ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਦੇ ਪ੍ਰਮੁੱਖਾਂ ਦੇ ਦੂਜੇ ਰਾਸ਼ਟਰੀ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ


ਗ੍ਰਹਿ ਮੰਤਰੀ ਨੇ NCB ਦੀ ਨਸ਼ੀਲੇ ਪਦਾਰਥਾਂ ਦੀ ਤਬਾਹੀ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ 11 ਥਾਵਾਂ 'ਤੇ 4,800 ਕਰੋੜ ਰੁਪਏ ਦੇ 1.37 ਲੱਖ ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ

ਮੋਦੀ ਸਰਕਾਰ ਛੋਟੇ ਡ੍ਰਗ ਡੀਲਰਾਂ ਦੇ ਨਾਲ-ਨਾਲ ਵੱਡੇ ਡ੍ਰਗ ਕਾਰਟੈਲਾਂ ਵਿਰੁੱਧ ਵੀ ਬੇਰਹਿਮ ਕਾਰਵਾਈ ਕਰ ਰਹੀ ਹੈ

ਸਰਕਾਰ ਨਸ਼ਿਆਂ ਦੀ ਸਪਲਾਈ ਲੜੀ ਪ੍ਰਤੀ ਬੇਰਹਿਮ ਪਹੁੰਚ, ਮੰਗ ਘਟਾਉਣ ਵਿੱਚ ਰਣਨੀਤਕ ਪਹੁੰਚ ਅਤੇ ਨੁਕਸਾਨ ਘਟਾਉਣ ਵਿੱਚ ਮਨੁੱਖੀ ਪਹੁੰਚ ਅਪਣਾ ਰਹੀ ਹੈ

⁠ਨਸ਼ਿਆਂ ਵਿਰੁੱਧ ਲੜਾਈ ਵਿੱਚ ਕਾਰਵਾਈ ਅਤੇ ਅਮਲ ਦੇ ਪੈਮਾਨੇ ਨੂੰ ਬਦਲਣਾ ਜ਼ਰੂਰੀ ਹੈ

ਦੇਸ਼ ਵਿੱਚ ਨਸ਼ਿਆਂ ਦੀ ਐਂਟ੍ਰੀ, ਵੰਡ ਅਤੇ ਸਥਾਨਕ ਵਿਕਰੀ ਤੋਂ ਲੈ ਕੇ ਉਨ੍ਹਾਂ ਦੇ ਸਰਗਨਾਵਾਂ ਤੱਕ, ਇੱਕ ਸਖ਼ਤ ਝਟਕਾ ਦਿੱਤਾ ਜਾ ਰਿਹਾ ਹੈ

ਵਿਦੇਸ਼ਾਂ ਵਿੱਚ ਨਸ਼ਿਆਂ ਦਾ ਵਪਾਰ ਕਰਨ ਵਾਲਿਆਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਂ ਕੇ ਹਵਾਲਗੀ ਅਤੇ ਦੇਸ਼ ਵਿੱਚੋਂ ਕੱਢਣ ਦਾ ਪ੍ਰਬੰਧ ਕੀਤਾ ਜਾਵੇਗਾ

ਸਾਰੇ ਰਾਜਾਂ ਦੇ ਏਐੱਨਟੀਐੱਫ ਪ੍ਰਮੁੱਖਾਂ ਨੂੰ ਆਪਣੇ ਰਾਜਾਂ ਵਿੱਚ ਸਿੰਥੈਟਿਕ ਨਸ਼ਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਦੀ ਕਾਰਵਾਈ ਕਰਨ

Posted On: 16 SEP 2025 6:39PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਮੁੱਖਾਂ ਦੇ ਦੂਜੇ ਰਾਸ਼ਟਰੀ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ, ਸ਼੍ਰੀ ਅਮਿਤ ਸ਼ਾਹ ਨੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਸਾਲਾਨਾ ਰਿਪੋਰਟ-2024 ਜਾਰੀ ਕੀਤੀ ਅਤੇ ਔਨਲਾਈਨ ਡ੍ਰਗ ਡਿਸਪੋਜ਼ਲ ਮੁਹਿੰਮ ਦੀ ਸ਼ੁਰੂਆਤ ਕੀਤੀ। 16 ਅਤੇ 17 ਸਤੰਬਰ ਨੂੰ ਹੋਣ ਵਾਲੀ ਇਸ ਕਾਨਫਰੰਸ ਵਿੱਚ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ANTF ਪ੍ਰਮੁੱਖਾਂ ਦੇ ਨਾਲ-ਨਾਲ ਹੋਰ ਸਰਕਾਰੀ ਵਿਭਾਗਾਂ ਦੇ ਹਿੱਸੇਦਾਰ ਹਿੱਸਾ ਲੈ ਰਹੇ ਹਨ। ਇਸ ਸਮਾਗਮ ਵਿੱਚ ਕੇਂਦਰੀ ਗ੍ਰਹਿ ਸਕੱਤਰ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਅਤੇ NCB ਦੇ ਡਾਇਰੈਕਟਰ ਜਨਰਲ ਸਮੇਤ ਕਈ ਪਤਵੰਤੇ ਮੌਜੂਦ ਸਨ।

ਇਸ ਮੌਕੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਨਸ਼ਾ ਮੁਕਤ ਭਾਰਤ ਦਾ ਸੰਕਲਪ ਅਤੇ ਨਸ਼ਿਆਂ ਵਿਰੁੱਧ ਸਾਡੀ ਲੜਾਈ ਉਦੋਂ ਹੀ ਸਫਲ ਹੋ ਸਕਦੀ ਹੈ ਜਦੋਂ NCB ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਾਲ-ਨਾਲ ਭਾਰਤ ਸਰਕਾਰ, ਰਾਜ ਸਰਕਾਰਾਂ ਦੇ ਸਾਰੇ ਵਿਭਾਗ ਅਤੇ ANTF ਟੀਮਾਂ ਵੀ ਇਸ ਨੂੰ ਆਪਣਾ ਸੰਕਲਪ ਬਣਾਉਣ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਡੇ ਸਾਹਮਣੇ 2047 ਵਿੱਚ ਇੱਕ ਮਹਾਨ ਅਤੇ ਵਿਕਸਿਤ ਭਾਰਤ ਦਾ ਦ੍ਰਿਸ਼ਟੀਕੋਣ ਰੱਖਿਆ ਹੈ ਅਤੇ ਅਜਿਹਾ ਭਾਰਤ ਬਣਾਉਣ ਲਈ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਨੀਂਹ ਉਸ ਦੀ ਨੌਜਵਾਨ ਪੀੜ੍ਹੀ ਹੁੰਦੀ ਹੈ ਅਤੇ ਜੇਕਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਖੋਖਲੀਆਂ ​​ਹੋ ਗਈਆਂ ਤਾਂ ਅਸੀਂ ਭਟਕ ਜਾਵਾਂਗੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਛੋਟੇ ਡ੍ਰਗ ਡੀਲਰਾਂ ਦੇ ਨਾਲ-ਨਾਲ ਵੱਡੇ ਡ੍ਰਗ ਕਾਰਟੈਲਾਂ ਵਿਰੁੱਧ ਬੇਰਹਿਮ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਕਾਰਵਾਈ ਅਤੇ ਅਮਲ ਦੇ ਪੈਮਾਨੇ ਨੂੰ ਬਦਲਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਨਸ਼ਿਆਂ ਦੇ ਪ੍ਰਵੇਸ਼, ਵੰਡ ਅਤੇ ਸਥਾਨਕ ਵਿਕਰੀ ਦੇ ਨਾਲ-ਨਾਲ ਉਨ੍ਹਾਂ ਦੇ ਸਰਗਨਾਵਾਂ ਨੂੰ ਵੀ ਸਖ਼ਤ ਝਟਕਾ ਦਿੱਤਾ ਜਾ ਰਿਹਾ ਹੈ। ਹੁਣ ਸਾਡੀ ਲੜਾਈ ਪ੍ਰਚੂਨ ਡ੍ਰਗ ਵਪਾਰ ਕਰਨ ਵਾਲਿਆਂ ਨੂੰ ਫੜ ਕੇ ਨਸ਼ਿਆਂ ਦੇ ਵਪਾਰ ਨੂੰ ਘਟਾਉਣ ਦੀ ਬਜਾਏ ਤਿੰਨ ਤਰ੍ਹਾਂ ਦੇ ਕਾਰਟੈਲਾਂ ਵਿਰੁੱਧ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸਾਰੇ ਐਂਟਰੀ ਪੁਆਇੰਟਾਂ 'ਤੇ ਕੰਮ ਕਰਨ ਵਾਲੇ ਕਾਰਟੈਲਾਂ, ਐਂਟਰੀ ਪੁਆਇੰਟ ਤੋਂ ਰਾਜ ਵਿੱਚ ਵੰਡਣ ਵਾਲੇ ਕਾਰਟੈਲਾਂ ਅਤੇ ਰਾਜਾਂ ਵਿੱਚ ਛੋਟੀਆਂ ਥਾਵਾਂ 'ਤੇ ਨਸ਼ੇ ਵੇਚਣ ਵਾਲੇ ਕਾਰਟੈਲਾਂ ਨੂੰ ਸਖ਼ਤ ਝਟਕਾ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰ ਰਾਜ ਨੂੰ ਤਿੰਨੋਂ ਤਰ੍ਹਾਂ ਦੇ ਕਾਰਟੈਲਾਂ 'ਤੇ ਉੱਚ ਪੱਧਰੀ ਰਣਨੀਤੀ ਬਣਾਉਣੀ ਚਾਹੀਦੀ ਹੈ ਅਤੇ ਰਾਜ, ਖਾਸ ਤੌਰ ‘ਤੇ ਜ਼ਿਲ੍ਹਾ ਪੁਲਿਸ ਨੂੰ ਇਸ ਵਿੱਚ ਸ਼ਾਮਲ ਕਰਨਾ ਹੋਵੇਗਾ। ਉਨ੍ਹਾਂ  ਕਿਹਾ ਕਿ ਕਾਰਟੈਲਾਂ ਨੂੰ ਰੋਕਣ ਲਈ ਡਾਰਕਨੈੱਟ, ਕ੍ਰਿਪਟੋ ਕਰੰਸੀ, ਸੰਚਾਰ ਪੈਟਰਨ, ਲੌਜਿਸਟਿਕਸ, ਵਿੱਤੀ ਪ੍ਰਵਾਹ ਦਾ ਵਿਸ਼ਲੇਸ਼ਣ, ਮੈਟਾ ਡੇਟਾ ਵਿਸ਼ਲੇਸ਼ਣ ਅਤੇ ਮਸ਼ੀਨ ਲਰਨਿੰਗ ਮਾਡਲ ਵਰਗੀਆਂ ਤਕਨੀਕਾਂ ਨੂੰ ਅਪਣਾਉਣਾ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜਦੋਂ ਇਸ ਮੁਹਿੰਮ ਨਾਲ ਜੁੜੇ ਸਾਰੇ ਲੋਕ ਇਹ ਫੈਸਲਾ ਲੈਣ ਕਿ ਇਹ ਲੜਾਈ ਸਾਡੀ ਆਪਣੀ ਲੜਾਈ ਹੈ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਉਹ ਇਸ ਲੜਾਈ ਲਈ ਸਾਲ ਵਿੱਚ 12 ਦਿਨ ਰਾਖਵੇਂ ਰੱਖਣਗੇ ਅਤੇ ਜਦੋਂ ਤੱਕ ਅਸੀਂ ਇਸ ਸੰਕਲਪ ਨਾਲ ਅੱਗੇ ਨਹੀਂ ਵਧਦੇ, ਅਸੀਂ ਪੈਮਾਨੇ ਨੂੰ ਬਦਲਣ ਦੀ ਕਲਪਨਾ ਵੀ ਨਹੀਂ ਕਰ ਸਕਦੇ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਆਨ ਅੱਜ ਦੇਸ਼ ਦੇ 372 ਜ਼ਿਲ੍ਹਿਆਂ ਵਿੱਚ ਚੱਲ ਰਿਹਾ ਹੈ ਅਤੇ 10 ਕਰੋੜ ਲੋਕ ਅਤੇ 3 ਲੱਖ ਵਿਦਿਅਕ ਸੰਸਥਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕਾਫ਼ੀ ਨਹੀਂ ਹੈ, ਇਹ ਮੁਹਿੰਮ ਹਰ ਜ਼ਿਲ੍ਹੇ ਵਿੱਚ ਚੱਲਣੀ ਚਾਹੀਦੀ ਹੈ ਅਤੇ ਸਾਡੀ ਹਰ ਵਿਦਿਅਕ ਸੰਸਥਾ ਤੱਕ ਪਹੁੰਚ ਹੋਣੀ ਚਾਹੀਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੇ ਵਰ੍ਹਿਆਂ ਵਿੱਚ, ਐੱਨਸੀਬੀ ਯੂਨਿਟਾਂ ਨੇ ਇੱਕ ਡ੍ਰਗਜ਼ ਨੈੱਟਵਰਕ ਚਾਰਟ ਤਿਆਰ ਕੀਤਾ ਹੈ ਜਿਸ ਦੀ ਵਰਤੋਂ ਰਾਜਾਂ ਦੁਆਰਾ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ, ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵਿੱਚ ਮਿਸ਼ਨ ਡ੍ਰਗਜ਼ ਮੁਕਤ ਕੈਂਪਸ ਮੁਹਿੰਮ ਵੀ ਚੱਲ ਰਹੀ ਹੈ। ਇਸ ਦੇ ਨਾਲ, ਡਾਰਕ ਨੈੱਟ, ਕ੍ਰਿਪਟੋ ਅਤੇ ਮਾਨਸ ਹੈਲਪਲਾਈਨ ਦੀ ਵਰਤੋਂ ਬਾਰੇ ਟ੍ਰੇਨਿੰਗ ਵਧਾਉਣ ਲਈ ਇੱਕ ਮੁਹਿੰਮ ਵੀ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਐੱਨਆਈਏ ਨੇ ਪੀਆਈਟੀ-ਐੱਨਡੀਪੀਐੱਸ ਐਕਟ (ਨਾਰਕੋਟਿਕ ਡ੍ਰਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਵਿੱਚ ਗੈਰ-ਕਾਨੂੰਨੀ ਆਵਾਜਾਈ ਦੀ ਰੋਕਥਾਮ ਐਕਟ) ਦੇ ਤਹਿਤ 18 ਮਾਮਲੇ ਦਰਜ ਕੀਤੇ ਹਨ ਅਤੇ ਆਪਣੀ 360 ਡਿਗਰੀ ਜਾਂਚ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ, ਨਾਰਕੋਟਿਕਸ ਕੰਟਰੋਲ ਬਿਊਰੋ ਨੇ ਰਾਜਾਂ ਤੋਂ ਪ੍ਰਾਪਤ 35 ਤੋਂ ਵੱਧ ਮਾਮਲਿਆਂ ਵਿੱਚ 360 ਡਿਗਰੀ ਜਾਂਚ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਹਜ਼ਾਰਾਂ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਆਨ ਵਿੱਚ ਏਐੱਨਟੀਐੱਫ ਅਤੇ ਨਾਰਕੋ ਕੋਆਰਡੀਨੇਸ਼ਨ ਸੈਂਟਰ (ਐੱਨਸੀਓਆਰਡੀ) ਦੀ ਫੈਸਲਾਕੁੰਨ ਭੂਮਿਕਾ ਹੈ ਅਤੇ ਜਦੋਂ ਤੱਕ ਹਰ ਜ਼ਿਲ੍ਹਾ, ਇਸ ਦੀ ਪੁਲਿਸ, ਸਿੱਖਿਆ ਅਧਿਕਾਰੀ ਇਸ ਮੁਹਿੰਮ ਪ੍ਰਤੀ ਸੰਵੇਦਨਸ਼ੀਲ ਨਹੀਂ ਹੁੰਦੇ, ਇਹ ਮੁਹਿੰਮ ਸਫਲ ਨਹੀਂ ਹੋ ਸਕਦੀ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਧਾਰਮਿਕ ਆਗੂਆਂ ਅਤੇ ਯੁਵਾ ਸੰਗਠਨਾਂ ਨੂੰ ਵੀ ਇਸ ਮੁਹਿੰਮ ਨਾਲ ਜੋੜਨਾ ਪਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਐੱਨਸੀਓਆਰਡੀ ਦੀਆਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਦੀ ਗਿਣਤੀ ਵਧੀ ਹੈ ਪਰ ਅੱਜ ਵੀ ਦੇਸ਼ ਵਿੱਚ 272 ਜ਼ਿਲ੍ਹੇ ਹਨ ਜਿੱਥੇ ਇੱਕ ਵੀ ਐੱਨਸੀਓਆਰਡੀ ਮੀਟਿੰਗ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਏਐੱਨਟੀਐੱਫ ਪ੍ਰਮੁੱਖਾਂ ਨੂੰ ਆਪਣੇ ਰਾਜਾਂ ਵਿੱਚ ਕਲੈਕਟਰਾਂ ਨੂੰ ਐੱਨਸੀਓਆਰਡੀ ਮੀਟਿੰਗਾਂ ਦਾ ਆਯੋਜਨ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਮੁੱਖ ਸਕੱਤਰ ਨਾਲ ਵੀ ਗੱਲ ਕਰਨੀ ਚਾਹੀਦੀ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਭਗੌੜਿਆਂ ਨੂੰ ਦੇਸ਼ ਨਿਕਾਲਾ ਦੇਣਾ ਅਤੇ ਹਵਾਲਗੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਵਿਦੇਸ਼ਾਂ ਵਿੱਚ ਨਸ਼ੀਲੇ ਪਦਾਰਥਾਂ ਦਾ ਵਪਾਰ ਕਰਨ ਵਾਲਿਆਂ ਨੂੰ ਭਾਰਤੀ ਕਾਨੂੰਨ ਦੀ ਪਕੜ ਵਿੱਚ ਲਿਆਂਦਾ ਜਾਵੇ। ਸ਼੍ਰੀ ਸ਼ਾਹ ਨੇ ਕਿਹਾ ਕਿ ਸੀਬੀਆਈ ਨੇ ਇਸ ਦਿਸ਼ਾ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਨੇ ਏਐੱਨਟੀਐੱਫ ਪ੍ਰਮੁੱਖਾਂ ਨੂੰ ਸੀਬੀਆਈ ਡਾਇਰੈਕਟਰ ਨਾਲ ਸੰਪਰਕ ਕਰਨ ਅਤੇ ਹਵਾਲਗੀ ਲਈ ਇੱਕ ਯਕੀਨੀ ਪ੍ਰਣਾਲੀ ਬਣਾਉਣ ਲਈ ਕਿਹਾ ਜੋ ਨਾ ਸਿਰਫ਼ ਨਸ਼ਿਆਂ ਲਈ, ਸਗੋਂ ਅੱਤਵਾਦ ਅਤੇ ਗੈਂਗਾਂ ਲਈ ਵੀ ਪ੍ਰਭਾਵਸ਼ਾਲੀ ਸਾਬਤ ਹੋਵੇ। ਗ੍ਰਹਿ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਹਵਾਲਗੀ ਜ਼ਰੂਰੀ ਹੈ, ਉਸੇ ਤਰ੍ਹਾਂ ਵਿਹਾਰਕ ਪਹੁੰਚ ਨਾਲ ਦੇਸ਼ ਨਿਕਾਲਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਣਾਲੀ ਲਈ ਰਾਹ ਯਕੀਨੀ ਬਣਾਉਣ ਲਈ ਦੇਸ਼ ਨਿਕਾਲਾ ਦੀ ਪ੍ਰਕਿਰਿਆ ਪ੍ਰਤੀ ਇੱਕ ਉਦਾਰ ਪਹੁੰਚ ਅਪਣਾਈ ਜਾਣੀ ਚਾਹੀਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਵਿਦੇਸ਼ੀ ਅਪਰਾਧੀਆਂ ਅਤੇ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਐੱਨਸੀਬੀ, ਸੀਬੀਆਈ ਅਤੇ ਰਾਜ ਪੁਲਿਸ ਦਾ ਇੱਕ ਸਾਂਝਾ ਵਿਧੀ ਬਣਾਉਣਾ ਬਹੁਤ ਜ਼ਰੂਰੀ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਿੰਥੈਟਿਕ ਡ੍ਰਗਜ਼ ਅਤੇ ਲੈਬਾਂ ਦਾ ਰੁਝਾਨ ਵਧੇਗਾ। ਉਨ੍ਹਾਂ ਨੇ ਕਿਹਾ ਕਿ ਹਰ ਰਾਜ ਦੇ ਏਐੱਨਟੀਐੱਫ ਪ੍ਰਮੁੱਖ ਨੂੰ ਅਜਿਹੀਆਂ ਲੈਬਾਂ ਜਾਂ ਸਿੰਥੈਟਿਕ ਡ੍ਰਗਜ਼ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਲਈ ਸਖ਼ਤ ਨਿਗਰਾਨੀ ਰੱਖਣੀ ਚਾਹੀਦੀ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਪਿਛਲੇ ਇੱਕ ਵਰ੍ਹੇ ਵਿੱਚ ਇਸ ਦਿਸ਼ਾ ਵਿੱਚ ਬਹੁਤ ਵਧੀਆ ਕੰਮ ਕੀਤਾ ਗਿਆ ਹੈ, ਪਰ ਸਾਨੂੰ ਇਸ ਦਿਸ਼ਾ ਵਿੱਚ ਕੰਮ ਕਰਨਾ ਪਵੇਗਾ ਤਾਂ ਜੋ ਲੈਬਾਂ ਜਾਂ ਸਿੰਥੈਟਿਕ ਡ੍ਰਗਜ਼ ਨਾ ਬਣਨ। ਉਨ੍ਹਾਂ ਨੇ ਕਿਹਾ ਕਿ ਜਦੋਂ ਨਸ਼ਿਆਂ ਦੀ ਉਪਲਬਧਤਾ ਖਤਮ ਹੋ ਜਾਵੇਗੀ ਤਾਂ ਹੀ ਨਸ਼ੇ ਦੀ ਵਰਤੋਂ ਕਰਨ ਵਾਲਾ ਵਿਅਕਤੀ ਮੈਡੀਕਲ ਸਹਾਇਤਾ ਲਈ ਅੱਗੇ ਆਵੇਗਾ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਭਰ ਵਿੱਚ 11 ਥਾਵਾਂ 'ਤੇ ਲਗਭਗ 4800 ਕਰੋੜ ਰੁਪਏ ਦੇ ਲਗਭਗ 1,37,917 ਕਿਲੋਗ੍ਰਾਮ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹਰ ਤਿੰਨ ਮਹੀਨਿਆਂ ਬਾਅਦ ਹਰ ਰਾਜ ਵਿੱਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਵਿਗਿਆਨਕ ਢੰਗ ਨਾਲ ਨਸ਼ਟ ਕਰਨ ਦੀ ਪਰੰਪਰਾ ਬਣਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੇ ਕਬਜ਼ੇ ਵਿੱਚ ਮੌਜੂਦ ਨਸ਼ੀਲੇ ਪਦਾਰਥ ਸਾਡੇ ਲਈ ਵੀ ਖ਼ਤਰਨਾਕ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਉੱਪਰ ਤੋਂ ਹੇਠਾਂ ਅਤੇ ਹੇਠਾਂ ਤੋਂ ਉੱਪਰ ਤੱਕ ਪਹੁੰਚ ਬਹੁਤ ਮਹੱਤਵਪੂਰਨ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡਾ ਉਦੇਸ਼ ਅੰਕੜੇ ਬਣਾਉਣਾ ਨਹੀਂ ਹੈ ਸਗੋਂ ਇੱਕ ਅਜਿਹਾ ਭਾਰਤ ਬਣਾਉਣਾ ਹੈ ਜਿੱਥੇ ਅੰਕੜੇ ਬਿਲਕੁਲ ਵੀ ਨਾ ਬਣਾਏ ਜਾਣ। ਉਨ੍ਹਾਂ ਨੇ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜਦੋਂ ਅਸੀਂ ਉੱਪਰ ਤੋਂ ਹੇਠਾਂ (top-to-bottom) ਅਤੇ ਹੇਠਾਂ ਤੋਂ ਉੱਪਰ (bottom-to-top) ਤੱਕ ਪਹੁੰਚ ਅਪਣਾਉਂਦੇ ਹਾਂ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਂਝਾ ਢਾਂਚਾ ਅਤੇ ਕਾਰਜਸ਼ੀਲ ਇਕਸਾਰਤਾ ਬਹੁਤ ਮਹੱਤਵਪੂਰਨ ਹੈ। ਰਾਜ ਦੀ ਸਥਿਤੀ ਦੇ ਅਨੁਸਾਰ ਵਧੀਆ ਅਭਿਆਸਾਂ ਦੇ ਆਦਾਨ-ਪ੍ਰਦਾਨ ਅਤੇ ਇਸ ਨੂੰ ਖੁੱਲ੍ਹੇ ਮਨ ਨਾਲ ਸਵੀਕਾਰ ਕਰਨ ਦੇ ਅਧਾਰ ਤੇ ਐੱਸਓਪੀ ਬਣਾਏ ਜਾਣੇ ਚਾਹੀਦੇ ਹਨ ਅਤੇ ਰਾਸ਼ਟਰੀ ਐੱਸਓਪੀ ਇਸ ਐੱਸਓਪੀ ਦਾ ਹਿੱਸਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਵਿਧੀ ਬਣਾਏ ਬਿਨਾਂ, ਅਸੀਂ ਇਸ ਲੜਾਈ ਵਿੱਚ ਬਹੁਤ ਪਿੱਛੇ ਰਹਿ ਜਾਵਾਂਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਘੱਟੋ-ਘੱਟ ਨਸ਼ੀਲੇ ਪਦਾਰਥਾਂ ਦੇ ਹਰ ਵੱਡੇ ਮਾਮਲੇ ਵਿੱਚ, ਸਾਨੂੰ ਨੈਸ਼ਨਲ ਇੰਟੈਲੀਜੈਂਸ ਗ੍ਰਿਡ (NATGRID) ਦੀ ਵਰਤੋਂ ਕਰਕੇ ਪੂਰੇ ਨੈੱਟਵਰਕ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਸ ਨਾਲ ਨਾ ਸਿਰਫ਼ ਸਾਡਾ ਕੇਸ ਮਜ਼ਬੂਤ ​​ਹੋਵੇਗਾ ਸਗੋਂ ਅਸੀਂ ਪੂਰੇ ਨੈੱਟਵਰਕ ਨੂੰ ਖਤਮ ਕਰਨ ਵਿੱਚ ਵੀ ਸਫਲ ਹੋਵਾਂਗੇ। ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨਸ਼ਿਆਂ ਵਿਰੁੱਧ ਲੜਾਈ ਵਿੱਚ ਰਾਜਾਂ ਦੀ ਮਦਦ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ। ਉਨ੍ਹਾਂ ਨੇ ਸਾਰੇ NTF ਪ੍ਰਮੁੱਖਾਂ ਨੂੰ ਇੱਕ ਨਸ਼ੀਲੇ ਪਦਾਰਥ ਵਿਰੋਧੀ ਕਾਰਵਾਈ ਚੈੱਕਲਿਸਟ ਤਿਆਰ ਕਰਨ ਦੀ ਅਪੀਲ ਕੀਤੀ, ਜਿਸ ਵਿੱਚ ਇਹ ਜਾਣਕਾਰੀ ਸ਼ਾਮਲ ਹੋਣੀ ਚਾਹੀਦੀ ਹੈ ਕਿ ਮਾਮਲੇ ਦੀ ਜਾਂਚ ਕਿਵੇਂ ਕੀਤੀ ਗਈ ਅਤੇ ਜ਼ਿਲ੍ਹਾ ਪੁਲਿਸ ਨੇ ਮਾਮਲੇ ਦੀ ਪਛਾਣ ਕਰਨ ਤੋਂ ਬਾਅਦ ਕਿੰਨੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰ ਤਿੰਨ ਮਹੀਨਿਆਂ ਬਾਅਦ ਇਸ ਦੀ ਸਮੀਖਿਆ ਕਰਨ ਨਾਲ, ਇਹ ਲੜਾਈ ਆਪਣੇ ਆਪ ਹੀ ਹੇਠਾਂ ਤੱਕ ਪਹੁੰਚ ਜਾਵੇਗੀ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਹਰੇਕ ਰਾਜ ਨੂੰ ਵਿੱਤੀ ਟ੍ਰੇਲ, ਹਵਾਲਾ ਲਿੰਕ, ਕ੍ਰਿਪਟੋ ਲੈਣ-ਦੇਣ ਅਤੇ ਸਾਈਬਰ ਜਾਂਚ ਲਈ ਇੱਕ ਵਿਸ਼ੇਸ਼ ਦਸਤਾ ਬਣਾਉਣਾ ਚਾਹੀਦਾ ਹੈ, ਤਾਂ ਹੀ ਅਸੀਂ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜ ਸਕਾਂਗੇ। ਉਨ੍ਹਾਂ ਨੇ ਕਿਹਾ ਕਿ ਹਰੇਕ ਰਾਜ ਵਿੱਚ ਨਸ਼ੀਲੇ ਪਦਾਰਥਾਂ 'ਤੇ ਕੇਂਦ੍ਰਿਤ ਫੋਰੈਂਸਿਕ ਲੈਬ ਦੀ ਇੱਕ ਇਕਾਈ ਵੀ ਹੋਣੀ ਚਾਹੀਦੀ ਹੈ, ਤਾਂ ਜੋ ਦੋਸ਼ੀ ਨੂੰ ਆਸਾਨੀ ਨਾਲ ਜ਼ਮਾਨਤ ਨਾ ਮਿਲੇ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਰੇ ਯੋਗ ਮਾਮਲਿਆਂ ਵਿੱਚ PTNDPS ਲਾਗੂ ਕਰਨ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਅਤੇ NCB ਦੇ ਔਨਲਾਈਨ ਪੋਰਟਲ 'ਤੇ ਦਿੱਤੇ ਗਏ ਮਾਮਲਿਆਂ ਦਾ ਅਧਿਐਨ ਕਰਕੇ ਹਰ ਰਾਜ ਵਿੱਚ ਮੁਕੱਦਮਾ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਹੋਵੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪੋਰਟਲ 'ਤੇ ਰਾਜ ਪੱਧਰੀ NCORD ਮੀਟਿੰਗਾਂ ਦੀ ਰਿਪੋਰਟਿੰਗ ਨੂੰ ਬਿਹਤਰ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਾਨਸ ਹੈਲਪਲਾਈਨ ਨੰਬਰ 1933 ਦੀ ਵਰਤੋਂ ਨੂੰ ਜਿੰਨਾ ਸੰਭਵ ਹੋ ਸਕੇ ਵਧਾਉਣਾ ਚਾਹੀਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਨੂੰ ਨਸ਼ਿਆਂ ਦੀ ਸਪਲਾਈ ਲੜੀ ਨੂੰ ਤੋੜਨ ਲਈ ਸਖਤ ਪਹੁੰਚ, ਮੰਗ ਘਟਾਉਣ ਵਿੱਚ ਰਣਨੀਤਕ ਪਹੁੰਚ ਅਤੇ ਨੁਕਸਾਨ ਘਟਾਉਣ ਵਿੱਚ ਮਨੁੱਖੀ ਪਹੁੰਚ ਦੀ ਤਿੰਨ-ਪੱਖੀ ਰਣਨੀਤੀ ਦੇ ਤਹਿਤ ਕਦਮ ਚੁੱਕਣੇ ਪੈਣਗੇ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 2004 ਤੋਂ 2013 ਤੱਕ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਮਾਤਰਾ 26 ਲੱਖ ਕਿਲੋਗ੍ਰਾਮ ਸੀ, ਜਿਸ ਦੀ ਕੀਮਤ 40 ਹਜ਼ਾਰ ਕਰੋੜ ਰੁਪਏ ਸੀ, ਜੋ ਕਿ 2014 ਤੋਂ 2025 ਤੱਕ ਵਧ ਕੇ 1 ਕਰੋੜ ਕਿਲੋਗ੍ਰਾਮ ਹੋ ਗਈ, ਜਿਸ ਦੀ ਕੀਮਤ 1 ਲੱਖ 65 ਹਜ਼ਾਰ ਕਰੋੜ ਰੁਪਏ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤਾਲਮੇਲ ਵਾਲੇ ਯਤਨ ਹੁੰਦੇ ਹਨ, ਤਾਂ ਸਫਲਤਾ ਵੀ ਮਿਲਦੀ ਹੈ। ਸਾਨੂੰ ਰਣਨੀਤਕ ਪਹੁੰਚ ਨਾਲ ਆਪਣੇ ਯਤਨਾਂ ਨੂੰ ਤੇਜ਼ ਕਰਨਾ ਹੋਵੇਗਾ, ਤਾਂ ਹੀ ਅਸੀਂ ਨਸ਼ਾ ਮੁਕਤ ਭਾਰਤ ਦੇ ਸੁਪਨੇ ਦੇ ਬਹੁਤ ਨੇੜੇ ਪਹੁੰਚ ਸਕਾਂਗੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 2004 ਤੋਂ 2014 ਦੇ ਵਿਚਕਾਰ, 3 ਲੱਖ 63 ਹਜ਼ਾਰ ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕੀਤਾ ਗਿਆ ਸੀ, ਜਦੋਂ ਕਿ 2014 ਤੋਂ 2025 ਦੇ ਵਿਚਕਾਰ, 35 ਲੱਖ 21 ਹਜ਼ਾਰ ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕੀਤਾ ਗਿਆ ਹੈ। 2004 ਤੋਂ 2014 ਦੇ ਵਿਚਕਾਰ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ 8 ਹਜ਼ਾਰ 150 ਕਰੋੜ ਰੁਪਏ ਸੀ, ਜਦੋਂ ਕਿ 2014 ਤੋਂ 2025 ਦੇ ਵਿਚਕਾਰ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ 71 ਹਜ਼ਾਰ 600 ਕਰੋੜ ਰੁਪਏ ਹੈ। ਉਨ੍ਹਾਂ ਨੇ ਕਿਹਾ ਕਿ 2020 ਵਿੱਚ 10,700 ਏਕੜ ਨਸ਼ੀਲੇ ਪਦਾਰਥ ਪੈਦਾ ਕਰਨ ਵਾਲੀ ਜ਼ਮੀਨ, 2021 ਵਿੱਚ 11 ਹਜ਼ਾਰ ਏਕੜ, 2022 ਵਿੱਚ 13 ਹਜ਼ਾਰ ਏਕੜ ਅਤੇ 2023 ਵਿੱਚ 31 ਹਜ਼ਾਰ 761 ਏਕੜ ਨਸ਼ਟ ਕੀਤੀ ਗਈ ਸੀ। ਇਸੇ ਤਰ੍ਹਾਂ, ਭੰਗ ਪੈਦਾ ਕਰਨ ਵਾਲੀ ਜ਼ਮੀਨ ਦੀ ਤਬਾਹੀ 21 ਹਜ਼ਾਰ ਏਕੜ ਤੋਂ ਵੱਧ ਕੇ 34 ਹਜ਼ਾਰ ਏਕੜ ਹੋ ਗਈ ਹੈ। ਸ੍ਰੀ ਸ਼ਾਹ ਨੇ ਕਿਹਾ ਕਿ 2004 ਤੋਂ 2014 ਦੌਰਾਨ 1 ਲੱਖ 73 ਹਜ਼ਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕਿ 2014 ਤੋਂ 2025 ਦੌਰਾਨ 7 ਲੱਖ 61 ਹਜ਼ਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪ੍ਰਾਪਤੀ ਸਾਡੀ ਸਮੱਸਿਆ ਦੇ ਸਾਹਮਣੇ ਬਹੁਤ ਛੋਟੀ ਹੈ ਅਤੇ ਸਾਨੂੰ ਇਸ ਨੂੰ ਕਈ ਗੁਣਾ ਵਧਾਉਣਾ ਪਵੇਗਾ, ਤਦ ਹੀ ਅਸੀਂ ਸਫਲ ਹੋਵਾਂਗੇ।

************

ਆਰਕੇ/ਵੀਵੀ/ਪੀਐੱਸ/ਪੀਆਰ


(Release ID: 2167422) Visitor Counter : 2