ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਰਾਜਸਥਾਨ ਦੇ ਜੈਪੁਰ ਸਥਿਤ ਹਸਪਤਾਲ ਵਿੱਚ ਮੈਡੀਕਲ ਲਾਪਰਵਾਹੀ ਕਾਰਨ ਇੱਕ ਮਹਿਲਾ ਦੀ ਕਥਿਤ ਮੌਤ ਦਾ ਖੁਦ ਨੋਟਿਸ ਲਿਆ
ਰਾਜ ਦੇ ਮੁੱਖ ਸਕੱਤਰ ਅਤੇ ਜੈਪੁਰ ਦੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਦੇ ਅੰਦਰ ਵਿਸਤ੍ਰਿਤ ਰਿਪੋਰਟ ਮੰਗੀ ਗਈ
प्रविष्टि तिथि:
28 AUG 2025 1:44PM by PIB Chandigarh
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਇੱਕ ਮੀਡੀਆ ਰਿਪੋਰਟ ਦਾ ਖੁਦ ਨੋਟਿਸ ਲਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ 21 ਅਗਸਤ, 2025 ਨੂੰ ਰਾਜਸਥਾਨ ਦੇ ਜੈਪੁਰ ਸਥਿਤ ਐੱਸਐੱਮਐੱਸ ਮੈਡੀਕਲ ਕਾਲਜ ਨਾਲ ਜੁੜੇ ਮਹਿਲਾ ਹਸਪਤਾਲ ਵਿੱਚ ਜਣੇਪੇ ਤੋਂ ਬਾਅਦ ਕਥਿਤ ਤੌਰ ’ਤੇ ਮੈਡੀਕਲ ਲਾਪਰਵਾਹੀ ਕਾਰਨ ਇੱਕ 26 ਵਰ੍ਹਿਆਂ ਦੀ ਮਹਿਲਾ ਦੀ ਮੌਤ ਹੋ ਗਈ। ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਨਾ ਤਾਂ ਹਸਪਤਾਲ ਦੇ ਕਰਮਚਾਰੀਆਂ ਅਤੇ ਨਾ ਹੀ ਡਾਕਟਰਾਂ ਨੇ ਉਸ ਦੀ ਦੇਖਭਾਲ ਕੀਤੀ, ਜਦੋਂ ਕਿ ਸਰਜਰੀ ਦੇ ਬਾਅਦ ਉਸ ਦਾ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ ਅਤੇ ਉਹ ਦਰਦ ਨਾਲ ਤੜਪ ਰਹੀ ਸੀ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਉਸਨੂੰ ਮਿਲਣ ਜਾਂ ਉਸ ਨੂੰ ਵਾਰਡ ਤੋਂ ਆਈਸੀਯੂ ਵਿੱਚ ਸ਼ਿਫਟ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ।
ਕਮਿਸ਼ਨ ਨੇ ਪਾਇਆ ਹੈ ਕਿ ਜੇਕਰ ਇਹ ਖ਼ਬਰ ਸੱਚ ਹੈ, ਤਾਂ ਇਹ ਪੀੜ੍ਹਤ ਮਹਿਲਾ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਗੰਭੀਰ ਮੁੱਦਾ ਉਠਾਉਂਦੀ ਹੈ। ਇਸ ਲਈ, ਕਮਿਸ਼ਨ ਨੇ ਰਾਜ ਦੇ ਮੁੱਖ ਸਕੱਤਰ ਅਤੇ ਜੈਪੁਰ ਦੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰ ਕੇ ਦੋ ਹਫ਼ਤਿਆਂ ਦੇ ਅੰਦਰ ਮਾਮਲੇ ਦੀ ਵਿਸਤ੍ਰਿਤ ਰਿਪੋਰਟ ਮੰਗੀ ਹੈ।
22 ਅਗਸਤ, 2025 ਨੂੰ ਪ੍ਰਕਾਸ਼ਿਤ ਮੀਡੀਆ ਰਿਪੋਰਟ ਦੇ ਅਨੁਸਾਰ, ਮਹਿਲਾ ਪੈਦਲ ਚੱਲ ਕੇ ਐੱਸਐੱਮਐੱਸ ਮੈਡੀਕਲ ਕਾਲਜ ਆਈ ਅਤੇ ਉਸ ਨੂੰ ਮਹਿਲਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ 19 ਅਗਸਤ, 2025 ਨੂੰ ਜਣੇਪੇ ਲਈ ਉਸ ਦਾ ਆਪ੍ਰੇਸ਼ਨ ਕੀਤਾ ਗਿਆ। ਪੀੜ੍ਹਤਾ ਦਾ ਰਾਤ ਭਰ ਬਹੁਤ ਜ਼ਿਆਦਾ ਖੂਨ ਵਹਿ ਗਿਆ ਅਤੇ ਅਗਲੀ ਸਵੇਰ ਉਸ ਦੀ ਮੌਤ ਹੋ ਗਈ। ਐੱਸਐੱਮਐੱਸ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਕਥਿਤ ਤੌਰ 'ਤੇ ਇਸ ਘਟਨਾ ਨੂੰ ਗੰਭੀਰ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਲਾਪਰਵਾਹੀ ਵਰਤਣ ਵਾਲਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
************
ਐੱਨਐੱਸਕੇ
(रिलीज़ आईडी: 2161560)
आगंतुक पटल : 36