ਸਿੱਖਿਆ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਸ਼੍ਰੀ ਜਯੰਤ ਚੌਧਰੀ ਨੇ ਐੱਸਵੀਪੀਯੂਏਟੀ (SVPUAT), ਮੇਰਠ ਵਿਖੇ ਉੱਤਰ ਪ੍ਰਦੇਸ਼ ਐਗਰੀਟੈਕ ਇਨੋਵੇਸ਼ਨ ਹੱਬ ਅਤੇ ਐਗਰੀਟੈਕ ਸਟਾਰਟਅੱਪ ਅਤੇ ਟੈਕਨੋਲੋਜੀ ਸ਼ੋਅਕੇਸ ਦਾ ਉਦਘਾਟਨ ਕੀਤਾ
ਵਿਕਸਿਤ ਪਿੰਡਾਂ ਅਤੇ ਖੁਸ਼ਹਾਲ ਕਿਸਾਨਾਂ ਤੋਂ ਬਿਨਾਂ ਵਿਕਸਿਤ ਭਾਰਤ ਦੀ ਕਲਪਨਾ ਅਧੂਰੀ ਹੈ - ਸ਼੍ਰੀ ਧਰਮੇਂਦਰ ਪ੍ਰਧਾਨ
ਰਸਾਇਣ-ਮੁਕਤ, ਕੁਦਰਤੀ ਖੇਤੀ ਨੂੰ ਅਪਣਾਉਣਾ ਅਤੇ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਟੈਕਨੋਲੋਜੀ ਖੇਤ ਤੋਂ ਬਜ਼ਾਰ ਤੱਕ ਜਾਵੇ - ਧਰਮੇਂਦਰ ਪ੍ਰਧਾਨ
Posted On:
08 JUL 2025 5:17PM by PIB Chandigarh
ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ, ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿੱਖਿਆ ਰਾਜ ਮੰਤਰੀ, ਸ਼੍ਰੀ ਜਯੰਤ ਚੌਧਰੀ ਨੇ ਅੱਜ ਉੱਤਰ ਪ੍ਰਦੇਸ਼ ਦੇ ਮੇਰਠ ਸਥਿਤ ਸਰਦਾਰ ਵੱਲਭਭਾਈ ਪਟੇਲ ਖੇਤੀਬਾੜੀ ਅਤੇ ਟੈਕਨੋਲੋਜੀ ਯੂਨੀਵਰਸਿਟੀ (SVPUAT) ਵਿਖੇ ਉੱਤਰ ਪ੍ਰਦੇਸ਼ ਐਗਰੀਟੈਕ ਇਨੋਵੇਸ਼ਨ ਹੱਬ ਅਤੇ ਐਗਰੀਟੈਕ ਸਟਾਰਟਅੱਪ ਅਤੇ ਟੈਕਨੋਲੋਜੀ ਸ਼ੋਅਕੇਸ ਦਾ ਸਾਂਝੇ ਤੌਰ 'ਤੇ ਉਦਘਾਟਨ ਕੀਤਾ।
ਇਸ ਸਮਾਗਮ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਖੇਤੀਬਾੜੀ, ਖੇਤੀਬਾੜੀ ਸਿੱਖਿਆ ਅਤੇ ਖੇਤੀਬਾੜੀ ਖੋਜ ਮੰਤਰੀ ਸ਼੍ਰੀ ਸੂਰਿਆ ਪ੍ਰਤਾਪ ਸ਼ਾਹੀ; ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਆਹੂਜਾ; ਐੱਸਵੀਪੀਯੂਏਟੀ ਦੇ ਵਾਈਸ ਚਾਂਸਲਰ ਡਾ. ਕੇਕੇ ਸਿੰਘ; ਅਤੇ ਹੋਰ ਪ੍ਰਸਿੱਧ ਸ਼ਖ਼ਸੀਅਤਾਂ ਵੀ ਸ਼ਾਮਲ ਸਨ।




ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਰਦਾਰ ਵੱਲਭਭਾਈ ਪਟੇਲ ਖੇਤੀਬਾੜੀ ਅਤੇ ਟੈਕਨੋਲੋਜੀ ਯੂਨੀਵਰਸਿਟੀ ਨੂੰ ਇੱਕ ਅਜਿਹਾ ਪਾਠਕ੍ਰਮ ਤਿਆਰ ਕਰਨ ਲਈ ਵਧਾਈ ਦਿੱਤੀ ਜੋ ਸਮੇਂ ਦੀਆਂ ਵਿਕਸਿਤ ਜ਼ਰੂਰਤਾਂ ਦੇ ਅਨੁਕੂਲ ਹੈ ਅਤੇ ਭਾਰਤੀ ਕਿਸਾਨਾਂ ਨੂੰ ਬਹੁਤ ਲਾਭ ਪਹੁੰਚਾਏਗਾ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਪਿੰਡਾਂ ਅਤੇ ਖੁਸ਼ਹਾਲ ਕਿਸਾਨਾਂ ਤੋਂ ਬਿਨਾਂ ਵਿਕਸਿਤ ਭਾਰਤ ਦੀ ਕਲਪਨਾ ਅਧੂਰੀ ਹੈ, ਅਤੇ ਇਹ ਪਹਿਲ ਉਸ ਦਿਸ਼ਾ ਵਿੱਚ ਇੱਕ ਸਾਰਥਕ ਅਤੇ ਇਤਿਹਾਸਕ ਕਦਮ ਹੈ।
ਸ਼੍ਰੀ ਪ੍ਰਧਾਨ ਨੇ ਦੇਸ਼ ਭਰ ਵਿੱਚ ਟੈਕਨੋਲੋਜੀ-ਅਧਾਰਿਤ ਖੇਤੀਬਾੜੀ ਇਨੋਵੇਸ਼ਨਸ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਇਸ ਪਹਿਲਕਦਮੀ ਦੇ ਹਿੱਸੇ ਵਜੋਂ, ਉਨ੍ਹਾਂ ਨੇ ਕਿਹਾ, ਹਾਲ ਹੀ ਦੇ ਕੇਂਦਰੀ ਬਜਟ ਵਿੱਚ 'ਸੈਂਟਰ ਫਾਰ ਐਕਸੀਲੈਂਸ' ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਏਆਈ, ਮਸ਼ੀਨ ਲਰਨਿੰਗ ਅਤੇ ਡੇਟਾ ਵਿਸ਼ਲੇਸ਼ਣ ਜਿਹੀਆਂ ਅਤਿ-ਆਧੁਨਿਕ ਟੈਕਨੋਲੋਜੀਆਂ ਦੇ ਲਾਭ ਭਾਰਤ ਦੇ ਖੇਤੀਬਾੜੀ ਖੇਤਰਾਂ ਤੱਕ ਪਹੁੰਚਣ। ਉਨ੍ਹਾਂ ਨੇ ਅੱਗੇ ਕਿਹਾ ਕਿ ਆਈਆਈਟੀ ਰੋਪੜ ਨੂੰ ਸੈਂਟਰ ਆਫ਼ ਐਕਸੀਲੈਂਸ ਵਜੋਂ "ਖੇਤੀਬਾੜੀ ਵਿੱਚ ਏਆਈ" 'ਤੇ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਇਸ ਐਗਰੀਟੈਕ ਇਨੋਵੇਸ਼ਨ ਹੱਬ ਦੇ ਨਿਰਮਾਣ ਵਿੱਚ ਬਦਲ ਗਈ ਹੈ । ਮੰਤਰੀ ਜੀ ਨੇ ਇਹ ਵੀ ਕਿਹਾ ਕਿ ਭਾਰਤ ਦੀ ਆਤਮਾ ਇਸ ਦੇ ਖੇਤਾਂ ਅਤੇ ਖਲੀਆਨਾ ਵਿੱਚ ਵੱਸਦੀ ਹੈ। ਹਾਲਾਂਕਿ ਦੇਸ਼ ਵਿੱਚ ਸੇਵਾ ਖੇਤਰ ਵਿਸ਼ਵ ਪੱਧਰ 'ਤੇ ਪਹੁੰਚ ਗਿਆ ਹੈ, ਪਰ ਭਾਰਤ ਦੀ ਖੁਸ਼ਹਾਲੀ ਦਾ ਮੂਲ ਆਧਾਰ ਅਜੇ ਵੀ ਇਸ ਦੀ ਖੇਤੀਬਾੜੀ ਜ਼ਮੀਨ ਵਿੱਚ ਹੈ, ਉਨ੍ਹਾਂ ਨੇ ਜ਼ੋਰ ਦੇ ਕੇ ਅੱਗੇ ਕਿਹਾ ਕਿ ਕਿਸਾਨਾਂ ਦੇ ਉੱਥਾਨ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਉੱਤਰ ਪ੍ਰਦੇਸ਼ ਵਿੱਚ ਸਾਕਾਰ ਕੀਤਾ ਜਾ ਰਿਹਾ ਹੈ। ਸ਼੍ਰੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਸੰਗਮ ਰਾਹੀਂ ਰਾਜ ਹੁਣ ਨਵੀਂ ਊਰਜਾ ਪ੍ਰਾਪਤ ਕਰ ਰਿਹਾ ਹੈ।
ਸਰਦਾਰ ਵੱਲਭਭਾਈ ਪਟੇਲ ਜੀ ਅਤੇ ਚੌਧਰੀ ਚਰਨ ਸਿੰਘ ਜੀ ਦੇ ਕਿਸਾਨਾਂ ਪ੍ਰਤੀ ਯੋਗਦਾਨ ਨੂੰ ਯਾਦ ਕਰਦੇ ਹੋਏ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਉਦੋਂ ਮਿਲੇਗੀ ਜਦੋਂ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ, ਜਿਸ ਨਾਲ ਉਹ ਸਵੈ-ਨਿਰਭਰ ਅਤੇ ਖੁਸ਼ਹਾਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਵਿਸ਼ਵਵਿਆਪੀ ਖੁਰਾਕ ਸੰਕਟ ਅਤੇ ਜਲਵਾਯੂ ਪਰਿਵਰਤਨ ਦੁਆਰਾ ਪੈਦਾ ਹੋਈਆਂ ਚੁਣੌਤੀਆਂ ਦੇ ਦਰਮਿਆਨ, ਸਮੇਂ ਦੀ ਜ਼ਰੂਰਤ ਰਸਾਇਣ-ਮੁਕਤ, ਕੁਦਰਤੀ ਖੇਤੀ ਨੂੰ ਅਪਣਾਉਣ ਅਤੇ ਇਹ ਯਕੀਨੀ ਬਣਾਉਣ ਦੀ ਹੈ ਕਿ ਟੈਕਨੋਲੋਜੀ ਖੇਤ ਤੋਂ ਬਜ਼ਾਰ ਤੱਕ ਪਹੁੰਚੇ। ਉਨ੍ਹਾਂ ਨੇ ਇਹ ਵੀ ਉਮੀਦ ਪ੍ਰਗਟਾਈ ਕਿ ਐਗਰੀਟੈਕ ਇਨੋਵੇਸ਼ਨ ਹੱਬ ਉੱਤਰੀ ਭਾਰਤ ਦੀ ਖੇਤੀਬਾੜੀ ਆਰਥਿਕਤਾ ਨੂੰ ਨਵੀਂ ਦਿਸ਼ਾ ਅਤੇ ਗਤੀ ਪ੍ਰਦਾਨ ਕਰੇਗਾ।
ਇਸ ਲਾਂਚ ਮੌਕੇ ਬੋਲਦਿਆਂ, ਸ਼੍ਰੀ ਜਯੰਤ ਚੌਧਰੀ ਨੇ ਖੇਤੀਬਾੜੀ-ਸੰਚਾਲਿਤ ਤਰੱਕੀ ਦੇ ਇੱਕ ਨਵੇਂ ਯੁੱਗ ਨੂੰ ਅਪਣਾਉਣ ਲਈ ਗ੍ਰਾਮੀਣ ਨੌਜਵਾਨਾਂ ਅਤੇ ਕਿਸਾਨਾਂ ਨੂੰ ਸਸ਼ਕਤ ਬਣਾਉਣ ਵਿੱਚ ਹੱਬ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਟੈਕਨੋਲੋਜੀ ਨਾਲ ਪਰੰਪਰਾ ਨੂੰ ਜੋੜਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸਲ ਤਬਦੀਲੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਨਵੀਨਤਾ ਮਿੱਟੀ ਵਿੱਚ ਜੜ੍ਹ ਫੜਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੇਰਠ ਵਿੱਚ ਐਗਰੀਟੈਕ ਇਨੋਵੇਸ਼ਨ ਹੱਬ, ਆਈਆਈਟੀ ਰੋਪੜ ਦੀ ਡੂੰਘੀ-ਤਕਨੀਕੀ ਮੁਹਾਰਤ ਦੁਆਰਾ ਸਮਰਥ, ਸਿਰਫ ਇੱਕ ਪ੍ਰੋਜੈਕਟ ਨਹੀਂ ਹੈ - ਇਹ ਸਾਡੇ ਕਿਸਾਨਾਂ ਨੂੰ ਸ਼ੁੱਧਤਾ ਖੇਤੀਬਾੜੀ ਦੇ ਮੋਢੀਆਂ ਵਜੋਂ ਸਸ਼ਕਤ ਬਣਾਉਣ ਲਈ ਇੱਕ ਲਹਿਰ ਹੈ। ਸ਼੍ਰੀ ਚੌਧਰੀ ਨੇ ਇਹ ਵੀ ਕਿਹਾ ਕਿ ਇੱਕ ਸਹੂਲਤ ਤੋਂ ਵੱਧ, ਇਹ ਇੱਕ ਸਹਿਯੋਗੀ ਈਕੋਸਿਸਟਮ ਹੈ ਜਿੱਥੇ ਕਿਸਾਨ, ਖੋਜਕਰਤਾ ਅਤੇ ਸਟਾਰਟਅੱਪ ਭਵਿੱਖ ਲਈ ਟਿਕਾਊ ਅਤੇ ਸਕੇਲੇਬਲ ਖੇਤੀਬਾੜੀ-ਹੱਲ ਸਹਿ-ਸਿਰਜਣ ਲਈ ਇਕੱਠੇ ਹੁੰਦੇ ਹਨ। ਆਖ਼ਰਕਾਰ, ਟੈਕਨੋਲੋਜੀ ਸੱਚਮੁੱਚ ਉਦੋਂ ਹੀ ਸਾਰਥਕ ਹੁੰਦੀ ਹੈ ਜਦੋਂ ਇਹ ਉਸ ਜ਼ਮੀਨ ਵਿੱਚ ਜੜ੍ਹੀ ਰਹਿੰਦੀ ਹੈ ਜਿਸ ਨੂੰ ਇਹ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦੀ ਹੈ।
ਪ੍ਰੋਗਰਾਮ ਦੇ ਹਿੱਸੇ ਵਜੋਂ, SVPUAT ਵਿਖੇ ਮਾਡਲ ਸਮਾਰਟ ਫਾਰਮ ਵਿਖੇ ਟੈਕਨੋਲੋਜੀ ਪ੍ਰਦਰਸ਼ਨ 'ਤੇ ਇੱਕ ਸੈਸ਼ਨ ਆਯੋਜਿਤ ਕੀਤਾ ਗਿਆ। IIT ਰੋਪੜ ਅਤੇ SVPUAT ਦਰਮਿਆਨ ਐਗਰੀਟੈਕ ਵਿੱਚ ਅਕਾਦਮਿਕ ਅਤੇ ਖੋਜ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਗਏ। ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੀਹ ਐਗਰੀਟੈਕ ਸਟਾਰਟਅੱਪ ਸ਼ਾਮਲ ਸਨ, ਜੋ ਉਨ੍ਹਾਂ ਦੇ ਨਵੀਨਤਾਕਾਰੀ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਦੇ ਸਨ। ਆਧੁਨਿਕ ਅਤੇ ਟਿਕਾਊ ਖੇਤੀ ਅਭਿਆਸਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਕੁਝ ਪ੍ਰਗਤੀਸ਼ੀਲ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਟੈਕਨੋਲੋਜੀ ਪ੍ਰਦਰਸ਼ਨੀਆਂ, ਕਿਸਾਨ-ਕੇਂਦ੍ਰਿਤ ਪਹਿਲਕਦਮੀਆਂ, ਅਤੇ ਆਉਣ ਵਾਲੇ ਸਟਾਰਟਅੱਪ ਅਤੇ ਹੁਨਰ ਪ੍ਰੋਗਰਾਮਾਂ ਦੀਆਂ ਘੋਸ਼ਣਾਵਾਂ ਵੀ ਸ਼ਾਮਲ ਸਨ, ਜੋ ਉੱਤਰ ਪ੍ਰਦੇਸ਼ ਵਿੱਚ ਭਵਿੱਖ ਲਈ ਤਿਆਰ ਖੇਤੀਬਾੜੀ ਵਾਤਾਵਰਣ ਪ੍ਰਣਾਲੀ ਬਣਾਉਣ ਵੱਲ ਇੱਕ ਸਾਹਸਿਕ ਕਦਮ ਦਾ ਸੰਕੇਤ ਹਨ।
ਐਗਰੀ-ਟੈਕ ਇਨੋਵੇਸ਼ਨ ਹੱਬ ਆਈਓਟੀ-ਸਮਰੱਥ ਸੈਂਸਰਾਂ, ਸਮਾਰਟ ਸਿੰਚਾਈ ਪ੍ਰਣਾਲੀਆਂ, ਆਟੋਮੇਸ਼ਨ ਟੈਕਨੋਲੋਜੀਆਂ, ਅਤੇ ਇੱਕ ਰੀਅਲ-ਟਾਈਮ ਵਿਸ਼ਲੇਸ਼ਣ ਪਲੈਟਫਾਰਮ ਨਾਲ ਲੈਸ ਹੈ ਜੋ ਸ਼ੁੱਧਤਾ ਖੇਤੀ ਨੂੰ ਚਲਾਉਣ ਅਤੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਦਾ ਹੈ। ਇਸ ਹੱਬ ਦਾ ਉਦੇਸ਼ ਰਾਜ ਦੇ ਖੇਤੀਬਾੜੀ ਵਿਭਾਗਾਂ, ਅਕਾਦਮਿਕ ਅਤੇ ਐਗਰੀ-ਟੈਕ ਸਟਾਰਟਅੱਪਸ ਦੇ ਕਿਸਾਨਾਂ, ਟੈਕਨੋਲੋਜਿਸਟਾਂ, ਖੋਜਕਰਤਾਵਾਂ, ਇਨੋਵੇਟਰਸ ਅਤੇ ਹਿੱਸੇਦਾਰਾਂ ਨੂੰ ਇਕੱਠੇ ਕਰਨਾ ਹੈ ਤਾਂ ਜੋ ਖੇਤਰ-ਵਿਸ਼ੇਸ਼, ਸਕੇਲੇਬਲ ਹੱਲਾਂ ਨੂੰ ਸਹਿ-ਨਿਰਮਾਣ ਅਤੇ ਅਪਣਾਇਆ ਜਾ ਸਕੇ। ਆਈਆਈਟੀ ਰੋਪੜ ਆਪਣੀ ਸਾਈਬਰ-ਫਿਜ਼ੀਕਲ ਸਿਸਟਮ (ਸੀਪੀਐੱਸ) ਲੈਬ ਦੇ ਹਿੱਸਿਆਂ ਦਾ ਯੋਗਦਾਨ ਪਾਵੇਗਾ - ਜਿਸ ਵਿੱਚ ਆਈਓਟੀ ਸੈਂਸਰ, ਆਟੋਮੇਸ਼ਨ ਸਿਸਟਮ ਅਤੇ ਕਲਾਉਡ ਕੰਪਿਊਟਿੰਗ ਬੁਨਿਆਦੀ ਢਾਂਚਾ ਸ਼ਾਮਲ ਹੈ । ਜਿਸ ਦੀ 75 ਲੱਖ ਰੁਪਏ ਤੱਕ ਦੀ ਵਚਨਬੱਧਤਾ ਹੈ।
ਇਸ ਹੱਬ ਵਿੱਚ ਰੀਅਲ-ਟਾਈਮ ਨਿਗਰਾਨੀ ਅਤੇ ਡੇਟਾ-ਅਧਾਰਿਤ ਫੈਸਲੇ ਲੈਣ ਨੂੰ ਸਮਰੱਥ ਬਣਾਉਣ ਲਈ ਉੱਨਤ ਡੇਟਾ ਵਿਸ਼ਲੇਸ਼ਣ ਪਲੈਟਫਾਰਮਾਂ ਦੀ ਸਥਾਪਨਾ ਵੀ ਹੋਵੇਗੀ। ਇਸ ਤੋਂ ਇਲਾਵਾ, ਆਈਆਈਟੀ ਰੋਪੜ ਆਈਓਟੀ, ਏਆਈ, ਅਤੇ ਸੀਪੀਐੱਸ ਵਿੱਚ ਆਪਣੇ ਡੋਮੇਨ ਮਾਹਿਰਾਂ ਦੁਆਰਾ ਲਾਗੂਕਰਨ ਅਤੇ ਚੱਲ ਰਹੀ ਨਿਗਰਾਨੀ ਦੋਵਾਂ ਦਾ ਸਮਰਥਨ ਕਰਨ ਲਈ ਤਕਨੀਕੀ ਮੁਹਾਰਤ ਅਤੇ ਮਾਰਗਦਰਸ਼ਨ ਦੀ ਪੇਸ਼ਕਸ਼ ਕਰੇਗਾ।
ਇਸ ਪਹਿਲਕਦਮੀ ਵਿੱਚ ਸਾਰੇ ਹਿੱਸੇਦਾਰਾਂ ਲਈ ਵਰਕਸੌਪਸ ਅਤੇ ਸੈਸ਼ਨਾਂ ਰਾਹੀਂ ਵਿਆਪਕ ਟ੍ਰੇਨਿੰਗ ਅਤੇ ਗਿਆਨ ਦਾ ਅਦਾਨ-ਪ੍ਰਦਾਨ ਸ਼ਾਮਲ ਹੈ, ਜੋ ਪ੍ਰਭਾਵਸ਼ਾਲੀ ਸਮਰੱਥਾ ਨਿਰਮਾਣ ਨੂੰ ਯਕੀਨੀ ਬਣਾਉਂਦਾ ਹੈ। ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ ਕ੍ਰਿਸ਼ੀ ਵਿਗਿਆਨ ਕੇਂਦਰ (KVK) ਅਤੇ ਕਿਸਾਨ ਉਤਪਾਦਕ ਸੰਗਠਨ (FPO) ਵੀ ਕਿਸਾਨਾਂ ਅਤੇ ਗ੍ਰਾਮੀਣ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਲਈ ਸ਼ਾਮਲ ਕੀਤੇ ਜਾਣਗੇ।
ਐਗਰੀ-ਟੈਕ ਇਨੋਵੇਸ਼ਨ ਹੱਬ ਭਾਰਤ ਦੀ ਗ੍ਰਾਮੀਣ ਵਿਕਾਸ ਕਹਾਣੀ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰਦਾ ਹੈ, ਜਿੱਥੇ ਟੈਕਨੋਲੋਜੀ ਕਿਸਾਨਾਂ ਦੀਆਂ ਅਸਲ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ, ਅਤੇ ਨਵੀਨਤਾ ਪ੍ਰਯੋਗਸ਼ਾਲਾਵਾਂ ਤੋਂ ਪਰੇ ਹਰ ਏਕੜ ਕਾਸ਼ਤਯੋਗ ਜ਼ਮੀਨ ਤੱਕ ਫੈਲਦੀ ਹੈ। ਇਹ ਯਕੀਨੀ ਬਣਾਉਣ ਲਈ ਇੱਕ ਸਮੂਹਿਕ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਭਾਰਤੀ ਖੇਤੀਬਾੜੀ ਨਾ ਸਿਰਫ਼ ਦੇਸ਼ ਨੂੰ ਭੋਜਨ ਉਪਲਬਧ ਕਰਾਉਂਦੀ ਹੈ, ਸਗੋਂ ਇਸ 'ਤੇ ਨਿਰਭਰ ਲੱਖਾਂ ਲੋਕਾਂ ਨੂੰ ਸਸ਼ਕਤ ਅਤੇ ਕਾਇਮ ਬਣਾਉਂਦੀ ਹੈ।
*****
ਐਮਵੀ/ਏਕੇ
(Release ID: 2143403)