ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਏਮਸ, ਕਲਿਆਣੀ ਦੇ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਈ

Posted On: 30 JUL 2025 5:37PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ (30 ਜੁਲਾਈ, 2025) ਏਮਸ, ਕਲਿਆਣੀ ਦੇ ਪਹਿਲੇ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਈ।

ਇਸ ਮੌਕੇ 'ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਦੇ ਪ੍ਰਤੀ ਸੁਚੇਤ ਡਾਕਟਰਾਂ ਨੇ ਰਾਸ਼ਟਰ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਜ਼ਾਦੀ ਦੇ ਸਮੇਂ ਔਸਤ ਜੀਵਨ ਸੰਭਾਵਨਾ ਸਿਰਫ 32 ਵਰ੍ਹੇ ਸੀ, ਹੁਣ ਦੁੱਗਣੀ ਤੋਂ ਵੀ ਵੱਧ ਕੇ ਲਗਭਗ 70 ਵਰ੍ਹੇ ਹੋ ਗਈ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਟੀਕਾਕਰਨ ਦੇ ਖੇਤਰ ਵਿੱਚ ਅਸਾਧਾਰਣ ਪ੍ਰਗਤੀ ਹੋਈ ਹੈ। ਕਈ ਬਿਮਾਰੀਆਂ ਦਾ ਖਾਤਮਾ ਕੀਤਾ ਗਿਆ ਹੈ। ਉਦਾਹਰਣ ਵਜੋਂ, ਪਿਛਲੇ ਵਰ੍ਹੇ ਭਾਰਤ ਨੂੰ ਟ੍ਰੈਕੋਮਾ-ਮੁਕਤ ਐਲਾਨਿਆ ਗਿਆ ਸੀ। ਪਰ ਹਾਲੇ ਵੀ ਅਨੇਕਾਂ ਚੁਣੌਤੀਆਂ ਮੌਜੂਦ ਹਨ, ਜਿਨ੍ਹਾਂ ਨਾਲ ਨਜਿੱਠਣ ਵਿੱਚ ਨੌਜਵਾਨ ਡਾਕਟਰ ਨਿਰਣਾਇਕ ਭੂਮਿਕਾ ਨਿਭਾਉਣਗੇ। ਸ਼ੂਗਰ, ਦਿਲ ਦੇ ਰੋਗ ਅਤੇ ਮੋਟਾਪੇ ਜਿਹੀਆਂ ਸਿਹਤ ਸਮੱਸਿਆਵਾਂ ਨੂੰ ਕਾਬੂ ਕਰਨ ਵਿੱਚ ਡਾਕਟਰਾਂ ਦੀ ਭੂਮਿਕਾ ਸਰਕਾਰ ਅਤੇ ਹੋਰ ਹਿਤਧਾਰਕਾਂ ਨਾਲੋਂ ਵੱਡੀ ਹੈ।

 

ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਏਮਸ, ਕਲਿਆਣੀ ਦੇ ਪਹਿਲੇ ਬੈਚ ਦੇ ਵਿਦਿਆਰਥੀ ਹੋਣ ਦੇ ਨਾਤੇ, ਉਹ ਇਸ ਸੰਸਥਾਨ ਦੇ ਸਭ ਤੋਂ ਸੀਨੀਅਰ ਸਾਬਕਾ ਵਿਦਿਆਰਥੀ ਹਨ। ਇਸ ਸੰਸਥਾ ਦੀ ਪਹਿਚਾਣ ਬਣਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। ਇਸ ਤਰ੍ਹਾਂ, ਉਹ ਏਮਸ, ਕਲਿਆਣੀ ਦੇ ਭਵਿੱਖ ਨਿਰਮਾਤਾ ਵੀ ਹਨ।

ਮੈਡੀਕਲ ਸਾਇੰਸ ਦੇ ਖੇਤਰ ਵਿੱਚ ਹਰ ਰੋਜ਼ ਹੋ ਰਹੇ ਨਿੱਤ ਨਵੇਂ ਬਦਲਾਵਾਂ ਨੂੰ ਰੇਖਾਂਕਿਤ ਕਰਦੇ ਹੋਏ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਜੀਵਨ ਭਰ ਸਿੱਖਣ ਵਾਲੇ ਬਣਨ ਅਤੇ ਨਵੀਆਂ ਖੋਜਾਂ ਅਤੇ ਡਾਕਟਰੀ ਤਰੀਕਿਆਂ ਬਾਰੇ ਅਪਡੇਟ ਰਹਿਣ ਦੀ ਸਲਾਹ ਦਿੱਤੀ।

ਰਾਸ਼ਟਰਪਤੀ ਨੇ ਕਿਹਾ ਕਿ ਯੋਜਨਾਬੱਧ ਕਲਿਆਣੀ ਸ਼ਹਿਰ ਦਾ ਨੀਂਹ ਪੱਥਰ ਡਾ: ਬਿਧਾਨ ਚੰਦਰ ਰਾਏ ਨੇ ਰੱਖਿਆ ਸੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਰੂਪ ਵਿੱਚ ਆਪਣੇ ਲੰਬੇ ਕਾਰਜਕਾਲ ਦੇ ਦੌਰਾਨ ਵੀ ਡਾ: ਬੀ.ਸੀ. ਰਾਏ ਮਰੀਜ਼ਾਂ ਦੀ ਮੁਫ਼ਤ ਸੇਵਾ ਕਰਦੇ ਰਹੇ। ਉਨ੍ਹਾਂ ਨੇ ਏਮਸ ਕਲਿਆਣੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਸ਼ਾਸਕਾਂ ਨੂੰ ਕਿਹਾ ਕਿ ਉਹ ਏਮਸ ਕਲਿਆਣੀ ਨੂੰ ਰਾਸ਼ਟਰੀ ਗੌਰਵ ਦਾ ਸੰਸਥਾਨ ਬਣਾਉਣ ਦਾ ਸੰਕਲਪ ਲੈਣ। ਉਨ੍ਹਾਂ ਨੇ ਉਨ੍ਹਾਂ ਨੂੰ ਗ਼ਰੀਬਾਂ ਅਤੇ ਵਾਂਝਿਆਂ ਨੂੰ ਮੁਫ਼ਤ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਦੇ ਡਾ: ਬੀ.ਸੀ. ਰਾਏ ਦੀ ਉਦਾਹਰਣ ਦੀ ਪਾਲਣਾ ਕਰਨ ਦੀ ਵੀ ਸਲਾਹ ਦਿੱਤੀ।

ਰਾਸ਼ਟਰਪਤੀ ਨੇ ਡਾਕਟਰਾਂ ਨੂੰ ਕਿਹਾ ਕਿ ਉਹ ਅਜਿਹੀ ਜੀਵਨਸ਼ੈਲੀ ਅਪਣਾਉਣ, ਜੋ ਆਮ ਲੋਕਾਂ ਲਈ ਮਿਸਾਲ ਬਣ ਸਕਣ। ਉਨ੍ਹਾਂ ਨੇ ਕਿਹਾ ਕਿ ਜੈਨੇਟਿਕ ਲੱਛਣਾਂ ਦੀ ਗੱਲ ਵੱਖਰੀ ਹੈ, ਪਰ ਢੁਕਵੀਂ ਖੁਰਾਕ ਅਤੇ ਜੀਵਨਸ਼ੈਲੀ ਦੀ ਮਦਦ ਨਾਲ ਸਿਹਤ ਨਾਲ ਸਬੰਧਿਤ ਜ਼ਿਆਦਾਤਰ ਸਮੱਸਿਆਵਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਦਵਾਈਆਂ ਤੋਂ ਇਲਾਵਾ, ਜੀਵਨਸ਼ੈਲੀ ਨਾਲ ਜੁੜੀ ਸਲਾਹ ਵੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਡਾਕਟਰ ਕੋਈ ਸਲਾਹ ਦਿੰਦਾ ਹੈ, ਤਾਂ ਉਸ ਦਾ ਲੋਕਾਂ 'ਤੇ ਜ਼ਿਆਦਾ ਅਸਰ ਹੁੰਦਾ ਹੈ। ਜਦੋਂ ਡਾਕਟਰ ਖੁਦ ਆਦਰਸ਼ ਦੇ ਰੂਪ ਵਿੱਚ ਪੇਸ਼ ਕਰਦਾ ਹੈ, ਤਾਂ ਉਸ ਦਾ ਅਸਰ ਹੋਰ ਵੀ ਜ਼ਿਆਦਾ ਹੁੰਦਾ ਹੈ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ 

*****

ਐੱਮਜੇਪੀਐੱਸ/ ਐੱਸਆਰ/ ਬੀਐੱਮ


(Release ID: 2150545)