ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਐੱਨਐੱਚਏਆਈ ਸਸਟੇਨੇਬਿਲਿਟੀ ਰਿਪੋਰਟ ਵਿੱਚ ਵਾਤਾਵਰਣ ਸਥਿਰਤਾ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਗਿਆ
प्रविष्टि तिथि:
15 JUL 2025 4:17PM by PIB Chandigarh
ਵਾਤਾਵਰਣ ਸਥਿਰਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਉਜਾਗਰ ਕਰਦੇ ਹੋਏ, ਐੱਨਐੱਚਏਆਈ ਨੇ ਵਿੱਤੀ ਵਰ੍ਹੇ 2023-24 ਲਈ ਆਪਣੀ ਲਗਾਤਾਰ ਦੂਜੀ 'ਸਸਟੇਨੇਬਿਲਟੀ ਰਿਪੋਰਟ' ਜਾਰੀ ਕੀਤੀ। ਇਹ ਵਿਆਪਕ ਰਿਪੋਰਟ ਐੱਨਐੱਚਏਆਈ ਦੇ ਆਪਣੇ ਕਾਰਜਾਂ ਦੇ ਹਰ ਪਹਿਲੂ ਵਿੱਚ ਵਾਤਾਵਰਣ, ਸਮਾਜਿਕ ਅਤੇ ਸ਼ਾਸਨ (ESG) ਸਿਧਾਂਤਾਂ ਨੂੰ ਏਕੀਕ੍ਰਿਤ ਕਰਨ ਲਈ ਮਜ਼ਬੂਤ ਢਾਂਚੇ ਦਾ ਵੇਰਵਾ ਦਿੰਦੀ ਹੈ। ਇਹ ਭਾਰਤ ਦੀਆਂ ਵਿਸ਼ਵਵਿਆਪੀ ਵਚਨਬੱਧਤਾਵਾਂ ਅਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਮਿਸ਼ਨ ਲਾਈਫ' (ਵਾਤਾਵਰਣ ਲਈ ਜੀਵਨਸ਼ੈਲੀ) ਪਹਿਲ ਅਤੇ ਸਰਕੂਲਰ ਅਰਥਵਿਵਸਥਾ ਵਿੱਚ ਸ਼ਾਮਲ ਇੱਕ ਟਿਕਾਊ ਭਵਿੱਖ ਦੇ ਵਿਜ਼ਨ ਨਾਲ ਐੱਨਐੱਚਏਆਈ ਦੇ ਸੁਮੇਲ ਨੂੰ ਵੀ ਉਜਾਗਰ ਕਰਦੀ ਹੈ। ਇਹ ਰਿਪੋਰਟ ਹਾਲ ਹੀ ਵਿੱਚ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੁਆਰਾ ਜਾਰੀ ਕੀਤੀ ਗਈ ਸੀ।
'ਸਸਟੇਨੇਬਿਲਿਟੀ ਰਿਪੋਰਟ 2023-24' ਵਾਤਾਵਰਣ ਸੁਰੱਖਿਆ ਅਤੇ ਊਰਜਾ ਸੰਭਾਲ ਲਈ ਐੱਨਐੱਚਏਆਈ ਦੁਆਰਾ ਕੀਤੇ ਗਏ ਵੱਖ-ਵੱਖ ਯਤਨਾਂ ਦੀ ਪ੍ਰਭਾਵਸ਼ੀਲਤਾ ਨੂੰ ਰੇਖਾਂਕਿਤ ਕਰਦੀ ਹੈ। ਰਿਪੋਰਟ ਦੇ ਅਨੁਸਾਰ, ਵਿੱਤ ਵਰ੍ਹੇ 2023-24 ਵਿੱਚ ਰਾਸ਼ਟਰੀ ਰਾਜਮਾਰਗ ਨਿਰਮਾਣ ਵਿੱਚ 20% ਵਾਧੇ ਦੇ ਬਾਵਜੂਦ, ਐੱਨਐੱਚਏਆਈ ਨੇ ਆਪਣੀ ਗ੍ਰੀਨਹਾਊਸ ਗੈਸ (GHG) ਨਿਕਾਸ ਦੀ ਤੀਬਰਤਾ ਨੂੰ 1.0 MTCO2e/ਕਿਲੋਮੀਟਰ ਤੋਂ ਘਟਾ ਕੇ 0.8 MTCO2e/ਕਿਲੋਮੀਟਰ ਕਰ ਦਿੱਤਾ ਹੈ, ਜਿਸ ਨਾਲ ਨਿਰਮਾਣ ਵਾਧਾ ਅਤੇ ਨਿਕਾਸ ਵਿੱਚ ਸਪਸ਼ਟ ਅੰਤਰ ਪ੍ਰਦਰਸ਼ਿਤ ਹੁੰਦਾ ਹੈ।
ਰਿਪੋਰਟ ਵਿੱਚ ਐੱਨਐੱਚਏਆਈ ਦੇ ਸਰਕੂਲਰ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ, ਜੋ ਕਿ ਸਥਿਰਤਾ ਦੇ ਮੁੱਖ ਥੰਮ੍ਹਾਂ ਵਿੱਚੋਂ ਇੱਕ ਹੈ। ਵਿੱਤ ਵਰ੍ਹੇ 2023-24 ਵਿੱਚ, ਐੱਨਐੱਚਏਆਈ ਨੇ ਰਾਸ਼ਟਰੀ ਰਾਜਮਾਰਗ ਨਿਰਮਾਣ ਵਿੱਚ ਫਲਾਈ-ਐਸ਼, ਪਲਾਸਟਿਕ ਰਹਿੰਦ-ਖੂੰਹਦ ਅਤੇ ਮੁੜ ਪ੍ਰਾਪਤ ਕੀਤਾ ਅਸਫਾਲਟ 631 ਲੱਖ ਮੀਟ੍ਰਿਕ ਟਨ ਤੋਂ ਵੱਧ ਰੀਸਾਈਕਲ ਅਤੇ ਮੁੜ ਵਰਤੋਂ ਯੋਗ ਸਮੱਗਰੀ ਦਾ ਉਪਯੋਗ ਕੀਤਾ। ਇਸ ਤੋਂ ਇਲਾਵਾ, ਐੱਨਐੱਚਏਆਈ ਨੇ ਰਾਸ਼ਟਰੀ ਰਾਜਮਾਰਗਾਂ ਦੇ ਨਾਲ-ਨਾਲ ਦੇਸ਼ ਵਿਆਪੀ ਰੁੱਖ ਲਗਾਉਣ ਦੀਆਂ ਮੁਹਿੰਮਾਂ ਚਲਾਉਣੀਆਂ ਜਾਰੀ ਰੱਖੀਆਂ। ਵਿੱਤ ਵਰ੍ਹੇ 2023-24 ਵਿੱਚ, ਐੱਨਐੱਚਏਆਈ ਨੇ 56 ਲੱਖ ਤੋਂ ਵੱਧ ਪੌਦੇ ਲਗਾਏ ਅਤੇ 2024-25 ਵਿੱਚ 67.47 ਲੱਖ ਪੌਦੇ ਲਗਾਏ, ਜਿਸ ਨਾਲ ਗ੍ਰੀਨ ਹਾਈਵੇਅ (ਪਲਾਂਟੇਸ਼ਨ, ਟ੍ਰਾਂਸਪਲਾਂਟੇਸ਼ਨ, ਬਿਊਟੀਫਿਕੇਸ਼ਨ ਅਤੇ ਰੱਖ-ਰਖਾਅ), ਨੀਤੀ 2015 ਦੇ ਲਾਗੂ ਹੋਣ ਤੋਂ ਬਾਅਦ ਕੁੱਲ ਰੁੱਖ ਲਗਾਉਣ ਦੀ ਗਿਣਤੀ 4.69 ਕਰੋੜ ਤੋਂ ਵੱਧ ਹੋ ਗਈ। ਇਸ ਪਹਿਲ ਨੇ ਹਾਈਵੇਅ ਦੇ ਨਾਲ-ਨਾਲ ਮਹੱਤਵਪੂਰਨ ਕਾਰਬਨ ਸਿੰਕ ਬਣਾਉਣ ਅਤੇ ਸਕਾਰਾਤਮਕ ਵਾਤਾਵਰਣ ਸਥਿਰਤਾ ਨੂੰ ਵਧਾਉਣ ਵਿੱਚ ਮਦਦ ਕੀਤੀ ਹੈ।
ਐੱਨਐੱਚਏਆਈ ਨੇ ਰਾਸ਼ਟਰੀ ਰਾਜਮਾਰਗਾਂ ਦੇ ਨਾਲ ਲਗਦੇ ਜਲ ਸਰੋਤਾਂ ਦੀ ਸੰਭਾਲ ਅਤੇ ਪੁਨਰ ਸੁਰਜੀਤੀ ਦਾ ਕੰਮ ਵੀ ਸ਼ੁਰੂ ਕੀਤਾ ਹੈ। ਅੰਮ੍ਰਿਤ ਸਰੋਵਰ ਮਿਸ਼ਨ ਦੇ ਤਹਿਤ, ਐੱਨਐੱਚਏਆਈ ਨੇ ਦੇਸ਼ ਭਰ ਵਿੱਚ 467 ਜਲ ਸਰੋਤਾਂ ਦਾ ਵਿਕਾਸ ਪੂਰਾ ਕੀਤਾ ਹੈ। ਇਸ ਪਹਿਲ ਨੇ ਨਾ ਸਿਰਫ਼ ਸਥਾਨਕ ਜਲ ਸਰੋਤਾਂ ਨੂੰ ਮੁੜ ਸੁਰਜੀਤ ਕੀਤਾ ਹੈ, ਸਗੋਂ ਰਾਸ਼ਟਰੀ ਰਾਜਮਾਰਗ ਨਿਰਮਾਣ ਲਈ ਲਗਭਗ 2.4 ਕਰੋੜ ਘਣ ਮੀਟਰ ਮਿੱਟੀ ਵੀ ਉਪਲਬਧ ਕਰਵਾਈ ਹੈ, ਜਿਸ ਦੇ ਨਤੀਜੇ ਵਜੋਂ ਲਗਭਗ ₹16,690 ਕਰੋੜ ਦੀ ਬੱਚਤ ਹੋਈ ਹੈ।
ਇਸ ਤੋਂ ਇਲਾਵਾ, ਰਿਪੋਰਟ ਦੇ ਅਨੁਸਾਰ, ਪਿਛਲੀ ਰਿਪੋਰਟ ਦੀ ਤੁਲਨਾ ਵਿੱਚ ਜਲ ਸੰਕਟਗ੍ਰਸਤ ਖੇਤਰਾਂ ਵਿੱਚ ਐੱਨਐੱਚਏਆਈ ਦੀ ਪਾਣੀ ਦੀ ਵਰਤੋਂ ਦੀ ਤੀਬਰਤਾ ਵਿੱਚ 74% ਦੀ ਕਮੀ ਆਈ ਹੈ। ਮਨੁੱਖ-ਜਾਨਵਰ ਟਕਰਾਅ ਨੂੰ ਘਟਾਉਣ ਲਈ, ਐੱਨਐੱਚਏਆਈ ਨੇ 'ਜੰਗਲੀ ਜੀਵਾਂ 'ਤੇ ਰੈਖਿਕ (ਰਾਜਮਾਰਗ, ਰੇਲ ਲਾਈਨ, ਨਹਿਰ ਆਦਿ) ਬੁਨਿਆਦੀ ਢਾਂਚੇ ਦੇ ਪ੍ਰਭਾਵ ਨੂੰ ਘਟਾਉਣ ਲਈ ਵਾਤਾਵਰਣ ਅਨੁਕੂਲ ਉਪਾਵਾਂ 'ਤੇ ਸਰਵੋਤਮ ਅਭਿਆਸ ਮਾਰਗਦਰਸ਼ਨ ਦਸਤਾਵੇਜ਼' ਨੂੰ ਏਕੀਕ੍ਰਿਤ ਕੀਤਾ ਹੈ।
ਟਿਕਾਊ ਵਿਕਾਸ ਤੋਂ ਇਲਾਵਾ, ਇਹ ਰਿਪੋਰਟ ਐੱਨਐੱਚਏਆਈ ਦੀ ਸਮਾਵੇਸ਼ੀ ਅਤੇ ਜ਼ਿੰਮੇਵਾਰ ਕਾਰਜ ਅਭਿਆਸਾਂ ਨੂੰ ਬਣਾਉਣ ਦੀ ਵਚਨਬੱਧਤਾ ‘ਤੇ ਵੀ ਚਾਨਣਾ ਪਾਉਂਦੀ ਹੈ। ਰਿਪੋਰਟ ਦੇ ਅਨੁਸਾਰ, ਐੱਨਐੱਚਏਆਈ ਦੇ 100% ਪ੍ਰਤੱਖ ਕਰਮਚਾਰੀ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀ ਕਿੱਤਾਮੁਖੀ ਸਿਹਤ ਅਤੇ ਸੁਰੱਖਿਆ (OHS) ਪ੍ਰਬੰਧਨ ਢਾਂਚੇ ਦੇ ਅਧੀਨ ਆਉਂਦੇ ਹਨ। ਐੱਨਐੱਚਏਆਈ ਨੇ ਕਾਰਜ ਸਥਾਨ 'ਤੇ ਵਿਤਕਰੇ ਦੇ ਜ਼ੀਰੋ ਮਾਮਲਿਆਂ ਦੀ ਵੀ ਸੂਚਨਾ ਦਿੱਤੀ, ਜੋ ਕਿ ਵਿਭਿੰਨਤਾ, ਸਮਾਨਤਾ ਅਤੇ ਸਮਾਵੇਸ਼ ਪ੍ਰਤੀ ਇਸ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਕੁਸ਼ਲਤਾ ਅਤੇ ਪਾਰਦਰਸ਼ਤਾ ਵਧਾਉਣ ਲਈ ਟੈਕਨੋਲੋਜੀ ਦਾ ਲਾਭ ਲੈਂਦੇ ਹੋਏ, ਐੱਨਐੱਚਏਆਈ ਨੇ AI-ਸੰਚਾਲਿਤ 'ਡੇਟਾ ਲੇਕ 3.0' ਪਲੈਟਫਾਰਮ ਨੂੰ ਸਫਲਤਾਪੂਰਵਕ ਲਾਗੂ ਕੀਤਾ, ਜਿਸ ਨਾਲ ਪ੍ਰੋਜੈਕਟ ਮੈਨੇਜਮੈਂਟ ਸੁਚਾਰੂ ਬਣਿਆ ਹੈ ਅਤੇ 155 ਸੁਲ੍ਹਾ-ਸਫਾਈ ਦਾਅਵਿਆਂ ਨੂੰ ਹੱਲ ਕਰਨ ਵਿੱਚ ਮਦਦ ਮਿਲੀ ਹੈ, ਜਿਸ ਨਾਲ ਲਗਭਗ ₹25,680 ਕਰੋੜ ਦੀ ਬੱਚਤ ਹੋਈ ਹੈ। ਇਸ ਤੋਂ ਇਲਾਵਾ, FASTag ਦੇ 98.5% ਪ੍ਰਵੇਸ਼ ਨੇ ਟੋਲ ਪਲਾਜ਼ਿਆਂ 'ਤੇ ਭੀੜ-ਭੜੱਕੇ ਅਤੇ ਵਾਹਨਾਂ ਦੀ ਨਿਕਾਸੀ ਨੂੰ ਘਟਾਉਣ ਦੇ ਨਾਲ-ਨਾਲ ਕਾਰਬਨ ਫੁੱਟਪ੍ਰਿੰਟ ਨੂੰ ਘੱਟ ਕਰਨ ਵਿੱਚ ਸਹਾਇਤਾ ਕੀਤੀ ਹੈ।
ਪੂਰੀ ਰਿਪੋਰਟ ਐੱਨਐੱਚਏਆਈ ਦੀ ਵੈੱਬਸਾਈਟ https://nhai.gov.in/nhai/sites/default/files/2025 -07/Sustainability-Report-of-NHAI-for-FY-2023-24.pdf ‘ਤੇ ਉਪਲਬਧ ਹੈ।
ਐੱਨਐੱਚਏਆਈ ਨੇ ਅਖੁੱਟ ਊਰਜਾ ਸਰੋਤਾਂ ਦੀ ਵਰਤੋਂ, ਗ੍ਰੀਨ ਹਾਈਵੇਅਜ਼ ਨੂੰ ਉਤਸ਼ਾਹਿਤ ਕਰਨ ਅਤੇ ਵੇਸਟ ਮੈਨੇਜਮੈਂਟ ਅਭਿਆਸਾਂ ਨੂੰ ਅਪਣਾਉਣ ਸਮੇਤ ਟਿਕਾਊ ਅਤੇ ਵਾਤਾਵਰਣ-ਅਨੁਕੂਲ ਅਭਿਆਸਾਂ ਨੂੰ ਅਪਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕੇ ਹਨ। ਦੂਜੀ ਸਸਟੇਨੇਬਿਲਟੀ ਰਿਪੋਰਟ ਦੇ ਜਾਰੀ ਹੋਣ ਨਾਲ ਐੱਨਐੱਚਏਆਈ ਦੇ ਪ੍ਰਦਰਸ਼ਨ ਦਾ ਇੱਕ ਪਾਰਦਰਸ਼ੀ ਵੇਰਵਾ ਮਿਲਦਾ ਹੈ ਅਤੇ ਵਾਤਾਵਰਣ ਸਬੰਧੀ ਸਥਿਰਤਾ ਦੇ ਨਾਲ ਤੇਜ਼ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸੰਤੁਲਿਤ ਕਰਨ ਦੇ ਉਦੇਸ਼ ਨਾਲ ਭਵਿੱਖ ਦੀਆਂ ਪਹਿਲਕਦਮੀਆਂ ਲਈ ਇੱਕ ਸਪਸ਼ਟ ਰੋਡਮੈਪ ਤਿਆਰ ਹੁੰਦਾ ਹੈ।
************
ਐੱਸਆਰ/ਜੀਡੀਐੱਚ/ਐੱਸਜੇ
(रिलीज़ आईडी: 2145101)
आगंतुक पटल : 9