ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਆਧਾਰ ਫੇਸ ਔਥੈਂਟੀਕੇਸ਼ਨ ਰਾਹੀਂ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੇ ਨਵਾਂ ਮੁਕਾਮ ਹਾਸਲ ਕੀਤਾ, ਸਿਰਫ਼ 6 ਮਹੀਨਿਆਂ ਵਿੱਚ 100 ਕਰੋੜ ਤੋਂ ਵਧ ਕੇ 200 ਕਰੋੜ ਟ੍ਰਾਂਜੈਕਸ਼ਨਸ ਹੋਏ
ਯੂਆਈਡੀਏਆਈ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਆਧਾਰ ਆਈਡੀ ਵੈਰੀਫਿਕੇਸ਼ਨ ਨੂੰ ਸਫਲ ਬਣਾਉਣ ਲਈ ਸਰਕਾਰਾਂ, ਬੈਂਕਾਂ ਅਤੇ ਸਰਵਿਸ ਪ੍ਰੋਵਾਈਡਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ: ਸ਼੍ਰੀ ਭੁਵਨੇਸ਼ ਕੁਮਾਰ, ਸੀਈਓ, ਯੂਆਈਡੀਏਆਈ
Posted On:
11 AUG 2025 7:44PM by PIB Chandigarh
ਇਸ ਆਜ਼ਾਦੀ ਦਿਵਸ ਦੇ ਮੌਕੇ 'ਤੇ, ਆਜ਼ਾਦੀ ਸਿਰਫ਼ ਇੱਕ ਕਦਮ ਦੂਰ ਹੈ। ਆਧਾਰ ਫੇਸ ਔਥੈਂਟੀਕੇਸ਼ਨ ਰਾਹੀਂ ਆਧਾਰ ਧਾਰਕਾਂ ਨੂੰ ਆਪਣੀ ਪਛਾਣ ਤੁਰੰਤ, ਸੁਰੱਖਿਅਤ ਅਤੇ ਸੰਪਰਕ ਰਹਿਤ ਢੰਗ ਨਾਲ, ਕਿਸੇ ਵੀ ਸਮੇਂ, ਕਿਤੇ ਵੀ, ਬਿਨਾ ਕਿਸੇ ਦਸਤਾਵੇਜ਼ ਦੀ ਜ਼ਰੂਰਤ ਦੇ ਤਸਦੀਕ ਕਰਨ ਦੀ ਆਗਿਆ ਦਿੰਦਾ ਹੈ।
10 ਅਗਸਤ 2025 ਨੂੰ, ਯੂਆਈਡੀਏਆਈ ਨੇ ਫੇਸ ਔਥੈਂਟੀਕੇਸ਼ਨ ਪ੍ਰਕਿਰਿਆ ਦੇ 200 ਕਰੋੜ ਟ੍ਰਾਂਜੈਕਸ਼ਨਸ ਦੇ ਮੀਲ ਪੱਥਰ ਦਾ ਜਸ਼ਨ ਮਨਾਇਆ, ਜੋ ਕਿ ਭਾਰਤ ਦੀ ਇੱਕ ਸਰਲ, ਸੁਰੱਖਿਅਤ ਅਤੇ ਕਾਗਜ਼ ਰਹਿਤ ਔਥੈਂਟੀਕੇਸ਼ਨ ਪ੍ਰਣਾਲੀ ਵੱਲ ਤੇਜ਼ੀ ਨਾਲ ਵਧਦੀ ਪ੍ਰਗਤੀ ਨੂੰ ਦਰਸਾਉਂਦਾ ਹੈ।
ਇਸ ਪ੍ਰਣਾਲੀ ਨੂੰ ਅਪਣਾਉਣ ਦੀ ਰਫਤਾਰ ਲਗਾਤਾਰ ਵਧ ਰਹੀ ਹੈ। 2024 ਦੇ ਅੱਧ ਤੱਕ, 50 ਕਰੋੜ ਟ੍ਰਾਂਜੈਕਸ਼ਨਸ ਦਰਜ ਕੀਤੀਆਂ ਗਈਆਂ ਸਨ। ਜਨਵਰੀ 2025 ਵਿੱਚ, ਇਹ ਗਿਣਤੀ ਲਗਭਗ ਪੰਜ ਮਹੀਨਿਆਂ ਵਿੱਚ ਦੁੱਗਣੀ ਹੋ ਕੇ 100 ਕਰੋੜ ਹੋ ਗਈ। ਇਸ ਮਗਰੋਂ, ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ, ਇਹ ਅੰਕੜਾ ਦੁਬਾਰਾ ਦੁੱਗਣਾ ਹੋ ਕੇ 200 ਕਰੋੜ ਦੇ ਬੇਮਿਸਾਲ ਮੀਲ ਪੱਥਰ 'ਤੇ ਪਹੁੰਚ ਗਿਆ ਹੈ।
ਇਸ ਉਪਲਬਧੀ ਦੇ ਮੌਕੇ 'ਤੇ ਬੋਲਦੇ ਹੋਏ, ਯੂਆਈਡੀਏਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਭੁਵਨੇਸ਼ ਕੁਮਾਰ ਨੇ ਕਿਹਾ, "ਇੰਨੇ ਘੱਟ ਸਮੇਂ ਵਿੱਚ 200 ਕਰੋੜ ਆਧਾਰ ਫੇਸ ਔਥੈਂਟੀਕੇਸ਼ਨ ਦੀ ਪ੍ਰਕਿਰਿਆ ਦੀ ਟ੍ਰਾਂਜੈਕਸ਼ਨ ਦੇ ਮੁਕਾਮ ਤੱਕ ਪੁੱਜਣਾ, ਨਿਵਾਸੀਆਂ ਅਤੇ ਸਰਵਿਸ ਪ੍ਰੋਵਾਈਡਰਾਂ, ਦੋਵਾਂ ਦੇ ਆਧਾਰ ਦੀ ਸੁਰੱਖਿਅਤ, ਸਮਾਵੇਸ਼ੀ ਅਤੇ ਨਵੀਨਤਾਕਾਰੀ ਪ੍ਰਣਾਲੀ ਵਿੱਚ ਵਿਸ਼ਵਾਸ ਨੂੰ ਦਰਸਾਉਂਦਾ ਹੈ। ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ 100 ਕਰੋੜ ਤੋਂ 200 ਕਰੋੜ ਦੇ ਟ੍ਰਾਂਜੈਕਸ਼ਨਸ ਦਾ ਸਫ਼ਰ, ਇਸ ਦੇ ਵਿਸਥਾਰ ਅਤੇ ਦੇਸ਼ ਦੇ ਪੈਮਾਨੇ ਅਤੇ ਮਜ਼ਬੂਤ ਡਿਜੀਟਲ ਤਿਆਰੀ ਦਾ ਪ੍ਰਮਾਣ ਹੈ।" ਉਨ੍ਹਾਂ ਅੱਗੇ ਕਿਹਾ, "ਪਿੰਡਾਂ ਤੋਂ ਲੈ ਕੇ ਵੱਡੇ ਸ਼ਹਿਰਾਂ ਤੱਕ, ਯੂਆਈਡੀਏਆਈ ਸਰਕਾਰਾਂ, ਬੈਂਕਾਂ ਅਤੇ ਸਰਵਿਸ ਪ੍ਰੋਵਾਈਡਰਾਂ ਨਾਲ ਮਿਲ ਕੇ ਆਧਾਰ ਫੇਸ ਔਥੈਂਟੀਕੇਸ਼ਨ ਦੀ ਵਿਵਸਥਾ ਨੂੰ ਇੱਕ ਸ਼ਾਨਦਾਰ ਸਫਲਤਾ ਬਣਾਉਣ ਅਤੇ ਹਰੇਕ ਭਾਰਤੀ ਨੂੰ ਆਪਣੀ ਪਛਾਣ ਤੁਰੰਤ, ਸੁਰੱਖਿਅਤ ਢੰਗ ਨਾਲ ਅਤੇ ਕਿਤੇ ਵੀ ਸਾਬਤ ਕਰਨ ਦੀ ਸ਼ਕਤੀ ਦੇਣ ਲਈ ਕੰਮ ਕਰ ਰਿਹਾ ਹੈ।"
ਆਧਾਰ ਅਧਾਰਿਤ ਫੇਸ ਔਥੈਂਟੀਕੇਸ਼ਨ ਦੀ ਪ੍ਰਕਿਰਿਆ ਦੇ, ਸਿਰਫ਼ ਛੇ ਮਹੀਨਿਆਂ ਵਿੱਚ 100 ਕਰੋੜ ਤੋਂ 200 ਕਰੋੜ ਟ੍ਰਾਂਜੈਕਸ਼ਨਸ ਦਾ ਤੇਜ਼ੀ ਨਾਲ ਵਾਧਾ ਡਿਜੀਟਲ ਇੰਡੀਆ ਦੇ ਮੁੱਖ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ, ਜੋ ਕਿ ਦੇਸ਼ ਨੂੰ ਇੱਕ ਡਿਜੀਟਲ ਤੌਰ 'ਤੇ ਸਸ਼ਕਤ ਸਮਾਜ ਅਤੇ ਗਿਆਨ ਦੀ ਅਰਥਵਿਵਸਥਾ ਵਿੱਚ ਬਦਲ ਰਿਹਾ ਹੈ। ਦੇਸ਼ ਦੇ ਹਰ ਕੋਨੇ ਵਿੱਚ ਤੇਜ਼, ਸੁਰੱਖਿਅਤ ਅਤੇ ਕਾਗਜ਼ ਰਹਿਤ ਫੇਸ ਔਥੈਂਟੀਕੇਸ਼ਨ ਨੂੰ ਸਮਰੱਥ ਬਣਾ ਕੇ, UIDAI ਡਿਜੀਟਲ ਸ਼ਾਸਨ ਦੀ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਕਰ ਰਿਹਾ ਹੈ। ਇਹ ਸਫਲਤਾ ਸਿਰਫ਼ ਸੰਖਿਆਵਾਂ ਨੂੰ ਲੈ ਕੇ ਨਹੀਂ ਹੈ, ਸਗੋਂ ਇਸ ਤੱਥ ਦਾ ਵੀ ਪ੍ਰਮਾਣ ਹੈ ਕਿ ਸਮਾਵੇਸ਼ੀ ਟੈਕਨੋਲੋਜੀ ਨੂੰ ਕੁਸ਼ਲਤਾ ਨਾਲ ਇਸਤੇਮਾਲ ਕੀਤਾ ਜਾਂਦਾ ਹੈ, ਤਾਂ ਉਹ ਪਾੜੇ ਨੂੰ ਪੂਰਾ ਕਰ ਸਕਦੀ ਹੈ, ਨਾਗਰਿਕਾਂ ਨੂੰ ਹੋਰ ਸਸ਼ਕਤ ਬਣਾ ਸਕਦੀ ਹੈ ਅਤੇ ਸਹੀ ਅਰਥਾਂ ਵਿੱਚ ਭਰੋਸੇਮੰਦ ਡਿਜੀਟਲ ਭਵਿੱਖ ਵੱਲ ਭਾਰਤ ਦੀ ਯਾਤਰਾ ਨੂੰ ਤੇਜ਼ ਰਫਤਾਰ ਦੇ ਸਕਦੀ ਹੈ।
************
ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਤ
(Release ID: 2155670)