ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ 2025 ਨੂੰ ਸੰਬੋਧਨ ਕੀਤਾ


ਭਾਰਤ ਨੇ ਲੋਕਤੰਤਰੀ ਭਾਵਨਾ ਨੂੰ ਆਪਣੇ ਸ਼ਾਸਨ ਦਾ ਇੱਕ ਮਜ਼ਬੂਤ ​​ਥੰਮ੍ਹ ਬਣਾਇਆ ਹੈ: ਪ੍ਰਧਾਨ ਮੰਤਰੀ

ਪਿਛਲੇ ਇੱਕ ਦਹਾਕੇ ਵਿੱਚ, ਭਾਰਤ ਨੇ ਤਕਨਾਲੋਜੀ ਦਾ ਲੋਕਤੰਤਰੀਕਰਨ ਕੀਤਾ ਹੈ; ਅੱਜ ਭਾਰਤ ਦੁਨੀਆ ਦੇ ਸਭ ਤੋਂ ਵੱਧ ਤਕਨੀਕੀ ਤੌਰ 'ਤੇ ਸਮਾਵੇਸ਼ੀ ਸਮਾਜਾਂ ਵਿੱਚੋਂ ਇੱਕ ਹੈ: ਪ੍ਰਧਾਨ ਮੰਤਰੀ

ਅਸੀਂ ਡਿਜੀਟਲ ਤਕਨਾਲੋਜੀ ਦਾ ਲੋਕਤੰਤਰੀਕਰਨ ਕੀਤਾ ਹੈ, ਜਿਸ ਨਾਲ ਇਹ ਦੇਸ਼ ਦੇ ਹਰ ਨਾਗਰਿਕ ਅਤੇ ਹਰ ਖੇਤਰ ਲਈ ਪਹੁੰਚਯੋਗ ਹੋ ਗਈ ਹੈ: ਪ੍ਰਧਾਨ ਮੰਤਰੀ

ਭਾਰਤ ਨੇ ਦਿਖਾਇਆ ਹੈ ਕਿ ਤਕਨਾਲੋਜੀ ਸਿਰਫ਼ ਸਹੂਲਤ ਦਾ ਸਾਧਨ ਨਹੀਂ ਹੈ, ਸਗੋਂ ਸਮਾਨਤਾ ਨੂੰ ਯਕੀਨੀ ਬਣਾਉਣ ਦਾ ਸਾਧਨ ਵੀ ਹੈ: ਪ੍ਰਧਾਨ ਮੰਤਰੀ

ਇੰਡੀਆ ਸਟੈਕ ਦੁਨੀਆ ਲਈ, ਖ਼ਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਲਈ ਉਮੀਦ ਦੀ ਕਿਰਨ ਹੈ: ਪ੍ਰਧਾਨ ਮੰਤਰੀ

ਅਸੀਂ ਨਾ ਸਿਰਫ਼ ਦੂਜੇ ਦੇਸ਼ਾਂ ਨਾਲ ਤਕਨਾਲੋਜੀ ਸਾਂਝਾ ਕਰ ਰਹੇ ਹਾਂ, ਸਗੋਂ ਉਨ੍ਹਾਂ ਨੂੰ ਇਸ ਨੂੰ ਵਿਕਸਿਤ ਕਰਨ ਵਿੱਚ ਵੀ ਮਦਦ ਕਰ ਰਹੇ ਹਾਂ ਅਤੇ ਇਹ ਡਿਜੀਟਲ ਸਹਾਇਤਾ ਨਹੀਂ ਹੈ, ਸਗੋਂ ਡਿਜੀਟਲ ਸਸ਼ਕਤੀਕਰਨ ਹੈ: ਪ੍ਰਧਾਨ ਮੰਤਰੀ

ਭਾਰਤ ਦੇ ਫਿਨਟੈਕ ਭਾਈਚਾਰੇ ਦੇ ਯਤਨਾਂ ਸਦਕਾ, ਸਾਡੇ ਸਵਦੇਸ਼ੀ ਹੱਲ ਵਿਸ਼ਵ-ਵਿਆਪੀ ਪ੍ਰਸੰਗਿਕਤਾ ਪ੍ਰਾਪਤ ਕਰ ਰਹੇ ਹਨ: ਪ੍ਰਧਾਨ ਮੰਤਰੀ

ਏਆਈ ਦੇ ਖੇਤਰ ਵਿੱਚ, ਭਾਰਤ ਦਾ ਦ੍ਰਿਸ਼ਟੀਕੋਣ ਤਿੰਨ ਮੁੱਖ ਸਿਧਾਂਤਾਂ – ਸਮਾਨ ਪਹੁੰਚ, ਆਬਾਦੀ-ਪੱਧਰ ਦੇ ਹੁਨਰ ਨਿਰਮਾਣ ਅਤੇ ਜ਼ਿੰਮੇਵਾਰ ਤੈਨਾਤੀ 'ਤੇ ਅਧਾਰਿਤ ਹੈ: ਪ੍ਰਧਾਨ ਮੰਤਰੀ

ਭਾਰਤ ਨੇ ਹਮੇਸ਼ਾ ਨੈਤਿਕ ਏਆਈ ਲਈ ਇੱਕ ਗਲੋਬਲ ਢਾਂਚੇ ਦਾ ਸਮਰਥਨ ਕੀਤਾ ਹੈ: ਪ੍ਰਧਾਨ ਮੰਤਰੀ

ਸਾਡੇ ਲਈ, ਏਆਈ ਦਾ ਅਰਥ ਹੈ ਸਰਬਸਮਾਵੇਸੀ: ਪ੍ਰਧਾਨ ਮੰਤਰੀ

ਸਾਡਾ ਟੀਚਾ ਇੱਕ ਅਜਿਹੀ ਫਿਨਟੈਕ ਦੁਨੀਆ ਬਣਾਉਣਾ ਹੈ ਜਿੱਥੇ ਤਕਨਾਲੋਜੀ ਲੋਕਾਂ ਅਤੇ ਪੂਰੀ ਦੁਨੀਆ ਨੂੰ ਅਮੀਰ ਬਣਾਉਂਦੀ ਹੈ: ਪ੍ਰਧਾਨ ਮੰਤਰੀ

Posted On: 09 OCT 2025 5:38PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ, ਮਹਾਰਾਸ਼ਟਰ ਵਿੱਚ ਗਲੋਬਲ ਫਿਨਟੈਕ ਫੈਸਟ 2025 ਨੂੰ ਸੰਬੋਧਨ ਕੀਤਾ। ਸਾਰਿਆਂ ਦਾ ਨਿੱਘਾ ਸਵਾਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਮੁੰਬਈ ਨੂੰ ਊਰਜਾ ਦਾ ਸ਼ਹਿਰ, ਉੱਦਮ ਦਾ ਸ਼ਹਿਰ ਅਤੇ ਬੇਅੰਤ ਸੰਭਾਵਨਾਵਾਂ ਦਾ ਸ਼ਹਿਰ ਦੱਸਿਆ। ਉਨ੍ਹਾਂ ਨੇ ਆਪਣੇ ਦੋਸਤ, ਬਰਤਾਨੀਆ ਦੇ ਪ੍ਰਧਾਨ ਮੰਤਰੀ, ਸ਼੍ਰੀ ਕੀਰ ਸਟਾਰਮਰ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ ਅਤੇ ਗਲੋਬਲ ਫਿਨਟੈਕ ਫ਼ੈਸਟੀਵਲ ਵਿੱਚ ਉਨ੍ਹਾਂ ਦੀ ਮੌਜੂਦਗੀ ਲਈ, ਅਤੇ ਨਾਲ ਹੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਸਮੇਂ ਲਈ ਧੰਨਵਾਦ ਪ੍ਰਗਟ ਕੀਤਾ।

 

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਪੰਜ ਸਾਲ ਪਹਿਲਾਂ, ਜਦੋਂ ਗਲੋਬਲ ਫਿਨਟੈਕ ਫ਼ੈਸਟੀਵਲ ਸ਼ੁਰੂ ਕੀਤਾ ਗਿਆ ਸੀ, ਤਾਂ ਦੁਨੀਆ ਇੱਕ ਗਲੋਬਲ ਮਹਾਮਾਰੀ ਨਾਲ ਜੂਝ ਰਹੀ ਸੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਇਹ ਫ਼ੈਸਟੀਵਲ ਵਿੱਤੀ ਨਵੀਨਤਾ ਅਤੇ ਸਹਿਯੋਗ ਲਈ ਇੱਕ ਗਲੋਬਲ ਪਲੇਟਫ਼ਾਰਮ ਵਿੱਚ ਵਿਕਸਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ, ਯੂਕੇ ਇੱਕ ਭਾਈਵਾਲ ਦੇਸ਼ ਵਜੋਂ ਹਿੱਸਾ ਲੈ ਰਿਹਾ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਦੇ ਦੋ ਪ੍ਰਮੁੱਖ ਲੋਕਤੰਤਰਾਂ ਦਰਮਿਆਨ ਸਾਂਝੇਦਾਰੀ ਵਿਸ਼ਵ ਵਿੱਤੀ ਦ੍ਰਿਸ਼ ਨੂੰ ਹੋਰ ਮਜ਼ਬੂਤ ​​ਕਰੇਗੀ। ਸ਼੍ਰੀ ਮੋਦੀ ਨੇ ਸਥਾਨ ਦੇ ਜੀਵਤ ਮਾਹੌਲ, ਊਰਜਾ ਅਤੇ ਗਤੀਸ਼ੀਲਤਾ ਦੀ ਪ੍ਰਸ਼ੰਸਾ ਕੀਤੀ, ਇਸ ਨੂੰ ਸ਼ਾਨਦਾਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੀ ਅਰਥਵਿਵਸਥਾ ਅਤੇ ਵਿਕਾਸ ਵਿੱਚ ਵਿਸ਼ਵ-ਵਿਆਪੀ ਵਿਸ਼ਵਾਸ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਸ਼੍ਰੀ ਕ੍ਰਿਸ ਗੋਪਾਲਕ੍ਰਿਸ਼ਣਨ, ਸਾਰੇ ਪ੍ਰਬੰਧਕਾਂ ਅਤੇ ਭਾਗੀਦਾਰਾਂ ਨੂੰ ਸਮਾਗਮ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ।

 

ਤਕਨਾਲੋਜੀ ਨੂੰ ਇਸ ਲੋਕਤੰਤਰੀ ਭਾਵਨਾ ਦੀ ਇੱਕ ਪ੍ਰਮੁੱਖ ਉਦਾਹਰਣ ਦੱਸਦੇ ਹੋਏ, ਸ਼੍ਰੀ ਮੋਦੀ ਨੇ ਕਿਹਾ, "ਭਾਰਤ ਲੋਕਤੰਤਰ ਦੀ ਮਾਂ ਹੈ ਅਤੇ ਭਾਰਤ ਵਿੱਚ ਲੋਕਤੰਤਰ ਚੋਣਾਂ ਜਾਂ ਨੀਤੀ ਨਿਰਮਾਣ ਤੱਕ ਸੀਮਿਤ ਨਹੀਂ ਹੈ, ਸਗੋਂ ਸ਼ਾਸਨ ਦਾ ਇੱਕ ਮਜ਼ਬੂਤ ​​ਥੰਮ੍ਹ ਬਣ ਗਿਆ ਹੈ।" ਉਨ੍ਹਾਂ ਨੇ ਕਿਹਾ ਕਿ ਜਦੋਂ ਕਿ ਦੁਨੀਆ ਨੇ ਲੰਬੇ ਸਮੇਂ ਤੋਂ ਤਕਨਾਲੋਜੀ ਪਾੜੇ 'ਤੇ ਚਰਚਾ ਕਰਦੀ ਰਹੀ ਹੈ - ਅਤੇ ਭਾਰਤ ਖ਼ੁਦ ਵੀ ਇਸ ਤੋਂ ਪ੍ਰਭਾਵਿਤ ਹੋਇਆ ਸੀ – ਉੱਥੇ ਹੀ ਪਿਛਲੇ ਦਹਾਕੇ ਵਿੱਚ, ਭਾਰਤ ਨੇ ਤਕਨਾਲੋਜੀ ਦਾ ਸਫਲਤਾਪੂਰਵਕ ਲੋਕਤੰਤਰੀਕਰਨ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ, "ਅੱਜ ਦਾ ਭਾਰਤ ਦੁਨੀਆ ਦੇ ਸਭ ਤੋਂ ਵੱਧ ਤਕਨੀਕੀ ਤੌਰ 'ਤੇ ਸਮਾਵੇਸ਼ੀ ਸਮਾਜਾਂ ਵਿੱਚੋਂ ਇੱਕ ਹੈ।"

 

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਨੇ ਡਿਜੀਟਲ ਤਕਨਾਲੋਜੀ ਦਾ ਲੋਕਤੰਤਰੀਕਰਨ ਕੀਤਾ ਹੈ ਅਤੇ ਇਸ ਨੂੰ ਦੇਸ਼ ਦੇ ਹਰ ਨਾਗਰਿਕ ਅਤੇ ਹਰ ਖੇਤਰ ਲਈ ਪਹੁੰਚਯੋਗ ਬਣਾਇਆ ਹੈ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਹੁਣ ਭਾਰਤ ਦਾ ਸੁਸ਼ਾਸਨ ਦਾ ਮਾਡਲ ਬਣ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਾਡਲ ਵਿੱਚ, ਸਰਕਾਰ ਜਨਤਕ ਭਲਾਈ ਲਈ ਡਿਜੀਟਲ ਬੁਨਿਆਦੀ ਢਾਂਚਾ ਵਿਕਸਿਤ ਕਰਦੀ ਹੈ ਅਤੇ ਨਿੱਜੀ ਖੇਤਰ ਉਸ ਪਲੇਟਫ਼ਾਰਮ 'ਤੇ ਨਵੀਨਤਾਕਾਰੀ ਉਤਪਾਦ ਬਣਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਦਿਖਾਇਆ ਹੈ ਕਿ ਕਿਵੇਂ ਤਕਨਾਲੋਜੀ ਨਾ ਸਿਰਫ਼ ਸਹੂਲਤ ਦੇ ਸਾਧਨ ਵਜੋਂ, ਸਗੋਂ ਸਮਾਨਤਾ ਦੇ ਮਾਧਿਅਮ ਵਜੋਂ ਵੀ ਕੰਮ ਕਰ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਦੇ ਸਮਾਵੇਸ਼ੀ ਦ੍ਰਿਸ਼ਟੀਕੋਣ ਨੇ ਬੈਂਕਿੰਗ ਈਕੋਸਿਸਟਮ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।" ਉਨ੍ਹਾਂ ਨੇ ਕਿਹਾ ਕਿ ਬੈਂਕਿੰਗ ਕਦੇ ਇੱਕ ਵਿਸ਼ੇਸ਼ ਅਧਿਕਾਰ ਸੀ, ਪਰ ਡਿਜੀਟਲ ਤਕਨਾਲੋਜੀ ਨੇ ਇਸ ਨੂੰ ਸਸ਼ਕਤੀਕਰਨ ਦੇ ਇੱਕ ਸਾਧਨ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਡਿਜੀਟਲ ਭੁਗਤਾਨ ਹੁਣ ਭਾਰਤ ਵਿੱਚ ਆਮ ਗੱਲ ਹੋ ਗਈ ਹੈ ਅਤੇ ਇਸ ਸਫਲਤਾ ਦਾ ਸਿਹਰਾ ਜੇਏਐੱਮ (ਜਨ ਧਨ, ਆਧਾਰ ਅਤੇ ਮੋਬਾਈਲ) ਦੀ ਤ੍ਰਿਮੂਰਤੀ ਨੂੰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਯੂਨੀਫਾਇਡ ਪੇਮੈਂਟਸ ਇੰਟਰਫੇਸ (ਯੂਪੀਆਈ) ਹੀ ਹਰ ਮਹੀਨੇ ਵੀਹ ਅਰਬ ਲੈਣ-ਦੇਣ ਦੀ ਸਹੂਲਤ ਦਿੰਦਾ ਹੈ, ਜਿਸ ਦੀ ਟ੍ਰਾਂਜੈਕਸ਼ਨ ਕੀਮਤ 25 ਲੱਖ ਕਰੋੜ ਰੁਪਏ ਤੋਂ ਵੱਧ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਭਰ ਵਿੱਚ ਹਰ ਸੌ ਰੀਅਲ-ਟਾਈਮ ਡਿਜੀਟਲ ਲੈਣ ਦੇਣ ਵਿੱਚੋਂ, ਪੰਜਾਹ ਲੈਣ ਦੇਣ ਇਕੱਲੇ ਭਾਰਤ ਵਿੱਚ ਹੁੰਦੇ ਹਨ।

ਇਸ ਸਾਲ ਦੇ ਗਲੋਬਲ ਫਿਨਟੈਕ ਫੈਸਟ ਦੇ ਥੀਮ ਨੂੰ "ਭਾਰਤ ਦੀ ਲੋਕਤੰਤਰੀ ਭਾਵਨਾ ਨੂੰ ਮਜ਼ਬੂਤ ​​ਅਤੇ ਅੱਗੇ ਵਧਾਉਣ ਵਾਲਾ" ਦੱਸਦੇ ਹੋਏ, ਸ਼੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਭਾਰਤ ਦੇ ਡਿਜੀਟਲ ਸਟੈਕ 'ਤੇ ਵਿਸ਼ਵ ਪੱਧਰ 'ਤੇ ਚਰਚਾ ਹੋ ਰਹੀ ਹੈ। ਉਨ੍ਹਾਂ ਨੇ ਯੂਨੀਫਾਇਡ ਪੇਮੈਂਟਸ ਇੰਟਰਫੇਸ (ਯੂਪੀਆਈ), ਆਧਾਰ-ਅਧਾਰਿਤ ਭੁਗਤਾਨ ਪ੍ਰਣਾਲੀ, ਭਾਰਤ ਬਿਲ ਭੁਗਤਾਨ ਪ੍ਰਣਾਲੀ, ਭਾਰਤ-ਕਿਊਆਰ, ਡਿਜੀਲੌਕਰ, ਡਿਜੀਯਾਤਰਾ, ਅਤੇ ਸਰਕਾਰੀ ਈ-ਮਾਰਕਿਟਪਲੇਸ (ਜੀਈਐੱਮ) ਵਰਗੇ ਮੁੱਖ ਹਿੱਸਿਆਂ ਨੂੰ ਭਾਰਤ ਦੀ ਡਿਜੀਟਲ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਦੱਸਿਆ। ਪ੍ਰਧਾਨ ਮੰਤਰੀ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਇੰਡੀਆ ਸਟੈਕ ਹੁਣ ਇੱਕ ਨਵੇਂ ਓਪਨ ਈਕੋਸਿਸਟਮ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਓਐੱਨਡੀਸੀ - ਡਿਜੀਟਲ ਕਾਮਰਸ ਲਈ ਓਪਨ ਨੈੱਟਵਰਕ - ਛੋਟੇ ਦੁਕਾਨਦਾਰਾਂ ਅਤੇ ਐੱਮਐੱਸਐੱਮਈ ਲਈ ਇੱਕ ਵਰਦਾਨ ਸਾਬਤ ਹੋ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਦੇਸ਼ ਭਰ ਦੇ ਬਾਜ਼ਾਰਾਂ ਤੱਕ ਪਹੁੰਚ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਓਪਨ ਕ੍ਰੈਡਿਟ ਇਨੇਬਲਮੈਂਟ ਨੈੱਟਵਰਕ (ਓਸੀਈਐੱਨ) ਛੋਟੇ ਉੱਦਮੀਆਂ ਲਈ ਕ੍ਰੈਡਿਟ ਤੱਕ ਪਹੁੰਚ ਨੂੰ ਸਰਲ ਬਣਾ ਰਿਹਾ ਹੈ ਅਤੇ ਐੱਮਐੱਸਐੱਮਈ ਲਈ ਕ੍ਰੈਡਿਟ ਦੀ ਘਾਟ ਦੀ ਸਮੱਸਿਆ ਨੂੰ ਹੱਲ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਵੱਲੋਂ ਅਪਣਾਈ ਜਾ ਰਹੀ ਡਿਜੀਟਲ ਮੁਦਰਾ ਪਹਿਲਕਦਮੀ ਇਸ ਦੇ ਨਤੀਜਿਆਂ ਨੂੰ ਹੋਰ ਬਿਹਤਰ ਬਣਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਯਤਨ ਭਾਰਤ ਦੀ ਅਣਵਰਤੀ ਸਮਰੱਥਾ ਨੂੰ ਦੇਸ਼ ਦੀ ਵਿਕਾਸ ਕਹਾਣੀ ਲਈ ਇੱਕ ਪ੍ਰੇਰਕ ਸ਼ਕਤੀ ਵਿੱਚ ਬਦਲ ਦੇਣਗੇ।

ਪ੍ਰਧਾਨ ਮੰਤਰੀ ਨੇ ਕਿਹਾ, "ਇੰਡੀਆ ਸਟੈਕ ਸਿਰਫ਼ ਭਾਰਤ ਦੀ ਸਫਲਤਾ ਦੀ ਕਹਾਣੀ ਨਹੀਂ ਹੈ, ਸਗੋਂ ਦੁਨੀਆ, ਖ਼ਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਲਈ ਉਮੀਦ ਦੀ ਕਿਰਨ ਹੈ।" ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਪਣੀਆਂ ਡਿਜੀਟਲ ਨਵੀਨਤਾਵਾਂ ਰਾਹੀਂ, ਭਾਰਤ ਵਿਸ਼ਵ ਪੱਧਰ 'ਤੇ ਡਿਜੀਟਲ ਸਹਿਯੋਗ ਅਤੇ ਡਿਜੀਟਲ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਆਪਣੇ ਤਜਰਬਿਆਂ ਅਤੇ ਓਪਨ-ਸੋਰਸ ਪਲੇਟਫ਼ਾਰਮਾਂ ਦੋਵਾਂ ਨੂੰ ਗਲੋਬਲ ਜਨਤਕ ਵਸਤੂਆਂ ਵਜੋਂ ਸਾਂਝਾ ਕਰ ਰਿਹਾ ਹੈ। ਸ੍ਰੀ ਮੋਦੀ ਨੇ ਭਾਰਤ ਵਿੱਚ ਵਿਕਸਿਤ ਮੌਡਿਊਲਰ ਓਪਨ-ਸੋਰਸ ਆਈਡੈਂਟਿਟੀ ਪਲੇਟਫ਼ਾਰਮ (ਐੱਮਓਐੱਸਆਈਪੀ) ਨੂੰ ਇੱਕ ਪ੍ਰਮੁੱਖ ਉਦਾਹਰਣ ਵਜੋਂ ਦਰਸਾਇਆ ਅਤੇ ਕਿਹਾ ਕਿ 25 ਤੋਂ ਵੱਧ ਦੇਸ਼ ਆਪਣੇ ਖ਼ੁਦ ਦੇ ਪ੍ਰਭੂਸੱਤਾ ਸੰਪੰਨ ਡਿਜੀਟਲ ਪਛਾਣ ਪ੍ਰਣਾਲੀਆਂ ਬਣਾਉਣ ਲਈ ਇਸ ਨੂੰ ਅਪਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਨਾ ਸਿਰਫ਼ ਤਕਨਾਲੋਜੀ ਸਾਂਝੀ ਕਰ ਰਿਹਾ ਹੈ, ਸਗੋਂ ਇਸ ਨੂੰ ਵਿਕਸਿਤ ਕਰਨ ਵਿੱਚ ਦੂਜੇ ਦੇਸ਼ਾਂ ਦੀ ਸਹਾਇਤਾ ਵੀ ਕਰ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਡਿਜੀਟਲ ਸਹਾਇਤਾ ਨਹੀਂ ਹੈ, ਸਗੋਂ ਡਿਜੀਟਲ ਸਸ਼ਕਤੀਕਰਨ ਹੈ।

 

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦੇ ਫਿਨਟੈਕ ਭਾਈਚਾਰੇ ਦੇ ਯਤਨਾਂ ਨੇ ਸਵਦੇਸ਼ੀ ਹੱਲਾਂ ਨੂੰ ਵਿਸ਼ਵ-ਵਿਆਪੀ ਪ੍ਰਸੰਗਿਕਤਾ ਪ੍ਰਦਾਨ ਕੀਤੀ ਹੈ, ਸ਼੍ਰੀ ਮੋਦੀ ਨੇ ਇੰਟਰਓਪਰੇਬਲ ਕਿਊਆਰ ਨੈੱਟਵਰਕ, ਮੁਫ਼ਤ ਵਣਜ ਅਤੇ ਖੁੱਲ੍ਹੇ ਵਿੱਤ ਢਾਂਚੇ ਨੂੰ ਮੁੱਖ ਖੇਤਰਾਂ ਵਜੋਂ ਪਛਾਣਿਆ ਜਿੱਥੇ ਭਾਰਤੀ ਸਟਾਰਟਅੱਪਸ ਦੇ ਵਿਕਾਸ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਹੀ, ਭਾਰਤ ਵਿਸ਼ਵ ਪੱਧਰ 'ਤੇ ਚੋਟੀ ਦੇ ਤਿੰਨ ਸਭ ਤੋਂ ਵੱਧ ਫ਼ੰਡ ਪ੍ਰਾਪਤ ਫਿਨਟੈਕ ਈਕੋਸਿਸਟਮ ਵਿੱਚ ਸ਼ਾਮਲ ਹੋ ਗਿਆ ਹੈ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦੀ ਤਾਕਤ ਸਿਰਫ਼ ਪੈਮਾਨੇ ਵਿੱਚ ਨਹੀਂ ਹੈ, ਸਗੋਂ ਸਕੇਲ ਨੂੰ ਸਮਾਵੇਸ਼, ਗਤੀਸ਼ੀਲਤਾ ਅਤੇ ਸਥਿਰਤਾ ਨਾਲ ਜੋੜਨ ਵਿੱਚ ਹੈ, ਸ਼੍ਰੀ ਮੋਦੀ ਨੇ ਅੰਡਰਰਾਈਟਿੰਗ ਪੱਖਪਾਤ ਨੂੰ ਘਟਾਉਣ, ਅਸਲ ਸਮੇਂ ਵਿੱਚ ਧੋਖਾਧੜੀ ਦਾ ਪਤਾ ਲਗਾਉਣ ਅਤੇ ਵੱਖ-ਵੱਖ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਭੂਮਿਕਾ 'ਤੇ ਚਾਨਣਾ ਪਾਇਆ। ਇਸ ਸਮਰੱਥਾ ਨੂੰ ਉਜਾਗਰ ਕਰਨ ਲਈ, ਪ੍ਰਧਾਨ ਮੰਤਰੀ ਨੇ ਡੇਟਾ, ਹੁਨਰ ਅਤੇ ਸ਼ਾਸਨ ਵਿੱਚ ਸੰਯੁਕਤ ਨਿਵੇਸ਼ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ, "ਏਆਈ ਪ੍ਰਤੀ ਭਾਰਤ ਦਾ ਦ੍ਰਿਸ਼ਟੀਕੋਣ ਤਿੰਨ ਮੁੱਖ ਸਿਧਾਂਤਾਂ - ਬਰਾਬਰ ਪਹੁੰਚ, ਆਬਾਦੀ-ਪੱਧਰੀ ਹੁਨਰ ਨਿਰਮਾਣ, ਅਤੇ ਜ਼ਿੰਮੇਵਾਰ ਤੈਨਾਤੀ 'ਤੇ ਅਧਾਰਿਤ ਹੈ।" ਭਾਰਤ-ਏਆਈ ਮਿਸ਼ਨ ਦੇ ਤਹਿਤ, ਸਰਕਾਰ ਹਰ ਨਵੀਨਤਾਕਾਰੀ ਅਤੇ ਸਟਾਰਟ-ਅੱਪ ਲਈ ਕਿਫ਼ਾਇਤੀ ਅਤੇ ਪਹੁੰਚਯੋਗ ਸਰੋਤਾਂ ਨੂੰ ਯਕੀਨੀ ਬਣਾਉਣ ਲਈ ਉੱਚ-ਪ੍ਰਦਰਸ਼ਨ ਵਾਲੀ ਕੰਪਿਊਟਿੰਗ ਸਮਰੱਥਾਵਾਂ ਵਿਕਸਿਤ ਕਰ ਰਹੀ ਹੈ। ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਏਆਈ ਦੇ ਲਾਭਾਂ ਨੂੰ ਹਰ ਜ਼ਿਲ੍ਹੇ ਅਤੇ ਹਰ ਭਾਸ਼ਾ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਉੱਤਮਤਾ ਕੇਂਦਰ, ਹੁਨਰ ਕੇਂਦਰ ਅਤੇ ਸਵਦੇਸ਼ੀ ਏਆਈ ਮਾਡਲ ਸਰਗਰਮੀ ਨਾਲ ਇਸ ਪਹੁੰਚ ਨੂੰ ਯਕੀਨੀ ਬਣਾ ਰਹੇ ਹਨ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਨੇ ਨੈਤਿਕ ਏਆਈ ਲਈ ਇੱਕ ਗਲੋਬਲ ਫਰੇਮਵਰਕ ਬਣਾਉਣ ਦਾ ਲਗਾਤਾਰ ਸਮਰਥਨ ਕੀਤਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਇਸ ਦੇ ਸਿੱਖਣ ਭੰਡਾਰਾਂ ਵਿੱਚ ਭਾਰਤ ਦਾ ਤਜਰਬਾ ਦੁਨੀਆ ਲਈ ਕੀਮਤੀ ਹੋ ਸਕਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਏਆਈ ਦੇ ਖੇਤਰ ਵਿੱਚ ਉਹੀ ਪਹੁੰਚ ਅਪਣਾ ਰਿਹਾ ਹੈ ਜੋ ਇਸ ਨੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਵਿੱਚ ਅਪਣਾਇਆ ਹੈ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਲਈ ਏਆਈ ਦਾ ਅਰਥ ਹੈ, ਸਮਾਵੇਸ਼ੀ।"

ਇਹ ਜ਼ਿਕਰ ਕਰਦੇ ਹੋਏ ਕਿ ਏਆਈ ਲਈ ਵਿਸ਼ਵਾਸ ਅਤੇ ਸੁਰੱਖਿਆ ਨਿਯਮਾਂ 'ਤੇ ਇੱਕ ਚੱਲ ਰਹੀ ਵਿਸ਼ਵ-ਵਿਆਪੀ ਬਹਿਸ ਚੱਲ ਰਹੀ ਹੈ, ਅਤੇ ਇਹ ਕਿ ਭਾਰਤ ਪਹਿਲਾਂ ਹੀ ਵਿਸ਼ਵਾਸ ਪ੍ਰਾਪਤ ਕਰ ਚੁੱਕਾ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦਾ ਏਆਈ ਮਿਸ਼ਨ ਡੇਟਾ ਅਤੇ ਗੋਪਨੀਯਤਾ ਦੋਵਾਂ ਮੁੱਦਿਆਂ ਨੂੰ ਹੱਲ ਕਰਨ ਦੇ ਸਮਰੱਥ ਹੈ। ਉਨ੍ਹਾਂ ਨੇ ਭਾਰਤ ਦੇ ਅਜਿਹੇ ਪਲੇਟਫ਼ਾਰਮ ਵਿਕਸਿਤ ਕਰਨ ਦੇ ਇਰਾਦੇ ਨੂੰ ਪ੍ਰਗਟ ਕੀਤਾ ਜੋ ਨਵੀਨਤਾਕਾਰਾਂ ਨੂੰ ਸਮਾਵੇਸ਼ੀ ਐਪਲੀਕੇਸ਼ਨ ਬਣਾਉਣ ਦੇ ਯੋਗ ਬਣਾਉਂਦੇ ਹਨ। ਭੁਗਤਾਨਾਂ ਵਿੱਚ, ਭਾਰਤ ਗਤੀ ਅਤੇ ਭਰੋਸੇ ਨੂੰ ਤਰਜੀਹ ਦਿੰਦਾ ਹੈ; ਕ੍ਰੈਡਿਟ ਵਿੱਚ, ਧਿਆਨ ਪ੍ਰਵਾਨਗੀਆਂ ਅਤੇ ਕਿਫਾਇਤੀਤਾ 'ਤੇ ਹੈ; ਬੀਮਾ ਵਿੱਚ, ਟੀਚਾ ਪ੍ਰਭਾਵਸ਼ਾਲੀ ਨੀਤੀਆਂ ਅਤੇ ਸਮੇਂ ਸਿਰ ਦਾਅਵਿਆਂ 'ਤੇ ਹੈ; ਅਤੇ ਨਿਵੇਸ਼ਾਂ ਵਿੱਚ, ਸਾਡਾ ਉਦੇਸ਼ ਪਹੁੰਚਯੋਗਤਾ ਅਤੇ ਪਾਰਦਰਸ਼ਤਾ ਵਿੱਚ ਸਫਲਤਾ ਪ੍ਰਾਪਤ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਏਆਈ ਇਸ ਪਰਿਵਰਤਨ ਦੇ ਪਿੱਛੇ ਪ੍ਰੇਰਕ ਸ਼ਕਤੀ ਹੋ ਸਕਦੀ ਹੈ। ਇਸ ਨੂੰ ਪ੍ਰਾਪਤ ਕਰਨ ਲਈ, ਏਆਈ ਐਪਲੀਕੇਸ਼ਨਾਂ ਨੂੰ ਕੇਂਦਰ ਵਿੱਚ ਲੋਕਾਂ ਨਾਲ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਹਿਲੀ ਵਾਰ ਡਿਜੀਟਲ ਵਿੱਤ ਉਪਭੋਗਤਾਵਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਗ਼ਲਤੀਆਂ ਨੂੰ ਤੇਜ਼ੀ ਨਾਲ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ਵਾਸ ਡਿਜੀਟਲ ਸਮਾਵੇਸ਼ ਅਤੇ ਵਿੱਤੀ ਸੇਵਾਵਾਂ ਵਿੱਚ ਵਿਸ਼ਵਾਸ ਨੂੰ ਹੋਰ ਮਜ਼ਬੂਤ ​​ਕਰੇਗਾ।

ਇਹ ਜ਼ਿਕਰ ਕਰਦੇ ਹੋਏ ਕਿ ਕੁਝ ਸਾਲ ਪਹਿਲਾਂ ਯੂਕੇ ਵਿੱਚ ਏਆਈ ਸੇਫ਼ਟੀ ਸਮਿਟ ਸ਼ੁਰੂ ਕੀਤਾ ਗਿਆ ਸੀ ਅਤੇ ਅਗਲੇ ਸਾਲ, ਭਾਰਤ ਵਿੱਚ ਏਆਈ ਪ੍ਰਭਾਵ ਸਮਿਟ ਆਯੋਜਿਤ ਕੀਤਾ ਜਾਵੇਗਾ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਆ 'ਤੇ ਗੱਲਬਾਤ ਯੂਕੇ ਵਿੱਚ ਸ਼ੁਰੂ ਹੋਈ ਸੀ, ਪਰ ਪ੍ਰਭਾਵ 'ਤੇ ਗੱਲਬਾਤ ਹੁਣ ਭਾਰਤ ਵਿੱਚ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਯੂਕੇ ਨੇ ਵਿਸ਼ਵ ਵਪਾਰ ਵਿੱਚ ਇੱਕ ਜਿੱਤ-ਜਿੱਤ ਭਾਈਵਾਲੀ ਮਾਡਲ ਦਾ ਪ੍ਰਦਰਸ਼ਨ ਕੀਤਾ ਹੈ, ਅਤੇ ਏਆਈ ਅਤੇ ਫਿਨਟੈਕ ਤਕਨਾਲੋਜੀਆਂ ਵਿੱਚ ਉਨ੍ਹਾਂ ਦਾ ਸਹਿਯੋਗ ਇਸ ਭਾਵਨਾ ਨੂੰ ਹੋਰ ਮਜ਼ਬੂਤ ​​ਕਰਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਯੂਕੇ ਦੀ ਖੋਜ ਅਤੇ ਵਿਸ਼ਵ ਵਿੱਤੀ ਮੁਹਾਰਤ, ਭਾਰਤ ਦੇ ਪੈਮਾਨੇ ਅਤੇ ਪ੍ਰਤਿਭਾ ਦੇ ਨਾਲ, ਦੁਨੀਆ ਲਈ ਮੌਕਿਆਂ ਦੇ ਨਵੇਂ ਦਰਵਾਜ਼ੇ ਖੋਲ੍ਹ ਸਕਦੀ ਹੈ। ਉਨ੍ਹਾਂ ਨੇ ਸਟਾਰਟ-ਅੱਪਸ, ਅਦਾਰਿਆਂ ਅਤੇ ਨਵੀਨਤਾ ਕੇਂਦਰਾਂ ਦਰਮਿਆਨ ਸਬੰਧਾਂ ਨੂੰ ਡੂੰਘਾ ਕਰਨ ਲਈ ਇੱਕ ਨਵੀਂ ਵਚਨਬੱਧਤਾ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਕੇ-ਭਾਰਤ ਫਿਨਟੈਕ ਕੋਰੀਡੋਰ ਨਵੇਂ ਸਟਾਰਟ-ਅੱਪਸ ਨੂੰ ਲਾਂਚ ਕਰਨ ਅਤੇ ਪਾਲਣ-ਪੋਸ਼ਣ ਦੇ ਮੌਕੇ ਪੈਦਾ ਕਰੇਗਾ ਅਤੇ ਲੰਡਨ ਸਟਾਕ ਐਕਸਚੇਂਜ ਅਤੇ ਗਿਫ਼ਟ ਸਿਟੀ ਦਰਮਿਆਨ ਵਧੇ ਹੋਏ ਸਹਿਯੋਗ ਲਈ ਵੀ ਰਾਹ ਪੱਧਰਾ ਕਰੇਗਾ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਇਹ ਵਿੱਤੀ ਏਕੀਕਰਨ ਕੰਪਨੀਆਂ ਨੂੰ ਮੁਕਤ ਵਪਾਰ ਸਮਝੌਤੇ ਦੇ ਲਾਭਾਂ ਨੂੰ ਵੱਧ ਤੋਂ ਵੱਧ ਕਰਨ ਵਿੱਚ ਮਦਦ ਕਰੇਗਾ।

ਸਾਰੇ ਹਿੱਸੇਦਾਰਾਂ ਦੀਆਂ ਸਾਂਝੀਆਂ ਜ਼ਿੰਮੇਵਾਰੀਆਂ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਯੂਕੇ ਸਮੇਤ ਹਰੇਕ ਗਲੋਬਲ ਭਾਈਵਾਲ ਨੂੰ ਮੰਚ ਤੋਂ ਭਾਰਤ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਭਾਰਤ ਦੇ ਵਿਕਾਸ ਦੇ ਨਾਲ-ਨਾਲ ਵਧਣ ਲਈ ਹਰੇਕ ਨਿਵੇਸ਼ਕ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਇੱਕ ਅਜਿਹੇ ਫਿਨਟੈਕ ਦੁਨੀਆ ਦੀ ਸਿਰਜਣਾ ਦਾ ਸੱਦਾ ਦਿੰਦੇ ਹੋਏ ਸਮਾਪਤ ਕੀਤੀ ਜੋ ਤਕਨਾਲੋਜੀ, ਲੋਕਾਂ ਅਤੇ ਦੁਨੀਆ ਨੂੰ ਅਮੀਰ ਬਣਾਉਂਦੀ ਹੈ - ਜਿੱਥੇ ਨਵੀਨਤਾ ਦਾ ਮੰਤਵ ਸਿਰਫ਼ ਵਿਕਾਸ ਨਹੀਂ ਸਗੋਂ ਭਲਾਈ ਵੀ ਹੈ, ਅਤੇ ਜਿੱਥੇ ਵਿੱਤ ਸਿਰਫ਼ ਸੰਖਿਆਵਾਂ ਬਾਰੇ ਨਹੀਂ ਹੈ, ਸਗੋਂ ਮਨੁੱਖੀ ਤਰੱਕੀ ਦਾ ਪ੍ਰਤੀਕ ਹੈ। ਕਾਰਵਾਈ ਲਈ ਇਸ ਸੱਦੇ ਦੇ ਨਾਲ, ਉਨ੍ਹਾਂ ਨੇ ਮੌਜੂਦ ਸਾਰੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਸਮਾਗਮ ਵਿੱਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਕੀਰ ਸਟਾਰਮਰ, ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼੍ਰੀ ਸੰਜੇ ਮਲਹੋਤਰਾ ਅਤੇ ਹੋਰ ਪਤਵੰਤੇ ਸ਼ਾਮਲ ਹੋਏ। 

 ਪਿਛੋਕੜ

ਗਲੋਬਲ ਫਿਨਟੈਕ ਫੈਸਟ 2025 ਦੁਨੀਆ ਭਰ ਦੇ ਨਵੀਨਤਾਕਾਰਾਂ, ਨੀਤੀ ਘਾੜਿਆਂ, ਕੇਂਦਰੀ ਬੈਂਕਰਾਂ, ਰੈਗੂਲੇਟਰਾਂ, ਨਿਵੇਸ਼ਕਾਂ, ਸਿੱਖਿਆ ਸ਼ਾਸਤਰੀਆਂ ਅਤੇ ਉਦਯੋਗ ਦੇ ਨੁਮਾਇੰਦਿਆਂ ਨੂੰ ਇੱਕ ਮੰਚ 'ਤੇ ਇਕੱਠਾ ਕਰੇਗਾ। ਇਸ ਕਾਨਫ਼ਰੰਸ ਦਾ ਕੇਂਦਰੀ ਥੀਮ 'ਇੱਕ ਬਿਹਤਰ ਦੁਨੀਆ ਲਈ ਵਿੱਤ ਸਸ਼ਕਤੀਕਰਨ' - ਏਆਈ, ਵਧੀਕ ਬੁੱਧੀ, ਨਵੀਨਤਾ ਅਤੇ ਸ਼ਮੂਲੀਅਤ ਨਾਲ ਸੰਚਾਲਿਤ' ਹੈ ਜੋ ਇੱਕ ਨੈਤਿਕ ਅਤੇ ਟਿਕਾਊ ਵਿੱਤੀ ਭਵਿੱਖ ਨੂੰ ਸਰੂਪ ਦੇਣ ਵਿੱਚ ਤਕਨਾਲੋਜੀ ਅਤੇ ਮਨੁੱਖੀ ਗਿਆਨ ਦੇ ਸੁਮੇਲ ਨੂੰ ਉਜਾਗਰ ਕਰਦਾ ਹੈ।

ਇਸ ਸਾਲ ਦੇ ਸੰਸਕਰਨ ਵਿੱਚ 75 ਤੋਂ ਵੱਧ ਦੇਸ਼ਾਂ ਦੇ 100,000 ਤੋਂ ਵੱਧ ਭਾਗੀਦਾਰਾਂ ਦੇ ਆਉਣ ਦੀ ਉਮੀਦ ਹੈ, ਜਿਸ ਨਾਲ ਇਹ ਦੁਨੀਆ ਦੇ ਸਭ ਤੋਂ ਵੱਡੇ ਫਿਨਟੈਕ ਸਮਾਗਮਾਂ ਵਿੱਚੋਂ ਇੱਕ ਬਣ ਜਾਵੇਗਾ। ਇਸ ਸਮਾਗਮ ਵਿੱਚ ਲਗਭਗ 7,500 ਕੰਪਨੀਆਂ, 800 ਬੁਲਾਰੇ, 400 ਪ੍ਰਦਰਸ਼ਕ, ਅਤੇ 70 ਰੈਗੂਲੇਟਰਾਂ ਦੀ ਭਾਗੀਦਾਰੀ ਹੋਵੇਗੀ ਜੋ ਭਾਰਤੀ ਅਤੇ ਕੌਮਾਂਤਰੀ ਅਧਿਕਾਰ ਖੇਤਰਾਂ ਦੀ ਨੁਮਾਇੰਦਗੀ ਕਰਦੇ ਹਨ।

ਇਸ ਵਿੱਚ ਹਿੱਸਾ ਲੈਣ ਵਾਲੇ ਕੌਮਾਂਤਰੀ ਅਦਾਰਿਆਂ ਵਿੱਚ ਸਿੰਗਾਪੁਰ ਦੀ ਮੁਦਰਾ ਅਥਾਰਟੀ, ਜਰਮਨੀ ਦਾ ਡੌਇਚੇ ਬੁਨਡਸਬੈਂਕ, ਬੈਂਕ ਡੇ ਫ਼ਰਾਂਸ ਅਤੇ ਸਵਿਸ ਵਿੱਤੀ ਮਾਰਕੀਟ ਸੁਪਰਵਾਈਜ਼ਰੀ ਅਥਾਰਟੀ (ਐੱਫਆਈਐੱਨਐੱਮਏ) ਵਰਗੇ ਪ੍ਰਸਿੱਧ ਰੈਗੂਲੇਟਰ ਸ਼ਾਮਲ ਹਨ। ਉਨ੍ਹਾਂ ਦੀ ਭਾਗੀਦਾਰੀ ਵਿੱਤੀ ਨੀਤੀ ਸੰਵਾਦ ਅਤੇ ਸਹਿਯੋਗ ਲਈ ਇੱਕ ਆਲਮੀ ਫੋਰਮ ਵਜੋਂ ਜੀਐੱਫਐੱਫ ਦੇ ਵਧ ਰਹੇ ਕੱਦ ਨੂੰ ਦਰਸਾਉਂਦੀ ਹੈ।

 

*****

ਐੱਮਜੇਪੀਐੱਸ/ਐੱਸਆਰ


(Release ID: 2177242) Visitor Counter : 11