ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਦਿੱਲੀ ਵਿੱਚ ‘ਰਾਸ਼ਟਰੀ ਖੇਤੀਬਾੜੀ ਸੰਮੇਲਨ- ਰਬੀ (ਹਾੜੀ) ਅਭਿਆਨ-2025’ ਆਯੋਜਿਤ
ਸਾਲ 2025-26 ਲਈ 362.50 ਮਿਲੀਅਨ ਟਨ ਦਾ ਉਤਪਾਦਨ ਟੀਚਾ ਨਿਰਧਾਰਤ- ਸ਼੍ਰੀ ਸ਼ਿਵਰਾਜ ਸਿੰਘ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮੰਗ ਅਨੁਸਾਰ ਦੇਸ਼ ਵਿੱਚ ਬੀਜਾਂ ਦੀ ਢੁਕਵੀਂ ਉਪਲਬਧਤਾ, 250 ਲੱਖ ਮੀਟ੍ਰਿਕ ਟਨ ਬੀਜ ਉਪਲਬਧ - ਸ਼੍ਰੀ ਸ਼ਿਵਰਾਜ ਸਿੰਘ
ਰਬੀ ਕਾਨਫਰੰਸ 'ਇੱਕ ਰਾਸ਼ਟਰ-ਇੱਕ ਖੇਤੀਬਾੜੀ-ਇੱਕ ਟੀਮ' ਦੀ ਸੱਚੀ ਉਦਾਹਰਣ- ਸ਼੍ਰੀ ਸ਼ਿਵਰਾਜ ਸਿੰਘ
ਰਬੀ ਕਾਨਫਰੰਸ ਵਿੱਚ, ਖੇਤੀਬਾੜੀ ਵਿਕਾਸ ਲਈ ਛੇ ਮਹੱਤਵਪੂਰਨ ਵਿਸ਼ਿਆਂ 'ਤੇ ਵਿਸ਼ੇਸ਼ ਸਮੂਹਾਂ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ - ਸ਼੍ਰੀ ਸ਼ਿਵਰਾਜ ਸਿੰਘ
ਅਸੀਂ ਦਾਲਾਂ ਅਤੇ ਤੇਲ ਬੀਜਾਂ ਦੀ ਉਤਪਾਦਕਤਾ ਵਧਾਉਣ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਇੱਕ ਰੋਡਮੈਪ ਤਿਆਰ ਕਰਾਂਗੇ - ਸ਼੍ਰੀ ਸ਼ਿਵਰਾਜ ਸਿੰਘ
"ਹੁਣ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰੋਡਮੈਪ ਨੂੰ ਸਮਰਪਿਤ ਵਰਕਸ਼ਾਪਾਂ ਰਾਹੀਂ ਅੰਤਿਮ ਰੂਪ ਦਿੱਤਾ ਜਾਵੇਗਾ" - ਸ਼੍ਰੀ ਸ਼ਿਵਰਾਜ ਸਿੰਘ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਹੜ੍ਹ ਪ੍ਰਭਾਵਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰੰਤਰ ਸਹਾਇਤਾ ਦਾ ਭਰੋਸਾ ਦਿੱਤਾ
ਹਾੜੀ ਦੀਆਂ ਫਸਲਾਂ ਲਈ 'ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ’ 3 ਅਕਤੂਬਰ ਤੋਂ ਸ਼ੁਰੂ ਹੋਵੇਗਾ - ਸ਼੍ਰੀ ਸ਼ਿਵਰਾਜ ਸਿੰਘ
Posted On:
16 SEP 2025 5:47PM by PIB Chandigarh
'ਰਾਸ਼ਟਰੀ ਖੇਤੀਬਾੜੀ ਸੰਮੇਲਨ-ਰਬੀ ਅਭਿਆਨ- 2025' ਵਿੱਚ, ਸਾਲ 2025-26 ਲਈ 362.50 ਮਿਲੀਅਨ ਟਨ ਉਤਪਾਦਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ, ਜਦਕਿ ਪਿਛਲੇ ਵਰ੍ਹੇ ਇਹ ਅੰਕੜਾ 341.55 ਮਿਲੀਅਨ ਟਨ ਸੀ। ਇਹ ਜਾਣਕਾਰੀ ਅੱਜ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦਿੱਤੀ।

ਇੱਕ ਪ੍ਰੈੱਸ ਕਾਨਫਰੰਸ ਵਿੱਚ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਦੇਸ਼ ਦਾ ਕੁੱਲ ਅਨਾਜ ਉਤਪਾਦਨ ਸਾਲ 2024-25 ਵਿੱਚ 353.96 ਮਿਲੀਅਨ ਟਨ ਤੱਕ ਪਹੁੰਚ ਗਿਆ ਹੈ, ਜੋ ਕਿ ਪਿਛਲੇ ਵਰ੍ਹੇ ਨਾਲੋਂ 21.66 ਮਿਲੀਅਨ ਟਨ (6.5%) ਵੱਧ ਹੈ। ਝੋਨਾ, ਕਣਕ, ਮੱਕੀ, ਮੂੰਗਫਲੀ ਅਤੇ ਸੋਇਆਬੀਨ ਵਰਗੀਆਂ ਪ੍ਰਮੁੱਖ ਫਸਲਾਂ ਵਿੱਚ ਰਿਕਾਰਡ ਉਤਪਾਦਨ ਦਰਜ ਕੀਤਾ ਗਿਆ ਹੈ। ਇਹ 341.55 ਮਿਲੀਅਨ ਟਨ ਦੇ ਟੀਚੇ ਨਾਲੋਂ 12.41 ਮਿਲੀਅਨ ਟਨ ਵੱਧ ਹੈ।

ਉਨ੍ਹਾਂ ਕਿਹਾ ਕਿ ਹਾੜੀ ਕਾਨਫਰੰਸ ਇੱਕ ਰਾਸ਼ਟਰ-ਇੱਕ ਖੇਤੀਬਾੜੀ-ਇੱਕ ਟੀਮ ਦੇ ਆਦਰਸ਼ ਨੂੰ ਸਾਬਤ ਕਰਨ ਦੀ ਇੱਕ ਸਫਲ ਉਦਾਹਰਣ ਹੈ। ਇਸ ਕਾਨਫਰੰਸ ਰਾਹੀਂ, ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਅਤੇ ਸੀਨੀਅਰ ਖੇਤੀਬਾੜੀ ਅਧਿਕਾਰੀਆਂ ਨੂੰ ਗਹਿਰਾਈ ਨਾਲ ਵਿਚਾਰ-ਵਟਾਂਦਰੇ ਲਈ ਇੱਕ ਪਲੈਟਫਾਰਮ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਰਬੀ ਕਾਨਫਰੰਸ ਸਿਰਫ਼ ਇੱਕ ਦਿਨ ਦੀ ਹੁੰਦੀ ਸੀ, ਪਰ ਇਸ ਵਾਰ ਕਾਨਫਰੰਸ ਨੂੰ ਹੋਰ ਬਰੀਕੀ ਨਾਲ ਕੰਮ ਕਰਨ ਦੇ ਉਦੇਸ਼ ਨਾਲ ਦੋ ਦਿਨਾਂ ਲਈ ਰੱਖਿਆ ਗਿਆ ਹੈ। ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਰਾਜ ਖੇਤੀਬਾੜੀ ਦੇ ਸਮੁੱਚੇ ਵਿਕਾਸ ਲਈ ਮਿਲ ਕੇ ਕੰਮ ਕਰਨ ਲਈ ਇਕੱਠੇ ਹੋਏ ਹਨ।

ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਕਾਨਫਰੰਸ ਦੇ ਪਹਿਲੇ ਦਿਨ, ਕੇਂਦਰ ਅਤੇ ਰਾਜਾਂ ਦੇ ਸੀਨੀਅਰ ਖੇਤੀਬਾੜੀ ਅਧਿਕਾਰੀਆਂ ਨੇ ਵੱਖ-ਵੱਖ ਸਮੂਹਾਂ ਵਿੱਚ ਛੇ ਵਿਸ਼ਿਆਂ 'ਤੇ ਚਰਚਾ ਕੀਤੀ। ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਹੁਣ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਰੋਡਮੈਪ ਉੱਥੇ ਹੀ ਇੱਕ ਵਰਕਸ਼ਾਪ ਆਯੋਜਿਤ ਕਰਕੇ ਤੈਅ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਦੋ-ਦਿਨਾਂ ਕਾਨਫਰੰਸ ਵਿੱਚ ਵਿਚਾਰੇ ਗਏ ਵਿਸ਼ਿਆਂ ਵਿੱਚ ਜਲਵਾਯੂ ਸਹਿਣਸ਼ੀਲਤਾ, ਗੁਣਵੱਤਾ ਵਾਲੇ ਬੀਜ-ਖਾਦ-ਕੀਟਨਾਸ਼ਕ, ਬਾਗਬਾਨੀ, ਕੁਦਰਤੀ ਖੇਤੀ, ਪ੍ਰਭਾਵਸ਼ਾਲੀ ਵਿਸਥਾਰ ਸੇਵਾਵਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਭੂਮਿਕਾ, ਕੇਂਦਰੀ ਸਪਾਂਸਰਡ ਸਕੀਮਾਂ ਦਾ ਤਾਲਮੇਲ ਸ਼ਾਮਲ ਹਨ। ਦਾਲਾਂ-ਤੇਲ ਦੇ ਬੀਜਾਂ ਦੀ ਉਤਪਾਦਕਤਾ ਵਧਾਉਣ ਅਤੇ ਏਕੀਕ੍ਰਿਤ ਖੇਤੀਬਾੜੀ ਪ੍ਰਣਾਲੀ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ ਹੈ।
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਅਨਾਜ ਉਤਪਾਦਨ ਦੇ ਨਾਲ-ਨਾਲ, ਦੇਸ਼ ਵਿੱਚ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਵਿੱਚ ਵੀ ਪਿਛਲੇ ਵਰ੍ਹੇ ਦੇ ਮੁਕਾਬਲੇ ਇਸ ਵਰ੍ਹੇ ਕਾਫ਼ੀ ਵਾਧਾ ਹੋਇਆ ਹੈ। ਅੱਗੇ ਵੀ, ਕੇਂਦਰ ਅਤੇ ਰਾਜ ਖੇਤੀਬਾੜੀ ਦੇ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ਸਾਂਝੇ ਯਤਨਾਂ ਕਰਕੇ ਮਿਲ ਕੇ ਕੰਮ ਕਰਦੇ ਰਹਿਣਗੇ।
ਕੇਂਦਰੀ ਖੇਤੀਬਾੜੀ ਮੰਤਰੀ ਨੇ ਹੜ੍ਹ ਪ੍ਰਭਾਵਿਤ ਰਾਜਾਂ ਦੀ ਸਥਿਤੀ 'ਤੇ ਵੀ ਚਰਚਾ ਕੀਤੀ ਅਤੇ ਕਿਹਾ ਕਿ ਸਰਕਾਰ ਪੀੜਤਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਰਾਜ ਹੜ੍ਹਾਂ ਕਾਰਨ ਖਾਸ ਤੌਰ 'ਤੇ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ, ਉੱਤਰਾਖੰਡ, ਮਹਾਰਾਸ਼ਟਰ, ਅਸਾਮ, ਅੰਸ਼ਿਕ ਤੌਰ 'ਤੇ ਹਰਿਆਣਾ ਸ਼ਾਮਲ ਹਨ। ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮਦਦ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਅਧੀਨ ਆਉਣ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ, ਕਿਸਾਨਾਂ ਨੂੰ ਬੀਮਾ ਰਕਮ ਦਾ ਸਹੀ ਅਤੇ ਜਲਦੀ ਲਾਭ ਪ੍ਰਾਪਤ ਹੋਵੇ, ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਹਾੜੀ ਦੀ ਫਸਲ ਲਈ ਕਾਫ਼ੀ ਮਾਤਰਾ ਵਿੱਚ ਬੀਜ ਉਪਲਬਧ ਹਨ। ਬਿਜਾਈ ਦੇ ਟੀਚੇ ਅਨੁਸਾਰ 229 ਲੱਖ ਮੀਟ੍ਰਿਕ ਟਨ ਬੀਜ ਦੀ ਲੋੜ ਹੈ, ਸਾਡੇ ਕੋਲ ਇਸ ਤੋਂ ਵੱਧ, ਲਗਭਗ 250 ਲੱਖ ਮੀਟ੍ਰਿਕ ਟਨ ਦੇ ਕਰੀਬ ਬੀਜ ਉਪਲਬਧ ਹਨ। ਖਾਦ ਅਤੇ ਪੌਸ਼ਟਿਕ ਤੱਤਾਂ ਦੀ ਸਪਲਾਈ ਬਾਰੇ, ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਬਾਰਿਸ਼ ਅਤੇ ਹੋਰ ਕਾਰਨਾਂ ਕਰਕੇ ਅਕਸਰ ਫਸਲਾਂ ਦੇ ਪੈਟਰਨ ਵਿੱਚ ਬਦਲਾਅ ਆਉਂਦੇ ਹਨ। ਇਸ ਵਰ੍ਹੇ ਚੰਗੀ ਮਾਤਰਾ ਵਿੱਚ ਬਾਰਿਸ਼ ਹੋਈ ਹੈ, ਜਿਸ ਕਾਰਨ ਬਿਜਾਈ ਖੇਤਰ ਵਿੱਚ ਵਾਧਾ ਹੋਇਆ ਹੈ। ਇਹ ਖਾਦਾਂ ਦੀ ਵਾਧੂ ਮੰਗ ਦਾ ਕਾਰਨ ਵੀ ਹੋ ਸਕਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਖਾਦ ਅਤੇ ਪੌਸ਼ਟਿਕ ਤੱਤਾਂ ਦੀ ਪੂਰੀ ਸਪਲਾਈ ਹੋਵੇਗੀ, ਰਾਜਾਂ ਦੀ ਮੰਗ ਦੇ ਅਧਾਰ 'ਤੇ ਜਿੰਨੀ ਖਾਦ ਦੀ ਲੋੜ ਹੋਵੇਗੀ ਖਾਦ ਉਪਲਬਧ ਕਰਵਾਈ ਜਾਵੇਗੀ। ਇਸ ਲਈ, ਅਸੀਂ ਰਸਾਇਣ ਅਤੇ ਖਾਦ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਹਾਂ।
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਪਿਛਲੀ ਵਾਰ ਵਾਂਗ ਇਸ ਵਾਰ ਵੀ ਹਾੜੀ ਦੀ ਫਸਲ ਲਈ 'ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ' ਚਲਾਇਆ ਜਾਵੇਗਾ ਅਤੇ ਵਿਗਿਆਨੀਆਂ ਦੀਆਂ ਦੋ ਹਜ਼ਾਰ ਤੋਂ ਵੱਧ ਟੀਮਾਂ ਪਿੰਡਾਂ ਵਿੱਚ ਭੇਜੀਆਂ ਜਾਣਗੀਆਂ, ਜੋ ਕਿਸਾਨਾਂ ਨੂੰ ਸਹੀ ਜਾਣਕਾਰੀ ਦੇਣਗੀਆਂ। ਇਨ੍ਹਾਂ ਟੀਮਾਂ ਵਿੱਚ ਕੇਂਦਰ ਅਤੇ ਰਾਜਾਂ ਦੇ ਖੇਤੀਬਾੜੀ ਵਿਭਾਗਾਂ ਦੇ ਅਧਿਕਾਰੀ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀ ਰਹਿਣਗੇ, ਨਾਲ ਹੀ ਖੇਤੀਬਾੜੀ ਯੂਨੀਵਰਸਿਟੀਆਂ, ਐੱਫਪੀਓ ਅਤੇ ਪ੍ਰਗਤੀਸ਼ੀਲ ਕਿਸਾਨ ਵੀ ਇਸ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਇਹ ਯਤਨ ਕੇਂਦਰ ਦੀ ‘ਲੈਬ ਟੂ ਲੈਂਡ’ ਪਹਿਲ ਨੂੰ ਇੱਕ ਵਾਰ ਫਿਰ ਮਜ਼ਬੂਤੀ ਦੇਵੇਗਾ।
ਖੇਤੀਬਾੜੀ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਝੋਨੇ ਅਤੇ ਕਣਕ ਦਾ ਉਤਪਾਦਨ ਪਹਿਲਾਂ ਹੀ ਵਿਸ਼ਵ ਪੱਧਰ ‘ਤੇ ਹੈ, ਉੱਥੇ ਹੀ ਦਾਲ਼ਾਂ ਅਤੇ ਤੇਲ ਬੀਜਾਂ ਵਿੱਚ ਉਤਪਾਦਨ ਵਧਾਉਣ ਲਈ ਹਾਲੇ ਹੋਰ ਯਤਨ ਕਰਨ ਦੀ ਜ਼ਰੂਰਤ ਹੈ। ਝਾੜ ਵਧਾਉਣ ਲਈ ਇੱਕ ਰੋਡਮੈਪ ਵਿਕਸਿਤ ਕੀਤਾ ਜਾਵੇਗਾ, ਜਿਸ ਵਿੱਚ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਫਸਲ ਅਨੁਸਾਰ ਸਮੀਖਿਆ ਵੀ ਕੀਤੀ ਜਾ ਰਹੀ ਹੈ - ਕਪਾਹ ਅਤੇ ਸੋਇਆਬੀਨ ਲਈ ਵੱਡੇ ਪੱਧਰ ‘ਤੇ ਮੀਟਿੰਗਾਂ ਹੋ ਚੁੱਕੀਆਂ ਹਨ। ਹਾੜੀ ਦੀਆਂ ਫਸਲਾਂ ਅਤੇ ਹੋਰ ਮਹੱਤਵਪੂਰਨ ਵਸਤਾਂ ਦੀ ਉਤਪਾਦਨ ਵਧਾਉਣ ਲਈ ਠੋਸ ਕਦਮ ਚੁੱਕੇ ਜਾਣਗੇ।
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਨਕਲੀ ਕੀਟਨਾਸ਼ਕਾਂ, ਬੀਜਾਂ ਅਤੇ ਖਾਦਾਂ 'ਤੇ ਰਾਜਾਂ ਵੱਲੋਂ ਕੀਤੀ ਜਾ ਰਹੀ ਕਾਰਵਾਈ 'ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਰਾਜਸਥਾਨ ਸਮੇਤ ਵੱਖ-ਵੱਖ ਰਾਜਾਂ ਨੇ ਨਕਲੀ ਕੀਟਨਾਸ਼ਕਾਂ, ਬੀਜਾਂ ਅਤੇ ਖਾਦਾਂ ਵੇਚਣ ਵਾਲਿਆਂ ਵਿਰੁੱਧ ਛਾਪੇਮਾਰੀ ਕੀਤੀ ਹੈ, ਜਿਸ ਦਾ ਵੱਡਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਕੇਂਦਰ ਤੇ ਸੂਬਾ ਸਰਕਾਰਾਂ ਮਿਲ ਕੇ ਕੰਮ ਕਰਨਗੀਆਂ।
ਪ੍ਰੈੱਸ ਕਾਨਫਰੰਸ ਵਿੱਚ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਤੀਬਾੜੀ ਮੰਤਰੀ, ਖੇਤੀਬਾੜੀ ਸਕੱਤਰ ਸ਼੍ਰੀ ਦੇਵੇਸ਼ ਚਤੁਰਵੇਦੀ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ. ਐੱਮ.ਐੱਲ. ਜਾਟ ਵੀ ਮੌਜੂਦ ਸਨ।
*********
ਆਰਸੀ/ਕੇਐੱਸਆਰ/ਏਆਰ
(Release ID: 2167567)
Visitor Counter : 2