ਪੰਚਾਇਤੀ ਰਾਜ ਮੰਤਰਾਲਾ
ਪੰਚਾਇਤ ਲੀਡਰਸ ਨੇ ਲਾਲ ਕਿਲੇ ਵਿਖੇ 79ਵੇਂ ਆਜ਼ਾਦੀ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ; ਪੇਂਡੂ ਭਾਰਤ ਦੀ ਭਾਵਨਾ ਦਾ ਪ੍ਰਦਰਸ਼ਨ
ਪੰਚਾਇਤਾਂ ਨੇ ਪੰਚਾਇਤ ਲੀਡਰਸ ਦੇ ਸਨਮਾਨ ਸਮਾਰੋਹ ਵਿੱਚ 'ਸਭਾਸਾਰ' ਦੀ ਸ਼ੁਰੂਆਤ ਨਾਲ ਏਆਈ ਯੁੱਗ ਵਿੱਚ ਪ੍ਰਵੇਸ਼ ਕੀਤਾ
Posted On:
15 AUG 2025 5:19PM by PIB Chandigarh
ਇਸ ਸਾਲ ਦੇ ਸੁਤੰਤਰਤਾ ਦਿਵਸ ਦੀ ਥੀਮ "ਨਯਾ ਭਾਰਤ" ਦੇ ਅਨੁਸਾਰ ਜ਼ਮੀਨੀ ਪੱਧਰ 'ਤੇ ਲੋਕਤੰਤਰ ਦੇ ਇੱਕ ਇਤਿਹਾਸਕ ਸਮਾਰੋਹ ਵਿੱਚ, ਸਰਪੰਚ, ਮੁਖੀਆ ਅਤੇ ਗ੍ਰਾਮ ਪ੍ਰਧਾਨਾਂ ਸਮੇਤ ਭਾਰਤ ਭਰ ਤੋਂ ਲਗਭਗ 210 ਚੁਣੇ ਹੋਏ ਪੰਚਾਇਤ ਪ੍ਰਤੀਨਿਧੀਆਂ ਨੇ ਲਾਲ ਕਿਲੇ ਵਿਖੇ 79ਵੇਂ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਵਿਭਿੰਨ ਪਰੰਪਰਾਗਤ ਪਹਿਰਾਵੇ ਵਿੱਚ ਸਜੇ ਹੋਏ, ਉਨ੍ਹਾਂ ਨੇ ਪੇਂਡੂ ਭਾਰਤ ਦੀ ਸੱਭਿਆਚਾਰ ਅਤੇ ਭਾਵਨਾ ਦਾ ਪ੍ਰਦਰਸ਼ਨ ਕੀਤਾ, ਜੋ ਕਿ ਸ਼ਾਸਨ ਦੇ ਤੀਜੇ ਪੱਧਰ ਦੀ ਸ਼ਕਤੀ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਾਲ ਕਿਲੇ ਦੀ ਫਸੀਲ ਤੋਂ ਆਪਣੇ ਸੰਬੋਧਨ ਵਿੱਚ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੀ ਮੌਜੂਦਗੀ ਅਤੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ।
ਆਜ਼ਾਦੀ ਦਿਵਸ 2025 ਦੀ ਪੂਰਵ ਸੰਧਿਆ 'ਤੇ, ਇਨ੍ਹਾਂ ਵਿਸ਼ੇਸ਼ ਮਹਿਮਾਨਾਂ ਨੂੰ ਨਵੀਂ ਦਿੱਲੀ ਵਿੱਚ ਇੱਕ ਵਿਸ਼ੇਸ਼ ਸਮਾਗਮ "ਆਤਮਨਿਰਭਰ ਪੰਚਾਇਤ, ਵਿਕਸਿਤ ਭਾਰਤ ਦੀ ਪਹਿਚਾਣ" ਵਿੱਚ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਕੇਂਦਰੀ ਪੰਚਾਇਤੀ ਰਾਜ ਅਤੇ ਮੱਛੀ ਪਾਲਣ ਪਸ਼ੂ ਪਾਲਣ ਅਤੇ ਡੇਅਰੀ (ਐੱਫਏਐੱਚਡੀ), ਸ਼੍ਰੀ ਰਾਜੀਵ ਰੰਜਨ ਸਿੰਘ ਉਰਫ਼ ਲੱਲਨ ਸਿੰਘ ਦੇ ਨਾਲ ਕੇਂਦਰੀ ਪੰਚਾਇਤੀ ਰਾਜ ਅਤੇ ਐੱਫਏਐੱਚਡੀ ਰਾਜ ਮੰਤਰੀ ਪ੍ਰੋ. ਐਸ. ਪੀ. ਸਿੰਘ ਬਘੇਲ ਵੀ ਸ਼ਾਮਲ ਹੋਏ। ਸਕੱਤਰ, ਐਮਓਪੀਆਰ ਸ਼੍ਰੀ ਵਿਵੇਕ ਭਾਰਦਵਾਜ ਦੇ ਨਾਲ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਦੇਸ਼ ਭਰ ਤੋਂ 425 ਤੋਂ ਵੱਧ ਭਾਗੀਦਾਰ ਵੀ ਇਸ ਮੌਕੇ 'ਤੇ ਮੌਜੂਦ ਸਨ। ਇਨ੍ਹਾਂ ਵਿਸ਼ੇਸ਼ ਮਹਿਮਾਨਾਂ ਨੇ 'ਸਭਾਸਾਰ' ਦਾ ਉਦਘਾਟਨ ਵੀ ਦੇਖਿਆ, ਜੋ ਕਿ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੁਆਰਾ ਸੰਚਾਲਿਤ ਟੂਲ ਹੈ ਜੋ ਗ੍ਰਾਮ ਸਭਾਵਾਂ ਅਤੇ ਹੋਰ ਪੰਚਾਇਤ ਮੀਟਿੰਗਾਂ ਦੀਆਂ ਆਡੀਓ ਅਤੇ ਵੀਡੀਓ ਰਿਕਾਰਡਿੰਗਾਂ ਤੋਂ ਆਪਣੇ ਆਪ ਹੀ ਢਾਂਚਾਗਤ ਮੀਟਿੰਗ ਮਿੰਟ (ਐਮਓਐਮ) ਤਿਆਰ ਕਰਦਾ ਹੈ ਅਤੇ ਗ੍ਰਾਮੋਦਯ ਸੰਕਲਪ ਪੱਤ੍ਰਿਕਾ ਦੇ 16ਵਾਂ ਐਡੀਸ਼ਨ ਵੀ ਰਿਲੀਜ਼ ਕੀਤਾ ਗਿਆ। ਇਹ ਇੱਕ ਈ-ਪ੍ਰਕਾਸ਼ਨ ਜੋ ਪੰਚਾਇਤ ਸਸ਼ਕਤੀਕਰਣ, ਸਥਾਨਕ ਸ਼ਾਸਨ ਅਤੇ ਨਵੀਨਤਾ ਵਿੱਚ ਮੁੱਖ ਸੂਝ, ਸਫਲਤਾ ਦੀਆਂ ਕਹਾਣੀਆਂ ਅਤੇ ਪ੍ਰੇਰਨਾਦਾਇਕ ਤਜ਼ਰਬਿਆਂ ਨੂੰ ਉਜਾਗਰ ਕਰਦਾ ਹੈ। 16ਵੇਂ ਐਡੀਸ਼ਨ ਦਾ ਵਿਸ਼ਾ "ਪੰਚਾਇਤੀ ਰਾਜ ਸੰਸਥਾਵਾਂ ਰਾਹੀਂ ਮਹਿਲਾ ਸਸ਼ਕਤੀਕਰਣ" ਹੈ।


ਇਨ੍ਹਾਂ ਵਿਸ਼ੇਸ਼ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ, ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਨੇ ਚੁਣੇ ਹੋਏ ਪੰਚਾਇਤ ਪ੍ਰਤੀਨਿਧੀਆਂ ਦੀ ਉਨ੍ਹਾਂ ਦੇ ਮਿਸਾਲੀ ਜ਼ਮੀਨੀ ਪੱਧਰ ਦੇ ਕੰਮ ਅਤੇ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਜਿਵੇਂ ਕਿ ਹਰ ਘਰ ਜਲ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ), ਮਿਸ਼ਨ ਇੰਦਰਧਨੁਸ਼, ਪ੍ਰਧਾਨ ਮੰਤਰੀ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਆਦਿ ਨੂੰ ਪੂਰਾ ਕਰਨ ਵਿੱਚ ਯੋਗਦਾਨ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਵਿੱਤੀ ਸਹਾਇਤਾ ਵਿੱਚ ਇਤਿਹਾਸਕ ਵਾਧਾ ਹੋਇਆ ਹੈ (ਪਿਛਲੇ ਦਹਾਕੇ ਵਿੱਚ ਪ੍ਰਤੀ ਵਿਅਕਤੀ ਸਲਾਨਾ ਅਲਾਟਮੈਂਟ ₹176 ਤੋਂ ਵਧ ਕੇ ₹674 ਹੋ ਗਈ ਹੈ)। ਉਨ੍ਹਾਂ ਇਹ ਵੀ ਦੱਸਿਆ ਕਿ ਰਾਸ਼ਟਰੀ ਗ੍ਰਾਮ ਸਵਰਾਜ ਅਭਿਆਨ ਦੇ ਤਹਿਤ, ਪਿਛਲੇ ਪੰਜ ਸਾਲਾਂ ਵਿੱਚ ਲਗਭਗ 1.76 ਕਰੋੜ ਭਾਗੀਦਾਰਾਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਚਾਇਤ ਪ੍ਰਤੀਨਿਧੀ ਹਨ, ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਸਵਾਮਿਤਵ ਯੋਜਨਾ ਦੇ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਦੇਸ਼ ਦੇ 3.26 ਲੱਖ ਤੋਂ ਵੱਧ ਪਿੰਡਾਂ ਵਿੱਚ ਡਰੋਨ ਸਰਵੇਖਣ ਪੂਰੇ ਕੀਤੇ ਗਏ ਹਨ, ਜਿਸ ਦੇ ਨਤੀਜੇ ਵਜੋਂ 2.63 ਕਰੋੜ ਤੋਂ ਵੱਧ ਕਾਨੂੰਨੀ ਤੌਰ 'ਤੇ ਮਾਨਤਾ ਪ੍ਰਾਪਤ ਪ੍ਰਾਪਰਟੀ ਕਾਰਡ ਵੰਡੇ ਗਏ ਹਨ। ਕੇਂਦਰੀ ਮੰਤਰੀ ਨੇ ਦੁਹਰਾਇਆ ਕਿ ਸਵਾਮਿਤਵ ਨੇ ਪਰਿਵਾਰਾਂ ਨੂੰ ਕਰਜ਼ੇ ਪ੍ਰਾਪਤ ਕਰਨ, ਵਿਵਾਦਾਂ ਨੂੰ ਹੱਲ ਕਰਨ ਅਤੇ ਸਥਾਨਕ ਸ਼ਾਸਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਪੰਚਾਇਤ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਦੇ ਵਿਕਾਸ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਨਿਰੰਤਰ ਸਮਰਪਣ ਦਿਖਾਉਣ।
ਕੇਂਦਰੀ ਪੰਚਾਇਤੀ ਰਾਜ ਰਾਜ ਮੰਤਰੀ, ਪ੍ਰੋ. ਐਸ. ਪੀ. ਸਿੰਘ ਬਘੇਲ ਨੇ ਆਪਣੇ ਸੰਬੋਧਨ ਵਿੱਚ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਨਮਨ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਪੰਚਾਇਤਾਂ ਪੈਨਸ਼ਨਾਂ, ਸਰਟੀਫਿਕੇਟ, ਪੀਐਮ-ਕਿਸਾਨ ਲਾਭ ਅਤੇ ਆਯੁਸ਼ਮਾਨ ਕਾਰਡ ਪ੍ਰਦਾਨ ਕਰਨ ਵਾਲੇ ਸੇਵਾ ਪ੍ਰਦਾਨ ਕਰਨ ਵਾਲੇ ਕੇਂਦਰਾਂ ਵਿੱਚ ਵਿਕਸਿਤ ਹੋਈਆਂ ਹਨ। ਉਨ੍ਹਾਂ ਨੇ ਪੀਆਰਆਈ ਵਿੱਚ ਔਰਤਾਂ ਦੀ 46% ਪ੍ਰਤੀਨਿਧਤਾ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਪੂਰਨ ਸਸ਼ਕਤੀਕਰਣ ਲਈ ਜ਼ੋਰ ਦਿੱਤਾ। ਪ੍ਰੋ. ਬਘੇਲ ਨੇ ਪੰਚਾਇਤ ਪ੍ਰਤੀਨਿਧੀਆਂ ਨੂੰ ਦਿੱਲੀ ਦੀ ਵਿਰਾਸਤ ਤੋਂ ਪ੍ਰੇਰਨਾ ਲੈਣ ਅਤੇ ਆਪਣੇ ਖੇਤਰਾਂ ਦੇ ਵਿਕਾਸ ਲਈ ਨਵੇਂ ਵਿਚਾਰਾਂ ਨਾਲ ਵਾਪਸ ਜਾਣ ਲਈ ਉਤਸ਼ਾਹਿਤ ਕੀਤਾ।
ਸਕੱਤਰ, ਐੱਮਓਪੀਆਰ, ਸ਼੍ਰੀ ਵਿਵੇਕ ਭਾਰਦਵਾਜ ਨੇ ਮਹਿਮਾਨਾਂ ਨੂੰ ਸੰਬੋਧਨ ਕਰਦੇ ਹੋਏ, ਗ੍ਰਾਮ ਪੰਚਾਇਤ ਪ੍ਰਦਰਸ਼ਨ ਦੇ ਮੁਲਾਂਕਣ ਅਤੇ ਸੁਧਾਰ ਲਈ ਇੱਕ ਸਾਧਨ ਵਜੋਂ ਹਾਲ ਹੀ ਵਿੱਚ ਵਿਕਸਿਤ ਕੀਤੇ ਗਏ ਪੰਚਾਇਤ ਐਡਵਾਂਸਮੈਂਟ ਇੰਡੈਕਸ (ਪੀਏਆਈ) ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਗ੍ਰਾਮ ਸਭਾ ਦੀ ਕਾਰਵਾਈ ਨੂੰ ਵਧੇਰੇ ਕੁਸ਼ਲ, ਪਾਰਦਰਸ਼ੀ ਅਤੇ ਸਮਾਵੇਸ਼ੀ ਬਣਾਉਣ ਲਈ ਮੰਤਰਾਲੇ ਦੇ ਨਵੇਂ ਏਆਈ-ਸੰਚਾਲਿਤ ਸਮਾਧਾਨ, ਸਭਾਸਾਰ ਵੀ ਪੇਸ਼ ਕੀਤਾ। ਜਦੋਂ ਕਿ ਐੱਮਓਪੀਆਰ ਦੇ ਵਧੀਕ ਸਕੱਤਰ ਸ਼੍ਰੀ ਸੁਸ਼ੀਲ ਕੁਮਾਰ ਲੋਹਾਨੀ ਨੇ ਮੰਤਰਾਲੇ ਦੇ ਮੁੱਖ ਡਿਜੀਟਲ ਅਤੇ ਸ਼ਾਸਨ ਪਹਿਲਕਦਮੀਆਂ ਬਾਰੇ ਗੱਲ ਕੀਤੀ ਅਤੇ ਪੰਚਾਇਤਾਂ ਨੂੰ ਉਨ੍ਹਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਰਾਸ਼ਟਰੀ ਰਾਜਧਾਨੀ ਦੀ ਆਪਣੀ ਫੇਰੀ ਦੇ ਹਿੱਸੇ ਵਜੋਂ, ਵਿਸ਼ੇਸ਼ ਮਹਿਮਾਨਾਂ ਨੇ ਪ੍ਰਧਾਨ ਮੰਤਰੀ ਸੰਗ੍ਰਿਹਾਲਯ ਦਾ ਦੌਰਾ ਵੀ ਕੀਤਾ, ਭਾਰਤ ਦੇ ਮਾਣਮੱਤੇ ਇਤਿਹਾਸ ਅਤੇ ਇਤਿਹਾਸਕ ਪ੍ਰਾਪਤੀਆਂ ਦਾ ਡੂੰਘਾਈ ਨਾਲ ਦ੍ਰਿਸ਼ ਪ੍ਰਾਪਤ ਕੀਤਾ ਅਤੇ ਹਰ ਘਰ ਤਿਰੰਗਾ ਅਭਿਆਨ ਵਿੱਚ ਵੀ ਹਿੱਸਾ ਲਿਆ।
ਸਭਾਸਾਰ ਬਾਰੇ
ਐਡਵਾਂਸਡ ਏਆਈ ਅਤੇ ਨੈਚੁਰਲ ਲੈਂਗੂਏਜ ਪ੍ਰੋਸੈਸਿੰਗ (ਐਨਐਲਪੀ) ਦੁਆਰਾ ਸੰਚਾਲਿਤ, 'ਸਭਾਸਾਰ' ਚਰਚਾਵਾਂ ਨੂੰ ਟ੍ਰਾਂਸਕ੍ਰਾਇਬ ਕਰਦਾ ਹੈ, ਮੁੱਖ ਫੈਸਲਿਆਂ ਅਤੇ ਕਾਰਜ ਬਿੰਦੂਆਂ ਦੀ ਪਛਾਣ ਕਰਦਾ ਹੈ, ਅਤੇ ਮੀਟਿੰਗ ਦੇ ਚੰਗੀ ਤਰ੍ਹਾਂ ਫਾਰਮੈੱਟ ਕੀਤੇ ਮਿੰਟ ਤਿਆਰ ਕਰਦਾ ਹੈ। 'ਭਾਸ਼ਿਣੀ' (ਭਾਰਤ ਸਰਕਾਰ ਦੇ ਰਾਸ਼ਟਰੀ ਭਾਸ਼ਾ ਅਨੁਵਾਦ ਮਿਸ਼ਨ ਦੇ ਅਧੀਨ) ਨਾਲ ਏਕੀਕ੍ਰਿਤ ਇਹ ਟੂਲ ਵਰਤਮਾਨ ਵਿੱਚ 13 ਭਾਰਤੀ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ, ਜਿਸ ਵਿੱਚ ਵਿਸਥਾਰ ਦੀ ਗੁੰਜਾਇਸ਼ ਹੈ, ਵਿਭਿੰਨ ਭਾਸ਼ਾਈ ਖੇਤਰਾਂ ਵਿੱਚ ਪੰਚਾਇਤਾਂ ਲਈ ਸਮਾਵੇਸ਼ ਨੂੰ ਯਕੀਨੀ ਬਣਾਉਂਦਾ ਹੈ। ਐੱਮਓਪੀਆਰਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 15 ਅਗਸਤ 2025 ਨੂੰ ਵਿਸ਼ੇਸ਼ ਗ੍ਰਾਮ ਸਭਾਵਾਂ ਦੇ ਦਸਤਾਵੇਜ਼ੀਕਰਣ ਲਈ 'ਸਭਾਸਾਰ' ਦੀ ਵਰਤੋਂ ਕਰਨ ਦੀ ਬੇਨਤੀ ਕੀਤੀ ਹੈ। ਤ੍ਰਿਪੁਰਾ ਇਸ ਮੌਕੇ ਲਈ ਸਾਰੀਆਂ 1,194 ਗ੍ਰਾਮ ਪੰਚਾਇਤਾਂ ਅਤੇ ਰਵਾਇਤੀ ਸਥਾਨਕ ਸੰਸਥਾਵਾਂ ਦੁਆਰਾ ਇਸ ਟੂਲ ਨੂੰ ਅਪਣਾਏ ਜਾਣ ਦੇ ਨਾਲ, ਰਾਹ ਦੀ ਅਗਵਾਈ ਕਰੇਗਾ। ਇਹ ਨਾ ਸਿਰਫ਼ ਪੰਚਾਇਤਾਂ ਦੀ ਸਹਾਇਤਾ ਕਰੇਗਾ ਬਲਕਿ ਵਾਸਤਵਿਕ ਦੁਨੀਆ ਦੀ ਵਰਤੋਂ ਦੇ ਅਧਾਰ ਤੇ ਪ੍ਰਣਾਲੀ ਨੂੰ ਸੁਧਾਰਣ ਵਿੱਚ ਵੀ ਸਹਾਇਤਾ ਕਰੇਗਾ। 'ਸਭਾਸਾਰ' ਨੂੰ ਅਪਣਾ ਕੇ, ਪੰਚਾਇਤਾਂ ਪਾਰਦਰਸ਼ੀ, ਜਵਾਬਦੇਹ, ਅਤੇ ਟੈਕਨੋਲੋਜੀ-ਸਮਰੱਥ ਸਥਾਨਕ ਸ਼ਾਸਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕ ਰਹੀਆਂ ਹਨ।
************
ਅਦਿਤੀ ਅਗਰਵਾਲ
(Release ID: 2157106)