ਰੱਖਿਆ ਮੰਤਰਾਲਾ
ਭਾਰਤੀ ਹਵਾਈ ਫੌਜ ਦੀ ਜੰਮੂ ਅਤੇ ਪੰਜਾਬ ਵਿੱਚ ਆਏ ਹੜ੍ਹਾਂ ਵਿੱਚ ਤੁਰੰਤ ਕਾਰਵਾਈ
ਉੱਤਰੀ ਪੰਜਾਬ ਅਤੇ ਜੰਮੂ ਖੇਤਰਾਂ ਵਿੱਚ ਭਾਰਤੀ ਹਵਾਈ ਫੌਜ ਦੇ ਤੇਜ਼ ਹੜ੍ਹ ਰਾਹਤ ਕਾਰਜ
Posted On:
27 AUG 2025 7:29PM by PIB Chandigarh
ਜੰਮੂ ਖੇਤਰ ਅਤੇ ਉੱਤਰੀ ਪੰਜਾਬ ਵਿੱਚ ਲਗਾਤਾਰ ਮੀਂਹ ਨਾਲ ਪਾਣੀ ਦੇ ਪੱਧਰ ਵਿੱਚ ਵਾਧੇ ਅਤੇ ਵਿਨਾਸ਼ਕਾਰੀ ਹੜ੍ਹਾਂ ਦੇ ਜਵਾਬ ਵਿੱਚ ਵਿਆਪਕ ਰਾਹਤ ਅਤੇ ਬਚਾਅ ਮਿਸ਼ਨ ਸ਼ੁਰੂ ਕਰਕੇ ਭਾਰਤੀ ਹਵਾਈ ਫੌਜ ਦੀ ਰਾਸ਼ਟਰੀ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ।
ਆਈਏਐੱਫ ਅਸਾਸਿਆਂ ਦੀ ਤੇਜ਼ੀ ਨਾਲ ਤੈਨਾਤੀ
-
ਹੈਲੀਕੌਪਟਰ ਫਲੀਟ ਦੀ ਕਾਰਵਾਈ: ਉੱਤਰੀ ਸੈਕਟਰ ਦੇ ਨੇੜਲੇ ਟਿਕਾਣਿਆਂ ਤੋਂ ਪੰਜ ਐੱਮਆਈ-17 ਹੈਲੀਕੌਪਟਰ ਅਤੇ ਇੱਕ ਚਿਨੂਕ ਹੈਲੀਕੌਪਟਰ ਨੂੰ ਤੁਰੰਤ ਸੇਵਾ ਲਈ ਬੁਲਾਇਆ ਗਿਆ, ਜਿਸ ਨਾਲ ਵੱਧ ਤੋਂ ਵੱਧ ਬਚਾਅ ਸਮਰੱਥਾ ਅਤੇ ਕਾਰਜਸ਼ੀਲ ਪਹੁੰਚ ਯਕੀਨੀ ਬਣਾਈ ਗਈ। ਬਚਾਅ ਯਤਨਾਂ ਵਿੱਚ ਸ਼ਾਮਲ ਹੋਣ ਲਈ ਵਾਧੂ ਹੈਲੀਕੌਪਟਰ ਤਿਆਰ-ਬਰ-ਤਿਆਰ ਰੱਖੇ ਗਏ ਹਨ।
-
ਟ੍ਰਾਂਸਪੋਰਟ ਏਅਰਕ੍ਰਾਫਟ ਸਹਾਇਤਾ: ਰਾਹਤ ਅਤੇ ਬਚਾਅ ਸਮੱਗਰੀ ਨਾਲ ਭਰਿਆ ਇੱਕ ਆਈਏਐੱਫ ਸੀ-130 ਟ੍ਰਾਂਸਪੋਰਟ ਏਅਰਕ੍ਰਾਫਟ, ਐੱਨਡੀਆਰਐੱਫ ਟੀਮ ਨਾਲ ਜੰਮੂ ਪਹੁੰਚਿਆ ਤਾਂ ਜੋ ਖੇਤਰ ਵਿੱਚ ਚੱਲ ਰਹੇ ਬਚਾਅ ਯਤਨਾਂ ਲਈ ਮਹੱਤਵਪੂਰਨ ਸਪਲਾਈ ਅਤੇ ਟ੍ਰੇਨਿੰਗ ਪ੍ਰਾਪਤ ਕਰਮਚਾਰੀ ਪਹੁੰਚਾਏ ਜਾ ਸਕਣ। ਬਚਾਅ ਕਾਰਜਾਂ ਵਿੱਚ ਸ਼ਾਮਲ ਹੋਣ ਲਈ ਵਾਧੂ ਟ੍ਰਾਂਸਪੋਰਟ ਏਅਰਕ੍ਰਾਫਟ ਤਿਆਰ-ਬਰ-ਤਿਆਰ ਰੱਖੇ ਗਏ ਹਨ।
ਬਚਾਅ ਮਿਸ਼ਨ
-
ਜੰਮੂ ਦਾ ਅਖਨੂਰ ਖੇਤਰ: ਤਾਲਮੇਲ ਅਤੇ ਕੁਸ਼ਲਤਾ ਦੇ ਸ਼ਾਨਦਾਰ ਪ੍ਰਦਰਸ਼ਨ ਵਿੱਚ, ਫੌਜ ਦੇ 12 ਜਵਾਨਾਂ ਅਤੇ ਬੀਐੱਸਐੱਫ ਦੀਆਂ 3 ਮਹਿਲਾ ਕਾਂਸਟੇਬਲਾਂ ਸਮੇਤ 11 ਬੀਐੱਸਐੱਫ ਜਵਾਨਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਆਈਏਐੱਫ ਚੁਣੌਤੀਪੂਰਨ ਹਾਲਾਤ ਵਿੱਚ ਹਥਿਆਰਬੰਦ ਬਲਾਂ ਦੇ ਜਵਾਨਾਂ ਦੀ ਸੁਰੱਖਿਆ ਲਈ ਵਚਨਬੱਧ ਹੈ।
-
ਪੰਜਾਬ ਦਾ ਪਠਾਨਕੋਟ ਖੇਤਰ: ਹੜ੍ਹ ਤੇਜ਼ ਹੋਣ ਕਾਰਨ ਆਈਏਐੱਫ ਦੇ ਹੈਲੀਕੌਪਟਰਾਂ ਨੇ ਫਸੇ 46 ਨਾਗਰਿਕਾਂ ਨੂੰ ਸਫਲਤਾਪੂਰਵਕ ਬਾਹਰ ਕੱਢਿਆ। ਇਸ ਤੋਂ ਇਲਾਵਾ, ਸਥਾਨਕ ਭਾਈਚਾਰਿਆਂ ਦੀ ਸਹਾਇਤਾ ਲਈ 750 ਕਿਲੋਗ੍ਰਾਮ ਤੋਂ ਵੱਧ ਲੋੜੀਂਦੀ ਰਾਹਤ ਸਮੱਗਰੀ ਹਵਾ ਰਾਹੀਂ ਸੁੱਟੀ ਗਈ।
-
ਡੇਰਾ ਬਾਬਾ ਨਾਨਕ ਖੇਤਰ: ਇੱਕ ਉੱਚ-ਜੋਖਮ ਵਾਲੀ ਕਾਰਵਾਈ ਵਿੱਚ, ਫੌਜ ਦੇ 38 ਜਵਾਨਾਂ ਅਤੇ ਬੀਐੱਸਐੱਫ ਦੇ 10 ਜਵਾਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਡੇਰਾ ਬਾਬਾ ਨਾਨਕ ਖੇਤਰ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ, ਜੋ ਕਿ ਖਤਰਨਾਕ ਹਾਲਾਤ ਵਿੱਚ ਵੀ ਭਾਰਤੀ ਹਵਾਈ ਫੌਜ ਦੀ ਤੁਰੰਤ ਪ੍ਰਤੀਕਿਰਿਆ ਅਤੇ ਪੇਸ਼ੇਵਰਤਾ ਨੂੰ ਦਰਸਾਉਂਦਾ ਹੈ। ਪ੍ਰਭਾਵਿਤ ਕਰਮਚਾਰੀਆਂ ਨੂੰ ਬਚਾਉਣ ਲਈ ਵਾਧੂ ਮਿਸ਼ਨ ਜਾਰੀ ਹਨ।
ਭਾਰਤੀ ਹਵਾਈ ਫੌਜ ਦੀਆਂ ਤੁਰੰਤ ਕਾਰਵਾਈਆਂ ਫੌਜ, ਬੀਐੱਸਐੱਫ, ਐੱਨਡੀਆਰਐੱਫ ਅਤੇ ਸਥਾਨਕ ਅਧਿਕਾਰੀਆਂ ਦੇ ਨੇੜਲੇ ਸਹਿਯੋਗ ਨਾਲ ਅਣਗਿਣਤ ਜਾਨਾਂ ਬਚਾਉਣ ਅਤੇ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਵਿੱਚ ਮਹੱਤਵਪੂਰਨ ਰਹੀਆਂ ਹਨ। ਉੱਨਤ ਹਵਾਈ ਅਸਾਸਿਆਂ ਅਤੇ ਉੱਚ ਕੁਸ਼ਲ ਅਮਲੇ ਦੀ ਤੈਨਾਤੀ ਨੇ ਅਤਿ ਖ਼ਰਾਬ ਮੌਸਮ ਵਿੱਚ ਤੇਜ਼, ਸੁਰੱਖਿਅਤ ਨਿਕਾਸੀ ਅਤੇ ਸਹਾਇਤਾ ਦੀ ਕੁਸ਼ਲ ਸਪੁਰਦਗੀ ਨੂੰ ਯਕੀਨੀ ਬਣਾਇਆ ਹੈ।
ਸਥਿਤੀ ਹੋਰ ਵਿਗੜਨ 'ਤੇ ਆਈਏਐੱਫ ਹੋਰ ਮਿਸ਼ਨਾਂ ਲਈ ਵੀ ਤਿਆਰ ਹੈ, ਜੋ ਕੁਦਰਤੀ ਆਫ਼ਤ ਦੇ ਸਮੇਂ ਰਾਸ਼ਟਰ ਅਤੇ ਇਸ ਦੇ ਨਾਗਰਿਕਾਂ ਪ੍ਰਤੀ ਇਸ ਦੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।
*****
ਆਈਐੱਨ/ਪੀਸੀ/ਆਰਐੱਸ
(Release ID: 2161385)