ ਹੀ ਸਥਾਨਕ ਭਾਈਚਾਰਿਆਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਨਗੇ।

 

ਪ੍ਰਧਾਨ ਮੰਤਰੀ ਨੇ ਊਰਜਾ ਖੇਤਰ ਵਿੱਚ ਲਗਭਗ ₹1,730 ਕਰੋੜ ਦੀ ਲਾਗਤ ਨਾਲ ਬਣਾਈ ਗੇਲ ਇੰਡੀਆ ਲਿਮਟਿਡ ਦੀ ਸ਼੍ਰੀਕਾਕੁਲਮ-ਅੰਗੁਲ ਕੁਦਰਤੀ ਗੈਸ ਪਾਈਪਲਾਈਨ ਰਾਸ਼ਟਰ ਨੂੰ ਸਮਰਪਿਤ ਕੀਤਾ, ਜੋ ਆਂਧਰਾ ਪ੍ਰਦੇਸ਼ ਵਿੱਚ ਲਗਭਗ 124 ਕਿੱਲੋਮੀਟਰ ਅਤੇ ਓਡੀਸ਼ਾ ਵਿੱਚ 298 ਕਿਲੋਮੀਟਰ ਤੱਕ ਫੈਲੀ ਹੈ। ਉਨ੍ਹਾਂ ਨੇ ਚਿਤੂਰ, ਆਂਧਰਾ ਪ੍ਰਦੇਸ਼ ਵਿੱਚ ਲਗਭਗ ₹200 ਕਰੋੜ ਦੇ ਨਿਵੇਸ਼ ਨਾਲ ਸਥਾਪਿਤ, ਇੰਡੀਅਨ ਆਇਲ ਦੇ 60 ਟੀਐੱਮਟੀਪੀਏ (ਹਜ਼ਾਰ ਮੀਟ੍ਰਿਕ ਟਨ ਪ੍ਰਤੀ ਸਾਲ) ਐੱਲਪੀਜੀ ਬੋਟਲਿੰਗ ਪਲਾਂਟ ਦਾ ਵੀ ਉਦਘਾਟਨ ਕੀਤਾ। ਇਹ ਪਲਾਂਟ ਆਂਧਰਾ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ, ਤਾਮਿਲਨਾਡੂ ਦੇ ਦੋ ਜ਼ਿਲ੍ਹਿਆਂ ਅਤੇ ਕਰਨਾਟਕ ਦੇ ਇੱਕ ਜ਼ਿਲ੍ਹੇ ਵਿੱਚ 80 ਡਿਸਟ੍ਰੀਬਿਊਟਰਾਂ ਰਾਹੀਂ 7.2 ਲੱਖ ਤੋਂ ਵੱਧ ਗਾਹਕਾਂ ਦੀ ਸੇਵਾ ਪ੍ਰਦਾਨ ਕਰੇਗਾ। ਇਹ ਪਲਾਂਟ ਖੇਤਰ ਵਿੱਚ ਘਰੇਲੂ ਅਤੇ ਕਾਰੋਬਾਰੀ ਵਰਤੋਂ ਲਈ ਭਰੋਸੇਯੋਗ ਐੱਲਪੀਜੀ ਸਪਲਾਈ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

 

ਰੱਖਿਆ ਨਿਰਮਾਣ ਨੂੰ ਮਜ਼ਬੂਤ ਕਰਨ ਲਈ, ਪ੍ਰਧਾਨ ਮੰਤਰੀ ਨੇ ਕ੍ਰਿਸ਼ਨਾ ਜ਼ਿਲ੍ਹੇ ਦੇ ਨਿੰਮਲੁਰੂ ਵਿੱਚ ਐਡਵਾਂਸਡ ਨਾਈਟ ਵਿਜ਼ਨ ਪ੍ਰੋਡਕਟਸ ਫੈਕਟਰੀ ਦੇਸ਼ ਨੂੰ ਸਮਰਪਿਤ ਕੀਤਾ, ਜਿਸ ਨੂੰ ਲਗਭਗ ₹360 ਕਰੋੜ ਦੇ ਨਿਵੇਸ਼ ਨਾਲ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਵੱਲੋਂ ਸਥਾਪਿਤ ਕੀਤਾ ਗਿਆ ਹੈ। ਇਹ ਸਹੂਲਤ ਭਾਰਤੀ ਰੱਖਿਆ ਬਲਾਂ ਲਈ ਉੱਨਤ ਇਲੈਕਟ੍ਰੋ-ਆਪਟੀਕਲ ਪ੍ਰਣਾਲੀਆਂ ਦਾ ਨਿਰਮਾਣ ਕਰੇਗੀ, ਜਿਸ ਨਾਲ ਰੱਖਿਆ ਉਤਪਾਦਨ ਵਿੱਚ ਸਵੈ-ਨਿਰਭਰਤਾ ਵਧੇਗੀ ਅਤੇ ਖੇਤਰ ਵਿੱਚ ਹੁਨਰਮੰਦ ਰੁਜ਼ਗਾਰ ਨੂੰ ਹੁਲਾਰਾ ਮਿਲੇਗਾ।

 

https://x.com/narendramodi/status/1978766293244244330 

https://x.com/PMOIndia/status/1978767979505397924 

https://x.com/PMOIndia/status/1978768790478360608 

https://x.com/PMOIndia/status/1978769753108885742 

https://x.com/PMOIndia/status/1978770075436855326 

https://x.com/PMOIndia/status/1978771123358572689 

https://x.com/PMOIndia/status/1978771648351207612 

https://x.com/PMOIndia/status/1978773972415074563 

https://x.com/PMOIndia/status/1978774234294862160 

https://youtu.be/YuxWQgpnfpA 

*****

ਐੱਮਜੇਪੀਐੱਸ/ਐੱਸਆਰ


(रिलीज़ आईडी: 2180246) आगंतुक पटल : 21
इस विज्ञप्ति को इन भाषाओं में पढ़ें: Odia , English , Urdu , Marathi , हिन्दी , Manipuri , Bengali , Assamese , Gujarati , Tamil , Telugu , Kannada , Malayalam