ਰੱਖਿਆ ਮੰਤਰਾਲਾ
azadi ka amrit mahotsav

ਚੀਫ਼ ਆਫ਼ ਡਿਫੈਂਸ ਸਟਾਫ਼ ਨੇ 93ਵੇਂ ਭਾਰਤੀ ਹਵਾਈ ਸੈਨਾ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 08 OCT 2025 5:20PM by PIB Chandigarh

ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਭਾਰਤੀ ਹਵਾਈ ਸੈਨਾ ਦੀ 93ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਸਾਰੇ ਹਵਾਈ ਸੈਨਾ ਕਰਮਚਾਰੀਆਂ, ਸਾਬਕਾ ਸੈਨਿਕਾਂ, ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਹਵਾਈ ਸੈਨਾ ਦੀ ਵਾਰ-ਵਾਰ ਇਹ ਸਾਬਤ ਕਰਨ ਲਈ ਸ਼ਲਾਘਾ ਕੀਤੀ ਕਿ ਕਿਵੇਂ ਹਵਾਈ ਸ਼ਕਤੀ ਰਣਨੀਤੀਆਂ ਨੂੰ ਆਕਾਰ ਦੇ ਸਕਦੀ ਹੈ, ਖਾਸ ਕਰਕੇ ਆਪ੍ਰੇਸ਼ਨ ਸਿੰਦੂਰ ਦੇ ਦੌਰਾਨ, ਜਿੱਥੇ ਹਵਾਈ ਸੈਨਾ ਨੇ ਦੁਸ਼ਮਣ ਦੇ ਇਲਾਕੇ ਵਿੱਚ ਅੰਦਰ ਤੱਕ ਸਟੀਕਤਾ ਨਾਲ ਹਮਲਾ ਕਰਨ ਦੀ ਆਪਣੀ ਸਮਰੱਥਾ ਦੀ ਪੁਸ਼ਟੀ ਕੀਤੀ।

ਸੀਡੀਐੱਸ ਨੇ ਦੁਸ਼ਮਣ ਦੇ ਜਹਾਜ਼ਾਂ, ਹਵਾਈ ਹਥਿਆਰਾਂ ਅਤੇ ਡ੍ਰੋਨਾਂ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਨਜ਼ਰ ਰੱਖਣ ਅਤੇ ਉਨ੍ਹਾਂ ‘ਤੇ ਹਮਲਾ ਕਰਨ ਲਈ ਭਾਰਤੀ ਹਵਾਈ ਸੈਨਾ ਦੇ ਸੈਂਸਰ ਅਤੇ ਰਡਾਰ ਦੇ ਗੁੰਝਲਦਾਰ ਨੈੱਟਵਰਕ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤੀ ਸੈਨਾ ਦੀ ਹਵਾਈ ਰੱਖਿਆ ਯੂਨਿਟਾਂ ਦੁਆਰਾ ਸਮਰਥਿਤ ਭਾਰਤੀ ਹਵਾਈ ਸੈਨਾ ਦੀ ਸਰਫੇਸ-ਟੂ-ਏਅਰ ਮਿਜ਼ਾਈਲ(ਐੱਸਏਐੱਮ) ਅਤੇ ਕਾਊਂਟਰ-ਅਨਮੈਨਡ ਏਰੀਅਲ ਸਿਸਟਮ (ਸੀਯੂਏਐੱਸ) ਯੂਨਿਟਾਂ ਨੇ ਏਕੀਕ੍ਰਿਤ ਹਵਾਈ ਕਮਾਨ ਅਤੇ ਕੰਟਰੋਲ ਸਿਸਟਮ (ਆਈਏਸੀਸੀਐੱਸ) ਦੇ ਤਹਿਤ ਨਿਰਵਿਘਨ ਤੌਰ ‘ਤੇ ਕੰਮ ਕੀਤਾ ਅਤੇ ਆਪ੍ਰੇਸ਼ਨ ਸਿੰਦੂਰ ਦੌਰਾਨ ਸ਼ਾਨਦਾਰ ਨਤੀਜੇ ਦਿੱਤੇ। ਉਨ੍ਹਾਂ ਨੇ ਸਵਦੇਸ਼ੀ ਪਲੈਟਫਾਰਮਾਂ ਨੂੰ ਸ਼ਾਮਲ ਕਰਨ, ਉੱਨਤ ਹਥਿਆਰ ਪ੍ਰਣਾਲੀਆਂ ਨੂੰ ਅਪਣਾਉਣ ਅਤੇ ਸੰਪੂਰਨ ਏਅਰੋਸਪੇਸ ਖੇਤਰ ਵਿੱਚ ਸੰਚਾਲਨ ਲਈ ਸਿਧਾਂਤਾਂ ਦੇ ਵਿਕਾਸ ਰਾਹੀਂ ਆਧੁਨਿਕੀਕਰਣ ਦੀ ਦਿਸ਼ਾ ਵਿੱਚ ਭਾਰਤੀ ਹਵਾਈ ਸੈਨਾ ਦੇ ਨਿਰਤੰਰ ਯਤਨਾਂ  ਦੀ ਵੀ ਸ਼ਲਾਘਾ ਕੀਤੀ।

ਜਨਰਲ ਅਨਿਲ ਚੌਹਾਨ ਨੇ ਯੁੱਧ ਦੇ ਬਦਲਦੇ ਸਰੂਪ ਨੂੰ ਉਜਾਗਰ ਕਰਦੇ ਹੋਏ ਕਿਹਾ, “ਯੁੱਧ ਦਾ ਸਰੂਪ ਇੱਕ ਗਹਿਣ ਪਰਿਵਰਤਨ ਦੇ ਦੌਰ ਤੋਂ ਲੰਘ ਰਿਹਾ ਹੈ ਅਤੇ ਭਵਿੱਖ ਦੇ ਸੰਘਰਸ਼ਾਂ ਦੇ ਤਕਨੀਕ-ਅਧਾਰਿਤ, ਤੇਜ਼ ਅਤੇ ਵਿਭਿੰਨ ਖੇਤਰਾਂ ਵਿੱਚ ਸੰਘਰਸ਼ਪੂਰਨ ਹੋਣ ਦੀ ਉਮੀਦ ਹੈ। ਇਨ੍ਹਾਂ ਸਥਿਤੀਆਂ ਵਿੱਚ ਆਧੁਨਿਕ ਯੁੱਧ ਵਿੱਚ ਹਵਾਈ ਸ਼ਕਤੀ ਹੀ ਪ੍ਰਮੁੱਖ ਕਾਰਕ ਹੋਵੇਗੀ।”

ਸੀਡੀਐੱਸ ਨੇ ਯੁੱਧ ਅਤੇ ਮਾਨਵਤਾਵਾਦੀ ਮਿਸ਼ਨਾਂ, ਦੋਹਾਂ ਵਿੱਚ ਸਾਹਸ, ਪੇਸ਼ੇਵਰਤਾ ਅਤੇ ਰਾਸ਼ਟਰ ਸੇਵਾ ਦੀ ਵਿਸ਼ੇਸ਼ ਵਿਰਾਸਤ ਦੇ ਲਈ ਭਾਰਤੀ ਹਵਾਈ ਸੈਨਾ ਦੀ ਪ੍ਰਸ਼ੰਸਾ ਕੀਤੀ।

ਸੀਡੀਐੱਸ ਨੇ ਮਾਨਵਤਾਵਾਦੀ ਸਹਾਇਤਾ ਅਤੇ ਆਪਦਾ ਰਾਹਤ (ਐੱਚਏਡੀਆਰ) ਅਭਿਆਨਾਂ ਦੌਰਾਨ ਇੱਕ ਭਰੋਸੇਯੋਗ ਪਹਿਲੇ ਜਵਾਬ ਦੇਣ ਵਾਲੇ ਦੇ ਰੂਪ ਵਿੱਚ ਭਾਰਤੀ ਹਵਾਈ ਸੈਨਾ ਦੀ ਮਹੱਤਵਪੂਰਨ ਭੂਮਿਕਾ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਭਾਰਤੀ ਹਵਾਈ ਸੈਨਾ ਨੇ ਸੰਘਰਸ਼ ਖੇਤਰਾਂ ਵਿੱਚ ਫੱਸੇ ਨਾਗਰਿਕਾਂ ਨੂੰ ਬਚਾ ਕੇ ਅਤੇ ਕੁਦਰਤੀ ਆਫ਼ਤਾਂ ਦੌਰਾਨ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਕੇ ਆਪਣੀ ਪਹੁੰਚ ਅਤੇ ਸੰਵੇਦਨਸ਼ੀਲਤਾ ਦਾ ਨਿਰੰਤਰ ਪ੍ਰਦਰਸ਼ਨ ਕੀਤਾ ਹੈ।” ਉਨ੍ਹਾਂ ਨੇ ਕਿਹਾ ਕਿ ਦਹਾਕਿਆਂ ਤੋਂ ਭਾਰਤੀ ਹਵਾਈ ਸੈਨਾ ਵੀਰਤਾ ਦੇ ਪ੍ਰਤੀਕ ਵਜੋਂ ਖੜ੍ਹੀ ਰਹੀ ਹੈ, ਦੇਸ਼ ਦੇ ਆਕਾਸ਼ ਦੀ ਰੱਖਿਆ ਕਰਦੀ ਰਹੀ ਹੈ ਅਤੇ ਕੁਦਰਤੀ ਆਫ਼ਤਾਂ ਦੌਰਾਨ ਨਾਗਰਿਕਾਂ ਦੀ ਸਹਾਇਤਾ ਲਈ ਤਤਪਰ ਰਹੀ ਹੈ।

***************

 

ਵੀਕੇ/ਐੱਸਆਰ/ਕੇਬੀ


(Release ID: 2176758) Visitor Counter : 5