ਰੱਖਿਆ ਮੰਤਰਾਲਾ
azadi ka amrit mahotsav

ਆਪ੍ਰੇਸ਼ਨ ਸਿੰਦੂਰ ਨੇ ਨਾ ਸਿਰਫ਼ ਪਾਕਿਸਤਾਨ ਦੀ ਹਵਾਈ ਰੱਖਿਆ ਵਿਵਸਥਾ ਦੀ ਵਾਸਤਵਿਕਤਾ ਨੂੰ ਉਜਾਗਰ ਕੀਤਾ, ਸਗੋਂ ਭਾਰਤ ਦੀ ਫੈਸਲਾਕੁੰਨ ਸੈਨਾ ਸਮਰੱਥਾ ਨੂੰ ਸਪਸ਼ਟ ਤੌਰ ‘ਤੇ ਪ੍ਰਮਾਣਿਤ ਕੀਤਾ: ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ


ਸਰ ਕ੍ਰੀਕ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਕੀਤੀ ਗਈ ਕੋਈ ਵੀ ਗਲਤੀ ਦਾ ਫੈਸਲਾਕੁੰਨ ਜਵਾਬ ਦਿੱਤਾ ਜਾਵੇਗਾ, ਜਵਾਬ ਇੰਨਾ ਸਖ਼ਤ ਹੋਵੇਗਾ ਕਿ ਇਹ ਪਾਕਿਸਤਾਨ ਦਾ ਇਤਿਹਾਸ ਅਤੇ ਭੂਗੋਲ ਦੋਵਾਂ ਨੂੰ ਬਦਲ ਦੇਵੇਗਾ: ਰਕਸ਼ਾ ਮੰਤਰੀ

ਸ਼੍ਰੀ ਰਾਜਨਾਥ ਸਿੰਘ ਨੇ ਗੁਜਰਾਤ ਦੇ ਭੁਜ ਵਿੱਚ ਵਿਜੈਦਸ਼ਮੀ ਮਨਾਈ ਅਤੇ ਸ਼ਸਤਰ ਪੂਜਾ ਕੀਤੀ

ਹਥਿਆਰਾਂ ਦੀ ਵਰਤੋਂ ਹਮੇਸ਼ਾ ਨਿਆਂ ਅਤੇ ਧਰਮ ਦੀ ਰੱਖਿਆ ਲਈ ਕੀਤੀ ਜਾਣੀ ਚਾਹੀਦੀ ਹੈ: ਸ਼ਸਤਰ ਪੂਜਾ ਦੌਰਾਨ ਰਕਸ਼ਾ ਮੰਤਰੀ

Posted On: 02 OCT 2025 1:07PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਵਿਜੈਦਸ਼ਮੀ ਦੇ ਮੌਕੇ 'ਤੇ 02 ਅਕਤੂਬਰ, 2025 ਨੂੰ ਗੁਜਰਾਤ ਦੇ ਭੁਜ ਸਥਿਤ ਭੁਜ ਮਿਲਟਰੀ ਸਟੇਸ਼ਨ ਵਿਖੇ ਸ਼ਸਤਰ ਪੂਜਾ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ, ਰਕਸ਼ਾ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ ਦੇ ਰੱਖਿਆ ਨੈੱਟਵਰਕ ਨੂੰ ਤੋੜਨ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਸਫਲਤਾਪੂਰਵਕ ਨਾਕਾਮ ਕਰਨ ਲਈ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ "ਪਾਕਿਸਤਾਨ ਨੇ ਲੇਹ ਤੋਂ ਸਰ ਕ੍ਰੀਕ  ਸੈਕਟਰ ਤੱਕ ਭਾਰਤ ਦੇ ਰੱਖਿਆ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਭਾਰਤੀ ਫੌਜਾਂ ਦੀ ਤੇਜ਼ ਅਤੇ ਪ੍ਰਭਾਵਸ਼ਾਲੀ ਜਵਾਬੀ ਕਾਰਵਾਈ ਨੇ ਨਾ ਸਿਰਫ ਪਾਕਿਸਤਾਨ ਦੀ ਹਵਾਈ ਰੱਖਿਆ ਪ੍ਰਣਾਲੀ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ, ਸਗੋਂ ਦੁਨੀਆ ਨੂੰ ਇੱਕ ਸਪਸ਼ਟ ਸੰਦੇਸ਼ ਵੀ ਦਿੱਤਾ ਕਿ ਭਾਰਤ ਆਪਣੀ ਪਸੰਦ ਦੇ ਸਮੇਂ, ਸਥਾਨ ਅਤੇ ਤਰੀਕੇ ਨਾਲ ਦੁਸ਼ਮਣ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਿੱਚ ਸਮਰੱਥ ਹੈ,"।

ਰਕਸ਼ਾ ਮੰਤਰੀ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਆਜ਼ਾਦੀ ਦੇ 78 ਸਾਲਾਂ ਬਾਅਦ ਵੀ, ਪਾਕਿਸਤਾਨ ਸਰ ਕ੍ਰੀਕ  ਸੈਕਟਰ 'ਤੇ ਵਿਵਾਦ ਖੜ੍ਹਾ ਕਰਦਾ ਰਿਹਾ ਹੈ, ਜਦਕਿ ਭਾਰਤ ਵਾਰ-ਵਾਰ ਗੱਲਬਾਤ ਰਾਹੀਂ ਇਸ ਮੁੱਦੇ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰ ਕ੍ਰੀਕ  ਸੈਕਟਰ ਵਿੱਚ ਪਾਕਿਸਤਾਨ ਵੱਲੋਂ ਹਾਲ ਹੀ ਵਿੱਚ ਫੌਜੀ ਬੁਨਿਆਦੀ ਢਾਂਚੇ ਦਾ ਵਿਸਥਾਰ ਉਸ ਦੇ ਮਾੜੇ ਇਰਾਦੇ ਨੂੰ ਦਰਸਾਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰ ਕ੍ਰੀਕ  ਸੈਕਟਰ ਵਿੱਚ ਪਾਕਿਸਤਾਨ ਵੱਲੋਂ ਕੀਤੀ ਗਈ ਕੋਈ ਵੀ ਗਲਤ ਹਰਕਤ ਦਾ ਇੱਕ ਫੈਸਲਾਕੁੰਨ ਅਤੇ ਸਖ਼ਤ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, "ਜੇਕਰ ਪਾਕਿਸਤਾਨ ਸਰ ਕ੍ਰੀਕ ਸੈਕਟਰ ਵਿੱਚ ਕਾਰਵਾਈ ਕਰਨ ਦੀ ਹਿੰਮਤ ਕਰਦਾ ਹੈ, ਤਾਂ ਜਵਾਬ ਇੰਨਾ ਸਖ਼ਤ ਹੋਵੇਗਾ ਕਿ ਇਤਿਹਾਸ ਅਤੇ ਭੂਗੋਲ ਦੋਵੇਂ ਬਦਲ ਦੇਵੇਗਾ। 1965 ਦੀ ਜੰਗ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਸ ਸਮੇਂ ਭਾਰਤੀ ਫੌਜ ਨੇ ਲਾਹੌਰ ਤੱਕ ਪਹੁੰਚ ਕੇ ਹਿੰਮਤ ਦਿਖਾਈ ਅਤੇ 2025 ਵਿੱਚ ਪਾਕਿਸਤਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਰਾਚੀ ਜਾਣ ਵਾਲੀ ਸੜਕ ਵੀ ਕ੍ਰੀਕ  ਵਿੱਚੋਂ ਦੀ ਲੰਘਦੀ ਹੈ।"

ਰਿਕਾਰਡ ਸਮੇਂ ਵਿੱਚ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਹਥਿਆਰਬੰਦ ਸੈਨਾਵਾਂ ਦੀ ਨਿਰਵਿਘਨ ਏਕਤਾ ਕਾਰਨ ਸੰਭਵ ਹੋਇਆ ਹੈ। ਉਨ੍ਹਾਂ ਨੇ ਸੈਨਿਕਾਂ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਰਣਨੀਤੀ, ਹਿੰਮਤ ਅਤੇ ਸਮਰੱਥਾ ਲਈ ਵਧਾਈ ਦਿੱਤੀ ਜਿਸ ਨੇ ਕਿਸੇ ਵੀ ਹਾਲਾਤ ਵਿੱਚ ਆਪਣੇ ਵਿਰੋਧੀਆਂ ਨੂੰ ਹਰਾਉਣ ਦੀ ਭਾਰਤ ਦੀ ਸਮੱਰਥਾ ਨੂੰ ਸਾਬਿਤ ਕੀਤਾ।

ਰਕਸ਼ਾ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮਰੱਥਾ ਹੋਣ ਦੇ ਬਾਵਜੂਦ, ਭਾਰਤ ਨੇ ਸੰਜਮ ਦਿਖਾਇਆ ਕਿਉਂਕਿ ਆਪ੍ਰੇਸ਼ਨ ਸਿੰਦੂਰ ਦਾ ਉਦੇਸ਼ ਅੱਤਵਾਦ ਦਾ ਮੁਕਾਬਲਾ ਕਰਨਾ ਸੀ, ਨਾ ਕਿ ਇੱਕ ਵਿਸ਼ਾਲ ਟਕਰਾਅ ਨੂੰ ਭੜਕਾਉਣਾ। ਉਨ੍ਹਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਆਪ੍ਰੇਸ਼ਨ ਸਿੰਦੂਰ ਦੇ ਸਾਰੇ ਫੌਜੀ ਉਦੇਸ਼ ਸਫਲਤਾਪੂਰਵਕ ਪ੍ਰਾਪਤ ਕੀਤੇ ਗਏ ਹਨ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਪੂਰੇ ਦ੍ਰਿੜ ਇਰਾਦੇ ਨਾਲ ਜਾਰੀ ਰਹੇਗੀ। ਰਕਸ਼ਾ ਮੰਤਰੀ ਨੇ ਭਰੋਸਾ ਦਿੱਤਾ ਕਿ ਭਾਰਤੀ ਹਥਿਆਰਬੰਦ ਬਲ ਅਤੇ ਸੀਮਾ ਸੁਰੱਖਿਆ ਬਲ ਦੇਸ਼ ਦੀਆਂ ਸਰਹੱਦਾਂ ਦੀ ਚੌਕਸੀ ਨਾਲ ਰਾਖੀ ਕਰ ਰਹੇ ਹਨ।

ਇਸ ਮੌਕੇ 'ਤੇ ਹਥਿਆਰਬੰਦ ਬਲਾਂ ਨੂੰ ਸੰਬੋਧਨ ਕਰਦੇ ਹੋਏ, ਰਕਸ਼ਾ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ਼ਸਤਰ ਪੂਜਾ ਸਿਰਫ਼ ਇੱਕ ਰਸਮ ਨਹੀਂ ਹੈ, ਸਗੋਂ ਭਾਰਤ ਦੀ ਸੱਭਿਅਤਾ ਦੇ ਦਰਸ਼ਨ ਦਾ ਪ੍ਰਤੀਬਿੰਬ ਹੈ, ਜਿੱਥੇ ਹਥਿਆਰਾਂ ਨੂੰ ਹਿੰਸਾ ਦੇ ਸਾਧਨ ਨਹੀਂ, ਸਗੋਂ ਧਰਮ ਅਤੇ ਨਿਆਂ ਦੀ ਰੱਖਿਆ ਲਈ ਸਾਧਨ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਭਾਰਤੀ ਪਰੰਪਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿੱਥੇ ਕਿਸਾਨ ਆਪਣੇ ਹੱਲ ਦੀ ਪੂਜਾ ਕਰਦੇ ਹਨ, ਵਿਦਿਆਰਥੀ ਆਪਣੀਆਂ ਕਿਤਾਬਾਂ ਦਾ ਸਤਿਕਾਰ ਕਰਦੇ ਹਨ, ਉਸੇ ਤਰ੍ਹਾਂ ਸਿਪਾਹੀ ਆਪਣੇ ਹਥਿਆਰਾਂ ਦਾ ਸਨਮਾਨ ਕਰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਥਿਆਰਾਂ ਦੀ ਵਰਤੋਂ ਹਮੇਸ਼ਾ ਨਿਆਂ ਅਤੇ ਧਾਰਮਿਕਤਾ ਦੀ ਰੱਖਿਆ ਲਈ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਨੇ  ਅੱਗੇ ਕਿਹਾ ਕਿ ਗਿਆਨ ਜੇਕਰ ਆਪਣੀ ਰੱਖਿਆ ਕਰਨ ਦੀ ਸ਼ਕਤੀ ਤੋਂ ਅਸਮਰੱਥ ਹੋਵੇ ਤਾਂ ਅਸੁਰੱਖਿਅਤ ਹੋ ਜਾਂਦਾ ਹੈ। ਜੇਕਰ ਸ਼ਕਤੀ ਗਿਆਨ ਦੇ ਮਾਰਗਦਰਸ਼ਨ ਤੋਂ ਵਾਂਝੀ ਹੋਵੇ ਤਾਂ ਅਰਾਜਕਤਾ ਦਾ ਕਾਰਨ ਬਣਦੀ ਹੈ।  ਸ਼ਾਸਤਰ (ਗਿਆਨ) ਅਤੇ ਸ਼ਸਤਰ (ਹਥਿਆਰਾਂ) ਦੇ ਵਿਚਕਾਰ ਦਾ ਸੰਤੁਲਨ ਸਾਡੀ ਸਭਿਅਤਾ ਨੂੰ ਹਮੇਸ਼ਾ ਜੀਵੰਤ ਅਤੇ ਅਜਿੱਤ ਰੱਖਦਾ ਹੈ। 

ਰਕਸ਼ਾ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ, ਜੋ ਹਮੇਸ਼ਾ ਗਿਆਨ ਵਿੱਚ ਸਮ੍ਰਿੱਧ ਰਿਹਾ ਹੈ, ਅੱਜ ਰੱਖਿਆ ਨਿਰਮਾਣ ਵਿੱਚ ਵੀ ਆਤਮਨਿਰਭਰ ਬਣ ਰਿਹਾ ਹੈ। ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਦੇ ਤਹਿਤ, ਭਾਰਤ ਰੱਖਿਆ ਉਪਕਰਣਾਂ ਦੇ ਨਿਰਮਾਤਾ ਅਤੇ ਨਿਰਯਾਤਕ ਵਜੋਂ ਉੱਭਰ ਰਿਹਾ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੀ ਇਕਜੁੱਟਤਾ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਭਾਰਤ ਦੀ ਰਾਸ਼ਟਰੀ ਸੁਰੱਖਿਆ ਦੇ ਤਿੰਨ ਮਜ਼ਬੂਤ ​​ਥੰਮ੍ਹ ਕਿਹਾ। ਇਸ ਖੇਤਰ ਵਿੱਚ ਕੀਤੇ ਗਏ ਅਭਿਆਸ ਵਰੁਣਸਤ੍ਰ (Varunstra) ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਤਿੰਨੋਂ ਸੈਨਾਵਾਂ ਦੀ ਸੰਯੁਕਤ ਸੰਚਾਲਨ ਸਮਰੱਥਾ ਅਤੇ ਕਿਸੇ ਵੀ ਖਤਰੇ ਨੂੰ ਅਸਫਲ ਕਰਨ ਦੀ ਉਨ੍ਹਾਂ ਦੀ ਤਿਆਰੀ ਨੂੰ ਦਰਸਾਉਂਦਾ ਹੈ।

ਰਕਸ਼ਾ ਮੰਤਰੀ ਨੇ  ਸ਼ਸਤਰ (ਹਥਿਆਰਾਂ) ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਨਾਲ-ਨਾਲ ਦੇਸ਼ ਦੀਆਂ ਸਰਹੱਦਾਂ 'ਤੇ ਚੁਣੌਤੀਆਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਚੁਣੌਤੀਆਂ ਕਦੇ ਵੀ ਸਰਲ ਨਹੀਂ ਰਹੀਆਂ, ਅਤੇ ਇਹ ਵੱਖ-ਵੱਖ ਰੂਪਾਂ ਵਿੱਚ ਆਉਂਦੀਆਂ ਹਨ। ਉਨ੍ਹਾਂ ਕਿਹਾ "ਕਦੇ-ਕਦੇ, ਇਹ ਚੁਣੌਤੀਆਂ ਬਾਹਰਲੇ ਹਮਲੇ ਦੇ ਰੂਪ ਵਿੱਚ, ਕਦੇ ਅੱਤਵਾਦੀ ਸੰਗਠਨਾਂ ਦੇ ਰੂਪ ਵਿੱਚ, ਅਤੇ ਅੱਜ ਦੀ ਦੁਨੀਆ ਵਿੱਚ, ਇਹ ਸਾਈਬਰ ਅਤੇ ਸੂਚਨਾ ਯੁੱਧ ਦੇ ਰੂਪ ਵਿੱਚ ਵੀ ਪ੍ਰਗਟ ਹੁੰਦੀਆਂ ਹਨ," ।

ਵਿਜੈਦਸ਼ਮੀ ਦੇ ਮੌਕੇ 'ਤੇ ਵਧਾਈਆਂ ਦਿੰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਬੁਰਾਈ ਕਿੰਨੀ ਵੀ ਸ਼ਕਤੀਸ਼ਾਲੀ ਕਿਉਂ ਨਾ ਦਿਖਾਈ ਦੇਵੇ, ਅੰਤ ਵਿੱਚ ਜਿੱਤ ਧਰਮ ਦੀ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ, "ਇਸ ਦਿਨ ਹਥਿਆਰਾਂ ਦੀ ਪੂਜਾ ਭਾਰਤ ਦੇ ਰਾਸ਼ਟਰੀ ਜੀਵਨ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ, ਕਿਉਂਕਿ ਇਹ ਦੇਸ਼ ਦੀ ਸਮੂਹਿਕ ਤਾਕਤ, ਸੁਰੱਖਿਆ ਅਤੇ ਆਜ਼ਾਦੀ ਲਈ ਸਤਿਕਾਰ ਨੂੰ ਦਰਸਾਉਂਦੀ ਹੈ।" ਰਕਸ਼ਾ ਮੰਤਰੀ ਨੇ ਹਥਿਆਰਬੰਦ ਸੈਨਾਵਾਂ ਦੀ ਹਿੰਮਤ, ਰਣਨੀਤੀ ਅਤੇ ਸਮਰੱਥਾ ਦੀ ਪ੍ਰਸ਼ੰਸਾ ਕੀਤੀ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਤਿਆਰੀ ਅਤੇ ਦ੍ਰਿੜਤਾ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰੱਖਿਆ ਕਰਦੀ ਰਹੇਗੀ।

ਰਕਸ਼ਾ ਮੰਤਰੀ ਨੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ, ਉਨ੍ਹਾਂ ਨੂੰ ਨੈਤਿਕ ਹਿੰਮਤ ਦੀ ਇੱਕ ਰੌਸ਼ਨ ਉਦਾਹਰਣ ਦੱਸਿਆ। ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਆਪਣੀ ਆਤਮਾ ਦੀ ਸ਼ਕਤੀ ਨਾਲ ਸਮੇਂ ਦੇ ਸਭ ਤੋਂ ਮਜ਼ਬੂਤ ​​ਸਾਮਰਾਜ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਕਿਹਾ "ਸਾਡੇ ਸੈਨਿਕਾਂ ਕੋਲ ਮਨੋਬਲ ਅਤੇ ਹਥਿਆਰ ਦੋਵੇਂ ਹਨ, ਇਸ ਲਈ ਕੋਈ ਵੀ ਚੁਣੌਤੀ ਉਨ੍ਹਾਂ ਦੇ ਇਰਾਦੇ ਦਾ ਸਾਹਮਣਾ ਨਹੀਂ ਕਰ ਸਕਦੀ," ।

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਰਣਨੀਤਕ ਕ੍ਰੀਕ ਸੈਕਟਰ ਵਿੱਚ ਟਾਈਡਲ ਇੰਡੀਪੈਂਡੈਂਟ ਬਰਥਿੰਗ ਸਹੂਲਤ ਅਤੇ ਸੰਯੁਕਤ ਕੰਟਰੋਲ ਕੇਂਦਰ (ਜੇਸੀਸੀ) ਦਾ ਵਰਚੁਅਲੀ ਉਦਘਾਟਨ ਕੀਤਾ। ਇਹ ਸਹੂਲਤਾਂ ਏਕੀਕ੍ਰਿਤ ਤਟਵਰਤੀ ਕਾਰਜਾਂ ਲਈ ਪ੍ਰਮੁੱਖ ਸਮਰਥਕਾਂ ਵਜੋਂ ਕੰਮ ਕਰਨਗੀਆਂ ਅਤੇ ਨਾਲ ਹੀ ਸੰਯੁਕਤ ਸੰਚਾਲਨ ਸਮਰੱਥਾ, ਤਟਵਰਤੀ ਸੁਰੱਖਿਆ ਤਾਲਮੇਲ ਅਤੇ ਕਿਸੇ ਵੀ ਖਤਰੇ ਦਾ ਤੇਜ਼ ਜਵਾਬ ਦੇਣ ਵਿੱਚ ਮਹੱਤਵਪੂਰਨ ਵਾਧਾ ਕਰਨਗੀਆਂ। ਰਕਸ਼ਾ ਮੰਤਰੀ ਨੇ ਭੁਜ ਮਿਲਟਰੀ ਸਟੇਸ਼ਨ ਵਿਖੇ ਸੈਨਿਕਾਂ ਨਾਲ ਵੀ ਗੱਲਬਾਤ ਕੀਤੀ।

ਇਸ ਸਮਾਗਮ ਵਿੱਚ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ, ਦੱਖਣੀ ਸੈਨਾ ਕਮਾਂਡਰ ਲੈਫਟੀਨੈਂਟ ਜਨਰਲ ਧੀਰਜ ਸੇਠ, 12ਵੀਂ ਕੋਰ, ਜੋਧਪੁਰ ਦੇ ਕੋਰ ਕਮਾਂਡਰ, ਲੈਫਟੀਨੈਂਟ ਜਨਰਲ ਆਦਿਤਿਆ ਵਿਕਰਮ ਸਿੰਘ ਰਾਠੀ, ਅਤੇ ਏਅਰ ਫੋਰਸ ਸਟੇਸ਼ਨ ਭੁਜ ਦੇ ਏਅਰ ਅਫਸਰ ਕਮਾਂਡਿੰਗ, ਏਅਰ ਕਮੋਡੋਰ ਕੇਪੀਐਸ ਧਾਮ ਨੇ ਵੀ ਸ਼ਿਰਕਤ ਕੀਤੀ।

*********

 

ਵੀਕੇ/ਐਸਆਰ/ਐਸਐਸ/ਏਕੇ


(Release ID: 2174550) Visitor Counter : 4