ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਨੂੰ ਸੰਬੋਧਨ ਕੀਤਾ
ਨਵਰਾਤਰੀ ਦੇ ਪਹਿਲੇ ਦਿਨ, 22 ਸਤੰਬਰ ਤੋਂ ਨਵੀਆਂ ਜੀਐੱਸਟੀ ਦਰਾਂ ਲਾਗੂ ਹੋਣ ਜਾ ਰਹੀਆਂ ਹਨ, ਇਹ ਸਾਡੇ ਦੇਸ਼ ਲਈ ਸਮਰਥਨ ਅਤੇ ਵਿਕਾਸ ਦੀ ਦੋਹਰੀ ਖੁਰਾਕ ਦਾ ਕੰਮ ਕਰਨਗੀਆਂ: ਪ੍ਰਧਾਨ ਮੰਤਰੀ
ਇਸ ਨਾਲ ਨਾ ਸਿਰਫ਼ ਹਰ ਪਰਿਵਾਰ ਦੀ ਬੱਚਤ ਵਧੇਗੀ, ਸਗੋਂ ਸਾਡੀ ਅਰਥਵਿਵਸਥਾ ਨੂੰ ਵੀ ਨਵੀਂ ਤਾਕਤ ਮਿਲੇਗੀ: ਪ੍ਰਧਾਨ ਮੰਤਰੀ
ਆਓ ਇੱਕ ਆਤਮਨਿਰਭਰ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰੀਏ ! ਯੁਵਾ ਪੀੜ੍ਹੀ ਨੂੰ ਇਸ ਟੀਚੇ ਵੱਲ ਪ੍ਰੇਰਿਤ ਕਰਨ ਵਿੱਚ ਸਾਡੇ ਅਧਿਆਪਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ: ਪ੍ਰਧਾਨ ਮੰਤਰੀ
ਅਸੀਂ ਆਪਣੇ ਨੌਜਵਾਨਾਂ ਦੀ ਭਲਾਈ ਬਾਰੇ ਚਿੰਤਿਤ ਹਾਂ, ਇਸ ਲਈ, ਅਸੀਂ ਔਨਲਾਈਨ ਮਨੀ ਗੇਮਸ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ: ਪ੍ਰਧਾਨ ਮੰਤਰੀ
ਭਾਰਤ ਦੀ ਯੁਵਾ ਪੀੜ੍ਹੀ ਨੂੰ ਵਿਗਿਆਨਿਕ ਅਤੇ ਨਵੀਨਤਾਕਾਰੀ ਬਣਨ ਦੇ ਮੌਕਿਆਂ ਦੀ ਕਮੀ ਨਹੀਂ ਹੋਣੀ ਚਾਹੀਦੀ ਹੈ, ਇਸ ਵਿੱਚ ਸਾਡੇ ਅਧਿਆਪਕਾਂ ਦੀ ਭਾਗੀਦਾਰੀ ਵੀ ਮਹੱਤਵਪੂਰਨ ਹੈ: ਪ੍ਰਧਾਨ ਮੰਤਰੀ
ਮਾਣ ਨਾਲ ਕਹੋ, ਇਹ ਸਵਦੇਸ਼ੀ ਹੈ,ਅੱਜ ਇਸ ਭਾਵਨਾ ਨਾਲ ਦੇਸ਼ ਦੇ ਹਰ ਬੱਚੇ ਨੂੰ ਪ੍ਰੇਰਣਾ ਮਿਲਣੀ ਚਾਹੀਦੀ ਹੈ: ਪ੍ਰਧਾਨ ਮੰਤਰੀ
Posted On:
04 SEP 2025 10:02PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਭਾਰਤੀ ਸਮਾਜ ਵਿੱਚ ਅਧਿਆਪਕਾਂ ਦੇ ਪ੍ਰਤੀ ਸੁਭਾਵਿਕ ਸਨਮਾਨ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਇੱਕ ਸਸ਼ਕਤ ਤਾਕਤ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਧਿਆਪਕਾਂ ਦਾ ਸਨਮਾਨ ਸਿਰਫ਼ ਇੱਕ ਰਿਵਾਜ਼ ਨਹੀਂ, ਸਗੋਂ ਉਨ੍ਹਾਂ ਦੇ ਆਜੀਵਨ ਸਮਰਪਣ ਅਤੇ ਪ੍ਰਭਾਵ ਦਾ ਸਨਮਾਨ ਹੈ।
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਅਧਿਆਪਕ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਰੇ ਅਧਿਆਪਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਉਨ੍ਹਾਂ ਦੇ ਅਟੁੱਟ ਸਮਰਪਣ ਨੂੰ ਮਾਨਤਾ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਅਧਿਆਪਕ ਨਾ ਸਿਰਫ਼ ਵਰਤਮਾਨ ਨੂੰ, ਸਗੋਂ ਰਾਸ਼ਟਰ ਦੇ ਭਵਿੱਖ ਨੂੰ ਵੀ ਆਕਾਰ ਦਿੰਦੇ ਹਨ ਅਤੇ ਇਸ ਨਾਲ ਉਨ੍ਹਾਂ ਦੀ ਭੂਮਿਕਾ ਰਾਸ਼ਟਰੀ ਸੇਵਾ ਦੇ ਸਰਬਉੱਚ ਰੂਪਾਂ ਵਿੱਚੋਂ ਇੱਕ ਬਣ ਜਾਂਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਵਰ੍ਹੇ ਦੇ ਪੁਰਸਕਾਰ ਜੇਤੂਆਂ ਦੀ ਤਰ੍ਹਾਂ, ਦੇਸ਼ ਭਰ ਵਿੱਚ ਲੱਖਾਂ ਅਧਿਆਪਕ ਇਮਾਨਦਾਰੀ, ਵਚਨਬੱਧਤਾ ਅਤੇ ਸੇਵਾ ਭਾਵਨਾ ਦੇ ਨਾਲ ਸਿੱਖਿਆ ਦੇ ਪ੍ਰਤੀ ਸਮਰਪਿਤ ਹਨ। ਇਸ ਮੌਕੇ ‘ਤੇ ਉਨ੍ਹਾਂ ਨੇ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਅਜਿਹੇ ਸਾਰੇ ਅਧਿਆਪਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤ ਦੀ ਪ੍ਰਗਤੀ ਵਿੱਚ ਅਧਿਆਪਕਾਂ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਰਾਸ਼ਟਰ ਨੇ ਹਮੇਸ਼ਾ ਗੁਰੂ-ਸ਼ਿਸ਼ਯ ਪਰੰਪਰਾ ਦਾ ਸਨਮਾਨ ਕੀਤਾ ਹੈ। ਭਾਰਤ ਵਿੱਚ, ਗੁਰੂ ਸਿਰਫ਼ ਗਿਆਨ ਪ੍ਰਦਾਨ ਕਰਨ ਵਾਲਾ ਹੀ ਨਹੀਂ, ਸਗੋਂ ਜੀਵਨ ਦੇ ਮਾਰਗਦਰਸ਼ਕ ਵੀ ਹੁੰਦੇ ਹਨ। ਸ਼੍ਰੀ ਮੋਦੀ ਨੇ ਕਿਹਾ, “ਜਿਵੇਂ-ਜਿਵੇਂ ਅਸੀਂ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੀ ਦ੍ਰਿਸ਼ਟੀ ਨਾਲ ਅੱਗੇ ਵਧ ਰਹੇ ਹਾਂ, ਇਹ ਪਰੰਪਰਾ ਸਾਡੀ ਤਾਕਤ ਬਣੀ ਹੋਈ ਹੈ। ਤੁਹਾਡੇ ਜਿਹੇ ਅਧਿਆਪਕ ਇਸ ਵਿਰਾਸਤ ਦੇ ਜੀਵੰਤ ਪ੍ਰਤੀਕ ਹਨ। ਤੁਸੀਂ ਨਾ ਸਿਰਫ਼ ਸਾਖਰਤਾ ਪ੍ਰਦਾਨ ਕਰ ਰਹੇ ਹੋ, ਸਗੋਂ ਯੁਵਾ ਪੀੜ੍ਹੀ ਵਿੱਚ ਰਾਸ਼ਟਰ ਦੇ ਲਈ ਜੀਣ ਦੀ ਭਾਵਨਾ ਵੀ ਭਰ ਰਹੇ ਹੋ।”
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਧਿਆਪਕ ਇੱਕ ਮਜ਼ਬੂਤ ਰਾਸ਼ਟਰ ਅਤੇ ਸਸ਼ਕਤ ਸਮਾਜ ਦੀ ਨੀਂਹ ਹਨ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਕੋਰਸ ਅਤੇ ਸਿਲੇਬਸ ਵਿੱਚ ਸਮੇਂ ਸਿਰ ਬਦਲਾਅ ਦੀ ਜ਼ਰੂਰਤ ਦੇ ਪ੍ਰਤੀ ਵੀ ਸੰਵੇਦਨਸ਼ੀਲ ਹੁੰਦੇ ਹਨ ਅਤੇ ਸਿੱਖਿਆ ਨੂੰ ਸਮੇਂ ਦੀਆਂ ਬਦਲਦੀਆਂ ਮੰਗਾਂ ਦੇ ਅਨੁਸਾਰ ਬਣਾਉਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ, “ਦੇਸ਼ ਲਈ ਕੀਤੇ ਜਾ ਰਹੇ ਸੁਧਾਰਾਂ ਵਿੱਚ ਵੀ ਇਹੀ ਭਾਵਨਾ ਝਲਕਦੀ ਹੈ। ਸੁਧਾਰ ਨਿਰੰਤਰ ਅਤੇ ਸਮੇਂ ਦੇ ਅਨੁਕੂਲ ਹੋਣੇ ਚਾਹੀਦੇ ਹਨ, ਇਹ ਸਾਡੀ ਸਰਕਾਰ ਦੀ ਦ੍ਰਿੜ੍ਹ ਪ੍ਰਤੀਬੱਧਤਾ ਹੈ।”
ਢਾਂਚਾਗਤ ਸੁਧਾਰਾਂ ਦੇ ਜ਼ਰੀਏ ਭਾਰਤ ਨੂੰ ਆਤਮਨਿਰਭਰ ਬਣਾਉਣ ਦੀ ਲਾਲ ਕਿਲ੍ਹੇ ਤੋਂ ਕੀਤੀ ਗਈ ਆਪਣੀ ਪ੍ਰਤੀਬੱਧਤਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਵਾਅਦਾ ਕੀਤਾ ਸੀ ਕਿ ਦੀਵਾਲੀ ਅਤੇ ਛੱਠ ਪੂਜਾ ਤੋਂ ਪਹਿਲਾਂ ਲੋਕਾਂ ਲਈ ਦੋਹਰਾ ਉਤਸਵ ਹੋਵੇਗਾ। ਇਸੇ ਭਾਵਨਾ ਦੇ ਅਨੁਸਾਰ, ਜੀਐੱਸਟੀ ਕੌਂਸਲ ਨੇ ਇੱਕ ਇਤਿਹਾਸਿਕ ਫੈਸਲਾ ਲਿਆ ਹੈ। ਜੀਐੱਸਟੀ ਹੁਣ ਹੋਰ ਵੀ ਸਰਲ ਹੋ ਗਿਆ ਹੈ। ਹੁਣ ਮੁੱਖ ਤੌਰ ‘ਤੇ ਜੀਐੱਸਟੀ ਦੀਆਂ ਦੋ ਸ਼੍ਰੇਣੀਆਂ ਹਨ, 5% ਅਤੇ 18%। ਇਹ ਨਵੀਆਂ ਦਰਾਂ ਨਵਰਾਤਰੀ ਦੇ ਪਹਿਲੇ ਦਿਨ, 22 ਸਤੰਬਰ, ਸੋਮਵਾਰ ਤੋਂ ਲਾਗੂ ਹੋਣਗੀਆਂ।” ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਵਰਾਤਰੀ ਦੀ ਸ਼ੁਰੂਆਤ ਨਾਲ ਕਰੋੜਾਂ ਪਰਿਵਾਰਾਂ ਦੇ ਲਈ ਜ਼ਰੂਰੀ ਚੀਜ਼ਾਂ ਹੋਰ ਵੀ ਸਸਤੀਆਂ ਹੋ ਜਾਣਗੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਸਾਲ ਧਨਧੇਰਸ ਹੋਰ ਵੀ ਜ਼ਿਆਦਾ ਜੀਵੰਤ ਹੋਵੇਗਾ, ਕਿਉਂਕਿ ਦਰਜਨਾਂ ਵਸਤੂਆਂ ‘ਤੇ ਟੈਕਸ ਵਿੱਚ ਬਹੁਤ ਕਮੀ ਕੀਤੀ ਗਈ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਜੀਐੱਸਟੀ ਸੁਤੰਤਰ ਭਾਰਤ ਦੇ ਸਭ ਤੋਂ ਵੱਡੇ ਆਰਥਿਕ ਸੁਧਾਰਾਂ ਵਿੱਚੋਂ ਇੱਕ ਸੀ। ਇਸ ਨੇ ਦੇਸ਼ ਨੂੰ ਕਈ ਟੈਕਸਾਂ ਦੇ ਗੁੰਝਲਦਾਰ ਜਾਲ ਤੋਂ ਮੁਕਤੀ ਦਿਵਾਈ। ਹੁਣ, ਜਦੋਂ ਭਾਰਤ 21ਵੀਂ ਸਦੀ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਜੀਐੱਸਟੀ ਸੁਧਾਰ ਦਾ ਇਹ ਨਵਾਂ ਪੜਾਅ, ਜਿਸ ਨੂੰ ਮੀਡੀਆ ਵਿੱਚ ਕੁਝ ਲੋਕ ‘ਜੀਐੱਸਟੀ 2.0’ ਕਹਿ ਰਹੇ ਹਨ, ਅਸਲ ਵਿੱਚ ਸਮਰਥਨ ਅਤੇ ਵਿਕਾਸ ਦੀ ਦੋਹਰੀ ਖੁਰਾਕ ਹੈ। ਇਹ ਸੁਧਾਰ ਆਮ ਪਰਿਵਾਰਾਂ ਲਈ ਬੱਚਤ ਵਧਾਉਣ ਅਤੇ ਆਰਥਿਕ ਗਤੀ ਨੂੰ ਮਜ਼ਬੂਤ ਕਰਨ ਦੇ ਦੋਹਰੇ ਲਾਭ ਪ੍ਰਦਾਨ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਇਸ ਕਦਮ ਨਾਲ ਗ਼ਰੀਬਾਂ, ਨਵ-ਮੱਧ ਵਰਗ, ਮੱਧ ਵਰਗ, ਕਿਸਾਨਾਂ, ਮਹਿਲਾਵਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਕਾਫ਼ੀ ਰਾਹਤ ਮਿਲਣ ਦੀ ਉਮੀਦ ਹੈ। ਨਵੀਂ ਨੌਕਰੀ ਸ਼ੁਰੂ ਕਰਨ ਵਾਲੇ ਯੁਵਾ ਪੇਸ਼ੇਵਰਾਂ ਨੂੰ ਵਾਹਨ ਟੈਕਸ ਵਿੱਚ ਕਮੀ ਹੋਣ ਦਾ ਵਿਸ਼ੇਸ ਤੌਰ ‘ਤੇ ਲਾਭ ਹੋਵੇਗਾ। ਇਸ ਫੈਸਲੇ ਨਾਲ ਪਰਿਵਾਰਾਂ ਦੇ ਲਈ ਘਰੇਲੂ ਬਜਟ ਦਾ ਪ੍ਰਬੰਧਨ ਅਸਾਨ ਹੋ ਜਾਵੇਗਾ ਅਤੇ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ।”
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐੱਨਡੀਏ ਸਰਕਾਰ ਦੁਆਰਾ ਕੀਤੇ ਗਏ ਪਰਿਵਰਤਨਕਾਰੀ ਟੈਕਸ ਸੁਧਾਰਾਂ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੀਐੱਸਟੀ ਵਿੱਚ ਭਾਰੀ ਕਟੌਤੀ ਨਾਲ ਭਾਰਤੀ ਪਰਿਵਾਰਾਂ ‘ਤੇ ਵਿੱਤੀ ਬੋਝ ਕਾਫੀ ਘੱਟ ਹੋਇਆ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 2014 ਤੋਂ ਪਹਿਲਾਂ, ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵਿੱਚ, ਜ਼ਰੂਰੀ ਵਸਤੂਆਂ ਅਤੇ ਰੋਜ਼ਾਨਾ ਉਪਯੋਗ ਦੀਆਂ ਵਸਤੂਆਂ ‘ਤੇ ਭਾਰੀ ਟੈਕਸ ਲਗਾਇਆ ਜਾਂਦਾ ਸੀ। ਟੂਥਪੇਸਟ, ਸਾਬਣ, ਬਰਤਨ, ਸਾਈਕਲ ਅਤੇ ਇੱਥੋਂ ਤੱਕ ਕਿ ਬੱਚਿਆ ਦੀ ਕੈਂਡੀ ਜਿਹੀਆਂ ਵਸਤੂਆਂ ‘ਤੇ 17% ਤੋਂ 28% ਤੱਕ ਟੈਕਸ ਲਗਦਾ ਸੀ। ਹੋਟਲ ਵਿੱਚ ਰਹਿਣ ਜਿਹੀਆਂ ਬੁਨਿਆਦੀ ਸੇਵਾਵਾਂ ‘ਤੇ ਵੀ ਭਾਰੀ ਟੈਕਸ ਲਗਦੇ ਸਨ, ਜਿਨ੍ਹਾਂ ਵਿੱਚ ਰਾਜ ਪੱਧਰ ‘ਤੇ ਵਾਧੂ ਫੀਸ ਵੀ ਸ਼ਾਮਲ ਸੀ। ਸ਼੍ਰੀ ਮੋਦੀ ਨੇ ਕਿਹਾ, “ਜੇਕਰ ਇਹੀ ਟੈਕਸ ਵਿਵਸਥਾ ਜਾਰੀ ਰਹਿੰਦੀ, ਤਾਂ ਲੋਕ ਹੁਣ ਵੀ ਹਰ 100 ਰੁਪਏ ਦੇ ਖਰਚ ‘ਤੇ 20-25 ਰੁਪਏ ਦਾ ਟੈਕਸ ਚੁਕਾਉਂਦੇ। ਇਸ ਦੇ ਉਲਟ, ਬੀਜੇਪੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਵਿੱਚ, ਅਜਿਹੀਆਂ ਵਸਤੂਆਂ ਅਤੇ ਸੇਵਾਵਾਂ ‘ਤੇ ਜੀਐੱਸਟੀ ਘਟਾ ਕੇ ਸਿਰਫ਼ 5% ਕਰ ਦਿੱਤਾ ਗਿਆ ਹੈ, ਜਿਸ ਨਾਲ ਦੇਸ਼ ਭਰ ਦੇ ਲੱਖਾਂ ਪਰਿਵਾਰਾਂ ਨੂੰ ਸਿੱਧੀ ਰਾਹਤ ਮਿਲੀ ਹੈ।”
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਖਾਸ ਕਰਕੇ ਮੱਧ ਵਰਗ, ਕਿਸਾਨਾਂ, ਮਹਿਲਾਵਾਂ ਅਤੇ ਯੁਵਾ ਪੇਸ਼ੇਵਰਾਂ ਲਈ, ਇਹ ਸੁਧਾਰ ਘਰੇਲੂ ਬੱਚਤ ਨੂੰ ਉਤਸ਼ਾਹਿਤ ਕਰਨ ਅਤੇ ਈਜ਼ ਆਫ਼ ਲਿਵਿੰਗ ਦੀ ਲਾਗਤ ਨੂੰ ਘੱਟ ਕਰਨ ਦੇ ਪ੍ਰਤੀ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ, ਮੈਡੀਕਲ ਇਲਾਜ ਕਈ ਲੋਕਾਂ ਲਈ ਪਹੁੰਚ ਤੋਂ ਬਾਹਰ ਸੀ, ਕਿਉਂਕਿ ਕਾਂਗਰਸ ਸਰਕਾਰ ਡਾਇਗਨੌਸਟਿਕ ਕਿੱਟ ‘ਤੇ 16% ਟੈਕਸ ਲਗਾਉਂਦੀ ਸੀ। ਹੁਣ ਇਸ ਨੂੰ ਘਟਾ ਕੇ ਸਿਰਫ਼ 5% ਕਰ ਦਿੱਤਾ ਗਿਆ ਹੈ, ਜਿਸ ਨਾਲ ਬੁਨਿਆਦੀ ਸਿਹਤ ਸੇਵਾ ਗ਼ਰੀਬਾਂ ਅਤੇ ਮੱਧ ਵਰਗ ਦੇ ਲਈ ਵਧੇਰੇ ਪਹੁੰਚਯੋਗ ਹੋ ਗਈ ਹੈ। ਸ਼੍ਰੀ ਮੋਦੀ ਨੇ ਕਿਹਾ, “ਪਿਛਲੀ ਸਰਕਾਰ ਵਿੱਚ ਘਰ ਬਣਾਉਣਾ ਇੱਕ ਮਹਿੰਗਾ ਕੰਮ ਸੀ। ਸੀਮੇਂਟ ‘ਤੇ 29% ਅਤੇ ਏਸੀ ਅਤੇ ਟੀਵੀ ਜਿਹੇ ਉਪਕਰਣਾਂ ‘ਤੇ 31% ਟੈਕਸ ਲਗਦਾ ਸੀ। ਸਾਡੀ ਸਰਕਾਰ ਨੇ ਇਨ੍ਹਾਂ ਦਰਾਂ ਨੂੰ ਘਟਾ ਕੇ 18% ਕਰ ਦਿੱਤਾ ਹੈ, ਜਿਸ ਨਾਲ ਲੱਖਾਂ ਲੋਕਾਂ ਦੇ ਰਹਿਣ-ਸਹਿਣ ਦੀ ਲਾਗਤ ਵਿੱਚ ਕਮੀ ਆਈ ਹੈ।”
ਪ੍ਰਧਾਨ ਮੰਤਰੀ ਨੇ ਪਿਛਲੀ ਟੈਕਸ ਵਿਵਸਥਾ ਦੇ ਤਹਿਤ ਕਿਸਾਨਾਂ ਦੀ ਦੁਰਦਸ਼ਾ ‘ਤੇ ਵੀ ਗੱਲ ਕੀਤੀ, ਜਿੱਥੇ ਟ੍ਰੈਕਟਰ, ਸਿੰਚਾਈ ਉਪਕਰਣ ਅਤੇ ਪੰਪਿੰਗ ਸੈੱਟ ਜਿਹੇ ਜ਼ਰੂਰੀ ਉਪਕਰਣਾਂ ‘ਤੇ 12%-14% ਟੈਕਸ ਲਗਦਾ ਸੀ। ਸ਼੍ਰੀ ਮੋਦੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਅੱਜ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਸਤੂਆਂ ‘ਤੇ 0% ਜਾਂ 5% ਟੈਕਸ ਲਗਦਾ ਹੈ, ਜਿਸ ਨਾਲ ਖੇਤੀਬਾੜੀ ਲਾਗਤ ਵਿੱਚ ਜ਼ਿਕਰਯੋਗ ਕਮੀ ਆਈ ਹੈ ਅਤੇ ਗ੍ਰਾਮੀਣ ਆਜੀਵਿਕਾ ਨੂੰ ਸਮਰਥਨ ਮਿਲਿਆ ਹੈ। ਇਹ ਸੁਧਾਰ ਘਰੇਲੂ ਬਜਟ ਵਿੱਚ ਸੁਧਾਰ, ਕਿਸਾਨਾਂ ਨੂੰ ਸਸ਼ਕਤ ਬਣਾਉਣ ਅਤੇ ਦੇਸ਼ ਭਰ ਵਿੱਚ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਦੀ ਸਰਕਾਰ ਦੀ ਵਿਆਪਕ ਪ੍ਰਤੀਬੱਧਤਾ ਦਾ ਹਿੱਸਾ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਸਟਾਈਲ, ਦਸਤਕਾਰੀ ਅਤੇ ਚਮੜਾ ਜਿਹੇ ਵੱਡੇ ਕਾਰਜਬਲ ਵਾਲੇ ਖੇਤਰਾਂ ਨੂੰ ਜੀਐੱਸਟੀ ਦਰਾਂ ਵਿੱਚ ਕਮੀ ਦੇ ਜ਼ਰੀਏ ਕਾਫੀ ਰਾਹਤ ਦਿੱਤੀ ਗਈ ਹੈ। ਇਨ੍ਹਾਂ ਸੁਧਾਰਾਂ ਨਾਲ ਨਾ ਸਿਰਫ਼ ਇਨ੍ਹਾਂ ਉਦਯੋਗਾਂ ਦੇ ਵਰਕਰਾਂ ਅਤੇ ਉੱਦਮੀਆਂ ਨੂੰ ਲਾਭ ਹੋਵੇਗਾ, ਸਗੋਂ ਕੱਪੜਿਆਂ ਅਤੇ ਜੁੱਤੀਆਂ ਜਿਹੀ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵੀ ਘੱਟ ਹੋਣਗੀਆਂ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਸਟਾਰਟਅੱਪਸ, ਐੱਮਐੱਸਐੱਮਈ ਅਤੇ ਛੋਟੇ ਵਪਾਰੀਆਂ ਲਈ, ਸਰਕਾਰ ਨੇ ਟੈਕਸ ਕਟੌਤੀ ਨੂੰ ਸੁਚਾਰੂ ਪ੍ਰਕਿਰਿਆਵਾਂ ਦੇ ਨਾਲ ਜੋੜਿਆ ਹੈ, ਜਿਸ ਨਾਲ ਵਪਾਰ ਵਿੱਚ ਅਸਾਨੀ ਅਤੇ ਕਾਰਜਸ਼ੀਲ ਲਚਕਤਾ ਨੂੰ ਯਕੀਨੀ ਬਣਾਇਆ ਹੈ।” ਆਰੋਗਯ ‘ਤੇ ਵਧਦੇ ਧਿਆਨ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜਿੰਮ, ਸੈਲੂਨ ਅਤੇ ਯੋਗ ਜਿਹੀਆਂ ਸੇਵਾਵਾਂ ‘ਤੇ ਜੀਐੱਸਟੀ ਵਿੱਚ ਕਮੀ ਦਾ ਐਲਾਨ ਕੀਤਾ, ਜਿਸ ਨਾਲ ਨੌਜਵਾਨਾਂ ਵਿੱਚ ਫਿਟਨੈੱਸ ਨੂੰ ਹੁਲਾਰਾ ਮਿਲੇਗਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੁਧਾਰ ਇੱਕ ਅਜਿਹੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਵਿਆਪਕ ਏਜੰਡੇ ਦਾ ਹਿੱਸਾ ਹਨ, ਜਿੱਥੇ ਯੁਵਾ, ਉੱਦਮ ਅਤੇ ਸਿਹਤ ਪ੍ਰਮੁੱਖ ਰਾਸ਼ਟਰੀ ਪ੍ਰਾਥਮਿਕਤਾਵਾਂ ਹਨ।
ਪ੍ਰਧਾਨ ਮੰਤਰੀ ਨੇ ਨਵੀਨਤਮ ਜੀਐੱਸਟੀ ਸੁਧਾਰਾਂ ਨੂੰ ਭਾਰਤ ਦੇ ਆਰਥਿਕ ਪਰਿਵਰਤਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਿਕ ਕਦਮ ਦੱਸਿਆ ਅਤੇ ਕਿਹਾ ਕਿ ਇਨ੍ਹਾਂ ਸੁਧਾਰਾਂ ਨੇ ਦੇਸ਼ ਵਿੱਚ ਫਲਦੀ-ਫੁੱਲਦੀ ਅਰਥਵਿਵਸਥਾ ਵਿੱਚ “ਪੰਜ ਪ੍ਰਮੁੱਖ ਰਤਨ” ਜੋੜੇ ਹਨ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ, “ਪਹਿਲਾਂ, ਟੈਕਸ ਸਿਸਟਮ ਬਹੁਤ ਸਰਲ ਹੋ ਗਿਆ ਹੈ। ਦੂਸਰਾ, ਭਾਰਤੀ ਨਾਗਰਿਕਾਂ ਦੇ ਜੀਵਨ ਪੱਧਰ ਵਿੱਚ ਹੋਰ ਸੁਧਾਰ ਹੋਵੇਗਾ। ਤੀਸਰਾ, ਉਪਭੋਗ ਅਤੇ ਆਰਥਿਕ ਵਿਕਾਸ ਨੂੰ ਇੱਕ ਨਵਾਂ ਬਲ ਮਿਲੇਗਾ।”
“ਚੌਥਾ, ਕਾਰੋਬਾਰ ਕਰਨ ਵਿੱਚ ਅਸਾਨੀ ਵਧੇਗੀ, ਜਿਸ ਨਾਲ ਵੱਧ ਨਿਵੇਸ਼ ਅਤੇ ਰੋਜ਼ਗਾਰ ਸਿਰਜਣ ਹੋਵੇਗਾ। ਪੰਜਵਾਂ, ਸਹਿਕਾਰੀ ਸੰਘਵਾਦ ਦੀ ਭਾਵਨਾ, ਕੇਂਦਰ ਅਤੇ ਰਾਜਾਂ ਦਰਮਿਆਨ ਸਾਂਝੇਦਾਰੀ ਹੋਰ ਮਜ਼ਬੂਤ ਹੋਵੇਗੀ, ਜੋ ਇੱਕ ਵਿਕਸਿਤ ਭਾਰਤ ਦੇ ਲਈ ਅਤਿਅੰਤ ਜ਼ਰੂਰੀ ਹੈ।”
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸਰਕਾਰ ਦੇ ਮਾਰਦਰਸ਼ਕ ਸਿਧਾਂਤ, “ਨਾਗਰਿਕ ਦੇਵੋ ਭਵ:” ਨੂੰ ਦੁਹਰਾਇਆ ਅਤੇ ਹਰੇਕ ਭਾਰਤੀ ਦੀ ਭਲਾਈ ਦੇ ਪ੍ਰਤੀ ਇਸ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਇਸ ਸਾਲ, ਟੈਕਸ ਰਾਹਤ ਨਾ ਸਿਰਫ਼ ਜੀਐੱਸਟੀ ਵਿੱਚ ਕਟੌਤੀ ਦੇ ਮਾਧਿਅਮ ਨਾਲ ਮਿਲੀ ਹੈ, ਸਗੋਂ ਇਨਕਮ ਟੈਕਸ ਵਿੱਚ ਵੀ ਜ਼ਿਕਰਯੋਗ ਕਟੌਤੀ ਕੀਤੀ ਗਈ ਹੈ। 12 ਲੱਖ ਰੁਪਏ ਤੱਕ ਦੀ ਆਮਦਨ ਹੁਣ ਟੈਕਸ-ਮੁਕਤ ਹੈ, ਜਿਸ ਨਾਲ ਟੈਕਸਪੇਅਰਸ ਨੂੰ ਕਾਫੀ ਰਾਹਤ ਮਿਲੀ ਹੈ।
ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਮੁਦਰਾਸਫੀਤੀ ਵਰਤਮਾਨ ਵਿੱਚ ਬਹੁਤ ਘੱਟ ਅਤੇ ਨਿਯੰਤਰਿਤ ਪੱਧਰ ‘ਤੇ ਹੈ, ਜੋ ਸੱਚੇ ਜਨ-ਹਿਤੈਸ਼ੀ ਸ਼ਾਸਨ ਨੂੰ ਦਰਸਾਉਂਦੀ ਹੈ। ਨਤੀਜੇ ਵਜੋਂ, ਭਾਰਤ ਦੀ ਵਿਕਾਸ ਦਰ ਲਗਭਗ ਅੱਠ ਪ੍ਰਤੀਸ਼ਤ ਤੱਕ ਪਹੁੰਚ ਗਈ ਹੈ, ਜਿਸ ਨਾਲ ਇਹ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਬਣ ਗਈ ਹੈ। ਇਹ ਜ਼ਿਕਰਯੋਗ ਉਪਲਬਧੀ 140 ਕਰੋੜ ਭਾਰਤੀਆਂ ਦੀ ਸ਼ਕਤੀ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਮਾਣ ਹੈ।
ਪ੍ਰਧਾਨ ਮੰਤਰੀ ਨੇ ਭਾਰਤ ਨੂੰ ਆਤਮਨਿਰਭਰ ਬਣਾਉਣ ਦੇ ਉਦੇਸ਼ ਨਾਲ ਸੁਧਾਰਾਂ ਦੀ ਯਾਤਰਾ ਜਾਰੀ ਰੱਖਣ ਦੀ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਆਤਮਨਿਰਭਰ ਭਾਰਤ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਇੱਕ ਸਮਰਪਿਤ ਅਭਿਆਨ ਹੈ।” ਉਨ੍ਹਾਂ ਨੇ ਦੇਸ਼ ਭਰ ਦੇ ਸਾਰੇ ਅਧਿਆਪਕਾਂ ਤੋਂ ਹਰੇਕ ਵਿਦਿਆਰਥੀ ਵਿੱਚ ਆਤਮਨਿਰਭਰਤਾ ਦੀ ਭਾਵਨਾ ਜਗਾਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਸਰਲ ਭਾਸ਼ਾ ਅਤੇ ਸਥਾਨਕ ਬੋਲੀਆਂ ਵਿੱਚ ਆਤਮਨਿਰਭਰ ਭਾਰਤ ਦੇ ਮਹੱਤਵ ਨੂੰ ਸਮਝਾਉਣ ਵਿੱਚ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਇਹ ਸਮਝਣ ਲਈ ਪ੍ਰੇਰਿਤ ਕਰਨ ਦੀ ਤਾਕੀਦ ਕੀਤੀ ਕਿ ਦੂਸਰਿਆਂ ‘ਤੇ ਨਿਰਭਰ ਇੱਕ ਰਾਸ਼ਟਰ ਕਦੇ ਵੀ ਓਨੀ ਤੇਜ਼ੀ ਨਾਲ ਪ੍ਰਗਤੀ ਨਹੀਂ ਕਰ ਸਕਦਾ, ਜਿੰਨਾ ਉਸ ਦੀ ਅਸਲ ਸਮਰੱਥਾ ਹੈ। ਪ੍ਰਧਾਨ ਮੰਤਰੀ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਅਜਿਹੇ ਅਭਿਆਸਾਂ ਵਿੱਚ ਸ਼ਾਮਲ ਕਰਨ ਲਈ ਪ੍ਰੋਤਸਾਹਿਤ ਕੀਤਾ,. ਜੋ ਰੋਜ਼ਾਨਾ ਜੀਵਨ ਵਿੱਚ ਆਯਾਤ ਕੀਤੇ ਉਤਪਾਦਾਂ ਦੀ ਮੌਜੂਦਗੀ ਨੂੰ ਉਜਾਗਰ ਕਰਦੇ ਹੋਣ ਅਤੇ ਸਵਦੇਸ਼ੀ ਵਿਕਲਪਾਂ ਦੇ ਉਪਯੋਗ ਨੂੰ ਹੁਲਾਰਾ ਦਿੰਦੇ ਹੋਣ। ਉਨ੍ਹਾਂ ਨੇ ਭਾਰਤ ਦੁਆਰਾ ਖੁਰਾਕ ਤੇਲ ਦੇ ਆਯਾਤ ‘ਤੇ ਸਲਾਨਾ 1 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕਰਨ ਦੀ ਉਦਾਹਰਣ ਦਿੰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰਾਸ਼ਟਰੀ ਵਿਕਾਸ ਲਈ ਆਤਮਨਿਰਭਰਤਾ ਜ਼ਰੂਰੀ ਹੈ।
ਸਵਦੇਸ਼ੀ ਨੂੰ ਹੁਲਾਰਾ ਦੇਣ ਦੀ ਮਹਾਤਮਾ ਗਾਂਧੀ ਦੀ ਵਿਰਾਸਤ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਇਸ ਪੀੜ੍ਹੀ ਦਾ ਕਰਤੱਵ ਹੈ ਕਿ ਉਹ ਉਸ ਮਿਸ਼ਨ ਨੂੰ ਪੂਰਾ ਕਰਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਖੁਦ ਤੋਂ ਪੁੱਛਣਾ ਚਾਹੀਦਾ ਹੈ, “ਮੈਂ ਆਪਣੇ ਦੇਸ਼ ਦੀ ਕਿਸੇ ਵੀ ਜ਼ਰੂਰਤ ਨੂੰ ਪੂਰਾ ਕਰਨ ਲਈ ਕੀ ਕਰ ਸਕਦਾ ਹਾਂ? ਰਾਸ਼ਟਰ ਦੀਆਂ ਜ਼ਰੂਰਤਾਂ ਨਾਲ ਖੁਦ ਨੂੰ ਜੋੜਨਾ ਬਹੁਤ ਜ਼ਰੂਰੀ ਹੈ।” ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਹੀ ਉਹ ਦੇਸ਼ ਹੈ, ਜੋ ਸਾਨੂੰ ਜੀਵਨ ਵਿੱਚ ਅੱਗੇ ਵਧਾਉਂਦਾ ਹੈ, ਸਾਨੂੰ ਬਹੁਤ ਕੁਝ ਦਿੰਦਾ ਹੈ, ਇਸ ਲਈ ਹਰੇਕ ਵਿਦਿਆਰਥੀ ਨੂੰ ਹਮੇਸ਼ਾ ਆਪਣੇ ਦਿਲ ਵਿੱਚ ਇਹ ਵਿਚਾਰ ਰੱਖਣਾ ਚਾਹੀਦਾ ਹੈ; ਮੈਂ ਆਪਣੇ ਦੇਸ਼ ਨੂੰ ਕੀ ਦੇ ਸਕਦਾ ਹਾਂ ਅਤੇ ਦੇਸ਼ ਦੀਆਂ ਕਿੰਨੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮੈਂ ਮਦਦ ਕਰ ਸਕਦਾ ਹਾਂ?
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਨੋਵੇਸ਼ਨ, ਵਿਗਿਆਨ ਅਤੇ ਟੈਕਨੋਲੋਜੀ ਵਿੱਚ ਭਾਰਤੀ ਵਿਦਿਆਰਥੀਆਂ ਦੀ ਵਧਦੀ ਦਿਲਚਸਪੀ ਦੀ ਸ਼ਲਾਘਾ ਕੀਤੀ ਅਤੇ ਲੱਖਾਂ ਲੋਕਾਂ ਨੂੰ ਵਿਗਿਆਨਕ ਅਤੇ ਨਵੀਨਤਾਕਾਰੀ ਬਣਨ ਲਈ ਪ੍ਰੇਰਿਤ ਕਰਨ ਵਿੱਚ ਚੰਦ੍ਰਯਾਨ ਮਿਸ਼ਨ ਦੀ ਸਫ਼ਲਤਾ ਨੂੰ ਇਸ ਦਾ ਕ੍ਰੈਡਿਟ ਦਿੱਤਾ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਪੁਲਾੜ ਮਿਸ਼ਨ ਤੋਂ ਵਾਪਸੀ ਨੇ ਉਨ੍ਹਾਂ ਦੇ ਸਕੂਲ ਭਾਈਚਾਰੇ ਨੂੰ ਊਰਜਾਵਾਨ ਬਣਾਇਆ ਅਤੇ ਸਿੱਖਿਆ ਤੋਂ ਇਲਾਵਾ ਨੌਜਵਾਨਾਂ ਦੀ ਸੋਚ ਨੂੰ ਆਕਾਰ ਦੇਣ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਵਿੱਚ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ।
ਪ੍ਰਧਾਨ ਮੰਤਰੀ ਨੇ ਅਟਲ ਇਨੋਵੇਸ਼ਨ ਮਿਸ਼ਨ ਅਤੇ ਅਟਲ ਟਿੰਕਰਿੰਗ ਲੈਬਸ ਰਾਹੀਂ ਹੁਣ ਉਪਲਬਧ ਸਮਰਥਨ ਨੂੰ ਉਜਾਗਰ ਕੀਤਾ, ਜਿਨ੍ਹਾਂ ਦੀ ਦੇਸ਼ ਭਰ ਵਿੱਚ 10,000 ਤੋਂ ਵੱਧ ਲੈਬਸ ਪਹਿਲਾਂ ਹੀ ਸਥਾਪਿਤ ਹੋ ਚੁੱਕੀਆਂ ਹਨ। ਸਰਕਾਰ ਨੇ ਭਾਰਤ ਭਰ ਦੇ ਯੁਵਾ ਇਨੋਵੇਟਰਸ ਨੂੰ ਇਨੋਵੇਸ਼ਨ ਦੇ ਵੱਧ ਮੌਕੇ ਪ੍ਰਦਾਨ ਕਰਨ ਲਈ ਵਾਧੂ 50,000 ਲੈਬਸ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ, “ਇਨ੍ਹਾਂ ਪਹਿਲਕਦਮੀਆਂ ਦੀ ਸਫ਼ਲਤਾ ਬਹੁਤ ਹੱਦ ਤੱਕ ਅਧਿਆਪਕਾਂ ਦੇ ਸਮਰਪਿਤ ਯਤਨਾਂ ‘ਤੇ ਨਿਰਭਰ ਕਰਦੀ ਹੈ, ਜੋ ਅਗਲੀ ਪੀੜ੍ਹੀ ਦੇ ਇਨੋਵੇਟਰਸ ਨੂੰ ਮਾਰਗਦਰਸ਼ਕ ਪ੍ਰਦਾਨ ਕਰਦੇ ਹਨ।”
ਸ਼੍ਰੀ ਮੋਦੀ ਨੇ ਨੌਜਵਾਨਾਂ ਨੂੰ ਡਿਜੀਟਲ ਤੌਰ ‘ਤੇ ਸਸ਼ਕਤ ਬਣਾਉਣ ਅਤੇ ਨਾਲ ਹੀ ਉਨ੍ਹਾਂ ਨੂੰ ਡਿਜੀਟਲ ਦੁਨੀਆ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਾਉਣ ‘ਤੇ ਸਰਕਾਰ ਦੇ ਦੋਹਰੇ ਵਿਸ਼ੇਸ਼ ਧਿਆਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸੰਸਦ ਵਿੱਚ ਹਾਲ ਹੀ ਵਿੱਚ ਪਾਸ ਔਨਲਾਈਨ ਗੇਮਿੰਗ ਨੂੰ ਨਿਯਮਿਤ ਕਰਨ ਵਾਲੇ ਕਾਨੂੰਨ ਦਾ ਹਵਾਲਾ ਦਿੱਤਾ, ਜਿਸ ਦਾ ਉਦੇਸ਼ ਵਿਦਿਆਰਥੀਆਂ ਅਤੇ ਪਰਿਵਾਰਾਂ ਨੂੰ ਨਸ਼ਾਖੋਰੀ, ਆਰਥਿਕ ਤੌਰ ‘ਤੇ ਸ਼ੋਸ਼ਣਕਾਰੀ ਅਤੇ ਹਿੰਸਕ ਕੰਟੈਂਟ ਤੋਂ ਬਚਾਉਣਾ ਹੈ।
ਪ੍ਰਧਾਨ ਮੰਤਰੀ ਨੇ ਅਧਿਆਪਕਾਂ ਨੂੰ ਇਨ੍ਹਾਂ ਜੋਖਮਾਂ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਵਧਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਗਲੋਬਲ ਗੇਮਿੰਗ ਖੇਤਰ ਵਿੱਚ ਵਿਸ਼ੇਸ਼ ਤੌਰ ‘ਤੇ ਪਰੰਪਰਾਗਤ ਭਾਰਤੀ ਖੇਡਾਂ ਦਾ ਲਾਭ ਉਠਾ ਕੇ ਅਤੇ ਇਨੋਵੇਟਰਸ ਸਟਾਰਟਅੱਪਸ ਨੂੰ ਸਮਰਥਨ ਦੇ ਕੇ, ਭਾਰਤ ਦੀ ਮੌਜੂਦਗੀ ਨੂੰ ਹੁਲਾਰਾ ਦੇਣ ਲਈ ਸਰਕਾਰ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਵਿਦਿਆਰਥੀਆਂ ਨੂੰ ਜ਼ਿੰਮੇਵਾਰ ਗੇਮਿੰਗ ਅਤੇ ਡਿਜੀਟਲ ਅਵਸਰਾਂ ਬਾਰੇ ਸਿੱਖਿਅਤ ਕਰਕੇ, ਸਰਕਾਰ ਇਸ ਵਧਦੇ ਉਦਯੋਗ ਵਿੱਚ ਨੌਜਵਾਨਂ ਲਈ ਆਸ਼ਾਜਨਕ ਕਰੀਅਰ ਵਿਕਲਪ ਬਣਾਉਣ ਦੀ ਕਲਪਨਾ ਕਰਦੀ ਹੈ।”
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਧਿਆਪਕਾਂ ਨੂੰ ‘ਵੋਕਲ ਪੋਰ ਲੋਕਲ’ ਅਭਿਆਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਤਾਕੀਦ ਕੀਤੀ, ਜੋ ਸਵਦੇਸ਼ੀ ਉਤਪਾਦਾਂ ਨੂੰ ਭਾਰਤ ਦੇ ਮਾਣ ਅਤੇ ਸਵੈ-ਮਾਣ ਦੇ ਪ੍ਰਤੀਕ ਵਜੋਂ ਅਪਣਾਉਣ ਲਈ ਪ੍ਰੋਤਸਾਹਿਤ ਕਰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਸਕੂਲ ਪ੍ਰੋਜੈਕਟਾਂ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਕਰਨ ‘ਤੇ ਜ਼ੋਰ ਦਿੱਤਾ ਜੋ ‘ਮੇਕ ਇਨ ਇੰਡੀਆ’ ਵਸਤੂਆਂ ਦੀ ਪਹਿਚਾਣ ਕਰਦੀਆਂ ਹਨ ਅਤੇ ਉਨ੍ਹਾਂ ਦਾ ਜਸ਼ਨ ਮਨਾਉਂਦੀਆਂ ਹਨ।
ਪ੍ਰਧਾਨ ਮੰਤਰੀ ਨੇ ਅਜਿਹੇ ਕਾਰਜ ਸੁਝਾਏ ਜੋ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਘਰ ‘ਤੇ ਸਥਾਨਕ ਉਤਪਾਦਾਂ ਦੇ ਉਪਯੋਗ ਦੀ ਪਹਿਚਾਣ ਕਰਨ ਵਿੱਚ ਮਦਦ ਕਰਦੇ ਹਨ ਅਤੇ ਘੱਟ ਉਮਰ ਤੋਂ ਹੀ ਜਾਗਰੂਕਤਾ ਵਧਾਉਂਦੇ ਹਨ। ਉਨ੍ਹਾਂ ਨੇ ਕਲਾ ਅਤੇ ਸ਼ਿਲਪਕਾਰੀ ਕਲਾਸਾਂ ਅਤੇ ਸਕੂਲ ਸਮਾਰੋਹਾਂ ਵਿੱਚ ਸਵਦੇਸ਼ੀ ਸਮੱਗਰੀਆਂ ਦੇ ਉਪਯੋਗ ਨੂੰ ਵੀ ਪ੍ਰੋਤਸਾਹਿਤ ਕੀਤਾ, ਤਾਂ ਜੋ ਭਾਰਤੀ ਨਿਰਮਿਤ ਵਸਤੂਆਂ ਦੇ ਪ੍ਰਤੀ ਮਾਣ ਦੀ ਭਾਵਨਾ ਦਾ ਆਜੀਵਨ ਪੋਸ਼ਣ ਹੋ ਸਕੇ।
ਸ਼੍ਰੀ ਮੋਦੀ ਨੇ ਸਕੂਲਾਂ ਨੂੰ ‘ਸਵਦੇਸ਼ੀ ਸਪਤਾਹ’ ਅਤੇ ‘ਸਥਾਨਕ ਉਤਪਾਦ ਦਿਵਸ’ ਜਿਹੀ ਪਹਿਲ ਆਯੋਜਿਤ ਕਰਨ ਦਾ ਸੱਦਾ ਦਿੱਤਾ, ਜਿੱਥੇ ਵਿਦਿਆਰਥੀ ਆਪਣੇ ਪਰਿਵਾਰਾਂ ਤੋਂ ਸਥਾਨਕ ਉਤਪਾਦ ਲੈਣ ਅਤੇ ਉਨ੍ਹਾਂ ਦੀਆਂ ਕਹਾਣੀਆਂ ਸ਼ਾਂਝੀਆਂ ਕਰਨ। ਉਨ੍ਹਾਂ ਨੇ ਡੂੰਘੀ ਜਾਗਰੂਕਤਾ ਵਧਾਉਣ ਲਈ ਇਨ੍ਹਾਂ ਉਤਪਦਾਂ ਦੀ ਉਤਪਤੀ, ਨਿਰਮਾਤਾਵਾਂ ਅਤੇ ਰਾਸ਼ਟਰੀ ਮਹੱਤਵ ‘ਤੇ ਚਰਚਾ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਵਿਦਿਆਰਥੀਆਂ ਅਤੇ ਸਥਾਨਕ ਕਾਰੀਗਰਾਂ ਦਰਮਿਆਨ ਸੰਵਾਦ ਹੋਣਾ ਚਾਹੀਦਾ ਹੈ, ਜਿਸ ਵਿੱਚ ਪੀੜ੍ਹੀਆ ਤੋਂ ਚਲੀ ਆ ਰਹੀ ਸਵਦੇਸ਼ੀ ਸ਼ਿਲਪਕਾਰੀ ਅਤੇ ਮੈਨੂਫੈਕਚਰਿੰਗ ਦੀ ਕੀਮਤ ਨੂੰ ਉਜਾਗਰ ਕੀਤਾ ਜਾਵੇ। ਸਥਾਨਕ ਉਤਪਾਦਾਂ ਦੇ ਪ੍ਰਤੀ ਮਾਣ ਪੈਦਾ ਕਰਨ ਲਈ ਜਨਮ ਦਿਨ ਜਿਹੇ ਅਵਸਰਾਂ ‘ਤੇ ਭਾਰਤ ਵਿੱਚ ਬਣੇ ਤੋਹਫਿਆਂ ਨੂੰ ਪ੍ਰੋਤਸਾਹਿਤ ਕੀਤਾ ਜਾ ਸਕਦਾ ਹੈ। ਅਜਿਹੇ ਯਤਨ ਨੌਜਵਾਨਾਂ ਵਿੱਚ ਦੇਸ਼ ਭਗਤੀ, ਆਤਮਵਿਸ਼ਵਾਸ ਅਤੇ ਕਿਰਤ ਦੇ ਪ੍ਰਤੀ ਸਨਮਾਨ ਦਾ ਪੋਸ਼ਣ ਕਰਨਗੇ ਅਤੇ ਉਨ੍ਹਾਂ ਦੀ ਨਿਜੀ ਸਫਲਤਾ ਨੂੰ ਰਾਸ਼ਟਰ ਦੀ ਪ੍ਰਗਤੀ ਨਾਲ ਜੋੜਨਗੇ।”
ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅਧਿਆਪਕ ਰਾਸ਼ਟਰ ਨਿਰਮਾਣ ਦੇ ਇਸ ਮਿਸ਼ਨ ਨੂੰ ਸਮਰਪਣ ਦੇ ਨਾਲ ਅੱਗੇ ਵਧਾਉਂਦੇ ਰਹਿਣਗੇ। ਸ਼੍ਰੀ ਮੋਦੀ ਨੇ ਸਾਰੇ ਪੁਰਸਕਾਰ ਜੇਤੂ ਅਧਿਆਪਕਾਂ ਨੂੰ ਉਨ੍ਹਾਂ ਦੇ ਬੇਮਿਸਾਲੀ ਯੋਗਦਾਨ ਲਈ ਵਧਾਈ ਦਿੰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ।
https://twitter.com/narendramodi/status/1963617486764491149
https://twitter.com/narendramodi/status/1963617790507565170
https://twitter.com/narendramodi/status/1963618078996001137
https://twitter.com/narendramodi/status/1963618371754185046
https://twitter.com/narendramodi/status/1963618654085370065
https://twitter.com/narendramodi/status/1963618950933073959
https://twitter.com/narendramodi/status/1963619274510958774
***************
ਐੱਮਜੇਪੀਐੱਸ/ਵੀਜੇ
(Release ID: 2164352)
Visitor Counter : 2