ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੇ ਰਾਜਾਂ ਦੁਆਰਾ ਕੀਤੀਆਂ ਜਾ ਰਹੀਆਂ ਰੋਕਥਾਮ ਗਤੀਵਿਧੀਆਂ ਨੂੰ ਗਤੀ ਦੇਣ ਦੇ ਉਦੇਸ਼ ਨਾਲ ਡੇਂਗੂ ਅਤੇ ਮਲੇਰੀਆ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ
ਸਾਰੇ ਮੁੱਖ ਮੰਤਰੀਆਂ ਨੂੰ ਐਡਵਾਇਜ਼ਰੀ ਜਾਰੀ ਕਰ ਕੇ ਆਉਣ ਵਾਲੇ ਮਹੀਨਿਆਂ ਵਿੱਚ ਸੁਚੇਤ ਰਹਿਣ ਤੇ ਡੇਂਗੂ ਅਤੇ ਮਲੇਰੀਆ ‘ਤੇ ਪ੍ਰਭਾਵਸ਼ਾਲੀ ਨਿਯੰਤਰਣ ਲਈ ਰੋਕਥਾਮ ਉਪਾਵਾਂ ਦੇ ਨਾਲ-ਨਾਲ ਭਾਈਚਾਰਕ ਜਾਗਰੂਕਤਾ ਗਤੀਵਿਧੀਆਂ ਨੂੰ ਤੇਜ਼ ਕਰਨ ਦੀ ਤਾਕੀਦ ਕੀਤੀ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 20 ਦਿਨਾਂ ਦੇ ਅੰਦਰ ਕਾਰਜ ਯੋਜਨਾਵਾਂ ਅਤੇ ਭਾਈਚਾਰਕ ਜਾਗਰੂਕਤਾ ਨੂੰ ਤੇਜ਼ ਕਰਨ ਦੀ ਸਲਾਹ ਦਿੱਤੀ ਗਈ
ਮਲੇਰੀਆ ਵਿੱਚ ਕਮੀ ਲਿਆਉਣ ਵਿੱਚ ਭਾਰਤ ਨੂੰ ਵੱਡੀ ਸਫਲਤਾ, ਵਰ੍ਹੇ 2030 ਤੱਕ ਖਾਤਮੇ ਦਾ ਟੀਚਾ
Posted On:
11 SEP 2025 2:11PM by PIB Chandigarh
ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ 10 ਸਤੰਬਰ, 2025 ਨੂੰ ਰਾਜਾਂ ਦੁਆਰਾ ਕੀਤੀਆਂ ਜਾ ਰਹੀਆਂ ਰੋਕਥਾਮ ਗਤੀਵਿਧੀਆਂ ਨੂੰ ਗਤੀ ਦੇਣ ਦੇ ਉਦੇਸ਼ ਨਾਲ ਦੇਸ਼ ਵਿੱਚ ਡੇਂਗੂ ਅਤੇ ਮਲੇਰੀਆ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ। ਬੈਠਕ ਵਿੱਚ ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਸ਼੍ਰੀ ਨੱਡਾ ਨੇ ਸਮੀਖਿਆ ਦੌਰਾਨ, ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਅਤੇ ਨਿਯੰਤਰਣ ਦੀ ਮੌਜੂਦਾ ਸਥਿਤੀ ਅਤੇ ਪ੍ਰਮੁੱਖ ਚੁਣੌਤੀਆਂ ਦਾ ਜਾਇਜਾ ਲਿਆ। ਉਨ੍ਹਾਂ ਨੇ ਰਾਜਾਂ, ਸਥਾਨਕ ਸੰਸਥਾਵਾਂ ਅਤੇ ਭਾਈਚਾਰਿਆਂ ਨੂੰ ਤਾਕੀਦ ਕੀਤੀ ਕਿ ਉਹ ਵਿਸ਼ੇਸ਼ ਤੌਰ ‘ਤੇ ਇਸ ਉੱਚ ਜੋਖਮ ਵਾਲੇ ਦੌਰ ਵਿੱਚ ਜਨਤਕ ਸਿਹਤ ਦੀ ਰੱਖਿਆ ਅਤੇ ਵੈਕਟਰ ਜਨਿਤ ਬਿਮਾਰੀਆਂ ਦੇ ਬੋਝ ਨੂੰ ਘਟਾਉਣ ਵਿੱਚ ਹਾਸਲ ਸਫ਼ਲਤਾ ਨੂੰ ਕਾਇਮ ਰੱਖਣ ਲਈ ਰੋਕਥਾਮ ਅਤੇ ਨਿਯੰਤਰਣ ਉਪਾਵਾਂ ਨੂੰ ਹੋਰ ਤੇਜ਼ ਕਰਨ।
ਕੇਂਦਰੀ ਸਿਹਤ ਮੰਤਰੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਐਡਵਾਇਜ਼ਰੀ ਵੀ ਜਾਰੀ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਸੁਚੇਤ ਰਹਿਣ ਅਤੇ ਡੇਂਗੂ ਅਤੇ ਮਲੇਰੀਆ ‘ਤੇ ਪ੍ਰਭਾਵਸ਼ਾਲੀ ਨਿਯੰਤਰਣ ਲਈ ਰੋਕਥਾਮ ਉਪਾਵਾਂ ਦੇ ਨਾਲ-ਨਾਲ ਭਾਈਚਾਰਕ ਜਾਗਰੂਕਤਾ ਗਤੀਵਿਧੀਆਂ ਨੂੰ ਤੇਜ਼ ਕਰਨ ਦੀ ਤਾਕੀਦ ਕੀਤੀ ਗਈ।
ਸ਼੍ਰੀ ਨੱਡਾ ਨੇ ਵੈਕਟਰ ਜਨਿਤ ਰੋਗਾਂ ਦੇ ਵਿਰੁੱਧ ਤੁਰੰਤ ਅਤੇ ਤਾਲਮੇਲਪੂਰਨ ਕਾਰਵਾਈ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਾਜ ਦੇ ਸਿਹਤ ਮੰਤਰੀਆਂ ਨੂੰ ਨਿਜੀ ਤੌਰ ‘ਤੇ ਸਥਿਤੀ ਦੀ ਸਮੀਖਿਆ ਕਰਨ ਅਤੇ 20 ਦਿਨਾਂ ਅੰਦਰ ਕਾਰਜ ਯੋਜਨਾਵਾਂ ਤਿਆਰ ਕਰਨ ਦੀ ਸਲਾਹ ਦਿੱਤੀ। ਨਗਰ ਨਿਗਮਾਂ, ਪੰਚਾਇਤਾਂ ਅਤੇ ਸਥਾਨਕ ਸੰਸਥਾਵਾਂ ਨੂੰ ਭਾਈਚਾਰਕ ਜਾਗਰੂਕਤਾ ਅਭਿਆਨ ਤੇਜ਼ ਕਰਨ ਲਈ ਕਿਹਾ ਗਿਆ। ਕੇਂਦਰ ਸਰਕਾਰ ਦੇ ਅਧੀਨ ਹਸਪਤਾਲਾਂ ਸਮੇਤ ਸਾਰੇ ਹਸਪਤਾਲਾਂ ਨੂੰ ਉਚਿਤ ਦਵਾਈਆਂ, ਨਿਦਾਨ ਸੁਵਿਧਾਵਾਂ, ਬਿਸਤਰੇ ਅਤੇ ਮੱਛਰ-ਮੁਕਤ ਪਰਿਸਰ ਯਕੀਨੀ ਬਣਾਉਣੇ ਹੋਣਗੇ। ਹਾਲ ਹੀ ਵਿੱਚ ਹੋਈ ਬਾਰਿਸ਼ ਕਾਰਨ ਪਾਣੀ ਭਰਨ ਕਾਰਨ ਮੱਛਰਾਂ ਦੇ ਪ੍ਰਜਨਨ ਸਥਲ ਬਣਨ ਦੇ ਮੱਦੇਨਜ਼ਰ, ਰਾਜਾਂ ਅਤੇ ਸਥਾਨਕ ਸੰਸਥਾਵਾਂ ਨੂੰ ਰੋਕਥਾਮ ਉਪਾਰਾਲੇ ਵਧਾਉਣ ਲਈ ਕਿਹਾ ਗਿਆ। ਭਾਈਚਾਰਕ ਭਾਗੀਦਾਰੀ ਅਤੇ ਨਿਜੀ ਸੁਰੱਖਿਆ ਨੂੰ ਹੁਲਾਰਾ ਦੇਣ ਲਈ ਡੂੰਘੀ ਸੂਚਨਾ, ਸੰਚਾਰ ਅਤੇ ਸੋਸ਼ਲ ਮੀਡੀਆ ਜਾਰੀ ਰਹੇਗੀ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਡੇਂਗੂ ਦੀ ਸਥਿਤੀ ਦਾ ਬਰੀਕੀ ਨਾਲ ਮੁਲਾਂਕਣ ਕਰਨ ਅਤੇ ਪਹਿਲਾਂ ਤੋਂ ਹੀ ਤਿਆਰੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਤੌਰ ‘ਤੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਲਈ ਇੱਕ ਉੱਚ ਪੱਧਰੀ ਸਮੀਖਿਆ ਬੈਠਕ ਵੀ ਆਯੋਜਿਤ ਕੀਤੀ ਜਾਵੇ।
ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਨੇ ਮਲੇਰੀਆ ਨਾਲ ਨਜਿੱਠਣ ਵਿੱਚ ਜ਼ਿਕਰਯੋਗ ਤਰੱਕੀ ਕੀਤੀ ਹੈ। ਦੇਸ਼ ਨੇ 2015 ਤੋਂ 2024 ਵਿਚਕਾਰ ਮਲੇਰੀਆ ਦੇ ਮਾਮਲਿਆਂ ਵਿੱਚ 78 ਫੀਸਦੀ ਤੋਂ ਵੱਧ ਅਤੇ ਮਲੇਰੀਆ ਨਾਲ ਸਬੰਧਿਤ ਮੌਤਾਂ ਵਿੱਚ ਲਗਭਗ 78 ਫੀਸਦੀ ਦੀ ਕਮੀ ਹਾਸਲ ਕੀਤੀ ਹੈ। ਸਾਲ 2022-24 ਵਿੱਚ 160 ਜ਼ਿਲ੍ਹਿਆਂ ਵਿੱਚ ਮਲੇਰੀਆ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ।
ਭਾਰਤ ਸਰਕਾਰ ਨੇ ਮਲੇਰੀਆ ਦੇ ਖਾਤਮੇ ਦੀ ਦਿਸ਼ਾ ਵਿੱਚ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਵਿੱਚ ਮਲੇਰੀਆ ਦੇ ਖਾਤਮੇ ਲਈ ਰਾਸ਼ਟਰੀ ਰਣਨੀਤਕ ਯੋਜਨਾ (2023-27), ਅਸਲ ਸਮੇਂ ਨਿਗਰਾਨੀ ਲਈ ਏਕੀਕ੍ਰਿਤ ਸਿਹਤ ਪ੍ਰਬੰਧਨ ਮੰਚ (ਆਈਐੱਚਆਈਪੀ) ਦਾ ਲਾਗੂਕਰਨ, ਆਸ਼ਾ ਵਰਕਰਾਂ ਨੂੰ ਪ੍ਰੋਤਸਾਹਿਤ ਰਾਸ਼ੀ ਵਿੱਚ ਵਾਧਾ, ਲੰਬੇ ਸਮੇਂ ਤੱਕ ਚੱਲਣ ਵਾਲੇ ਕੀਟਨਾਸ਼ਕ ਜਾਲਿਆਂ (ਐੱਲਐੱਲਆਈਐੱਨ) ਦਾ ਵੱਡੇ ਪੈਮਾਣੇ ‘ਤੇ ਵੰਡ, ਲੈਬ ਟੈਕਨੀਸ਼ੀਅਨਾਂ ਲਈ ਰਿਫ੍ਰੈਸ਼ਰ ਟ੍ਰੇਨਿੰਗ ਅਤੇ “ਜ਼ੀਰੋ ਮਲੇਰੀਆ” ਦਾ ਦਰਜਾ ਪ੍ਰਾਪਤ ਕਰਨ ਵਾਲੇ ਜ਼ਿਲ੍ਹਿਆਂ ਨੂੰ ਮਾਨਤਾ ਪ੍ਰਦਾਨ ਕਰਨਾ ਸ਼ਾਮਲ ਹੈ। ਭਾਰਤ ਨੇ ਸਾਲ 2030 ਤੱਕ ਮਲੇਰੀਆ ਦੇ ਖਾਤਮੇ ਦਾ ਟੀਚਾ ਰੱਖਿਆ ਹੈ।
ਸ਼੍ਰੀ ਨੱਡਾ ਨੇ ਡੇਂਗੂ ਦੇ ਸਬੰਧ ਵਿੱਚ ਕਿਹਾ ਕਿ ਸਾਰੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ (ਲੱਦਾਖ ਨੂੰ ਛੱਡ ਕੇ) ਡੇਂਗੂ ਅਤੇ ਚਿਕਨਗੁਨਿਆ ਤੋਂ ਪ੍ਰਭਾਵਿਤ ਹਨ ਅਤੇ ਇਨ੍ਹਾਂ ਦੇ ਪ੍ਰਕੋਪ ਦਾ ਜੋਖਮ ਮੌਨਸੂਨ ਅਤੇ ਮੌਨਸੂਨ ਤੋਂ ਬਾਅਦ ਦੀ ਮਿਆਦ ਵਿੱਚ ਸਭ ਨਾਲੋਂ ਵੱਧ ਹੁੰਦਾ ਹੈ। ਰਾਸ਼ਟਰੀ ਡੇਂਗੂ ਨਿਯੰਤਰਣ ਰਣਨੀਤੀ ਨੂੰ ਰਾਜ ਵੈਕਟਰ –ਜਨਿਤ ਰੋਗ ਸੈੱਲਾਂ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਨਿਗਰਾਨੀ, ਕੇਸ ਮੈਨੇਜਮੈਂਟ, ਵੈਕਟਰ ਕੰਟਰੋਲ, ਅੰਤਰ-ਖੇਤਰੀ ਤਾਲਮੇਲ ਅਤੇ ਭਾਈਚਾਰਕ ਜਾਗਰੂਕਤਾ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।
ਭਾਰਤ ਸਰਕਾਰ ਨੇ 869 ਸੈਂਟੀਨੈਲ ਸਰਵੀਲੈਂਸ ਹਸਪਤਾਲਾਂ ਅਤੇ 27 ਅਪੈਕਸ ਰੈਫਰਲ ਲੈਬੌਰਟਰੀਆਂ ਰਾਹੀਂ ਮੁਫ਼ਤ ਟੈਸਟਿੰਗ ਸੁਵਿਧਾਵਾਂ ਪ੍ਰਦਾਨ ਕਰਕੇ ਡਾਇਗਨੌਸਟਿਕ ਸਮਰੱਥਾ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ। 2025 ਤੱਕ (ਅੱਜ ਤੱਕ), ਰਾਜਾਂ ਨੂੰ 5,520 ਤੋਂ ਵੱਧ ਡੇਂਗੂ ਅਤੇ 2,530 ਚਿਕਨਗੁਨੀਆ ਡਾਇਗਨੌਸਟਿਕ ਕਿੱਟਾਂ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ। ਗਹਿਨ ਸੂਚਨਾ ਅਤੇ ਸੰਚਾਰ ਗਤੀਵਿਧੀਆਂ (IEC ਗਤੀਵਿਧੀਆਂ), ਡੇਂਗੂ ਵਿਰੋਧੀ ਮਹੀਨਾ (ਜੁਲਾਈ) ਅਤੇ ਰਾਸ਼ਟਰੀ ਡੇਂਗੂ ਦਿਵਸ (16 ਮਈ) ਦਾ ਆਯੋਜਨ, ਅਤੇ ਵਿਸ਼ਵ ਡੇਂਗੂ ਦਿਵਸ (30 ਜਨਵਰੀ) 'ਤੇ ਇੰਡੀਆ ਗੇਟ ਨੂੰ ਰੌਸ਼ਨ ਕਰਨਾ, ਰੋਕਥਾਮ ਉਪਾਵਾਂ ਵਿੱਚ ਤੇਜ਼ੀ ਲਿਆਉਣ ਦੀ ਦੇਸ਼ ਵਿਆਪੀ ਮੁਹਿੰਮ ਦਾ ਹਿੱਸਾ ਸਨ।
*****
ਐੱਮਵੀ
(Release ID: 2166042)
Visitor Counter : 2