ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 4 ਅਕਤੂਬਰ ਨੂੰ 62,000 ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਨੌਜਵਾਨ ਕੇਂਦ੍ਰਿਤ ਪਹਿਲਕਦਮੀਆਂ ਦਾ ਉਦਘਾਟਨ ਕਰਨਗੇ।


ਨੌਜਵਾਨਾਂ ਦੇ ਹੁਨਰ ਵਿਕਾਸ ਲਈ ਇੱਕ ਇਤਿਹਾਸਕ ਪਹਿਲਕਦਮੀ ਤਹਿਤ ਪ੍ਰਧਾਨ ਮੰਤਰੀ 60,000 ਕਰੋੜ ਰੁਪਏ ਦੇ ਨਿਵੇਸ਼ ਨਾਲ ਦੇਸ਼ ਭਰ ਵਿੱਚ 1,000 ਸਰਕਾਰੀ ਆਈਟੀਆਈਜ਼ ਨੂੰ ਉੱਨਤ ਬਣਾਉਣ ਲਈ ਪੀਐੱਮ-ਸੇਤੂ ਲਾਂਚ ਕਰਨਗੇ।

ਮੁੱਖ ਕੇਂਦਰੀ ਬਿੰਦੂ: ਬਿਹਾਰ ਵਿੱਚ ਨੌਜਵਾਨਾਂ ਦਾ ਹੁਨਰ ਵਿਕਾਸ ਅਤੇ ਸਿੱਖਿਆ

ਪ੍ਰਧਾਨ ਮੰਤਰੀ ਬਿਹਾਰ ਦੀ ਸੋਧੀ ਹੋਈ ਮੁੱਖ ਮੰਤਰੀ ਨਿਸ਼ਚਯ ਸਵੈਯਮ ਸਹਾਇਤਾ ਭੱਤਾ ਯੋਜਨਾ ਦੀ ਸ਼ੁਰੂਆਤ ਕਰਨਗੇ, ਜਿਸ ਵਿੱਚ ਦੋ ਸਾਲਾਂ ਲਈ 5 ਲੱਖ ਗ੍ਰੈਜੂਏਟਾਂ ਨੂੰ ₹1,000 ਦਾ ਮਹੀਨਾਵਾਰ ਭੱਤਾ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ ਬਿਹਾਰ ਵਿੱਚ ਜਨ ਨਾਇਕ ਕਰਪੂਰੀ ਠਾਕੁਰ ਸਕਿੱਲ ਯੂਨੀਵਰਸਿਟੀ ਦਾ ਉਦਘਾਟਨ ਕਰਨਗੇ ਤਾਂ ਜੋ ਉਦਯੋਗ-ਮੁਖੀ ਕੋਰਸਾਂ ਅਤੇ ਕਿੱਤਾਮੁਖੀ ਸਿੱਖਿਆ ਨੂੰ ਹੁਲਾਰਾ ਦਿੱਤਾ ਜਾ ਸਕੇ।

ਪ੍ਰਧਾਨ ਮੰਤਰੀ ਬਿਹਾਰ ਦੀਆਂ ਚਾਰ ਯੂਨੀਵਰਸਿਟੀਆਂ ਵਿੱਚ ਨਵੀਆਂ ਅਕਾਦਮਿਕ ਅਤੇ ਖੋਜ ਸਹੂਲਤਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਬਿਹਟਾ ਵਿੱਚ ਐੱਨਆਈਟੀ ਪਟਨਾ ਦਾ ਨਵਾਂ ਕੈਂਪਸ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ 34 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੋਦਿਆ ਵਿਦਿਆਲਿਆ ਅਤੇ ਏਕਲਵਯਾ ਮਾਡਲ ਰਿਹਾਇਸ਼ੀ ਸਕੂਲਾਂ ਵਿੱਚ ਸਥਾਪਿਤ 1,200 ਕਿੱਤਾਮੁਖੀ ਹੁਨਰ ਪ੍ਰਯੋਗਸ਼ਾਲਾਵਾਂ ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਕੌਸ਼ਲ ਦੀਕਸ਼ਾਂਤ ਸਮਾਰੋਹ ਵਿੱਚ ਆਈਟੀਆਈ ਟੌਪਰਾਂ ਨੂੰ ਸਨਮਾਨਿਤ ਕਰਨਗੇ।

Posted On: 03 OCT 2025 1:24PM by PIB Chandigarh

ਨੌਜਵਾਨਾਂ ਦੇ ਵਿਕਾਸ ਲਈ ਇੱਕ ਇਤਿਹਾਸਕ ਪਹਿਲਕਦਮੀ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਸਵੇਰੇ 11 ਵਜੇ 62,000 ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਨੌਜਵਾਨ-ਕੇਂਦ੍ਰਿਤ ਪਹਿਲਕਦਮੀਆਂ ਦਾ ਉਦਘਾਟਨ ਕਰਨਗੇ, ਜਿਸ ਨਾਲ ਦੇਸ਼ ਭਰ ਵਿੱਚ ਸਿੱਖਿਆ, ਹੁਨਰ ਅਤੇ ਉੱਦਮਤਾ ਨੂੰ ਇੱਕ ਫ਼ੈਸਲਾਕੁੰਨ ਹੁਲਾਰਾ ਮਿਲੇਗਾ। ਇਸ ਪ੍ਰੋਗਰਾਮ ਵਿੱਚ ਕੌਸ਼ਲ ਦੀਕਸ਼ਾਂਤ ਸਮਾਰੋਹ ਵੀ ਹੋਵੇਗਾ, ਜੋ ਕਿ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਰਾਸ਼ਟਰੀ ਹੁਨਰ ਕਨਵੋਕੇਸ਼ਨ ਦਾ ਚੌਥਾ ਸੰਸਕਰਣ ਹੈ, ਜਿਸ ਵਿੱਚ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਅਧੀਨ ਉਦਯੋਗਿਕ ਸਿਖਲਾਈ ਅਦਾਰਿਆਂ ਦੇ 46 ਆਲ ਇੰਡੀਆ ਟੌਪਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ 60,000 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਕੇਂਦਰੀ ਪ੍ਰਾਯੋਜਿਤ ਸਕੀਮ, ਪੀਐੱਮ-ਸੇਤੂ ( ਉੱਨਤ ਆਈਟੀਆਈ ਰਾਹੀਂ ਪ੍ਰਧਾਨ ਮੰਤਰੀ ਹੁਨਰ ਅਤੇ ਰੋਜ਼ਗਾਰ ਤਬਦੀਲੀ) ਦੀ ਸ਼ੁਰੂਆਤ ਕਰਨਗੇ। ਇਸ ਯੋਜਨਾ ਵਿੱਚ ਦੇਸ਼ ਭਰ ਵਿੱਚ 1,000 ਸਰਕਾਰੀ ਆਈਟੀਆਈਜ਼ ਨੂੰ ਇੱਕ ਧੁਰਾ ਅਤੇ ਸ਼ਾਖਾ ਮਾਡਲ ਵਿੱਚ ਉੱਨਤ ਕਰਨ ਦੀ ਕਲਪਨਾ ਕੀਤੀ ਗਈ ਹੈ, ਜਿਸ ਵਿੱਚ 200 ਧੁਰਾ ਆਈਟੀਆਈ ਅਤੇ 800 ਸ਼ਾਖਾ ਆਈਟੀਆਈਜ਼ ਸ਼ਾਮਲ ਹਨ। ਹਰੇਕ ਧੁਰਾ ਔਸਤਨ ਚਾਰ ਸ਼ਾਖਾਵਾਂ ਨਾਲ ਜੁੜਿਆ ਹੋਵੇਗਾ, ਜਿਸ ਨਾਲ ਉੱਨਤ ਬੁਨਿਆਦੀ ਢਾਂਚੇ, ਆਧੁਨਿਕ ਵਪਾਰ, ਡਿਜੀਟਲ ਸਿਖਲਾਈ ਪ੍ਰਣਾਲੀਆਂ ਅਤੇ ਇਨਕਿਊਬੇਸ਼ਨ ਸਹੂਲਤਾਂ ਨਾਲ ਲੈਸ ਕਲੱਸਟਰ ਬਣਾਏ ਜਾਣਗੇ। ਐਂਕਰ ਇੰਡਸਟਰੀ ਪਾਰਟਨਰ ਇਨ੍ਹਾਂ ਕਲੱਸਟਰਾਂ ਦਾ ਪ੍ਰਬੰਧਨ ਕਰਨਗੇ, ਜੋ ਇਹ ਯਕੀਨੀ ਬਣਾਉਣਗੇ ਕਿ ਨਤੀਜਾ-ਅਧਾਰਤ ਹੁਨਰ ਬਾਜ਼ਾਰ ਦੀ ਮੰਗ ਦੇ ਅਨੁਸਾਰ ਹੋਵੇ। ਧੁਰਿਆਂ ਵਿੱਚ ਨਵੀਨਤਾ ਕੇਂਦਰ, ਟ੍ਰੇਨਰਾਂ ਦੀ ਸਿਖਲਾਈ ਦੀਆਂ ਸਹੂਲਤਾਂ, ਉਤਪਾਦਨ ਇਕਾਈਆਂ ਅਤੇ ਪਲੇਸਮੈਂਟ ਸੇਵਾਵਾਂ ਵੀ ਹੋਣਗੀਆਂ, ਜਦਕਿ ਸ਼ਾਖਾਵਾਂ ਪਹੁੰਚ ਨੂੰ ਵਧਾਉਣ 'ਤੇ ਧਿਆਨ ਕੇਂਦ੍ਰਿਤ ਕਰਨਗੀਆਂ। ਸਮੂਹਿਕ ਤੌਰ 'ਤੇ, ਪੀਐੱਮ-ਸੇਤੂ ਭਾਰਤ ਦੇ ਆਈਟੀਆਈ ਈਕੋਸਿਸਟਮ ਨੂੰ ਮੁੜ ਪਰਿਭਾਸ਼ਿਤ ਕਰੇਗਾ, ਜੋ ਇਸ ਨੂੰ ਵਿਸ਼ਵ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ ਦੀ ਆਲਮੀ ਸਹਿ-ਵਿੱਤ ਸਹਾਇਤਾ ਨਾਲ ਸਰਕਾਰੀ ਮਾਲਕੀ ਵਾਲਾ ਪਰ ਉਦਯੋਗ ਪ੍ਰਬੰਧਕ ਬਣਾਏਗਾ। ਇਸ ਯੋਜਨਾ ਦੇ ਅਮਲ ਦੇ ਪਹਿਲੇ ਪੜਾਅ ਵਿੱਚ ਪਟਨਾ ਅਤੇ ਦਰਭੰਗਾ ਵਿੱਚ ਆਈਟੀਆਈਜ਼ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ 34 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 400 ਨਵੋਦਿਆ ਵਿਦਿਆਲਿਆ ਅਤੇ 200 ਏਕਲਵਯਾ ਮਾਡਲ ਰਿਹਾਇਸ਼ੀ ਸਕੂਲਾਂ ਵਿੱਚ ਸਥਾਪਿਤ 1,200 ਕਿੱਤਾਮੁਖੀ ਹੁਨਰ ਲੈਬਾਂ ਦਾ ਉਦਘਾਟਨ ਕਰਨਗੇ। ਇਹ ਲੈਬਾਂ ਦੂਰ-ਦੁਰਾਡੇ ਅਤੇ ਕਬਾਇਲੀ ਖੇਤਰਾਂ ਦੇ ਵਿਦਿਆਰਥੀਆਂ ਨੂੰ ਆਈਟੀ, ਆਟੋਮੋਟਿਵ, ਖੇਤੀਬਾੜੀ, ਇਲੈਕਟ੍ਰਾਨਿਕਸ, ਲੌਜਿਸਟਿਕਸ ਅਤੇ ਸੈਰ-ਸਪਾਟੇ ਵਰਗੇ 12 ਉੱਚ-ਮੰਗ ਵਾਲੇ ਖੇਤਰਾਂ ਵਿੱਚ ਹੱਥੀਂ ਸਿਖਲਾਈ ਨਾਲ ਲੈਸ ਕਰਨਗੀਆਂ। ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਸੀਬੀਐੱਸਈ ਪਾਠਕ੍ਰਮ ਦੇ ਨਾਲ ਜੁੜੇ ਹੋਏ, ਇਸ ਪ੍ਰੋਜੈਕਟ ਵਿੱਚ ਉਦਯੋਗ-ਸਬੰਧਤ ਸਿੱਖਿਆ ਪ੍ਰਦਾਨ ਕਰਨ ਅਤੇ ਰੋਜ਼ਗਾਰਯੋਗਤਾ ਲਈ ਇੱਕ ਸ਼ੁਰੂਆਤੀ ਬੁਨਿਆਦ ਰੱਖਣ ਲਈ 1,200 ਵੋਕੇਸ਼ਨਲ ਅਧਿਆਪਕਾਂ ਦੀ ਸਿਖਲਾਈ ਵੀ ਸ਼ਾਮਲ ਹੈ।

ਪ੍ਰੋਗਰਾਮ ਦਾ ਇੱਕ ਵਿਸ਼ੇਸ਼ ਜ਼ੋਰ ਬਿਹਾਰ ਵਿੱਚ ਪਰਿਵਰਤਨਸ਼ੀਲ ਪ੍ਰੋਜੈਕਟਾਂ 'ਤੇ ਹੋਵੇਗਾ, ਜੋ ਸੂਬੇ ਦੀ ਅਮੀਰ ਵਿਰਾਸਤ ਅਤੇ ਨੌਜਵਾਨ ਅਬਾਦੀ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਬਿਹਾਰ ਦੀ ਪੁਨਰਗਠਿਤ ਮੁੱਖ ਮੰਤਰੀ ਨਿਸ਼ਚਯ ਸਵੈਯਮ ਸਹਾਇਤਾ ਭੱਤਾ ਯੋਜਨਾ ਦੀ ਸ਼ੁਰੂਆਤ ਕਰਨਗੇ, ਜਿਸ ਦੇ ਤਹਿਤ ਹਰ ਸਾਲ ਲਗਭਗ ਪੰਜ ਲੱਖ ਗ੍ਰੈਜੂਏਟ ਨੌਜਵਾਨਾਂ ਨੂੰ ਦੋ ਸਾਲਾਂ ਲਈ 1,000 ਰੁਪਏ ਦਾ ਮਹੀਨਾਵਾਰ ਭੱਤਾ ਮਿਲੇਗਾ ਅਤੇ ਨਾਲ ਹੀ ਮੁਫ਼ਤ ਹੁਨਰ ਸਿਖਲਾਈ ਵੀ ਮਿਲੇਗੀ। ਉਹ ਮੁੜ ਤਿਆਰ ਕੀਤੀ ਗਈ ਬਿਹਾਰ ਵਿਦਿਆਰਥੀ ਕ੍ਰੈਡਿਟ ਕਾਰਡ ਯੋਜਨਾ ਦੀ ਵੀ ਸ਼ੁਰੂਆਤ ਕਰਨਗੇ, ਜੋ ਕਿ 4 ਲੱਖ ਰੁਪਏ ਤੱਕ ਦੇ ਪੂਰੀ ਤਰ੍ਹਾਂ ਵਿਆਜ-ਮੁਕਤ ਸਿੱਖਿਆ ਕਰਜ਼ੇ ਪ੍ਰਦਾਨ ਕਰੇਗੀ, ਜਿਸ ਨਾਲ ਉੱਚ ਸਿੱਖਿਆ ਦੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾਵੇਗਾ। ਇਸ ਯੋਜਨਾ ਦੇ ਤਹਿਤ 3.92 ਲੱਖ ਤੋਂ ਵੱਧ ਵਿਦਿਆਰਥੀ ਪਹਿਲਾਂ ਹੀ 7,880 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਪ੍ਰਾਪਤ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਵਲੋਂ ਸੂਬੇ ਵਿੱਚ ਨੌਜਵਾਨਾਂ ਦੇ ਸਸ਼ਕਤੀਕਰਨ ਨੂੰ ਹੋਰ ਮਜ਼ਬੂਤ ​​ਕਰਦੇ ਹੋਏ 18 ਤੋਂ 45 ਸਾਲ ਦੀ ਉਮਰ ਦੇ ਲੋਕਾਂ ਲਈ ਇੱਕ ਵਿਧਾਨਕ ਕਮਿਸ਼ਨ, ਬਿਹਾਰ ਯੁਵਾ ਆਯੋਗ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਜਾਵੇਗਾ ਤਾਂ ਜੋ ਸੂਬੇ ਦੀ ਨੌਜਵਾਨ ਅਬਾਦੀ ਦੀ ਊਰਜਾ ਨੂੰ ਦਿਸ਼ਾ ਦਿੱਤੀ ਜਾ ਸਕੇ ਅਤੇ ਇਸ ਦੀ ਵਰਤੋਂ ਕੀਤੀ ਜਾ ਸਕੇ।

ਪ੍ਰਧਾਨ ਮੰਤਰੀ ਬਿਹਾਰ ਵਿੱਚ ਜਨ ਨਾਇਕ ਕਰਪੂਰੀ ਠਾਕੁਰ ਸਕਿੱਲ ਯੂਨੀਵਰਸਿਟੀ ਦਾ ਵੀ ਉਦਘਾਟਨ ਕਰਨਗੇ, ਜਿਸਦੀ ਕਲਪਨਾ ਉਦਯੋਗ-ਅਧਾਰਤ ਕੋਰਸਾਂ ਅਤੇ ਕਿੱਤਾਮੁਖੀ ਸਿੱਖਿਆ ਪ੍ਰਦਾਨ ਕਰਨ ਲਈ ਕੀਤੀ ਗਈ ਹੈ ਤਾਂ ਜੋ ਇੱਕ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਕਿਰਤ ਬਲ ਸਿਰਜਿਆ ਜਾ ਸਕੇ।

ਉੱਚ ਸਿੱਖਿਆ ਦੇ ਢੰਗ-ਤਰੀਕਿਆਂ ਨੂੰ ਬਿਹਤਰ ਬਣਾਉਣ ਦੇ ਦ੍ਰਿਸ਼ਟੀਕੋਣ ਨਾਲ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਬਿਹਾਰ ਦੀਆਂ ਚਾਰ ਯੂਨੀਵਰਸਿਟੀਆਂ - ਪਟਨਾ ਯੂਨੀਵਰਸਿਟੀ, ਮਧੇਪੁਰਾ ਵਿੱਚ ਭੂਪੇਂਦਰ ਨਾਰਾਇਣ ਮੰਡਲ ਯੂਨੀਵਰਸਿਟੀ, ਛਪਰਾ ਵਿੱਚ ਜੈ ਪ੍ਰਕਾਸ਼ ਵਿਸ਼ਵਵਿਦਿਆਲਾ ਅਤੇ ਪਟਨਾ ਵਿੱਚ ਨਾਲੰਦਾ ਓਪਨ ਯੂਨੀਵਰਸਿਟੀ - ਵਿੱਚ ਪੀਐੱਮ-ਊਸ਼ਾ (ਪ੍ਰਧਾਨ ਮੰਤਰੀ ਉੱਚ ਸਿੱਖਿਆ ਅਭਿਆਨ) ਅਧੀਨ ਨਵੀਆਂ ਅਕਾਦਮਿਕ ਅਤੇ ਖੋਜ ਸਹੂਲਤਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਕੁੱਲ 160 ਕਰੋੜ ਰੁਪਏ ਦੀ ਰਕਮ ਨਾਲ, ਆਧੁਨਿਕ ਅਕਾਦਮਿਕ ਬੁਨਿਆਦੀ ਢਾਂਚੇ, ਉੱਨਤ ਪ੍ਰਯੋਗਸ਼ਾਲਾਵਾਂ, ਹੋਸਟਲਾਂ ਅਤੇ ਬਹੁ-ਅਨੁਸ਼ਾਸਨੀ ਸਿੱਖਿਆ ਨੂੰ ਸਮਰੱਥ ਬਣਾ ਕੇ 27,000 ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਦੇਣਗੇ।

ਪ੍ਰਧਾਨ ਮੰਤਰੀ ਐੱਨਆਈਟੀ ਪਟਨਾ ਦਾ ਬਿਹਟਾ ਕੈਂਪਸ ਰਾਸ਼ਟਰ ਨੂੰ ਸਮਰਪਿਤ ਕਰਨਗੇ। 6,500 ਵਿਦਿਆਰਥੀਆਂ ਦੀ ਮੇਜ਼ਬਾਨੀ ਸਮਰੱਥਾ ਦੇ ਨਾਲ, ਇਹ ਕੈਂਪਸ ਵਿੱਚ ਇੱਕ 5ਜੀ ਵਰਤੋਂ ਕੇਸ ਲੈਬ, ਇਸਰੋ ਦੇ ਸਹਿਯੋਗ ਨਾਲ ਸਥਾਪਿਤ ਇੱਕ ਖੇਤਰੀ ਅਕਾਦਮਿਕ ਪੁਲਾੜ ਕੇਂਦਰ ਅਤੇ ਇੱਕ ਨਵੀਨਤਾ ਅਤੇ ਇਨਕਿਊਬੇਸ਼ਨ ਸੈਂਟਰ ਸ਼ਾਮਲ ਹਨ, ਜੋ ਪਹਿਲਾਂ ਹੀ 9 ਸਟਾਰਟ-ਅੱਪਸ ਦੀ ਮਦਦ ਕਰ ਚੁੱਕਾ ਹੈ।

ਪ੍ਰਧਾਨ ਮੰਤਰੀ ਬਿਹਾਰ ਸਰਕਾਰ ਵਿੱਚ 4,000 ਤੋਂ ਵੱਧ ਨਵੇਂ ਭਰਤੀ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੀ ਵੰਡਣਗੇ ਅਤੇ ਮੁੱਖ ਮੰਤਰੀ ਬਾਲਕ/ਬਾਲਿਕਾ ਵਜ਼ੀਫ਼ਾ ਯੋਜਨਾ ਦੇ ਤਹਿਤ 9ਵੀਂ ਅਤੇ 10ਵੀਂ ਜਮਾਤ ਦੇ 25 ਲੱਖ ਵਿਦਿਆਰਥੀਆਂ ਨੂੰ ਪ੍ਰਤੱਖ ਲਾਭ ਤਬਾਦਲੇ ਰਾਹੀਂ 450 ਕਰੋੜ ਰੁਪਏ ਦੇ ਵਜ਼ੀਫ਼ੇ ਜਾਰੀ ਕਰਨਗੇ।

ਸ਼ੁਰੂ ਕੀਤੀਆਂ ਜਾਣ ਵਾਲੀਆਂ ਪਹਿਲਕਦਮੀਆਂ ਨਾਲ ਭਾਰਤ ਦੇ ਨੌਜਵਾਨਾਂ ਲਈ ਮਹੱਤਵਪੂਰਨ ਮੌਕੇ ਬਣਨ ਦੀ ਆਸ ਹੈ। ਉਨ੍ਹਾਂ ਦਾ ਮੰਤਵ ਸਿੱਖਿਆ, ਹੁਨਰ ਵਿਕਾਸ, ਉੱਦਮਤਾ ਅਤੇ ਸੁਧਰੇ ਬੁਨਿਆਦੀ ਢਾਂਚੇ ਨੂੰ ਏਕੀਕ੍ਰਿਤ ਕਰਕੇ ਦੇਸ਼ ਦੀ ਤਰੱਕੀ ਲਈ ਇੱਕ ਠੋਸ ਬੁਨਿਆਦ ਰੱਖਣ ਵਿੱਚ ਸਹਿਯੋਗ ਦੇਣਾ ਹੈ। ਬਿਹਾਰ 'ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ, ਸੂਬੇ ਵਿੱਚ ਹੁਨਰਮੰਦ ਮਨੁੱਖੀ ਸ਼ਕਤੀ ਦੇ ਕੇਂਦਰ ਵਜੋਂ ਵਿਕਸਤ ਹੋਣ ਦੀ ਸਮਰੱਥਾ ਹੈ, ਜੋ ਖੇਤਰੀ ਅਤੇ ਰਾਸ਼ਟਰੀ ਪੱਧਰ 'ਤੇ ਵਿਕਾਸ ਵਿੱਚ ਯੋਗਦਾਨ ਪਾਵੇਗੀ।

************

ਐੱਮਜੇਪੀਐੱਸ/ਐੱਸਆਰ 


(Release ID: 2174520) Visitor Counter : 12