ਰੱਖਿਆ ਮੰਤਰਾਲਾ
ਮਿਗ-21 ਸਾਹਸ, ਅਨੁਸ਼ਾਸਨ ਅਤੇ ਦੇਸ਼ ਭਗਤੀ ਦੀ ਉਸ ਅਟੁੱਟ ਪਰੰਪਰਾ ਦਾ ਪ੍ਰਤੀਕ ਹੈ, ਜੋ ਸਵਦੇਸ਼ੀ ਹਲਕੇ ਲੜਾਕੂ ਜਹਾਜ਼ - ਤੇਜਸ ਅਤੇ ਆਉਣ ਵਾਲੇ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ ਦੇ ਵਿਕਾਸ ਲਈ ਪ੍ਰੇਰਨਾ ਸਰੋਤ ਬਣੇਗਾ: ਰਕਸ਼ਾ ਮੰਤਰੀ
ਮਿਗ-21 ਜਹਾਜ਼ ਨੇ 1971 ਦੇ ਯੁੱਧ ਵਿੱਚ ਆਪਣੀ ਨਿਰਣਾਇਕ ਭੂਮਿਕਾ ਤੋਂ ਲੈ ਕੇ ਕਾਰਗਿਲ ਸੰਘਰਸ਼, ਬਾਲਾਕੋਟ ਏਅਰ ਸਟ੍ਰਾਈਕ ਅਤੇ ਆਪ੍ਰੇਸ਼ਨ ਸਿੰਦੂਰ ਤੱਕ ਹਰ ਯੁੱਧ ਖੇਤਰ ਵਿੱਚ ਆਪਣੀ ਵਿਲੱਖਣ ਸਮਰੱਥਾ ਅਤੇ ਭਰੋਸੇਯੋਗਤਾ ਦਾ ਪਰਿਚੈ ਦਿੱਤਾ ਹੈ: ਰਕਸ਼ਾ ਮੰਤਰੀ
“ਇੰਟਰਸੈਪਟਰ, ਗ੍ਰਾਊਂਡ-ਅਟੈਕ ਪਲੈਟਫਾਰਮ, ਫਰੰਟਲਾਈਨ ਏਅਰ ਡਿਫੈਂਸ ਅਤੇ ਟ੍ਰੇਨਰ ਏਅਰਕ੍ਰਾਫਟ ਦੇ ਰੂਪ ਵਿੱਚ ਆਪਣੀ ਬਹੁਮੁਖੀ ਸਮਰੱਥਾ ਸਿੱਧ ਕਰਦੇ ਹੋਏ ਮਿਗ-21 ਹਰ ਮੌਸਮ ਵਿੱਚ ਉਡਾਣ ਭਰਨ ਵਾਲਾ ਭਰੋਸੇਯੋਗ ਲੜਾਕੂ ਜਹਾਜ਼ ਰਿਹਾ ਹੈ”
“ਵਿਸ਼ਵ ਭਰ ਲਈ 11,500 ਤੋਂ ਵੱਧ ਮਿਗ-21 ਜਹਾਜ਼ਾਂ ਦਾ ਨਿਰਮਾਣ ਹੋਇਆ, ਜਿਨ੍ਹਾਂ ਵਿੱਚੋਂ ਲਗਭਗ 850 ਭਾਰਤੀ ਹਵਾਈ ਸੈਨਾ ਦੀ ਹਵਾਈ ਸ਼ਕਤੀ ਦਾ ਹਿੱਸਾ ਬਣੇ, ਜੋ ਇਸ ਦੀ ਪ੍ਰਸਿੱਧੀ, ਭਰੋਸੇਯੋਗਤਾ ਅਤੇ ਬਹੁਆਯਾਮੀ ਸਮਰੱਥਾਵਾਂ ਦਾ ਸਸ਼ਕਤ ਪ੍ਰਮਾਣ ਹੈ”
“ਮਿਗ-21 ਨੇ ਸਾਨੂੰ ਸਿਖਾਇਆ ਹੈ ਕਿ ਬਦਲਾਅ ਤੋਂ ਡਰਨ ਦੀ ਬਜਾਏ, ਉਸ ਨੂੰ ਆਤਮ-ਵਿਸ਼ਵਾਸ ਅਤੇ ਦ੍ਰਿੜ੍ਹ ਸੰਕਲਪ ਦੇ ਨਾਲ ਅਪਣਾਉਣਾ ਚਾਹੀਦਾ ਹੈ। ਅੱਜ ਭਾਰਤ ਦਾ ਸੰਪੂਰਨ ਰੱਖਿਆ ਵਾਤਾਵਰਣ ਇਸੇ ਵਿਰਾਸਤ ਨੂੰ ਅੱਗੇ ਵਧਾਉਣ ਲਈ ਇਕਜੁੱਟ ਹੋ ਕੇ ਕੰਮ ਕਰ ਰਿਹਾ ਹੈ”
Posted On:
26 SEP 2025 3:15PM by PIB Chandigarh
ਮਿਗ-21 ਦੀ ਵਿਰਾਸਤ ਭਾਰਤ ਦੀ ਰੱਖਿਆ ਆਤਮ-ਨਿਰਭਰਤਾ ਨੂੰ ਨਵੀਂ ਗਤੀ ਦਿੰਦੀ ਰਹੇਗੀ। ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 26 ਸਤੰਬਰ, 2025 ਨੂੰ ਚੰਡੀਗੜ੍ਹ ਵਿੱਚ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ( ਆਈਏਐੱਫ) ਮਿਗ-21 ਦੇ ਸੇਵਾਮੁਕਤ ਕਰਨ ਦੇ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ “ਇਹ ਜਹਾਜ਼ ਸਾਹਸ, ਅਨੁਸ਼ਾਸਨ ਅਤੇ ਦੇਸ਼ਭਗਤੀ ਦੀ ਉਸ ਨਿਰੰਤਰ ਪਰੰਪਰਾ ਦਾ ਪ੍ਰਤੀਕ ਹੈ, ਜੋ ਹਲਕੇ ਲੜਾਕੂ ਜਹਾਜ਼-ਤੇਜਸ ਅਤੇ ਆਉਣ ਵਾਲੇ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ (ਏਐੱਮਸੀਏ) ਜਿਹੇ ਸਵਦੇਸ਼ੀ ਪਲੈਟਫਾਰਮਾਂ ਦੇ ਵਿਕਾਸ ਨੂੰ ਪ੍ਰੇਰਣਾ ਦਿੰਦੀ ਰਹੇਗੀ।” ਇਸ ਸਮਾਰੋਹ ਵਿੱਚ ਮਿਗ-21 ਦੀ ਅੰਤਿਮ ਸੰਚਾਲਨ ਉਡਾਣ ਭਰੀ ਗਈ, ਜਿਸ ਦੇ ਨਾਲ ਭਾਰਤੀ ਹਵਾਈ ਸੈਨਾ ਦੇ ਇਤਿਹਾਸ ਦਾ ਛੇ ਦਹਾਕਿਆਂ ਤੋਂ ਵੱਧ ਲੰਬਾ ਅਤੇ ਸ਼ਾਨਦਾਰ ਅਧਿਆਏ ਸੰਪੰਨ ਹੋਇਆ। ਰਕਸ਼ਾ ਮੰਤਰੀ ਨੇ ਇਸ ਮੌਕੇ ‘ਤੇ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਵਿਸ਼ਵ ਭਾਰਤ ਵੱਲ ਦੇਖੇਗਾ, ਤਾਂ ਉਸ ਨੂੰ ਇੱਕ ਅਜਿਹੇ ਰਾਸ਼ਟਰ ਦੇ ਰੂਪ ਵਿੱਚ ਜਾਣੇਗਾ, ਜਿਸ ਨੇ ਮਿਗ-21 ਤੋਂ ਸ਼ੁਰੂਆਤ ਕੀਤੀ ਅਤੇ ਹੁਣ ਭਵਿੱਖ ਦੀ ਰੱਖਿਆ ਟੈਕਨੋਲੋਜੀਆਂ ਵਿੱਚ ਮੋਹਰੀ ਸਥਾਨ ਪ੍ਰਾਪਤ ਕੀਤਾ ਹੈ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਭਾਰਤੀ ਹਵਾਈ ਸੈਨਾ ਦੇ ਉਨ੍ਹਾਂ ਸਾਰੇ ਯੋਧਿਆਂ ਦੀ ਵੀਰਤਾ ਅਤੇ ਸਮਰਪਣ ਨੂੰ ਨਮਨ ਕੀਤਾ, ਜਿਨ੍ਹਾਂ ਨੇ ਸਾਹਸ ਅਤੇ ਬਲੀਦਾਨ ਰਾਹੀਂ ਰਾਸ਼ਟਰ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦੀ ਰੱਖਿਆ ਕੀਤੀ। ਉਨ੍ਹਾਂ ਨੇ ਮਿਗ-21 ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸਿਰਫ਼ ਇੱਕ ਜਹਾਜ਼ ਨਹੀਂ, ਸਗੋਂ ਮਿਲਟਰੀ ਐਵੀਏਸ਼ਨ ਵਿੱਚ ਭਾਰਤ ਦੇ ਉੱਥਾਨ ਦਾ ਪ੍ਰਤੀਕ, ਰਾਸ਼ਟਰੀ ਰੱਖਿਆ ਦਾ ਮਜ਼ਬੂਤ ਕਵਚ ਅਤੇ 1963 ਵਿੱਚ ਸ਼ਾਮਲ ਹੋਣ ਦੇ ਬਾਅਦ ਤੋਂ ਹਥਿਆਰਬੰਦ ਸੈਨਾਵਾਂ ਦਾ ਭਰੋਸੇਯੋਗ ਸਾਥੀ ਰਿਹਾ ਹੈ। ਰਕਸ਼ਾ ਮੰਤਰੀ ਨੇ ਦੱਸਿਆ ਕਿ ਵਿਸ਼ਵ ਭਰ ਲਈ 11,500 ਤੋਂ ਵੱਧ ਮਿਗ-21 ਜਹਾਜ਼ਾਂ ਦਾ ਨਿਰਮਾਣ ਹੋਇਆ, ਜਿਨ੍ਹਾਂ ਵਿੱਚੋਂ ਲਗਭਗ 850 ਭਾਰਤੀ ਹਵਾਈ ਸੈਨਾ ਦਾ ਹਿੱਸਾ ਬਣੇ, ਜੋ ਇਸ ਦੀ ਪ੍ਰਸਿੱਧੀ, ਭਰੋਸੇਯੋਗਤਾ ਅਤੇ ਬਹੁਆਯਾਮੀ ਸਮਰੱਥਾਵਾਂ ਦਾ ਸਪਸ਼ਟ ਪ੍ਰਮਾਣ ਹੈ।
ਰਕਸ਼ਾ ਮੰਤਰੀ ਨੇ ਯਾਦ ਕੀਤਾ ਕਿ ਮਿਗ-21 ਨੇ ਯੁੱਧ ਅਤੇ ਸੰਘਰਸ਼ ਦੇ ਹਰ ਮੋਰਚੇ ‘ਤੇ ਆਪਣੀ ਬੇਮਿਸਾਲੀ ਸਮਰੱਥਾ ਦਾ ਪਰਿਚੈ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੇ 1971 ਦੇ ਯੁੱਧ ਵਿੱਚ ਪ੍ਰਤੀਕੂਲ ਸਥਿਤੀਆਂ ਦੇ ਬਾਵਜੂਦ ਢਾਕਾ ਸਥਿਤ ਗਵਰਨਰ ਹਾਊਸ ‘ਤੇ ਨਿਰਣਾਇਕ ਹਮਲਾ ਕਰ ਕੇ ਭਾਰਤ ਦੀ ਜਿੱਤ ਨੂੰ ਗਤੀ ਦੇਣ ਤੋਂ ਲੈ ਕੇ, ਕਾਰਗਿਲ ਸੰਘਰਸ਼, ਬਾਲਾਕੋਟ ਏਅਰ ਸਟ੍ਰਾਈਕ ਅਤੇ ਆਪ੍ਰੇਸ਼ਨ ਸਿੰਦੂਰ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਉਨ੍ਹਾਂ ਨੇ ਕਿਹਾ, “ਹਰ ਇਤਿਹਾਸਿਕ ਮਿਸ਼ਨ ਵਿੱਚ ਮਿਗ-21 ਨੇ ਤਿਰੰਗੇ ਨੂੰ ਮਾਣ ਨਾਲ ਲਹਿਰਾਇਆ ਹੈ। ਇਸ ਦਾ ਯੋਗਦਾਨ ਕਿਸੇ ਇੱਕ ਘਟਨਾਕ੍ਰਮ ਜਾਂ ਯੁੱਧ ਤੱਕ ਸੀਮਿਤ ਨਹੀਂ, ਸਗੋਂ ਦਹਾਕਿਆਂ ਤੋਂ ਇਹ ਭਾਰਤ ਦੀ ਹਵਾਈ ਸ਼ਕਤੀ ਦਾ ਸਸ਼ਕਤ ਥੰਮ੍ਹ ਰਿਹਾ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਇਸ ਜਹਾਜ਼ ਦੀ ਬਹੁਮੁਖੀ ਪ੍ਰਤਿਭਾ ਨੂੰ ਉਜਾਗਰ ਕਰਦੇ ਹੋਏ ਮਿਗ-21 ਨੂੰ “ਸਾਰੇ ਮੌਸਮਾਂ ਦਾ ਪੰਛੀ” ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਜਹਾਜ਼ ਦੁਸ਼ਮਣ ਦੇ ਜਹਾਜ਼ਾਂ ਨੂੰ ਰੋਕਣ ਵਾਲੇ ਇੰਟਰਸੈਪਟਰ, ਹਮਲਾ ਸਮਰੱਥਾ ਪ੍ਰਦਰਸ਼ਿਤ ਕਰਨ ਵਾਲੇ ਜ਼ਮੀਨੀ ਹਮਲੇ ਦੇ ਪਲੈਟਫਾਰਮ, ਭਾਰਤੀ ਅਸਮਾਨ ਦੀ ਰੱਖਿਆ ਕਰਨ ਵਾਲੇ ਫਰੰਟਲਾਈਨ ਦੇ ਹਵਾਈ ਰੱਖਿਆ ਜੈੱਟ ਅਤੇ ਅਣਗਿਣਤ ਪਾਇਲਟਾਂ ਨੂੰ ਤਿਆਰ ਕਰਨ ਵਾਲੇ ਟ੍ਰੇਂਡ ਜਹਾਜ਼ ਦੇ ਰੂਪ ਵਿੱਚ ਹਰ ਭੂਮਿਕਾ ਵਿੱਚ ਉਤਕ੍ਰਿਸ਼ਟ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਬਹੁਤ ਹੁਨਰਮੰਦ ਲੜਾਕੂ ਪਾਇਲਟਾਂ ਦੀ ਨੀਂਹ ਮਿਗ-21 ‘ਤੇ ਹੀ ਰੱਖੀ ਗਈ। ਰਕਸ਼ਾ ਮੰਤਰੀ ਨੇ ਕਿਹਾ ਕਿ ਇਸ ਮਹਾਨ ਪਲੈਟਫਾਰਮ ‘ਤੇ ਖੜ੍ਹੇ ਹੋ ਕੇ ਹਵਾਈ ਯੋਧਿਆਂ ਦੀਆਂ ਪੀੜ੍ਹੀਆਂ ਨੇ ਮੁਸ਼ਕਲ ਸਥਿਤੀਆਂ ਵਿੱਚ ਉਡਾਣ ਭਰਨਾ, ਸਥਿਤੀਆਂ ਦੇ ਅਨੁਸਾਰ ਖੁਦ ਨੂੰ ਢਾਲਣਾ ਅਤੇ ਸਫ਼ਲਤਾ ਪ੍ਰਾਪਤ ਕਰਨਾ ਸਿੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਹਵਾਈ ਰਣਨੀਤੀ ਨੂੰ ਆਕਾਰ ਦੇਣ ਵਿੱਚ ਇਸ ਦੀ ਭੂਮਿਕਾ ਅਨੁਪਮ ਅਤੇ ਅਭੁੱਲ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਮਿਗ-21 ਨੇ ਆਪਣੇ ਡਿਜ਼ਾਈਨਰਾਂ ਅਤੇ ਆਪ੍ਰੇਟਰਾਂ ਦੀਆਂ ਉਮੀਦਾਂ ਤੋਂ ਕਿਤੇ ਵੱਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ 1950 ਦੇ ਦਹਾਕੇ ਦੇ ਇੱਕ ਜੈੱਟ ਤੋਂ ਵਿਕਸਿਤ ਹੋ ਕੇ ਇਹ ਇੱਕ ਸ਼ਕਤੀਸ਼ਾਲੀ ਅਤੇ ਅਪਗ੍ਰੇਡ ਪਲੈਟਫਾਰਮ ਬਣ ਗਿਆ, ਜਿਸ ਨੂੰ ਤ੍ਰਿਸ਼ੂਲ, ਵਿਕਰਮ, ਬਾਦਲ ਅਤੇ ਬਾਇਸਨ ਜਿਹੇ ਨਾਵਾਂ ਨਾਲ ਪਹਿਚਾਣ ਮਿਲੀ। ਮਿਗ-21 ਨੇ ਸਾਨੂੰ ਸਿਖਾਇਆ ਕਿ ਪਰਿਵਰਤਨ ਤੋਂ ਡਰਨ ਦੀ ਬਜਾਏ ਉਸ ਨੂੰ ਆਤਮ-ਵਿਸ਼ਵਾਸ ਦੇ ਨਾਲ ਅਪਣਾਉਣਾ ਚਾਹੀਦਾ ਹੈ। ਰਕਸ਼ਾ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦਾ ਰੱਖਿਆ ਈਕੋਸਿਸਟਮ ਸਾਡੀਆਂ ਰਿਸਰਚ ਲੈਬਸ, ਸਿੱਖਿਆ ਜਗਤ, ਰੱਖਿਆ ਖੇਤਰ ਦੇ ਜਨਤਕ ਉਪਕ੍ਰਮ, ਨਿਜੀ ਉਦਯੋਗ, ਸਟਾਰਟਅੱਪ ਅਤੇ ਯੁਵਾ ਅਰਥਾਤ ਸਾਰੇ ਮਿਲ ਕੇ ਇਸ ਗੌਰਵਸ਼ਾਲੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਇਕਜੁੱਟ ਹੋ ਕੇ ਕੰਮ ਕਰ ਰਹੇ ਹਨ।
ਰਕਸ਼ਾ ਮੰਤਰੀ ਨੇ ਮਿਗ-21 ਦੀ ਉਮਰ ਨੂੰ ਲੈ ਕੇ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਦੇ ਹੋਏ ਸਪਸ਼ਟ ਕੀਤਾ ਕਿ 1960 ਅਤੇ 70 ਦੇ ਦਹਾਕੇ ਵਿੱਚ ਸ਼ਾਮਲ ਸ਼ੁਰੂਆਤੀ ਜਹਾਜ਼ ਪਹਿਲਾਂ ਹੀ ਸੇਵਾਮੁਕਤ ਕਰ ਦਿੱਤੇ ਗਏ ਸਨ ਅਤੇ ਵਰਤਮਾਨ ਵਿੱਚ ਸੇਵਾ ਵਿੱਚ ਮੌਜੂਦ ਜਹਾਜ਼ ਜ਼ਿਆਦਾਤਰ 40 ਸਾਲ ਪੁਰਾਣੇ ਹਨ, ਜੋ ਵਿਸ਼ਵ ਭਰ ਵਿੱਚ ਲੜਾਕੂ ਜਹਾਜ਼ਾਂ ਲਈ ਆਮ ਜੀਵਨਕਾਲ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (ਐੱਚਏਐੱਲ) ਦੇ ਨਿਰੰਤਰ ਯਤਨਾਂ ਨਾਲ ਮਿਗ-21 ਨੂੰ ਆਧੁਨਿਕ ਰਡਾਰ, ਐਵੀਓਨਿਕਸ ਅਤੇ ਹਥਿਆਰ ਪ੍ਰਣਾਲੀਆਂ ਦੇ ਨਾਲ ਤਕਨੀਕੀ ਤੌਰ ‘ਤੇ ਉੱਨਤ ਬਣਾਏ ਰੱਖਿਆ ਗਿਆ। ਐੱਚਏਐੱਲ ਦੇ ਇੰਜੀਨੀਅਰਾਂ ਅਤੇ ਵਿਗਿਆਨੀਆਂ ਦੀ ਸ਼ਲਾਘਾ ਕਰਦੇ ਹੋਏ ਰਕਸ਼ਾ ਮੰਤਰੀ ਨੇ ਕਿਹਾ, “ਉਨ੍ਹਾਂ ਦੀ ਅਣਥੱਕ ਮਿਹਨਤ ਨੇ ਮਿਗ-21 ਨੂੰ ਦਹਾਕਿਆਂ ਤੱਕ ਤਕਨੀਕੀ ਤੌਰ ਪ੍ਰਾਸੰਗਿਕ ਅਤੇ ਯੁੱਧ ਲਈ ਪੂਰੀ ਤਰ੍ਹਾਂ ਤਿਆਰ ਰੱਖਿਆ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਵਿਦਾਈ ਸਮਾਰੋਹ ਨੂੰ ਸਿਰਫ਼ ਇੱਕ ਰਸਮੀ ਮਿਲਟਰੀ ਪਰੰਪਰਾ ਦੇ ਰੂਪ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ ਹੈ, ਸਗੋਂ ਇਹ ਭਾਰਤ ਦੇ ਸੱਭਿਅਤਾਗਤ ਲੋਕਾਚਾਰ ਦਾ ਪ੍ਰਤੀਕ ਵੀ ਹੈ। ਉਨ੍ਹਾਂ ਨੇ ਭਾਰਤੀ ਦਰਸ਼ਨ ਦਾ ਹਵਾਲਾ ਦਿੰਦੇ ਹੋਏ ਕਿਹਾ, “ਸਾਡੀ ਪ੍ਰਾਚੀਨ ਸੰਸਕ੍ਰਿਤੀ ਸਿਖਾਉਂਦੀ ਹੈ ਕਿ ਬ੍ਰਹਮਤਾ ਸਿਰਫ਼ ਜੀਵਤ ਪ੍ਰਾਣੀਆਂ ਵਿੱਚ ਨਹੀਂ, ਸਗੋਂ ਨਿਰਜੀਵ ਵਸਤੂਆਂ ਵਿੱਚ ਵੀ ਵਾਸ ਕਰਦਾ ਹੈ।” ਰਕਸ਼ਾ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਧਰਤੀ, ਨਦੀਆਂ, ਰੁੱਖਾਂ ਅਤੇ ਸਾਡੇ ਸੇਵਾ ਉਪਕਰਣਾਂ ਦੀ ਪੂਜਾ ਕਰਦੇ ਹਾਂ, ਉਸ ਤਰ੍ਹਾਂ ਅੱਜ ਮਿਗ-21 ਨੂੰ ਵਿਦਾਈ ਦੇਣਾ ਉਸ ਜਹਾਜ਼ ਦੇ ਪ੍ਰਤੀ ਸ਼ੁਕਰਗੁਜ਼ਾਰੀ ਦਾ ਪ੍ਰਤੀਕ ਹੈ, ਜਿਸ ਨੇ ਸਾਡੇ ਅਸਮਾਨ ਦੀ ਰੱਖਿਆ ਕੀਤੀ ਅਤੇ 60 ਵਰ੍ਹਿਆਂ ਤੋਂ ਵੱਧ ਸਮੇਂ ਤੱਕ ਦੇਸ਼ਵਾਸੀਆਂ ਦਾ ਵਿਸ਼ਵਾਸ ਹਾਸਲ ਕੀਤਾ। ਰਕਸ਼ਾ ਮੰਤਰੀ ਨੇ ਕਿਹਾ ਕਿ ਇਹ ਪਲ ਦੁਸਹਿਰੇ ਦੇ ਤਿਉਹਾਰ ‘ਤੇ ਹਥਿਆਰਾਂ ਦੇ ਅਨੁਸ਼ਠਾਨਾਂ ਦੇ ਸਮਾਨ ਹੈ, ਜੋ ਰਾਸ਼ਟਰ ਨੂੰ ਸਸ਼ਕਤ ਬਣਾਉਣ ਵਾਲੇ ਸਾਰੇ ਤੱਤਾਂ ਦੇ ਪ੍ਰਤੀ ਸਨਮਾਨ ਅਤੇ ਨਿਰੰਤਰਤਾ ਦਾ ਸੰਦੇਸ਼ ਦਿੰਦਾ ਹੈ।
ਰਕਸ਼ਾ ਮੰਤਰੀ ਨੇ ਚੰਡੀਗੜ੍ਹ ਦੇ ਵਿਸ਼ੇਸ਼ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇਹ ਉਹ ਸਥਾਨ ਹੈ, ਜਿੱਥੋਂ ਭਾਰਤ ਦੀ ਸੁਪਰਸੋਨਿਕ ਯਾਤਰਾ ਸ਼ੁਰੂ ਹੋਈ ਸੀ, ਜਦੋਂ ਮਿਗ-21 ਨੂੰ 28ਵੇਂ ਸਕੁਐਡਰਨ ਵਿੱਚ ਸ਼ਾਮਲ ਕੀਤਾ ਗਿਆ, ਜੋ ‘ਪਹਿਲਾਂ ਸੁਪਰਸੋਨਿਕ’ ਸੀ। ਇਸ ਧਰਤੀ ਨੇ ਉਸ ਗੌਰਵਸ਼ਾਲੀ ਅਧਿਆਏ ਨੂੰ ਦੇਖਿਆ ਹੈ, ਜਿਸ ਨੇ ਭਾਰਤ ਦੀ ਹਵਾਈ ਸ਼ਕਤੀ ਦੀ ਨਵੇਂ ਸਿਰ੍ਹੇ ਨਾਲ ਪਰਿਭਾਸ਼ਾ ਰਚੀ। ਉਨ੍ਹਾਂ ਨੇ ਕਿਹਾ, “ ਅੱਜ ਇਤਿਹਾਸ ਪੂਰਨ ਹੋਇਆ ਹੈ, ਕਿਉਂਕਿ ਅਸੀਂ ਓਸੇ ਸਥਾਨ ਤੋਂ ਉਸ ਮਹਾਨ ਜਹਾਜ਼ ਨੂੰ ਵਿਦਾਈ ਦੇ ਰਹੇ ਹਾਂ।
ਇਸ ਸਮਾਰੋਹ ਵਿੱਚ ਹਵਾਈ ਸੈਨਾ ਪ੍ਰਮੁੱਖ ਏਅਰ ਚੀਫ ਮਾਰਸ਼ਲ ਏਪੀ ਸਿੰਘ ਦੀ ਅਗਵਾਈ ਵਿੱਚ ਇੱਕ ਸ਼ਾਨਦਾਰ ਫਲਾਈਪਾਸਟ ਆਯੋਜਿਤ ਕੀਤਾ ਗਿਆ, ਜੋ ਇੱਕ ਦੁਰਲੱਭ ਅਤੇ ਪ੍ਰਤੀਕਾਤਮਕ ਸੰਕੇਤ ਸੀ ਅਤੇ ਭਾਰਤੀ ਹਵਾਈ ਸੈਨਾ ਦੇ ਇਸ ਮਹਾਨ ਜਹਾਜ਼ ਦੇ ਪ੍ਰਤੀ ਗਹਿਣ ਸਨਮਾਨ ਨੂੰ ਦਰਸਾਉਂਦਾ ਹੈ। ਇਸ ਪ੍ਰੋਗਰਾਮ ਵਿੱਚ ਆਕਾਸ਼ ਗੰਗਾ ਸਕਾਈਡਾਈਵਿੰਗ ਪ੍ਰਦਰਸ਼ਨ, ਮਿਗ-21 ਦੁਆਰਾ ਉਡਾਣ, ਬਾਦਲ ਅਤੇ ਪੈਂਥਰ ਫਾਰਮੇਸ਼ਨ, ਏਅਰ ਵਾਰੀਅਰ ਡ੍ਰਿਲ ਟੀਮ, ਸੂਰਯ ਕਿਰਨ ਐਰੋਬੈਟਿਕ ਟੀਮ ਦੀ ਸਟੀਕ ਡ੍ਰਿਲ ਮੂਵਮੈਂਟ ਅਤੇ ਕੰਬੈਟ ਏਅਰ ਪੈਟਰੋਲ ਦਾ ਇਤਿਹਾਸਿਕ ਆਯੋਜਨ ਹੋਇਆ, ਜਿਸ ਵਿੱਚ ਜਗੁਆਰ ਅਤੇ ਮਿਗ-21 ਦਾ ਪ੍ਰਤੀਕਾਤਮ ਫਲਾਈਪਾਸਟ ਵੀ ਸ਼ਾਮਲ ਸੀ। ਸਮਾਰੋਹ ਦਾ ਵਿਸ਼ੇਸ਼ ਆਕਰਸ਼ਣ ਮਿਗ-21 ਅਤੇ ਐੱਲਸੀਏ ਤੇਜਸ ਦਾ ਸੰਯੁਕਤ ਫਲਾਈਪਾਸਟ ਸੀ, ਜਿਸ ਨੇ ਪ੍ਰਸਿੱਧ ਬਾਈਸਨ ਤੋਂ ਸਵਦੇਸ਼ੀ ਤੇਜਸ ਤੱਕ ਦੇ ਸਫ਼ਰ ਨੂੰ ਦਰਸਾਇਆ।
ਪਤਵੰਤਿਆਂ ਦੀ ਮੌਜੂਦਗੀ ਵਿੱਚ ਛੇ ਮਿਗ-21 ਜਹਾਜ਼ਾਂ ਨੂੰ ਰਸਮੀ ਤੌਰ ‘ਤੇ ਵਿਦਾਈ ਦਿੱਤੀ ਗਈ, ਜਿਸ ਨਾਲ ਉਨ੍ਹਾਂ ਦੇ ਸੰਚਾਲਨ ਜੀਵਨ ਦਾ ਗੌਰਵਸ਼ਾਲੀ ਸਮਾਪਨ ਹੋਇਆ। ਜਹਾਜ਼ ਨਾਲ ਸਬੰਧਿਤ ਸਾਰੇ ਦਸਤਾਵੇਜ਼-ਫਾਰਮ-700- 23 ਸਕੁਐਡਰਨ ਦੇ ਅਧਿਕਾਰੀਆਂ ਅਤੇ ਹਵਾਈ ਸੈਨਿਕਾਂ ਅਤੇ 28 ਸਕੂਐਡਰਨ ਦੇ ਕਮਾਂਡਿੰਗ ਅਫ਼ਸਰ ਦੁਆਰਾ ਹਵਾਈ ਸੈਨਾ ਪ੍ਰਮੁੱਖ ਨੂੰ ਸੌਂਪੇ ਗਏ।
ਇਸ ਮੌਕੇ ‘ਤੇ ਰਕਸ਼ਾ ਮੰਤਰੀ ਨੇ ਮਿਗ-21 ਦੀ ਵਿਰਾਸਤ ਨੂੰ ਸਨਮਾਨਿਤ ਕਰਦੇ ਹੋਏ ਇੱਕ ਵਿਸ਼ੇਸ਼ ਸਮਾਰਕ ਦਿਵਸ ਕਵਰ ਅਤੇ ਡਾਕ ਟਿਕਟ ਜਾਰੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮੈਮੋਰੀ ਲੇਨ ਲਾਇਬ੍ਰੇਰੀ ਦਾ ਦੌਰਾ ਕੀਤਾ ਅਤੇ ਹਵਾਈ ਯੌਧਿਆਂ ਅਤੇ ਸਾਬਕਾ ਸੈਨਿਕਾਂ ਦੇ ਨਾਲ ਬਾਰਾਖਾਨਾ ਵਿੱਚ ਹਿੱਸਾ ਲੈ ਕੇ ਇਸ ਇਤਿਹਾਸਿਕ ਪਲ ਨੂੰ ਸਾਂਝਾ ਕੀਤਾ।
ਇਸ ਮੌਕੇ ‘ਤੇ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਨੇਵਲ ਸਟਾਫ਼ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ, ਚੀਫ਼ ਆਫ਼ ਦ ਆਰਮੀ ਸਟਾਫ਼ ਜਨਰਲ ਉਪੇਂਦਰ ਦਿਵੇਦੀ, ਡੀਡੀਆਰਐਂਡਡੀ ਸਕੱਤਰ ਅਤੇ ਡੀਆਰਡੀਓ ਚੇਅਰਮੈਨ ਡਾ. ਸਮੀਰ ਵੀ. ਕਾਮਤ ਅਤੇ ਵਿੱਤੀ ਸਲਾਹਕਾਰ (ਰੱਖਿਆ ਸੇਵਾਵਾਂ) ਡਾ. ਮੰਯਕ ਸ਼ਰਮਾ ਵੀ ਮੌਜੂਦ ਸਨ। ਸਮਾਰੋਹ ਵਿੱਚ ਭਾਰਤੀ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀ, ਸਾਬਕਾ ਸੈਨਿਕ, ਇੰਜੀਨੀਅਰ, ਟੈਕਨੀਸ਼ੀਅਨ, ਗ੍ਰਾਊਂਡ ਕਰੂ (crew) ਅਤੇ ਹਵਾਈ ਯੋਧਾ ਸ਼ਾਮਲ ਹੋਏ, ਜਿਨ੍ਹਾਂ ਨੇ ਮਿਗ-21 ਦੇ ਲੰਬੇ ਅਤੇ ਗੌਰਵਸ਼ਾਲੀ ਸੰਚਾਲਨ ਜੀਵਨ ਦੇ ਦੌਰਾਨ ਇਸ ਦੇ ਨਾਲ ਕੰਮ ਕੀਤਾ।
*************
ਵੀਕੇ/ਐੱਸਆਰ/ਜੇਐੱਸ/ਕੇਬੀ
(Release ID: 2172318)
Visitor Counter : 2