ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਫਿਲੀਪੀਨਸ ਦੇ ਰਾਸ਼ਟਰਪਤੀ ਦੀ ਮੇਜ਼ਬਾਨੀ ਕੀਤੀ
ਭਾਰਤ ਆਪਣੀ ਐਕਟ ਈਸਟ ਪਾਲਿਸੀ, ਵਿਜ਼ਨ ਮਹਾਸਾਗਰ ਅਤੇ ਹਿੰਦ-ਪ੍ਰਸ਼ਾਂਤ ਵਿਜ਼ਨ ਵਿੱਚ ਫਿਲੀਪੀਨਸ ਨੂੰ ਇੱਕ ਪ੍ਰਮੁੱਖ ਸਾਂਝੇਦਾਰ ਮੰਨਦਾ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
Posted On:
05 AUG 2025 9:33PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (5 ਅਗਸਤ, 2025) ਰਾਸ਼ਟਰਪਤੀ ਭਵਨ ਵਿੱਚ ਫਿਲੀਪੀਨਸ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਫਰਡੀਨੈਂਡ ਰੋਮੁਅਲਡੇਜ਼ ਮਾਰਕੋਸ ਜੂਨੀਅਰ ਦਾ ਸੁਆਗਤ ਕੀਤਾ। ਉਨ੍ਹਾਂ ਨੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਦਾਅਵਤ (ਭੋਜ) ਦਾ ਵੀ ਆਯੋਜਨ ਕੀਤਾ।

ਰਾਸ਼ਟਰਪਤੀ ਫਰਡੀਨੈਂਡ ਰੋਮੁਅਲਡੇਜ਼ ਮਾਰਕੋਸ ਜੂਨੀਅਰ ਦੀ ਭਾਰਤ ਦੀ ਪਹਿਲੀ ਸਰਕਾਰੀ ਯਾਤਰਾ ‘ਤੇ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਫਿਲੀਪੀਨਸ ਦੇ ਦਰਮਿਆਨ ਦੀਰਘਕਾਲੀ ਮਿੱਤਰਤਾ ਹੈ ਜੋ ਸੱਭਿਅਤਾਗਤ ਸੰਪਰਕਾਂ, ਇਤਿਹਾਸਿਕ ਸਬੰਧਾਂ ਅਤੇ ਸਾਂਝੀਆਂ ਕਦਰਾਂ-ਕੀਮਤਾਂ ‘ਤੇ ਅਧਾਰਿਤ ਹੈ।

ਰਾਸ਼ਟਰਪਤੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਸਾਡੇ ਵਿਆਪਕ ਸਹਿਯੋਗ ਵਿੱਚ ਨਿਰੰਤਰ ਉੱਚ-ਪੱਧਰੀ ਜੁੜਾਅ, ਫਲਦਾ-ਫੁੱਲਦਾ ਵਪਾਰ ਅਤੇ ਵਣਜ, ਸਮੁੰਦਰੀ ਖੇਤਰ ਸਹਿਤ ਮਜ਼ਬੂਤ ਰੱਖਿਆ ਅਤੇ ਸੁਰੱਖਿਆ ਸਹਿਯੋਗ, ਵਿਕਾਸ ਸਾਂਝੇਦਾਰੀ, ਸਿਹਤ ਸੇਵਾ ਅਤੇ ਔਸ਼ਧੀ ਖੇਤਰ ਵਿੱਚ ਸਹਿਯੋਗ, ਖੇਤੀਬਾੜੀ, ਡਿਜੀਟਲ ਅਤੇ ਵਿੱਤੀ ਟੈਕਨੋਲੋਜੀ, ਸੱਭਿਆਚਾਰ, ਟੂਰਿਜ਼ਮ ਅਤੇ ਲੋਕਾਂ ਦੇ ਦਰਮਿਆਨ ਆਪਸੀ ਅਦਾਨ-ਪ੍ਰਦਾਨ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੁਵੱਲੇ ਸਬੰਧਾਂ ਨੂੰ ‘ਰਣਨੀਤਕ ਸਾਂਝੇਦਾਰੀ’ ਦੇ ਪੱਧਰ ਤੱਕ ਵਧਾਉਣ ਨਾਲ ਸਾਡੇ ਬਹੁਆਯਾਮੀ ਸਹਿਯੋਗ ਨੂੰ ਹੋਰ ਬਲ ਮਿਲੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਫਿਲੀਪੀਨਸ ਦੀ ਸਾਂਝੇਦਾਰੀ ਨਾ ਕੇਵਲ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਲਈ ਲਾਭਕਾਰੀ ਹੈ, ਬਲਕਿ ਇਹ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਦਾ ਅਧਾਰ ਵੀ ਹੈ। ਫਿਲੀਪੀਨਸ ਭਾਰਤ ਦੀ ਐਕਟ ਈਸਟ ਪਾਲਿਸੀ, ਮਹਾਸਾਗਰ ਵਿਜ਼ਨ (MAHASAGAR Vision) ਅਤੇ ਹਿੰਦ-ਪ੍ਰਸ਼ਾਂਤ (Indo-Pacific) ਖੇਤਰ ਦੇ ਪ੍ਰਤੀ ਸਾਡੇ ਦ੍ਰਿਸ਼ਟੀਕੋਣ ਵਿੱਚ ਇੱਕ ਮਹੱਤਵਪੂਰਨ ਸਾਂਝੇਦਾਰ ਹੈ। ਉਨ੍ਹਾਂ ਨੇ ਅਗਲੇ ਵਰ੍ਹੇ ਆਸੀਆਨ ਚੇਅਰ (ASEAN Chair) ਦੇ ਰੂਪ ਵਿੱਚ ਫਿਲੀਪੀਨਸ ਦੇ ਕਾਰਜਕਾਲ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਰਾਸ਼ਟਰਪਤੀ ਨੇ ਪਹਿਲਗਾਮ ਵਿੱਚ ਹੋਏ ਘਿਨਾਉਣੇ ਆਤੰਕਵਾਦੀ ਹਮਲੇ ਦੀ ਸਖ਼ਤ ਨਿੰਦਾ ਅਤੇ ਆਤੰਕਵਾਦ ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਦੇ ਪ੍ਰਤੀ ਇਕਜੁੱਟਤਾ ਅਤੇ ਸਮਰਥਨ ਦੇ ਲਈ ਫਿਲੀਪੀਨਸ ਸਰਕਾਰ ਦਾ ਵੀ ਧੰਨਵਾਦ ਕੀਤਾ।
ਰਾਸ਼ਟਰਪਤੀ ਨੇ ਫਿਲੀਪੀਨਸ ਦੇ ਨਾਲ ਵਿਕਾਸ ਸਹਿਯੋਗ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ, ਜਿਸ ਵਿੱਚ ਤੇਜ਼ ਪ੍ਰਭਾਵ ਪ੍ਰੋਜੈਕਟਾਂ (Quick Impact Projects) ਦਾ ਲਾਗੂਕਰਨ ਵੀ ਸ਼ਾਮਲ ਹੈ, ਜਿਨ੍ਹਾਂ ਦਾ ਉਦੇਸ਼ ਸਥਾਨਕ ਭਾਈਚਾਰਿਆਂ ਦੇ ਰੋਜ਼ਾਨਾ ਜੀਵਨ ਨੂੰ ਸਿੱਧਾ ਲਾਭ ਪਹੁੰਚਾਉਣਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਸਮੁੰਦਰੀ ਖੇਤਰ ਵਿੱਚ, ਵਿਸ਼ੇਸ਼ ਤੌਰ ‘ਤੇ ਮਾਨਵੀ ਸਹਾਇਤਾ ਅਤੇ ਆਪਦਾ ਰਾਹਤ (Humanitarian Assistance and Disaster Relief) ਅਤੇ ਖੋਜ ਤੇ ਬਚਾਅ (Search and Rescue) ਦੇ ਖੇਤਰ ਵਿੱਚ, ਸਮਾਨ ਹਿਤ ਅਤੇ ਚਿੰਤਾਵਾਂ ਹਨ ਅਤੇ ਸਾਂਝੇਦਾਰ ਦੇ ਰੂਪ ਵਿੱਚ, ਅਸੀਂ ਇਨ੍ਹਾਂ ਖੇਤਰਾਂ ਵਿੱਚ ਇੱਕ-ਦੂਸਰੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।
ਦੋਹਾਂ ਨੇਤਾਵਾਂ ਨੇ ਸਹਿਮਤੀ ਵਿਅਕਤ ਕੀਤੀ ਕਿ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦੇ ਉਤਸਵ ਦੇ ਨਾਲ ਹੋ ਰਹੀ ਇਹ ਯਾਤਰਾ ਭਾਰਤ ਅਤੇ ਫਿਲੀਪੀਨਸ ਦੇ ਦਰਮਿਆਨ ਇੱਕ ਮਜ਼ਬੂਤ ਸਾਂਝੇਦਾਰੀ ਬਣਾਉਣ ਵਿੱਚ ਮਦਦ ਕਰੇਗੀ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
***
ਐੱਮਜੇਪੀਐੱਸ/ਐੱਸਆਰ
(Release ID: 2153017)