ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਖਪਤਕਾਰ ਮਾਮਲੇ ਵਿਭਾਗ, ਭਾਰਤ ਸਰਕਾਰ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ 2025 ਦੇ ਹਿੱਸੇ ਵਜੋਂ ਰਾਸ਼ਟਰੀ ਖਪਤਕਾਰ ਹੈਲਪਲਾਈਨ (ਐੱਨਸੀਐੱਚ) ‘ਤੇ ਜੀਐੱਸਟੀ ਸ਼ਿਕਾਇਤ ਨਿਵਾਰਣ ਨੂੰ ਬਿਹਤਰ ਬਣਾਉਂਦਾ ਹੈ
ਐੱਨਸੀਐਚ ਨੇ ਸਮਰਪਿਤ ਜੀਐੱਸਟੀ ਸਬ-ਕੈਟੇਗਰੀ ਰਾਹੀਂ ਖਪਤਕਾਰ ਸਸ਼ਕਤੀਕਰਣ ਨੂੰ ਮਜ਼ਬੂਤ ਕੀਤਾ
Posted On:
20 SEP 2025 11:42AM by PIB Chandigarh
ਖਪਤਕਾਰ ਮਾਮਲੇ ਵਿਭਾਗ ਨੇ ਰਾਸ਼ਟਰੀ ਖਪਤਕਾਰ ਹੈਲਪਲਾਈਨ (ਐੱਨਸੀਐੱਚ) ਨੂੰ ਕੇਂਦਰੀ ਵਿੱਤ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਜੀਐੱਸਟੀ ਕੌਂਸਲ ਦੀ 56ਵੀਂ ਮੀਟਿੰਗ ਦੌਰਾਨ ਪ੍ਰਵਾਨ ਕੀਤੇ ਗਏ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ 2025 ਨਾਲ ਜੋੜਨ ਲਈ ਕਦਮ ਚੁੱਕੇ ਹਨ ਅਤੇ ਇਹ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਸੁਤੰਤਰਤਾ ਦਿਵਸ 2025 ਦੇ ਆਪਣੇ ਸੰਬੋਧਨ ਵਿੱਚ ਵਿਅਕਤ ਕੀਤੇ ਗਏ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।
22.09.2025 ਤੋਂ ਲਾਗੂ ਹੋਣ ਵਾਲੇ ਸੋਧੇ ਹੋਏ GST ਖਰਚਿਆਂ, ਦਰਾਂ ਅਤੇ ਛੂਟਾਂ ਦੇ ਲਾਗੂਕਰਨ ਤੋਂ ਬਾਅਦ NCH 'ਤੇ ਸੰਭਾਵਿਤ ਖਪਤਕਾਰਾਂ ਦੇ ਸੁਆਲਾਂ ਅਤੇ ਸ਼ਿਕਾਇਤਾਂ ਦੇ ਸਮਾਧਾਨ ਲਈ, INGRAM ਪੋਰਟਲ 'ਤੇ ਇੱਕ ਸਮਰਪਿਤ ਸ਼੍ਰੇਣੀ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਸ਼੍ਰੇਣੀ ਵਿੱਚ ਆਟੋਮੋਬਾਈਲਜ਼, ਬੈਂਕਿੰਗ, ਖਪਤਕਾਰ ਟਿਕਾਊ ਵਸਤਾਂ, ਈ-ਕਾਮਰਸ, ਐੱਫਐਮਸੀਜੀ ਅਤੇ ਹੋਰਨਾਂ ਸਮੇਤ ਪ੍ਰਮੁੱਖ ਉਪ-ਸ਼੍ਰੇਣੀਆਂ ਸ਼ਾਮਲ ਹਨ ਜਿਸ ਵਿੱਚ GST ਨਾਲ ਸਬੰਧਿਤ ਸ਼ਿਕਾਇਤਾਂ ਦਰਜ ਕੀਤੀਆਂ ਜਾਣਗੀਆਂ।
ਇਸ ਪਹਿਲਕਦਮੀ ਦੀ ਤਿਆਰੀ ਵਿੱਚ, ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (CBIC) ਦੇ ਅਧਿਕਾਰੀਆਂ ਦੁਆਰਾ 11 ਸਤੰਬਰ, 2025 ਨੂੰ ਇੱਕ ਉਦਘਾਟਨੀ ਟ੍ਰੇਨਿੰਗ ਸੈਸ਼ਨ ਆਯੋਜਿਤ ਕੀਤਾ ਗਿਆ ਸੀ, ਤਾਂ ਜੋ NCH ਸਲਾਹਕਾਰਾਂ ਨੂੰ GST ਨਾਲ ਸਬੰਧਿਤ ਸੁਆਲਾਂ ਅਤੇ ਸ਼ਿਕਾਇਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਦੇ ਯੋਗ ਬਣਾਇਆ ਜਾ ਸਕੇ। ਹਾਲ ਹੀ ਵਿੱਚ, 17 ਸਤੰਬਰ, 2025 ਨੂੰ ਸਕੱਤਰ (ਖਪਤਕਾਰ ਮਾਮਲੇ) ਦੀ ਪ੍ਰਧਾਨਗੀ ਹੇਠ ਇੱਕ ਹਿੱਸੇਦਾਰ ਸਲਾਹ-ਮਸ਼ਵਰਾ ਮੀਟਿੰਗ ਹੋਈ, ਜਿਸ ਵਿੱਚ ਪ੍ਰਮੁੱਖ ਈ-ਕਾਮਰਸ ਪਲੈਟਫਾਰਮਾਂ, ਉਦਯੋਗ ਸੰਗਠਨਾਂ ਅਤੇ ਖਪਤਕਾਰ ਟਿਕਾਊ ਕੰਪਨੀਆਂ ਦੇ ਵਫਦਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ, ਭਾਗੀਦਾਰਾਂ ਨੂੰ ਖਾਸ ਵਸਤਾਂ ਅਤੇ ਸੇਵਾਵਾਂ 'ਤੇ GST ਦਰਾਂ ਵਿੱਚ ਕਟੌਤੀ ਦੇ ਲਾਭ ਖਪਤਕਾਰਾਂ ਤੱਕ ਪਹੁੰਚਾਉਣ ਲਈ ਕਿਹਾ ਗਿਆ।
ਇਹ ਹੈਲਪਲਾਈਨ ਇਸ ਖੇਤਰ ਵਿੱਚ ਖਪਤਕਾਰਾਂ ਦੀਆਂ ਸ਼ਿਕਾਇਤਾਂ ਤੋਂ ਡਾਟਾ ਅਤੇ ਜਾਣਕਾਰੀ ਸਬੰਧਿਤ ਕੰਪਨੀਆਂ, ਸੀਬੀਆਈਸੀ ਅਤੇ ਹੋਰ ਸਬੰਧਿਤ ਅਧਿਕਾਰੀਆਂ ਨਾਲ ਸਾਂਝੀ ਕਰੇਗੀ ਤਾਂ ਜੋ ਸਬੰਧਿਤ ਕਾਨੂੰਨਾਂ ਦੇ ਤਹਿਤ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ। ਇਸ ਪਹਿਲਕਦਮੀ ਤੋਂ ਜੀਐਸਟੀ ਪਾਲਣਾ ਨੂੰ ਮਜ਼ਬੂਤ ਕਰਨ ਅਤੇ ਖਪਤਕਾਰਾਂ ਨੂੰ ਨਿਰਪੱਖ ਬਜ਼ਾਰ ਅਭਿਆਸਾਂ ਵਿੱਚ ਸਰਗਰਮ ਹਿੱਸੇਦਾਰ ਬਣਨ ਲਈ ਸਸ਼ਕਤ ਬਣਾ ਕੇ ਇੱਕ ਭਾਗੀਦਾਰੀ ਸ਼ਾਸਨ ਮਾਡਲ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ।
ਰਾਸ਼ਟਰੀ ਖਪਤਕਾਰ ਹੈਲਪਲਾਈਨ (www.consumerhelpline.gov.in) ਦੇਸ਼ ਭਰ ਦੇ ਖਪਤਕਾਰਾਂ ਲਈ ਮੁਕੱਦਮੇਬਾਜ਼ੀ ਤੋਂ ਪਹਿਲਾਂ ਦੇ ਪੜਾਅ ਵਿੱਚ ਸ਼ਿਕਾਇਤਾਂ ਦਰਜ ਕਰਨ ਲਈ ਇੱਕ ਸਿੰਗਲ ਪੁਆਇੰਟ ਵਜੋਂ ਉਭਰੀ ਹੈ। ਖਪਤਕਾਰ ਹੁਣ ਆਪਣੀਆਂ ਸ਼ਿਕਾਇਤਾਂ 17 ਭਾਸ਼ਾਵਾਂ (ਹਿੰਦੀ, ਅੰਗਰੇਜ਼ੀ, ਕਸ਼ਮੀਰੀ, ਪੰਜਾਬੀ, ਨੇਪਾਲੀ, ਗੁਜਰਾਤੀ, ਮਰਾਠੀ, ਕੰਨੜ, ਤੇਲਗੂ, ਤਮਿਲ, ਮਲਿਆਲਮ, ਮੈਥਿਲੀ, ਸੰਥਾਲੀ, ਬੰਗਾਲੀ, ਉੜੀਆ, ਅਸਮੀਆ ਅਤੇ ਮਣੀਪੁਰੀ ਸਮੇਤ) ਵਿੱਚ ਟੋਲ-ਫ੍ਰੀ ਨੰਬਰ 1915 ਰਾਹੀਂ ਜਾਂ ਏਕੀਕ੍ਰਿਤ ਸ਼ਿਕਾਇਤ ਨਿਵਾਰਣ ਵਿਧੀ (INGRAM) ਰਾਹੀਂ ਦਰਜ ਕਰਵਾ ਸਕਦੇ ਹਨ। ਇਹ ਓਮਨੀ-ਚੈਨਲ ਆਈਟੀ-ਸਪਾਂਸਰ ਪਲੈਟਫਾਰਮ ਵਾਟ੍ਹਸਐਪ, ਐੱਸਐੱਮਐੱਸ, ਈਮੇਲ, ਐੱਨਸੀਐੱਚ ਐਪ, ਵੈੱਬ ਪੋਰਟਲ ਅਤੇ ਉਮੰਗ ਐਪ ਸਮੇਤ ਕਈ ਰਜਿਸਟ੍ਰੇਸ਼ਨ ਮੋਡਸ ਦਾ ਸਮਰਥਨ ਕਰਦਾ ਹੈ ਜੋ ਉਪਭੋਗਤਾਵਾਂ ਨੂੰ ਸੁਵਿਧਾ ਅਤੇ ਲਚਕਤਾ ਪ੍ਰਦਾਨ ਕਰਦਾ ਹੈ।
ਪਿਛਲੇ ਕੁਝ ਸਾਲਾਂ ਦੌਰਾਨ, NCH ਨਿਜੀ ਕੰਪਨੀਆਂ, ਰੈਗੂਲੇਟਰਾਂ, ਲੋਕਪਾਲ ਅਤੇ ਸਰਕਾਰੀ ਏਜੰਸੀਆਂ ਸਮੇਤ ਹੁਣ ਤੱਕ 1,142 ਕਨਵਰਜੈਂਸ ਭਾਈਵਾਲਾਂ ਦੇ ਨਾਲ ਸਹਿਯੋਗ ਕਰਕੇ ਇੱਕ ਮਜ਼ਬੂਤ ਈਕੋਸਿਸਟਮ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ ਜਿਸ ਵਿੱਚ ਕੇਂਦਰੀਕ੍ਰਿਤ ਅਤੇ ਸ਼ਿਕਾਇਤਾਂ ਦਾ ਜਲਦੀ ਨਿਪਟਾਰਾ ਸੰਭਵ ਹੋ ਸਕਿਆ ਹੈ। ਹਰੇਕ ਸ਼ਿਕਾਇਤ ਨੂੰ ਪਾਰਦਰਸ਼ੀ ਟਰੈਕਿੰਗ ਅਤੇ ਹੱਲ ਕਰਨ ਲਈ ਇੱਕ ਵਿਲੱਖਣ ਡੌਕੇਟ ਨੰਬਰ ਦਿੱਤਾ ਜਾਂਦਾ ਹੈ। ਪਲੈਟਫਾਰਮ ਨੂੰ ਵਰਤਮਾਨ ਵਿੱਚ ਪ੍ਰਤੀ ਮਹੀਨਾ ਇੱਕ ਲੱਖ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ ਜੋ ਵਧਦੇ ਖਪਤਕਾਰ ਵਿਸ਼ਵਾਸ ਨੂੰ ਦਰਸਾਉਂਦੀਆਂ ਹਨ।
NCH ਦੇ ਤਕਨੀਕੀ ਪਰਿਵਰਤਨ ਨੇ ਇਸ ਦੀ ਕਾਲ-ਹੈਂਡਲਿੰਗ ਸਮਰੱਥਾ ਵਿੱਚ ਕਾਫ਼ੀ ਵਾਧਾ ਕੀਤਾ ਹੈ। NCH ਨੂੰ ਪ੍ਰਾਪਤ ਹੋਈਆਂ ਕਾਲਾਂ ਦੀ ਗਿਣਤੀ ਦਸੰਬਰ 2015 ਵਿੱਚ 12,553 ਤੋਂ ਦਸ ਗੁਣਾ ਤੋਂ ਜ਼ਿਆਦਾ ਵਧ ਕੇ ਦਸੰਬਰ 2024 ਵਿੱਚ 1,55,138 ਹੋ ਗਈ ਹੈ। ਇਹ ਬੇਮਿਸਾਲ ਵਾਧਾ ਹੈਲਪਲਾਈਨ ਵਿੱਚ ਖਪਤਕਾਰਾਂ ਦੇ ਵਧਦੇ ਵਿਸ਼ਵਾਸ ਨੂੰ ਯਕੀਨੀ ਬਣਾਉਂਦਾ ਹੈ। ਇਸੇ ਤਰ੍ਹਾਂ, ਪ੍ਰਤੀ ਮਹੀਨਾ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਔਸਤ ਗਿਣਤੀ 2017 ਵਿੱਚ 37,062 ਤੋਂ ਵਧ ਕੇ 2025 ਵਿੱਚ 1,70,585 ਹੋ ਗਈ ਹੈ। ਡਿਜੀਟਲ ਮੋਡਸ ਦੀ ਸ਼ੁਰੂਆਤ ਦੇ ਨਾਲ, ਹੈਲਪਲਾਈਨ 'ਤੇ ਲਗਭਗ 65% ਖਪਤਕਾਰ ਸ਼ਿਕਾਇਤਾਂ ਔਨਲਾਈਨ ਅਤੇ ਡਿਜੀਟਲ ਚੈਨਲਾਂ ਰਾਹੀਂ ਦਰਜ ਕੀਤੀਆਂ ਜਾਂਦੀਆਂ ਹਨ।
****
ਅਭਿਸ਼ੇਕ ਦਿਆਲ /ਨਿਹੀ ਸ਼ਰਮਾ/ਏਕੇ
(Release ID: 2169218)