ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਭਾਰਤ ਦੇ ਤੇਲ ਅਤੇ ਗੈਸ ਜਨਤਕ ਖੇਤਰ ਦੇ ਅਦਾਰੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ: ਹਰਦੀਪ ਸਿੰਘ ਪੁਰੀ
Posted On:
30 AUG 2025 12:44PM by PIB Chandigarh
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਭਾਰਤ ਨੇ ਖੇਡਾਂ ਲਈ ਆਪਣੇ ਨੀਤੀਗਤ ਫੋਕਸ ਅਤੇ ਜਨਤਕ ਨਿਵੇਸ਼ ਨੂੰ ਵਧਾ ਦਿੱਤਾ ਹੈ। ਮੰਤਰੀ ਨੇ ਜ਼ੋਰ ਦੇ ਕੇ ਕਿਹਾ "ਇਸ ਸਬੰਧ ਵਿੱਚ, ਭਾਰਤ ਦੇ ਤੇਲ ਅਤੇ ਗੈਸ ਜਨਤਕ ਖੇਤਰ ਦੇ ਅਦਾਰਿਆਂ ਨੇ ਇੱਕ ਮੋਹਰੀ ਭੂਮਿਕਾ ਨਿਭਾਈ ਹੈ ।

ਮੰਤਰੀ ਰਾਸ਼ਟਰੀ ਖੇਡ ਦਿਵਸ ਦੇ ਸਬੰਧ ਵਿੱਚ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀਐਸਪੀਬੀ) ਦੁਆਰਾ ਦਿੱਲੀ ਸੌਕਰ ਐਸੋਸੀਏਸ਼ਨ ਅਤੇ ਸੁਦੇਵਾ ਅਕੈਡਮੀ ਦੇ ਸਹਿਯੋਗ ਨਾਲ ਆਯੋਜਿਤ ਇੱਕ ਸਮਾਗਮ ਵਿੱਚ ਬੋਲ ਰਹੇ ਸਨ। 29 ਅਗਸਤ ਨੂੰ ਭਾਰਤ ਦੇ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦਾ ਜਨਮ ਦਿਨ ਹੈ। ਪੀਐੱਸਪੀਬੀ ਦੀ ਮੈਂਬਰ ਸਕੱਤਰ ਸ਼੍ਰੀਮਤੀ ਸਬੀਨਾ ਚੌਧਰੀ ਅਤੇ ਸੁਦੇਵਾ ਦਿੱਲੀ ਐੱਫਸੀ ਦੇ ਪ੍ਰਧਾਨ ਸ਼੍ਰੀ ਅਨੁਜ ਗੁਪਤਾ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ।
ਭਾਰਤ ਦੇ ਖੇਡ ਖੇਤਰ ਵਿੱਚ ਆਏ ਬਦਲਾਅ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਪੁਰੀ ਨੇ ਕਿਹਾ, "2014 ਤੋਂ ਬਾਅਦ, ਭਾਰਤ ਨੂੰ 'ਖੇਡ ਰਾਸ਼ਟਰ' ਬਣਾਉਣ ਲਈ ਠੋਸ ਯਤਨ ਕੀਤੇ ਗਏ ਹਨ। ਹੁਣ ਹੋਣਹਾਰ ਨੌਜਵਾਨਾਂ ਨੂੰ ਉੱਚ ਪੱਧਰੀ ਸਫਲਤਾ ਪ੍ਰਾਪਤ ਕਰਨ ਲਈ ਡੂੰਘਾ ਸਮਰਥਨ ਮਿਲ ਰਿਹਾ ਹੈ, ਨਾ ਸਿਰਫ ਫੰਡਿੰਗ ਦੇ ਮਾਮਲੇ ਵਿੱਚ, ਸਗੋਂ ਪੋਸ਼ਣ, ਖੇਡ ਵਿਗਿਆਨ ਅਤੇ ਕੋਚਿੰਗ ਸਮੇਤ ਪੂਰੇ ਈਕੋਸਿਸਟਮ ਦੇ ਵਿਕਾਸ ਵਿੱਚ ਵੀ।"
ਉਨ੍ਹਾਂ ਨੇ ਕਿਹਾ ਕਿ ਸੰਸਦ ਦੇ ਪਿਛਲੇ ਸੈਸ਼ਨ ਵਿੱਚ, ਜੋ ਸਿਰਫ਼ ਇੱਕ ਹਫ਼ਤਾ ਪਹਿਲਾਂ ਸਮਾਪਤ ਹੋਇਆ ਸੀ, ਇਤਿਹਾਸਕ ਰਾਸ਼ਟਰੀ ਖੇਡ ਸ਼ਾਸਨ ਬਿੱਲ, 2025 ਨੂੰ ਖੇਡ ਫੈਡਰੇਸ਼ਨਾਂ ਅਤੇ ਸੰਸਥਾਵਾਂ ਦੇ ਸ਼ਾਸਨ ਢਾਂਚੇ ਨੂੰ ਮੁੜ ਸੁਰਜੀਤ ਕਰਨ ਲਈ ਪਾਸ ਕੀਤਾ ਗਿਆ ਸੀ - ਇਸ ਤਰ੍ਹਾਂ ਜਵਾਬਦੇਹੀ ਵਧਦੀ ਹੈ।
"ਨਤੀਜੇ ਇਨ੍ਹੇਂ ਪਰਿਵਰਤਨਸ਼ੀਲ ਨੀਤੀਆਂ ਦੀ ਸਫਲਤਾ ਨੂੰ ਦਰਸਾਉਂਦੇ ਹਨ," ਮੰਤਰੀ ਨੇ ਕਿਹਾ । "ਪਿਛਲੇ ਦਸ ਵਰ੍ਹਿਆਂ ਨੇ ਇਹ ਦਿਖਾਇਆ ਹੈ: 2023 ਦੀਆਂ ਏਸ਼ੀਆਈ ਖੇਡਾਂ ਅਤੇ 2024 ਦੀਆਂ ਪੈਰਾ ਏਸ਼ੀਆਈ ਖੇਡਾਂ ਵਿੱਚ, ਅਸੀਂ ਕ੍ਰਮਵਾਰ 107 ਮੈਡਲ ਅਤੇ 29 ਮੈਡਲ (7 ਗੋਲਡ, 9 ਚਾਂਦੀ ਅਤੇ 13 ਕਾਂਸੀ) ਦੇ ਰਿਕਾਰਡ ਮੈਡਲ ਪ੍ਰਾਪਤ ਕੀਤੇ।"
ਪੀਐੱਸਪੀਬੀ ਦੇ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ, ਸ਼੍ਰੀ ਪੁਰੀ ਨੇ ਕਿਹਾ, "ਇਸ ਪਰਿਵਰਤਨ ਨੂੰ ਸ਼ੁਨਿਸਚਿਤ ਕਰਨ ਵਿੱਚ ਮਦਦ ਕਰਨ ਵਾਲੇ ਬਹੁਤ ਸਾਰੇ ਹਿੱਤਧਾਰਕਾਂ ਵਿੱਚੋਂ, ਪੀਐੱਸਪੀਬੀ ਦਾ ਵਿਸ਼ੇਸ਼ ਜ਼ਿਕਰ ਹੈ, ਜੋ ਕਿ ਦੇਸ਼ ਦੇ ਸਭ ਤੋਂ ਵੱਡੇ ਖੇਡ ਪ੍ਰਮੋਸ਼ਨ ਸੰਗਠਨਾਂ ਵਿੱਚੋਂ ਇੱਕ ਹੈ, ਜਿਸ ਵਿੱਚ 16 ਮੈਂਬਰ ਸੰਗਠਨ ਸ਼ਾਮਲ ਹਨ, ਜਦੋਂ ਕਿ 19 ਖੇਡ ਵਿਧਾਵਾਂ ਵਿੱਚ ਮੁਕਾਬਲਿਆਂ ਦਾ ਸਮਰਥਨ ਅਤੇ ਆਯੋਜਨ ਕਰਦੇ ਹਨ।"
ਦਹਾਕਿਆਂ ਤੋਂ, ਪੀਐੱਸਪੀਬੀ ਦੇ ਐਥਲੀਟਾਂ ਨੇ ਲਗਾਤਾਰ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਵਿੱਚ 151 ਰਾਸ਼ਟਰੀ ਪੁਰਸਕਾਰ ਜੇਤੂ ਪੀਐੱਸਪੀਬੀ ਖਿਡਾਰੀ ਰਹੇ ਹਨ। ਇਨ੍ਹਾਂ ਵਿੱਚ 3 ਪਦਮ ਭੂਸ਼ਣ, 13 ਪਦਮ ਸ਼੍ਰੀ, 10 ਮੇਜਰ ਧਿਆਨ ਚੰਦ ਖੇਲ ਰਤਨ, 1 ਦਰੋਣਾਚਾਰੀਆ ਪੁਰਸਕਾਰ, 7 ਧਿਆਨ ਚੰਦ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਅਤੇ 117 ਅਰਜੁਨ ਪੁਰਸਕਾਰ ਜੇਤੂ ਸ਼ਾਮਲ ਹਨ।
ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਵਿੱਚ ਪੀਐੱਸਪੀਬੀ ਦੀ ਭੂਮਿਕਾ 'ਤੇ ਵੀ ਚਾਨਣਾ ਪਾਇਆ - ਇਹ ਜ਼ਿਲ੍ਹਾ ਉਨ੍ਹਾਂ ਨੇ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਅਧੀਨ ਅਪਣਾਇਆ ਹੈ। ਉਨ੍ਹਾਂ ਨੇ ਕਿਹਾ "ਪੀਐੱਸਪੀਬੀ ਨੇ ਤੀਰਅੰਦਾਜ਼ੀ ਮੁਕਾਬਲੇ ਕਰਵਾ ਕੇ ਅਤੇ ਖੇਡ ਨੂੰ ਉਤਸ਼ਾਹਿਤ ਕਰਕੇ ਜ਼ਿਲ੍ਹੇ ਵਿੱਚ ਸ਼ਾਨਦਾਰ ਖੇਡ ਪ੍ਰਤਿਭਾ ਨੂੰ ਉਜਾਗਰ ਕੀਤਾ ਹੈ। ਹੁਣ, ਅਸੀਂ ਅਗਲੇ ਵਰ੍ਹੇ ਸੋਨਭੱਦਰ ਵਿੱਚ ਇੱਕ ਸੇਲਿੰਗ ਈਵੈਂਟ ਦਾ ਆਯੋਜਨ ਕਰਨ ਅਤੇ ਇੱਕ ਵਾਟਰ ਸਪੋਰਟਸ ਟ੍ਰੇਨਿੰਗ ਸੈਂਟਰ ਦੇ ਨਿਰਮਾਣ ਦਾ ਸਮਰਥਨ ਕਰਨ ਦੀ ਯੋਜਨਾ ਬਣਾ ਰਹੇ ਹਾਂ – ਇਹ ਅਜਿਹੀ ਪਹਿਲ ਜੋ ਭਾਰਤ ਦੇ ਉਭਰਦੇ ਖੇਡ ਈਕੋਸਿਸਟਮ ਨੂੰ ਮਜ਼ਬੂਤ ਕਰੇਗੀ," ।
ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ, ਸ਼੍ਰੀ ਪੁਰੀ ਨੇ ਕਿਹਾ, "ਮੈਨੂੰ ਇਸ ਪ੍ਰੋਗਰਾਮ ਵਿੱਚ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ ਜਿਸ ਨੂੰ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ ਦਿੱਲੀ ਸੌਕਰ ਐਸੋਸੀਏਸ਼ਨ ਦੇ ਨਾਲ ਮਿਲ ਕੇ ਆਯੋਜਿਤ ਕਰ ਰਿਹਾ ਹੈ।"
************
ਐੱਮਐੱਨ
(Release ID: 2162436)
Visitor Counter : 2