ਗ੍ਰਹਿ ਮੰਤਰਾਲਾ
ਲੱਦਾਖ ‘ਤੇ ਪ੍ਰੈੱਸ ਰਿਲੀਜ਼
Posted On:
24 SEP 2025 10:03PM by PIB Chandigarh
-
ਸ਼੍ਰੀ ਸੋਨਮ ਵਾਂਗਚੁਕ ਦੁਆਰਾ 10.09.2025 ਨੂੰ ਛੇਵੀਂ ਅਨੁਸੂਚੀ ਅਤੇ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ। ਇਹ ਸਾਰੇ ਜਾਣਦੇ ਹਨ ਕਿ ਭਾਰਤ ਸਰਕਾਰ ਇਨ੍ਹਾਂ ਹੀ ਮੁੱਦਿਆਂ 'ਤੇ ਅਪੈਕਸ ਬਾਡੀ ਲੇਹ ਅਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ ਨਾਲ ਸਰਗਰਮੀ ਨਾਲ ਗੱਲਬਾਤ ਕਰ ਰਹੀ ਹੈ। ਹਾਈ-ਪਾਵਰਡ ਕਮੇਟੀ ਦੇ ਨਾਲ-ਨਾਲ ਸਬ-ਕਮੇਟੀ ਦੇ ਰਸਮੀ ਚੈਨਲ ਨਾਲ ਅਤੇ ਨੇਤਾਵਾਂ ਨਾਲ ਕਈ ਗੈਰ-ਰਸਮੀ ਮੀਟਿੰਗਾਂ ਰਾਹੀਂ ਉਨ੍ਹਾਂ ਨਾਲ ਕਈ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ।
-
ਇਸ ਸਿਸਟਮ ਰਾਹੀਂ ਗੱਲਬਾਤ ਦੀ ਪ੍ਰਕਿਰਿਆ ਨੇ ਲੱਦਾਖ ਅਨੁਸੂਚਿਤ ਜਨਜਾਤੀ ਲਈ ਰਾਖਵਾਂਕਰਣ ਨੂੰ 45% ਤੋਂ ਵਧਾ ਕੇ 84% ਕਰਨ, ਕੌਂਸਲਾਂ ਵਿੱਚ ਮਹਿਲਾਵਾਂ ਲਈ 1/3 ਰਾਖਵਾਂਕਰਣ ਪ੍ਰਦਾਨ ਕਰਨ ਅਤੇ ਭੋਟੀ ਅਤੇ ਪੁਰਗੀ ਨੂੰ ਸਰਕਾਰੀ ਭਾਸ਼ਾਵਾਂ ਐਲਾਨੇ ਜਾਣ ਵਰਗੇ ਸ਼ਾਨਦਾਰ ਨਤੀਜੇ ਦਿੱਤੇ ਹਨ। ਇਸ ਦੇ ਨਾਲ ਹੀ 1800 ਅਸਾਮੀਆਂ ਲਈ ਭਰਤੀ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ।
-
ਹਾਲਾਂਕਿ, ਕੁਝ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਵਿਅਕਤੀ ਹਾਈ-ਪਾਵਰਡ ਕਮੇਟੀ ਅਧੀਨ ਹੋਈ ਪ੍ਰਗਤੀ ਤੋਂ ਖੁਸ਼ ਨਹੀਂ ਸਨ ਅਤੇ ਗੱਲਬਾਤ ਪ੍ਰਕਿਰਿਆ ਨੂੰ ਅਸਫਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
-
ਹਾਈ-ਪਾਵਰਡ ਕਮੇਟੀ ਦੀ ਅਗਲੀ ਮੀਟਿੰਗ 6 ਅਕਤੂਬਰ ਨੂੰ ਨਿਰਧਾਰਿਤ ਕੀਤੀ ਗਈ ਹੈ ਜਦਕਿ ਲੱਦਾਖ ਦੇ ਨੇਤਾਵਾਂ ਨਾਲ 25 ਅਤੇ 26 ਸਤੰਬਰ ਨੂੰ ਵੀ ਮੀਟਿੰਗਾਂ ਆਯੋਜਿਤ ਕਰਨ ਦੀ ਯੋਜਨਾ ਹੈ।
-
ਜਿਨ੍ਹਾਂ ਮੰਗਾਂ ਨੂੰ ਲੈ ਕੇ ਸ਼੍ਰੀ ਵਾਂਗਚੁਕ ਭੁੱਖ ਹੜਤਾਲ 'ਤੇ ਸਨ, ਉਹ ਐੱਚਪੀਸੀ ਵਿੱਚ ਚਰਚਾ ਦਾ ਅਨਿੱਖੜਵਾਂ ਅੰਗ ਹਨ। ਬਹੁਤ ਸਾਰੇ ਨੇਤਾਵਾਂ ਦੁਆਰਾ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕਰਨ ਦੇ ਬਾਵਜੂਦ, ਉਨ੍ਹਾਂ ਨੇ ਭੁੱਖ ਹੜਤਾਲ ਜਾਰੀ ਰੱਖੀ ਅਤੇ ਅਰਬ ਸਪ੍ਰਿੰਗ-ਸ਼ੈਲੀ ਦੇ ਵਿਰੋਧ ਪ੍ਰਦਰਸ਼ਨ ਅਤੇ ਨੇਪਾਲ ਵਿੱਚ Gen-Z ਪ੍ਰਦਰਸ਼ਨਾਂ (Gen Z protests) ਦੇ ਭੜਕਾਉ ਹਵਾਲਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕੀਤਾ।
-
24 ਸਤੰਬਰ ਨੂੰ, ਸਵੇਰੇ ਲਗਭਗ 11.30 ਵਜੇ, ਉਨ੍ਹਾਂ ਦੇ ਭੜਕਾਊ ਭਾਸ਼ਣਾਂ ਨਾਲ ਭੜਕੀ ਹੋਈ ਭੀੜ ਭੁੱਖ ਹੜਤਾਲ ਵਾਲੀ ਥਾਂ ਤੋਂ ਚਲੀ ਗਈ ਅਤੇ ਇੱਕ ਰਾਜਨੀਤਿਕ ਪਾਰਟੀ ਦੇ ਦਫ਼ਤਰ ਦੇ ਨਾਲ-ਨਾਲ ਸੀਈਸੀ ਲੇਹ ਦੇ ਸਰਕਾਰੀ ਦਫ਼ਤਰ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਦਫਤਰਾਂ ਨੂੰ ਅੱਗ ਲਗਾ ਦਿੱਤੀ, ਸੁਰੱਖਿਆ ਕਰਮਚਾਰੀਆਂ 'ਤੇ ਹਮਲਾ ਕੀਤਾ ਅਤੇ ਪੁਲਿਸ ਵਾਹਨ ਨੂੰ ਅੱਗ ਲਗਾ ਦਿੱਤੀ। ਬੇਕਾਬੂ ਭੀੜ ਨੇ ਪੁਲਿਸ ਕਰਮਚਾਰੀਆਂ 'ਤੇ ਹਮਲਾ ਕੀਤਾ ਜਿਸ ਵਿੱਚ 30 ਤੋਂ ਵੱਧ ਪੁਲਿਸ/ਸੀਆਰਪੀਐੱਫ ਕਰਮਚਾਰੀ ਜ਼ਖਮੀ ਹੋ ਗਏ। ਭੀੜ ਨੇ ਜਨਤਕ ਸੰਪਤੀ ਨੂੰ ਤਬਾਹ ਕਰਨਾ ਅਤੇ ਪੁਲਿਸ ਕਰਮਚਾਰੀਆਂ 'ਤੇ ਹਮਲਾ ਕਰਨਾ ਜਾਰੀ ਰੱਖਿਆ। ਸਵੈ-ਰੱਖਿਆ ਵਿੱਚ, ਪੁਲਿਸ ਨੂੰ ਗੋਲੀਬਾਰੀ ਕਰਨੀ ਪਈ ਜਿਸ ਵਿੱਚ ਬਦਕਿਸਮਤੀ ਨਾਲ ਕੁਝ ਜਾਨੀ ਨੁਕਸਾਨ ਹੋਣ ਦੀ ਖ਼ਬਰ ਹੈ।
-
ਸਵੇਰੇ-ਸਵੇਰੇ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੂੰ ਛੱਡ ਕੇ, ਸ਼ਾਮ 4 ਵਜੇ ਤੱਕ ਸਥਿਤੀ ਕਾਬੂ ਵਿੱਚ ਆ ਗਈ।
-
ਇਹ ਸਪਸ਼ਟ ਹੈ ਕਿ ਸ਼੍ਰੀ ਸੋਨਮ ਵਾਂਗਚੁਕ ਨੇ ਆਪਣੇ ਭੜਕਾਊ ਬਿਆਨਾਂ ਰਾਹੀਂ ਭੀੜ ਨੂੰ ਭੜਕਾਇਆ ਸੀ। ਇਤਫਾਕਨ, ਇਨ੍ਹਾਂ ਹਿੰਸਕ ਘਟਨਾਵਾਂ ਦੇ ਵਿਚਕਾਰ, ਉਨ੍ਹਾਂ ਨੇ ਆਪਣਾ ਵਰਤ (Fast) ਤੋੜ੍ਹ ਦਿੱਤਾ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਗੰਭੀਰ ਯਤਨ ਕੀਤੇ ਬਗੈਰ ਐਂਬੂਲੈਂਸ ਵਿੱਚ ਆਪਣੇ ਪਿੰਡ ਚਲੇ ਗਏ।
-
ਸਰਕਾਰ ਉਚਿਤ ਸੰਵਿਧਾਨਕ ਸੁਰੱਖਿਆ ਉਪਾਅ ਪ੍ਰਦਾਨ ਕਰਕੇ ਲੱਦਾਖ ਦੇ ਲੋਕਾਂ ਦੀਆਂ ਇੱਛਾਵਾਂ ਪ੍ਰਤੀ ਵਚਨਬੱਧ ਹੈ।
-
ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਲੋਕ ਪੁਰਾਣੇ ਅਤੇ ਭੜਕਾਊ ਵੀਡੀਓ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਨਾ ਕਰਨ।
*********
ਆਰਕੇ/ ਵੀਵੀ/ ਆਰਆਰ/ ਪੀਐੱਸ/ਏਕੇ
(Release ID: 2171204)
Visitor Counter : 10