ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਯਾ ਅਤੇ ਸ਼੍ਰੀ ਸੰਜੇ ਸੇਠ ਨੇ ਕਾਰਗਿਲ ਯੁੱਧ ਵਿੱਚ ਭਾਰਤ ਦੀ ਜਿੱਤ ਦੇ 26 ਸਾਲਾਂ ਦੀ ਯਾਦ ਵਿੱਚ ਦਰਾਸ ਵਿੱਚ 'ਕਾਰਗਿਲ ਵਿਜੇ ਦਿਵਸ ਪੈਦਲ ਯਾਤਰਾ' ਦੀ ਅਗਵਾਈ ਕੀਤੀ।


3,000 ਤੋਂ ਵੱਧ ਮਾਈ ਭਾਰਤ ਵਲੰਟੀਅਰਾਂ ਨੇ ਦੇਸ਼ ਲਈ ਸਰਬਉੱਚ ਕੁਰਬਾਨੀ ਦੇਣ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਕੇਂਦਰੀ ਮੰਤਰੀ ਨੇ ਕਾਰਗਿਲ ਯੁੱਧ ਸਮਾਰਕ 'ਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਫੁੱਲ ਭੇਂਟ ਕੀਤੇ।

ਕਾਰਗਿਲ ਸਿਰਫ਼ ਇਤਿਹਾਸ ਵਿੱਚ ਇੱਕ ਸਥਾਨ ਨਹੀਂ ਹੈ, ਇਹ ਭਾਰਤ ਦੀ ਹਿੰਮਤ ਅਤੇ ਅਟੁੱਟ ਭਾਵਨਾ ਦਾ ਇੱਕ ਜੀਵਤ ਪ੍ਰਤੀਕ ਹੈ: ਡਾ. ਮਾਂਡਵੀਆ

ਇਹ ਹੁਣ ਸਾਡੀ ਯੁਵਾ ਸ਼ਕਤੀ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਬਹਾਦਰ ਸੈਨਿਕਾਂ ਦੇ ਸੁਪਨਿਆਂ ਨੂੰ ਅੱਗੇ ਵਧਾਈਏ ਅਤੇ ਇੱਕ ਮਜ਼ਬੂਤ, ਸਵੈ-ਨਿਰਭਰ ਭਾਰਤ ਨੂੰ ਆਕਾਰ ਦੇਣ ਵਿੱਚ ਮਦਦ ਕਰੀਏ - ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ

Posted On: 26 JUL 2025 3:41PM by PIB Chandigarh

1999 ਦੇ ਕਾਰਗਿਲ ਯੁੱਧ ਵਿੱਚ ਭਾਰਤ ਦੀ ਇਤਿਹਾਸਕ ਜਿੱਤ ਦੇ 26 ਸਾਲ ਪੂਰੇ ਹੋਣ ਦੀ ਯਾਦ ਵਿੱਚ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਅਗਵਾਈ ਹੇਠ ਮਾਈ ਭਾਰਤ (ਮੇਰਾ ਯੁਵਾ ਭਾਰਤ) ਨੇ ਅੱਜ ਕਾਰਗਿਲ ਦੇ ਦਰਾਸ ਵਿਖੇ 'ਕਾਰਗਿਲ ਵਿਜੇ ਦਿਵਸ ਪੈਦਲ ਯਾਤਰਾ' ਦਾ ਆਯੋਜਨ ਕੀਤਾ।

ਇਸ ਪੈਦਲ ਯਾਤਰਾ ਦੀ ਅਗਵਾਈ ਕੇਂਦਰੀ ਯੁਵਾ ਮਾਮਲੇ ਤੇ ਖੇਡ ਅਤੇ ਕਿਰਤ ਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਰੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਸੇਠ ਨੇ ਕੀਤੀ। 3,000 ਤੋਂ ਵੱਧ ਯੁਵਾ ਵਲੰਟੀਅਰਾਂ ਨੇ ਸਾਬਕਾ ਸੈਨਿਕਾਂ, ਸੇਵਾ ਕਰ ਰਹੇ ਹਥਿਆਰਬੰਦ ਸੈਨਾ ਦੇ ਮੁਲਾਜ਼ਮਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਿਵਲ ਸੋਸਾਇਟੀ ਦੇ ਮੈਂਬਰਾਂ ਦੇ ਨਾਲ ਸ਼ਰਧਾਂਜਲੀ ਮਾਰਚ ਵਿੱਚ ਹਿੱਸਾ ਲਿਆ।

ਏਕਤਾ ਦੀ ਇਸ ਭਾਵਨਾ ਨੂੰ ਅੱਗੇ ਵਧਾਉਂਦਿਆਂ, ਪੈਦਲ ਯਾਤਰਾ ਨੇ ਹਿਮਾਬਾਸ ਪਬਲਿਕ ਹਾਈ ਸਕੂਲ ਦੇ ਮੈਦਾਨ ਤੋਂ ਸਰਕਾਰੀ ਹਾਈ ਸੈਕੰਡਰੀ ਸਕੂਲ, ਭੀਮਬੇਟ ਤੱਕ 1.5 ਕਿਲੋਮੀਟਰ ਦੇ ਪ੍ਰਤੀਕ ਮਾਰਗ 'ਤੇ ਚੱਲ ਕੇ ਆਪਣੀ ਯਾਤਰਾ ਪੂਰੀ ਕੀਤੀ। ਪੈਦਲ ਯਾਤਰਾ ਦੌਰਾਨ, ਜੰਮੂ-ਕਸ਼ਮੀਰ ਤੇ ਲੱਦਾਖ ਦੀਆਂ ਜੀਵਤ ਪਰੰਪਰਾਵਾਂ ਨੂੰ ਦਰਸਾਉਂਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਨੇ ਇਸ ਮੌਕੇ ਨੂੰ ਰੰਗੀਨ ਅਤੇ ਅਰਥਪੂਰਨ ਬਣਾਇਆ, ਜੋ ਖੇਤਰ ਦੀ ਏਕਤਾ ਅਤੇ ਸੱਭਿਆਚਾਰਕ ਅਮੀਰੀ ਨੂੰ ਦਰਸਾਉਂਦਾ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਕਿਹਾ, "ਕਾਰਗਿਲ ਸਿਰਫ਼ ਇਤਿਹਾਸ ਵਿੱਚ ਇੱਕ ਸਥਾਨ ਨਹੀਂ ਹੈ, ਇਹ ਭਾਰਤ ਦੀ ਹਿੰਮਤ ਅਤੇ ਅਟੁੱਟ ਭਾਵਨਾ ਦਾ ਇੱਕ ਜੀਵਤ ਪ੍ਰਤੀਕ ਹੈ। ਇਹ ਇੱਕ ਸ਼ਕਤੀਸ਼ਾਲੀ ਸਮਾਰਕ ਵਜੋਂ ਖੜ੍ਹਾ ਹੈ ਕਿ ਜਦੋਂ ਸਾਡੇ ਰਾਸ਼ਟਰ ਦੀ ਪ੍ਰਭੂਸੱਤਾ ਦੀ ਰੱਖਿਆ ਦੀ ਗੱਲ ਆਉਂਦੀ ਹੈ, ਤਾਂ ਭਾਰਤ ਇੱਕਜੁੱਟ, ਦ੍ਰਿੜ ਅਤੇ ਅਡੋਲ ਰਹਿੰਦਾ ਹੈ।"

ਉਨ੍ਹਾਂ ਨੌਜਵਾਨਾਂ ਨੂੰ 'ਰਾਸ਼ਟਰ ਪਹਿਲਾਂ' ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਇੱਕ ਮਜ਼ਬੂਤ, ਸਵੈ-ਨਿਰਭਰ ਅਤੇ ਵਿਕਸਤ ਭਾਰਤ ਦੇ ਨਿਰਮਾਣ ਦੇ ਮਿਸ਼ਨ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਸੱਦਾ ਦਿੱਤਾ। ਸਾਂਡੋ ਟੌਪ ਦੀ ਆਪਣੀ ਹਾਲੀਆ ਫੇਰੀ 'ਤੇ ਵਿਚਾਰ ਕਰਦੇ ਹੋਏ, ਡਾ. ਮਾਂਡਵੀਆ ਨੇ ਅੱਗੇ ਕਿਹਾ, "ਭਾਰਤ ਨੇ ਕਦੇ ਵੀ ਟਕਰਾਅ ਸ਼ੁਰੂ ਨਹੀਂ ਕੀਤਾ, ਪਰ ਜਦੋਂ ਭੜਕਾਇਆ ਜਾਂਦਾ ਹੈ, ਤਾਂ ਅਸੀਂ ਹਿੰਮਤ, ਮਾਣ ਅਤੇ ਦ੍ਰਿੜਤਾ ਨਾਲ ਜਵਾਬ ਦਿੰਦੇ ਹਾਂ।"

ਕੇਂਦਰੀ ਮੰਤਰੀ ਨੇ ਭਾਰਤ ਦੀਆਂ ਵਧਦੀਆਂ ਰਣਨੀਤਕ ਸਮਰੱਥਾਵਾਂ 'ਤੇ ਵੀ ਚਾਨਣਾ ਪਾਇਆ, ਆਪ੍ਰੇਸ਼ਨ ਵਿਜੇ ਅਤੇ ਆਪ੍ਰੇਸ਼ਨ ਸਿੰਦੂਰ ਨੂੰ ਦੇਸ਼ ਦੇ ਫੌਜ ਇਤਿਹਾਸ ਵਿੱਚ ਮੀਲ ਪੱਥਰ ਦੱਸਿਆ। ਉਨ੍ਹਾਂ ਨੇ ਮੁੜ ਦੁਹਰਾਇਆ ਕਿ ਭਾਰਤ ਦੀਆਂ ਹਥਿਆਰਬੰਦ ਫੌਜਾਂ ਕੌਮੀ ਅਣਖ ਅਤੇ ਪ੍ਰਭੂਸੱਤਾ ਦੇ ਅਟੱਲ ਰਖਵਾਲੇ ਬਣੇ ਹੋਏ ਹਨ।

ਅੰਮ੍ਰਿਤ ਪੀੜ੍ਹੀ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ, ਡਾ. ਮਾਂਡਵੀਆ ਨੇ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਜਨਤਕ ਭਾਗੀਦਾਰੀ ਵਿੱਚ ਅਗਵਾਈ ਕਰਨ ਅਤੇ 2047 ਤੱਕ ਇੱਕ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ "ਇਹ ਹੁਣ ਸਾਡੀ ਯੁਵਾ ਸ਼ਕਤੀ 'ਤੇ ਨਿਰਭਰ ਕਰਦਾ ਹੈ ਕਿ ਉਹ ਸਾਡੇ ਬਹਾਦਰ ਫੌਜੀਆਂ ਦੇ ਸੁਫ਼ਨਿਆਂ ਨੂੰ ਅੱਗੇ ਵਧਾਉਣ ਅਤੇ ਇੱਕ ਮਜ਼ਬੂਤ, ਸਵੈ-ਨਿਰਭਰ ਭਾਰਤ ਨੂੰ ਬਣਾਉਣ ਵਿੱਚ ਮਦਦ ਕਰਨ।"

ਸ਼੍ਰੀ ਸੇਠ ਨੇ ਨੌਜਵਾਨਾਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ ਅਤੇ ਹਥਿਆਰਬੰਦ ਸੈਨਾਵਾਂ ਦੀਆਂ ਕੁਰਬਾਨੀਆਂ ਨੂੰ ਉਜਾਗਰ ਕੀਤਾ ਅਤੇ ਵਿਦਿਆਰਥੀਆਂ ਨੂੰ ਕਾਰਗਿਲ ਦੇ ਨਾਇਕਾਂ ਤੋਂ ਪ੍ਰੇਰਨਾ ਲੈਣ ਅਤੇ ਅਨੁਸ਼ਾਸਨ ਅਤੇ ਕੌਮੀ ਮਾਣ ਨੂੰ ਗ੍ਰਹਿਣ ਕਰਨ ਲਈ ਉਤਸ਼ਾਹਿਤ ਕੀਤਾ।

ਪੈਦਲ ਯਾਤਰਾ ਮਗਰੋਂ, ਦੋਵੇਂ ਮੰਤਰੀ, 100 ‘ਮਾਈ ਭਾਰਤ’ ਯੁਵਾ ਵਲੰਟੀਅਰਾਂ ਦੇ ਨਾਲ, ਕਾਰਗਿਲ ਯੁੱਧ ਸਮਾਰਕ ਪਹੁੰਚੇ, ਜਿੱਥੇ ਉਨ੍ਹਾਂ ਨੇ 1999 ਦੇ ਯੁੱਧ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਫੁੱਲ ਭੇਂਟ ਕੀਤੇ। ਇਸ ਮੌਕੇ 'ਤੇ ਡਾ. ਮਾਂਡਵੀਆ ਨੇ ਸ਼ਕਤੀ ਉਦਘੋਸ਼ ਫਾਊਂਡੇਸ਼ਨ ਦੀਆਂ 26 ਮਹਿਲਾ ਬਾਈਕਰਾਂ ਨੂੰ ਵੀ ਸਨਮਾਨਿਤ ਕੀਤਾ, ਜਿਨ੍ਹਾਂ ਨੇ ਸ਼ਹੀਦਾਂ ਦੇ ਸਨਮਾਨ ਵਿੱਚ ਇੱਕ ਲੰਬੀ ਦੂਰੀ ਦੀ ਮੋਟਰਸਾਈਕਲ ਰੈਲੀ ਪੂਰੀ ਕੀਤੀ ਸੀ।

ਇਸ ਪ੍ਰੋਗਰਾਮ ਵਿੱਚ "ਏਕ ਪੇੜ ਮਾਂ ਕੇ ਨਾਮ" ਮੁਹਿੰਮ ਦੇ ਤਹਿਤ ਇੱਕ ਪ੍ਰਤੀਕ ਰੁੱਖ ਲਗਾਉਣਾ ਵੀ ਸ਼ਾਮਲ ਸੀ, ਜਿਸ ਨੇ ਦੇਸ਼ ਭਗਤੀ ਦੀ ਵਚਨਬੱਧਤਾ ਨੂੰ ਵਾਤਾਵਰਣ ਸੰਭਾਲ ਨਾਲ ਜੋੜਿਆ।

ਪੈਦਲ ਯਾਤਰਾ ਤੋਂ ਪਹਿਲਾਂ, ਮਾਈ ਭਾਰਤ ਨੇ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਨੌਜਵਾਨਾਂ ਅਤੇ ਭਾਈਚਾਰਿਆਂ ਨੂੰ ਲੇਖ ਲਿਖਣ, ਪੇਂਟਿੰਗ, ਭਾਸ਼ਣ ਮੁਕਾਬਲੇ ਅਤੇ ਯੁਵਾ ਸੰਵਾਦ ਵਰਗੀਆਂ ਵੱਖ-ਵੱਖ ਗਤੀਵਿਧੀਆਂ ਰਾਹੀਂ ਸੰਗਠਿਤ ਕੀਤਾ ਸੀ। ਇਨ੍ਹਾਂ ਸਮਾਗਮਾਂ ਦਾ ਉਦੇਸ਼ ਨਾਗਰਿਕ ਚੇਤਨਾ ਨੂੰ ਉਤਸ਼ਾਹਿਤ ਕਰਨਾ, ਮੁਲਕ ਸੇਵਾ ਦਾ ਸਤਿਕਾਰ ਕਰਨਾ ਅਤੇ ਹਥਿਆਰਬੰਦ ਬਲਾਂ ਨਾਲ ਭਾਵਨਾਤਮਕ ਸਬੰਧ ਸਥਾਪਤ ਕਰਨਾ ਸੀ।

************

ਐਮਜੀ/ਡੀਕੇ


(Release ID: 2149175)